ਡਾ. ਕਾਬਲ ਸਿੰਘ, ਡਾ. ਬਲਦੇਵ ਸਿੰਘ (ਐਡਮਿੰਟਨ, ਕੈਨੇਡਾ)

Dr. Kabal Singh Dr. Baldev Singh
ਪਿਛੋਕੜ
ਮੁਢ ਕਦੀਮ ਤੋਂ ਪਰਿਵਾਰ ਤੇ ਗ੍ਰਹਿਸਥ ਸਮਾਜ ਦੇ ਧੁਰੇ ਅਤੇ ਇਸਤਰੀ ਇਨ੍ਹਾਂ ਦਾ ਕੇਂਦਰ ਬਿੰਦੂ ਮੰਨੇ ਜਾਂਦੇ ਰਹੇ ਹਨ। ਖਾਸ ਕਰਕੇ ਭਾਰਤੀ ਸਮਾਜਿਕ ਤੇ ਧਾਰਮਿਕ ਮਾਨਤਾਵਾਂ ਵਿੱਚ ਇਸਤਰੀ ਨੂੰ ਪਵਿੱਤਰ (ਦੇਵੀ) ਗਿਣਿਆਂ ਗਿਆ ਹੈ। ਕਈ ਧਾਰਮਿਕ ਅਸਥਾਨਾਂ, ਦਰਿਆਵਾਂ ਤੇ ਪਰਬਤਾਂ ਆਦਿ ਦੇ ਨਾਂ ਇਸਤਰੀ-ਲੰਿਗ ਵਿੱਚ ਹਨ। ਧਰਮ ਦਾ ਮੁੱਖ ਸਿਧਾਂਤ ਸਾਰੀ ਮਨੁਖਤਾ ਦੇ ਆਤਮ-ਸਨਮਾਨ ਨੂੰ ਸਥਾਪਤ ਕਰਨਾ ਗਿਣਿਆ ਜਾਂਦਾ ਹੈ। ਇਸ ਦੇ ਬਾਵਜੂਦ ਇਸਤਰੀ ਨੂੰ ਆਮ ਕਰਕੇ ਸਮਾਜ ਵਿਚ ਪੁਰਸ਼ ਨਾਲੋਂ ਨੀਵਾਂ ਦਰਜ਼ਾ ਤੇ ਦੁੱਖ ਹੀ ਨਸੀਬ ਹੋਏ ਹਨ।
ਪੁਰਾਣੇਂ ਸਮੇਂ ਦੇ ਬਹੁਤੇ ਧਰਮਾਂ ਅਤੇ ਸਮਾਜਾਂ ਵਿਚ ਪੁਰਸ਼ ਲਈ ਅਜ਼ਾਦੀ ਤੇ ਹਰ ਤਰ੍ਹਾਂ ਦੀ ਖੁੱਲ ਹੋਣ ਕਰਕੇ ਉਹ ਹਰ ਖੇਤਰ ਵਿੱਚ ਤਰੱਕੀ ਕਰਦੇ ਗਏ। ਪਰ ਇਸਤਰੀ ਲਈ ਬੰਧਨਯੁਕਤ ਵਿਹਾਰ ਨਿਸ਼ਚਤ ਕੀਤਾ ਗਿਆ ਜਿਸ ਕਾਰਨ ਉਸਦੀ ਤਰੱਕੀ ਨਾਂ ਹੋ ਸਕੀ। ਨਤੀਜੇ ਵਜੋਂ ਸਮਾਜਕ ਢਾਂਚਾ ਪੁਰਸ਼ ਵਰਗ ਦੇ ਅਧੀਨ ਹੋ ਗਿਆ ਅਤੇ ਸਮਾਜ ਦਾ ਅੱਧਾ ਹਿਸਾ ਅਸੰਗਠਿਤ ਤੇ ਅਵਿਕਸਤ ਹੀ ਰਿਹਾ। ਇਸਤਰੀ ਵਲੋਂ ਜ਼ੁਲਮ ਦੇ ਵਿਰੁਧ ਉਠਾਈ ਹਰ ਅਵਾਜ਼ ਨੂੰ ਪੁਰਸ਼-ਪ੍ਰਧਾਨ ਸਮਾਜ ਨੇ ਧੱਕੇਸ਼ਾਹੀ ਨਾਲ ਕੁਚਲਿਆ। ਉਹ ਇਨ੍ਹਾਂ ਵਧੀਕੀਆਂ ਦਾ ਵਿਰੋਧ ਕਰਨ ਤੋਂ ਡਰਨ ਲਗ ਪਈ ਤੇ ਹੋਰ ਕਮਜ਼ੋਰ ਹੁੰਦੀ ਗਈ।
ਜਦੋਂ ਵੀ ਕਿਸੇ ਇਸਤਰੀ ਨੇ ਆਰਥਿਕ ਪੱਖ ਤੋਂ ਅੱਗੇ ਆਉਣ ਦੀ ਕੋਸ਼ਿਸ਼ ਕੀਤੀ ਤਾਂ ਪੁਰਸ਼-ਪਰਧਾਨ ਸਮਾਜ ਨੇ ਉਸ ਅੱਗੇ ਕਈ ਤਰ੍ਹਾਂ ਨਾਲ ਮੁਸ਼ਕਲਾਂ ਪੈਦਾ ਕੀਤੀਆਂ। ਕਈ ਧਾਰਮਿਕ ਤੇ ਸਮਾਜਕ ਲੇਖਕਾਂ ਨੇ ਇਸਤਰੀ ਦੇ ਉਲਟ ਲਿਖ ਕੇ ਉਸਦਾ ਦਰਜਾ ਘਟਾਇਆ। ਇਸਤਰੀ ਨੇ ਆਪਣੀ ਸੁੰਦਰਤਾ, ਹਾਰ-ਸ਼ਿੰਗਾਰ ਤੇ ਅੰਗ-ਪ੍ਰਦਸ਼ਨ ਰਾਹੀਂ ਸਮਾਜ ਵਿਚ ਆਪਣੀ ਥਾਂ ਬਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਪੁਰਸ਼ਾਂ ਨੇ ਇਸਤਰੀ ਦੇ ਜਜ਼ਬਾਤ ਨਾਲ ਖਿਲਵਾੜ ਕੀਤਾ ਤੇ ਅਯੋਗ ਲਾਭ ਉਠਾਇਆ।
ਵਿਦਿਆ ਤੇ ਮੀਡੀਆ ਦੇ ਪਸਾਰ ਨਾਲ ਅਤੇ ਇਸਤਰੀ ਦੀ ਸੁਰੱਖਿਆ ਲਈ ਕਈ ਕਨੂੰਨ ਬਣਨ ਕਾਰਨ ਸੁਧਾਰ ਜ਼ਰੂਰ ਹੋਏ ਹਨ, ਪਰ ਰਾਜਨੀਤੀ ਤੇ ਪ੍ਰਸਾਸ਼ਨ ਵਿਚ ਨਿਘਾਰ ਕਾਰਨ ਅਜ ਵੀ ਇਸਤਰੀ ਦੀ ਦਸ਼ਾ ਪੁਰਸ਼ ਦੇ ਬਰਾਬਰ ਨਹੀਂ ਹੈ। ਇਹ ਲੇਖ ਇਸਤਰੀ ਪ੍ਰਤੀ ਸਮਾਜਕ ਵਤੀਰੇ ਅਤੇ ਸਬੰਧਤ ਗੁਰਮਤਿ ਵਿਚਾਰਧਾਰਾ ਬਾਰੇ ਇਕ ਨਿਮਾਣੀ ਜਿਹੀ ਕੋਸ਼ਿਸ਼ ਹੈ।
ਇਸਤਰੀ ਪ੍ਰਤੀ ਤਾਰੀਖੀ ਸਮਾਜਕ ਵਤੀਰਾ
ਆਰੀਅਨ ਸਮਾਜ
ਆਰੀਅਨ ਸਮਾਜ ਵਿਚ ਆਮ ਕਰਕੇ ਮਾਪਿਆਂ ਦੀ ਜਾਇਦਾਦ ਵੱਡੇ ਲੜਕੇ ਜਾਂ ਲੜਕਿਆਂ ਨੂੰ ਹੀ ਮਿਲਦੀ ਸੀ। ਇਸ ਨਾਲ ਪੁਰਸ਼-ਪ੍ਰਧਾਨ ਸਮਾਜ ਦਾ ਨਿਰਮਾਣ ਹੋਇਆ ਤੇ ਉਹ ਜੀਵਨ ਦੇ ਸਾਰੇ ਖੇਤਰਾਂ ਵਿਚ ਵਿਕਾਸ ਕਰਕੇ ਅਗੇ ਵਧਦੇ ਰਹੇ। ਇਸ ਕਾਣੀਂ ਵੰਡ ਕਰਕੇ ਇਸਤਰੀ ਹਮੇਸ਼ਾਂ ਆਰਥਿਕ ਪੱਖੋਂ ਪੁਰਸ਼ ਉਪਰ ਨਿਰਭਰ ਰਹੀ ਅਤੇ ਘਰ ਦੀ ਚਾਰ ਦੀਵਾਰੀ ਵਿਚ ਰਹਿ ਕੇ ਪਰਵਾਰ ਤੇ ਸਮਾਜ ਦੀ ਸੇਵਾ ਕਰਨ ਤੇ ਮਜਬੂਰ ਹੋਈ। ਪੁਰਸ਼-ਪ੍ਰਧਾਨ ਸਮਾਜ ਵਲੋਂ ਬੇਪੱਤੀ, ਵਾਸ਼ਨਾ, ਮਾਰ-ਕੁਟ ਅਤੇ ਹਰ ਤਰਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋਣ ਕਾਰਨ ਇਸਤਰੀ ਦੇ ਮਨ ਵਿਚ ਡਰ ਤੇ ਅਸੁਰੱਖਿਅਤਾ ਦੀ ਭਾਵਨਾ ਘਰ ਕਰ ਗਈ। ਆਰੀਅਨ ਸਮਾਜ ਨਾਲ ਸਬੰਧਤ ਕੁਝ ਉਦਾਹਰਣਾਂ ਹੇਠ ਲਿਖੀਆਂ ਹਨ।
ਹਿੰਦੂ ਧਰਮ: ਲੜਕੀ ਨੂੰ ਗੋਦ ਲੈਣ ਦੀ ਰੀਤੀ ਨਹੀਂ ਸੀ। ਪਿਤਾ ਲੜਕੀ ਦੇ ਘਰ ਖਾਣਾ-ਪਾਣੀ ਨਹੀਂ ਸੀ ਪ੍ਰਵਾਨਦਾ। ਕਈ ਮੰਦਰਾਂ ਵਿਚ ਇਸਤਰੀ ਨੂੰ ਅੰਦਰ ਜਾਣ ਦੀ ਮਨਾਹੀ ਅਜੇ ਤਕ ਹੈ।
ਲੰਮੇਂ ਸਮੇਂ ਲਈ ਪੁਰਸ਼-ਪ੍ਰਧਾਨ ਸਮਾਜ ਤੇ ਧਾਰਮਿਕ ਅਦਾਰਿਆਂ ਵਲੋਂ ਇਸਤਰੀ ਨੂੰ ਦਬਾ ਕੇ ਰੱਖਣ ਦੇ ਵਤੀਰੇ, ਸਮਾਜਕ ਗਿਰਾਵਟ, ਧਾਰਮਿਕ ਨਿਘਾਰ, ਆਰਥਿਕ ਕੰਗਾਲੀ ਤੇ ਗੁਲਾਮ ਸੋਚਣੀ ਕਾਰਨ ਇਸਤਰੀ ਦੀ ਹਾਲਤ ਤਰਸ ਯੋਗ ਬਣੀ। ਨਤੀਜੇ ਵਜੋਂ ਪਰਵਾਰ ਵਿਚ ਪੁਤਰ ਦਾ ਹੋਣਾ ਜ਼ਰੂਰੀ ਸਮਝਿਆ ਗਿਆ, ਧੀ ਬੋਝ ਬਣ ਗਈ, ਅਤੇ ਧੀ ਮਾਰਨ ਦੀ ਕੁਰੀਤ ਪੈ ਗਈ, ਜੋ ਕੁਝ ਹਦ ਤਕ ਅਜ ਵੀ ਚਲ ਰਹੀ ਹੈ।
ਪੁਨਰ-ਵਿਆਹ ਦੀ ਮਨਾਹੀ ਕਰਕੇ ਪਤੀ ਦੀ ਮੌਤ ਤੋਂ ਬਾਦ ਇਸਤਰੀ ਦੇਵਦਾਸੀ ਦੇ ਰੂਪ ਵਿਚ ਪ੍ਰੋਹਤ ਸ਼ਰੇਣੀ ਦੀ ਹਵਸ, ਰਾਜਿਆਂ ਦੀਆਂ ਇਸਤਰੀ ਵਿਰੋਧੀ ਨੀਤੀਆਂ, ਤੇ ਮਾੜੀ ਨੀਅਤ ਵਾਲੇ ਮਰਦਾਂ ਦੀ ਭੈੜੀ ਨਜ਼ਰ ਦਾ ਸ਼ਿਕਾਰ ਹੋਈ। ਉਹ ਬੇਇਜ਼ਤ ਜੀਵਨ ਜੀਉਣ ਜਾਂ ਸਤੀ ਹੋਣ ਲਈ ਮਜ਼ਬੂਰ ਕੀਤੀ ਗਈ। ਇਸ ਧਰਮ ਨਾਲ ਸਬੰਧਤ ਕੁਝ ਵਿਚਾਰਧਾਰਾਵਾਂ ਦਾ ਹੇਠਾਂ ਵਰਨਣ ਹੈ।
ਚਾਣਕੀਆ ਨੀਤੀ ਅਨੁਸਾਰ, “ਸੁਭਾਵਕ ਤੌਰ ਤੇ ਇਸਤਰੀ ਵਿਚ ਸੱਚੀ ਗੱਲ ਲੁਕਾਉਣੀ, ਬਿਨਾ ਵਿਚਾਰ ਕੀਤੇ ਕੋਈ ਫੈਸਲਾ ਕਰਨਾ, ਮੂਰਖਤਾ ਕਰਨੀ, ਲਾਲਚੀ ਹੋਣਾ, ਨਿਰਦਈ ਹੋਣਾ, ਸਫਾਈ ਨਾ ਰੱਖਣੀ, ਆਦਿ, ਦੋਸ਼ ਹੁੰਦੇ ਹਨ। ਇਨ੍ਹਾਂ ਵਿਚੋਂ ਕੋਈ ਨਾ ਕੋਈ ਦੋਸ਼ ਹਰ ਇਸਤਰੀ ਵਿਚ ਹੁੰਦਾ ਹੈ।” ਮੰਨੂ ਸਿਮ੍ਰਤੀ ਅਨੁਸਾਰ, “ਇਸਤਰੀਆਂ ਦੇ ਸੰਸਕਾਰ ਵੇਦ ਮੰਤ੍ਰਾਂ ਨਾਲ ਨਹੀਂ ਕਰੇ ਜਾਂਦੇ, ਇਹ ਧਰਮ ਦਾ ਫੈਸਲਾ ਹੈ। ਇਸਤਰੀਆਂ ਅਗਿਆਨਣਾਂ, ਵੇਦ ਮੰਤ੍ਰਾਂ ਦੇ ਅਧਿਕਾਰ ਤੋਂ ਵਾਂਝੀਆਂ ਅਤੇ ਝੂਠ ਦੀ ਮੂਰਤ ਹਨ।” (ਮੰਨੂੰ ਸਿਮ੍ਰਤੀ ਅ:ਪ: ਸ਼ਲੋਕ 24-248)
ਇਸਤਰੀ ਨੂੰ ਸਮਾਜ ਵਿਚ ਸ਼ੂਦਰ ਦੇ ਬਰਾਬਰ ਮੰਨਿਆ ਗਿਆ। ਕੁਲਛਨੀ ਤੇ ਕੁਲਟਾ ਆਦਿ ਨਾਮ ਦਿੱਤੇ ਗਏ। ਇਹ ਵੀ ਕਿਹਾ ਗਿਆ ਕਿ ਇਸਤਰੀ ਸਦਾ ਮਰਦ ਦੇ ਆਸਰੇ ਤੇ ਰਹਿੰਦੀ ਹੈ। ਉਸ ਦੀ ਰੱਖਿਆ ਬਚਪਨ ਵਿਚ ਆਸਰੇ ਤੇ ਰਹਿੰਦੀ ਹੈ। ਉਸ ਦੀ ਰੱਖਿਆ ਬਚਪਨ ਵਿਚ ਪਿਤਾ, ਜੁਆਨੀ ਵਿਚ ਪਤੀ, ਤੇ ਬੁਢਾਪੇ ਵਿਚ ਪੱੁਤਰ ਕਰਦੇ ਹਨ। ਮਹਾਂਭਾਰਤ ਅਨੁਸਾਰ, “ਕਿਤਨਾ ਬਾਲਣ ਪਾਓ, ਅੱਗ ਕਦੇ ਨਹੀਂ ਰਜਦੀ। ਕਿੰਨਾ ਵੀ ਪਾਣੀ ਪਾਓ, ਸਮੁੰਦਰ ਕਦੇ ਨਹੀਂ ਭਰਦਾ। ਕਿੰਨੇ ਵੀ ਖੂਨ ਕਰ ਲਵੇ, ਪਰ ਖੂਨੀ ਦੀ ਤ੍ਰੇਹ ਕਦੇ ਨਹੀਂ ਮਿਟਦੀ। ਇਸਤਰੀ ਨੂੰ ਕਿਸੇ ਵੀ ਮਰਦ ਕੋਲੋਂ ਕਦੇ ਰੱਜ ਨਹੀਂ ਆੳਂੁਦਾ।” ਦ੍ਰੋਪਤੀ ਦੀ ਭਰੀ ਸਭਾ ਵਿਚ ਦ੍ਰਯੋਧਨ ਰਾਹੀਂ ਬੇਪਤੀ ਵੇਲੇ ਸਭ ਪੁਰਸ਼ (ਬਜ਼ੁਰਗ, ਗੁਰੂ, ਯੋਧੇ, ਰਾਜੇ) ਚੁੱਪ ਰਹੇ।
ਰਮਾਇਣ ਵਿਚ ਲਿਖਿਆ ਹੈ, “ਇਸਤਰੀਆਂ ਦੇ ਮੂੰਹ ਫੁੱਲਾਂ ਵਰਗੇ, ਉਨ੍ਹਾਂ ਦੇ ਬੋਲ ਸ਼ਹਿਦ ਦੀਆਂ ਬੂੰਦਾਂ ਵਰਗੇ, ਪਰ ਉਨ੍ਹਾਂ ਦੇ ਦਿਲ ਤਲਵਾਰ ਦੀ ਧਾਰ ਵਰਗੇ। ਦਿਲ ਵਿਚ ਹੋਰ ਕੀ ਹੁੰਦਾ ਹੈ, ਇਸ ਨੂੰ ਕੋਈ ਨਹੀਂ ਜਾਣਦਾ।” ਲਛਮਣ ਰਾਹੀਂ ਸਰੂਪਨਖਾ ਦਾ ਨੱਕ ਵਢਣਾ, ਰਾਵਣ ਰਾਹੀਂ ਸੀਤਾ ਦਾ ਹਰਨ, ਤੇ ਰਾਮ ਚੰਦਰ ਰਾਹੀਂ ਬੇਕਸੂਰ ਸੀਤਾ ਨੂੰ ਘਰੋਂ ਕੱਢਣਾ, ਉਸ ਸਮੇਂ ਇਸਤਰੀ ਦੀ ਦੁਰਦਸ਼ਾ ਦੇ ਪ੍ਰਤੀਕ ਹਨ I
ਬੁੱਧ ਤੇ ਜੈਨ ਧਰਮਾਂ ਅਨੁਸਾਰ, ‘ਭਿਕਸ਼ੂਆਂ ਤੇ ਮੁਨੀਆਂ ਲਈ ਇਸਤਰੀ ਦਾ ਤਿਆਗ ਜ਼ਰੂਰੀ ਹੈ, ਨਹੀਂ ਤਾਂ ਉਹ ਭਗਤੀ ਵਿਚ ਲੀਨ ਨਹੀਂ ਹੋ ਸਕਦੇ।’ ਜੈਨ ਧਰਮ ਦੇ ਸਾਹਿਤ ਵਿਚ ਬ੍ਰਹਮਚਰਯ ਜਾਂ ਗ੍ਰਹਿਸਥੀ ਲਈ ਪਵਿਤਰ ਦੰਪਤੀ-ਜੀਵਨ ਉਪਰ ਜ਼ੋਰ ਹੈ। ਦਿਗੰਬਰ ਜੈਨ ਮੰਨਦੇ ਹਨ ਕਿ ‘ਇਸਤਰੀ ਨੂੰ ਮੋਕਸ਼ (ਮੁਕਤੀ) ਲਈ ਪੁਰਸ਼ ਦਾ ਜਨਮ ਧਾਰਨਾ ਪੈਂਦਾ ਹੈ।’
ਨਾਥ ਤੇ ਜੋਗੀ ਸਿਧਾਂਤਾਂ ਨੇ ਇਸਤਰੀ ਤੋਂ ਪੁਰਸ਼ ਨੂੰ ਦੂਰ ਰਹਿਣ ਦੀ ਪ੍ਰੇਰਨਾ ਦਿਤੀ, ਕਿਉਂਕਿ ‘ਉਹ ਪੁਰਸ਼ ਨੂੰ ਨਰਕ ਦਾ ਅਧਿਕਾਰੀ ਬਣਾਉਂਦੀ ਹੈ।’ ਔਰਤ ਨੂੰ ਬਘਿਆੜੀ ਤਕ ਕਿਹਾ ਗਿਆ, “ਦਾਮ ਕਾਢ ਬਾਘਣਿ ਲੈ ਅਇਆ। ਮਾਉ ਕਹੈ ਮੈ ਪੂਤ ਵਿਆਹਿਆ।”
ਸਨਾਤਨ ਵਿਚਾਰਧਾਰਾ ਅਨੁਸਾਰ ਗੋਸਵਾਮੀ ਤੁਲਸੀ ਦਾਸ ਦਾ ਇਹ ਕਥਨ ਬੇਇਨਸਾਫ਼ੀ ਦੀ ਹੱਦ ਹੈ, “ਢੋਲ ਗਵਾਰ ਸ਼ੂਦਰ ਪਸ਼ੂ ਔਰ ਨਾਰੀ, ਯਹ ਸਭ ਤਾੜਨ ਕੇ ਅਧਿਕਾਰੀ।”
ਦਰਾਵੜ ਸਮਾਜ
ਇਹ ਇਸਤਰੀ-ਪ੍ਰਧਾਨ ਸਮਾਜ ਸੀ। ਦਰਾਵੜ ਸਮਾਜ ਵਿਚ ਇਸਤਰੀ ਦਾ ਬਹੁਤ ਸਨਮਾਨ ਰਿਹਾ ਹੈ। ਸ਼ਿਵ ਜੀ ਤੇ ਪਾਰਬਤੀ ਦੀ ਪੂਜਾ ਬਰਾਬਰ ਹੰੁਦੀ ਹੈ। ਅਜੇ ਵੀ ਦੱਖਣੀ ਭਾਰਤ ਵਿਚ ਇਸਤਰੀ ਦਾ ਸਨਮਾਨ ਬਾਕੀ ਹਿਸਿਆਂ ਨਾਲੋਂ ਜ਼ਿਆਦਾ ਹੈ। ਹੈਦਰਾਬਾਦ ਰਹਿਣ ਸਮੇਂ ਦਾਸ (ਕਾਬਲ ਸਿੰਘ) ਨੇ ਵੇਖਿਆ ਕਿ ਲੜਕੀਆਂ ਨੂੰ “ਅੰਮਾਂ” ਕਹਿਕੇ ਸੰਬੋਧਨ ਕੀਤਾ ਜਾਂਦਾ ਹੈ। ਪੁਰਸ਼ ਗ਼ਲਤੀ ਨਾਲ ਇਸਤਰੀ ਨੂੰ ਛੂਹ ਲਵੇ ਤਾਂ ਉਸਦੇ ਪੈਰ ਛੂੰਹਦਾ ਹੈ। ਬੱਸਾਂ ਦੇ ਅਗਲੇ ਦਰਵਾਜ਼ੇ ਇਸਤਰੀਆਂ ਲਈ ਰਾਖਵੇਂ ਹਨ। ਬਸ ਵਿਚ ਇਸਤਰੀ ਖੜੀ ਹੋਵੇ ਤਾਂ ਪੁਰਸ਼ ਸੀਟ ਛੱਡ ਦੇਵੇਗਾ।
ਹੋਰ ਧਰਮਾਂ ਅਤੇ ਸਮਾਜਾਂ ਵਿਚੋਂ ਉਦਾਹਰਣਾਂ
ਇਸਲਾਮ: ਇਸਤਰੀ ਨੂੰ ਮਰਦ ਦੇ ਬਰਾਬਰ ਨਾ ਸਮਝਣ ਦੀਆਂ ਕੁਝ ਉਦਾਹਰਣਾਂ –
ਪੁਰਸ਼ਾਂ ਲਈ ਬਹੁ-ਵਿਆਹ ਦੀ ਮਾਨਤਾ; ਔਰਤ ਦਾ ਪਰਦਾਨਸ਼ੀਂ ਹੋ ਕੇ ਬੁਰਕੇ ਵਿਚ ਰਹਿਣਾ; ਆਮ ਕਰਕੇ ਔਰਤਾਂ ਨੂੰ ਮਸੀਤ ਜਾਣ ਦੀ ਮਨਾਹੀ; ਗਵਾਹੀ ਲਈ ਇਕ ਮਰਦ ਦੀ ਪੂਰਤੀ ਦੋ ਇਸਤਰੀਆਂ ਨਾਲ, ਆਦਿ। ਜਿਦ ਵਿਚ ਇਸਤਰੀਆਂ ਮਰਦਾਂ ਦੇ ਸਾਹਮਣੇ ਬੈਠਣ ਦੀ ਮਨਾਹੀ ਕਰਕੇ ਵਖਰੇ ਕਮਰੇ ਵਿਚ ਜਾਂ ਪਰਦੇ ਪਿੱਛੇ ਬੈਠਦੀਆਂ ਹਨ। ਸੂਰਤ ਅਨ-ਨਿਸਾ ਵਿਚ ਦਸਿਆ ਹੈ, “ਜੇ ਤੁਹਾਨੂੰ ਡਰ ਹੋਵੇ ਕਿ ਯਤੀਮਾਂ ਨਾਲ ਇਨਸਾਫ ਨਹੀਂ ਕਰ ਸਕੋਗੇ, ਤਾਂ ਜੋ ਇਸਤਰੀਆਂ ਤੁਹਾਡੇ ਕਬਜ਼ੇ ਵਿਚ ਆਈਆਂ ਹਨ ਇਨ੍ਹਾਂ ਵਿਚੋਂ ਜਿਹੜੀਆਂ ਇਸਤਰੀਆਂ ਤੁਹਾਨੂੰ ਪਸੰਦ ਹੋਣ ਉਨ੍ਹਾਂ ਵਿਚੋਂ ਦੋ, ਤਿੰਨ, ਚਾਰ ਨਾਲ ਨਿਕਾਹ ਕਰਾ ਲਓ। ਪਰ ਜੇ ਸ਼ੰਕਾ ਹੋਵੇ ਕਿ ਉਨ੍ਹਾਂ ਨਾਲ ਨਿਆਂ ਨਹੀਂ ਕਰ ਸਕੋਗੇ ਤਾਂ ਫਿਰ ਇਕੋ ਪਤਨੀ ਰਖੋ।”
ਫਾਰਸ਼ੀ ਵਿਚ ‘ਅਉਰਤ’ ਸ਼ਬਦ ਦੇ ਅਰਥ, “ਉਹ ਚੀਜ਼ ਜੋ ਛੁਪਾਉਣ ਲਾਇਕ ਹੋਵੇ।”
ਈਸਾਈ ਮੱਤ: ਆਦਮ ਤੇ ਹਵਾ ਦੀ ਕਥਾ ਅਨੁਸਾਰ ਆਦਮੀ (ਨਰ) ਨੂੰ ਰਬ ਨੇ ਆਪਣੇ ਬਿੰਬ ਜਾਂ ਸ਼ਕਲ-ਸੂਰਤ ਵਰਗਾ ਬਣਾਇਆ। ਰਬ ਨੇ ਬਾਦ ਵਿਚ ਆਦਮੀ ਦੀ ਪਸਲੀ ਕਢ ਕੇ ਇਸਤਰੀ (ਨਾਰੀ) ਬਣਾਈ। ਵਰਜਿਤ ਫਲ ਖਾਣ ਦੀ ਸਜ਼ਾ ਵਜੋਂ ਨਾਰੀ ਨੂੰ ਰਬ ਤੋਂ ਸਰਾਪ ਮਿਲਿਆ, “ਮੈਂ ਤੇਰੇ ਗਰਭ ਦੀ ਪੀੜ ਬਹੁਤ ਵਧਾਵਾਂਗਾ। ਪੀੜ ਨਾਲ ਤੂੰ ਬੱਚੇ ਜਣੇਂਗੀ। ਤੇਰੇ ਪਤੀ ਵੱਲ ਤੇਰੀ ਚਾਹ ਹੋਵੇਗੀ ਅਤੇ ਉਹ ਤੇਰੇ ਉਤੇ ਹੁਕਮ ਚਲਾਵੇਗਾ।”
ਯਹੂਦੀ ਅਰਦਾਸ: “ਹੇ ਪ੍ਰਮਾਤਮਾ! ਸਾਡੇ ਤੇ ਕਿਰਪਾ ਕਰੋ। ਤੁਸੀਂ ਬ੍ਰਹਿਮੰਡ ਦੇ ਬਾਦਸ਼ਾਹ ਹੋ। ਸਾਨੂੰ ਅਗਲੇ ਜਨਮ ਵਿਚ ਔਰਤ ਨਾ ਬਨਾਉਣਾ।”
ਰੋਮਨ: ਵਸਤੂਆਂ ਦੀ ਤਰ੍ਹਾਂ ਔਰਤ ਨਿਜੀ ਸੰਪਤੀ ਸੀ। ਖਰੀਦ-ਵੇਚ ਆਮ ਸੀ। ਪਤੀ ਨੂੰ ਪਤਨੀ ਮਾਰਨ ਦਾ ਕਨੂੰਨੀ ਹੱਕ ਸੀ।
ਚੀਨ: ਪਤੀ ਨੂੰ ਸਲਾਹ, “ਆਪਣੀ ਪਤਨੀ ਦੀ ਗੱਲ ਸੁਣੋ, ਪਰ ਕੰਮ ਉਸ ਦੇ ਉਲਟ ਕਰੋ
ਰੂਸ: ਪੁਰਾਨੀ ਕਹਾਵਤ, “ਦਸ ਔਰਤਾਂ ਵਿਚ ਇੱਕ ਆਤਮਾ ਹੁੰਦੀ ਹੈ।”
ਸਪੇਨ: ਧਾਰਨਾ, “ਸਾਨੂੰ ਔਰਤਾਂ ਤੋਂ ਆਪਣਾ ਬਚਾਉ ਕਰਨਾ ਚਾਹੀਦਾ ਹੈ।”
ਇਟਲੀ: “ਜਿਵੇਂ ਘੋੜਾ ਚੰਗਾ ਹੋਵੇ ਜਾਂ ਬੁਰਾ, ਉਸ ਦੀ ਖਿਚਾਈ ਜ਼ਰੂਰੀ ਹੈ, ਉਸੇ ਤਰਾਂ ਔਰਤ ਚੰਗੀ ਹੋਵੇ ਜਾਂ ਬੁਰੀ, ਉਸਦੀ ਖਿਚਾਈ ਕੀਤੀ ਜਾਣੀ ਚਾਹੀਦੀ ਹੈ।”
ਜਪਾਨ: “ਔਰਤਾਂ ਨੂੰ ਧਰਮ ਵਿਚ ਹਿਸਾ ਲੈਣ ਦੀ ਪ੍ਰਵਾਨਗੀ ਨਹੀਂ ਹੈ।”
ਅਰਬ ਸਮਾਜ: ਲੜਕੀ ਨੂੰ ਜ਼ਿੰਦਾ ਸਾੜਨ ਦਾ ਰਿਵਾਜ ਸੀ। ਕਿਹਾ ਜਾਂਦਾ ਸੀ, “ਲੜਕੀ ਦਾ ਜਨਮ ਸਭ ਤੋਂ ਵਡੀ ਬਦਕਿਸਮਤੀ ਅਤੇ ਮੌਤ ਸਭ ਤੋਂ ਵਡੀ ਖੁਸ਼ਕਿਸਮਤੀ ਹੈ।”
ਸਮੇਂ ਨਾਲ ਬਹੁਤ ਸਾਰੀਆਂ ਔਰਤ-ਵਿਰੋਧੀ ਧਾਰਨਾਵਾਂ ਖ਼ਤਮ ਹੋ ਗਈਆਂ ਗਈਆਂ ਹਨ, ਪਰ ਕੁਝ ਕੁ ਕਿਸੇ ਨਾ ਕਿਸੇ ਰੂਪ ਵਿੱਚ ਅਜੇ ਵੀ ਚਾਲੂ ਹਨ। ਸਾਹਿਤ ਵਿਚੋਂ ਇਸਤਰੀ ਬਾਰੇ ਉਦਾਹਰਣਾਂ ।
ਇਸਤਰੀ-ਵਿਰੋਧੀ ਉਦਾਹਰਣਾਂ
Aristotle : ਇਸਤਰੀ ਬਾਰੇ ਕਥਨ, “ Erroneous & Incomplete Development” ਇਕ ਗਲਤ ਤੇ ਅਧੂਰੀ ਬਣਤਰ.
Shakespeare: “Frailty, Thy Name is Woman” ਕਮਜ਼ੋਰੀ, ਤੇਰਾ ਨਾਮ ਇਸਤਰੀ ਹੈ (ਹੈਮਲੈਟ).
Sigmund Freud: “ਜਿਹੜੇ ਸਵਾਲ ਦਾ ਕਦੇ ਕਿਸੇ ਨੇ ਜਵਾਬ ਨਹੀਂ ਦਿਤਾ, ਅਤੇ ਮੈਂ ਵੀ ਅਜੇ ਇਸ ਦਾ ਜਵਾਬ ਨਹੀਂ ਦੇ ਸਕਿਆ, ਭਾਵੇਂ ਮੈਨੂੰ 30 ਵਰ੍ਹੇ ਸੋਚਦਿਆਂ ਹੋ ਗਏ ਹਨ, ਉਹ ਸਵਾਲ ਹੈ ਕਿ- ਇਸਤਰੀ ਚਾਹੁੰਦੀ ਕੀ ਹੈ ?”
ਵਾਰਿਸ: “ਵਾਰਿਸ ਰੰਨ ਫਕੀਰ ਤਲਵਾਰ ਘੋੜਾ, ਚਾਰੇ ਥੋਕ ਨ ਕਿਸੇ ਦੇ ਯਾਰ ਮੀਆਂ ।” (ਹੀਰ)
ਪੀਲੂ: “ਚੜਦੇ ਮਿਰਜ਼ੇ ਖਾਨ ਨੂੰ, ਜਟ ਵੰਝਲ ਦੇਂਦਾ ਮੱਤ। ਭੱਠ ਰੰਨਾਂ ਦੀ ਦੋਸਤੀ, ਖੁਰੀ ਜਿਨ੍ਹਾਂ ਦੀ ਮੱਤ। ਉਹ ਹੱਸ ਹੱਸ ਲਾਉਂਦੀਆਂ ਯਾਰੀਆਂ, ਰੋ ਰੋ ਦਿੰਦੀਆਂ ਦੱਸ ।” (ਮਿਰਜ਼ਾ ਸਹਿਬਾਂ)
ਕਾਦਰ ਯਾਰ: “ਮੱਖੀ ਮੱਛੀ ਇਸਤਰੀ ਤਿਨੈ ਜਾਤ ਕੁਜਾਤ ” (ਪੂਰਨ)
“ਹੁੰਦੇ ਆਏ ਨੀ ਰੰਨਾਂ ਦੇ ਧੁਰੋਂ ਕਾਰੇ, ਰਾਵਣ ਲੰਕਾ ਦੇ ਵਿਚ ਖੁਹਾਏ ਦਿਤਾ। ਰਾਜੇ ਭੋਜ ਤੇ ਚੜ੍ਹ ਅਸਵਾਰ ਹੋਈਆਂ, ਮਾਰ ਅੱਡੀਆਂ ਹੋਸ਼ ਭੁਲਾਇ ਦਿੱਤਾ। ਕਾਦਰ ਯਾਰ ਤ੍ਰਿਮਤਾਂ ਜਾਤ ਡਾਢੀ, ਵਡਿਆਂ ਵਡਿਆਂ ਨੂੰ ਇਨ੍ਹਾਂ ਨਿਵਾਇ ਦਿਤਾ।” (ਪੂਰਨ)
ਸ਼ਾਹ ਮੁਹੰਮਦ: “ਸ਼ਾਹ ਮੁਹੰਮਦਾ ਏਸ ਰਾਣੀ ਜਿੰਦ ਕੌਰਾਂ, ਸਾਰੇ ਦੇਸ਼ ਦਾ ਫਰਸ਼ ਉਠਾਇ ਦਿਤਾ ।” (ਜੰਗਨਾਮਾਂ)
ਭਗਤ ਛੱਜੂ: “ਇਸਤਰੀ ਕਾਗਜ਼ ਦੀ ਵੀ ਬਣੀ ਹੋਵੇ ਤਾਂ ਵੀ ਉਸ ਤੋਂ ਦੂਰ ਰਹੋ ।”
ਆਚਾਰੀਆ ਅਲ-ਗਜ਼ਾਲੀ: “ਔਰਤਾਂ ਤੋਂ ਰਾਇ ਲੈਣਾ ਠੀਕ ਹੈ, ਪਰੰਤੂ ਆਚਰਣ ਉਸਦੇ ਉਲਟ ਕਰਨਾ ਚਾਹੀਦਾ ਹੈ ।”
ਇਸਤਰੀ–ਪੱਖੀ ਉਦਾਹਰਣਾਂ
ਪੋ੍. ਪੂਰਨ ਸਿੰਘ: “ਮਾਂ ਵਰਗਾ ਘਣ ਛਾਵਾਂ ਬੂਟਾ, ਮੈਨੂੰ ਨਜ਼ਰ ਨਾ ਆਏ। ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸੁਰਗ ਬਣਾਏ। ਬਾਕੀ ਕੁਲ ਦੁਨੀਆਂ ਦੇ ਬੂਟੇ, ਜੜ੍ਹ ਸੁਕਿਆਂ ਮੁਰਝਾਂਦੇ। ਐਪਰ ਫੁੱਲਾਂ ਦੇ ਮੁਰਝਾਇਆਂ, ਇਹ ਬੂਟਾ ਸੁਕ ਜਾਏ ।” (ਸਾਵੇ ਪੱਤਰ)
ਸ਼ਿਵ ਕੁਮਾਰ ਬਟਾਲਵੀ: “ਨਾਰੀ ਨਾਂ ਹੀ ਅੰਧ ਵਿਸ਼ਵਾਸ਼ ਦਾ ਹੈ, ਸਦਾ ਅਨਿਆਂ ਵਿਚੋਂ ਜਨਮ ਲੈਂਦੀ। ਨਾਰੀ ਨਾਂ ਇਕ ਐਸੇ ਵਿਸ਼ਵਾਸ਼ ਦਾ ਹੈ, ਜਿਵੇਂ ਜ਼ਖਮਾਂ ‘ਚ ਪੀੜ ਹੈ ਘੁਲੀ ਰਹਿੰਦੀ ।” (ਲੂਣਾ)
ਨਾਨਕ ਸਿੰਘ: “ਇਸਤਰੀ ਨੂੰ ਕਟੀ ਹੋਈ ਪਤੰਗ ਵਾਂਗ ਸਮਝਿਆ ਜਾਂਦਾ ਹੈ, ਇਸ ਦੀ ਡੋਰ ਲੁੱਟਣ ਲਈ ਹਰ ਮਰਦ ਤਿਆਰ ਬਰ ਤਿਆਰ ਹੈ ।” (ਕਟੀ ਹੋਈ ਪਤੰਗ)
ਅੰਮ੍ਰਿਤਾ ਪ੍ਰੀਤਮ: “ਨਾ-ਬਰਾਬਰੀ ਦੀ ਇਸ ਬਣਤਰ ਵਿਚ ਅਜੇ ਤੱਕ ਇਸਤਰੀ ਲਈ ਬੇਬਸੀ ਦਾ ਲਫਜ਼ ਇਹੋ ਜਿਹਾ ਏ, ਜਿਸ ਦੇ ਅਰਥ ਉਸ ਨੂੰ ਹਮੇਸ਼ਾਂ ਡਿਕਸ਼ਨਰੀ ਵਿਚ ਦੇਖਣੇ ਪੈਂਦੇ ਨੇ ।”
Abraham Lincoln : “ਜੋ ਕੁਝ ਮੈ ਹਾਂ, ਜਾਂ ਹੋਣ ਦੀ ਆਸ ਰਖਦਾ ਹਾਂ, ਆਪਣੀ ਫਰਿਸ਼ਤਿਆਂ ਵਰਗੀ ਮਾਂ ਦਾ ਸਦਕਾ ਹਾਂ ।”
ਲੈਨਿਨ: “ਜਦ ਤੱਕ ਇਸਤਰੀ ਨੂੰ ਰਸੋਈ ਦੀ ਗੁਲਾਮੀ ਤੋਂ ਅਜ਼ਾਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਸ ਦੀ ਅਜ਼ਾਦੀ ਅਧੂਰੀ ਹੈ।”
ਸਾਇਮਨ ਡੀ. ਬੀਵਾਇਰ : (Simon D. Beyer): “ਸਮਾਜ ਜਨਮ ਤੋਂ ਹੀ ਪੁਰਸ਼ ਨੂੰ ਆਪਣੀ ਰੱਖਿਆ ਤੇ ਸੁਤੰਤਰਤਾ ਲਈ ਤਿਆਰ ਕਰਨਾ ਸ਼ੁਰੂ ਕਰ ਦਿੰਦਾ ਹੈ। ਪਰ ਇਸਤਰੀ ਨੂੰ ਆਪਣੀ ਰੱਖਿਆ ਤੇ ਸੁਤੰਤਰਤਾ ਲਈ ਤਿਆਰ ਨਹੀਂ ਕੀਤਾ ਜਾਂਦਾ। ਇਸ ਲਈ ਇਸਤਰੀ ਸਦੀਵੀ ਗੁਲਾਮੀ ਤੇ ਬੇਵਿਸ਼ਵਾਸ਼ੀ ਦੀ ਜ਼ਿੰਦਗੀ ਬਤੀਤ ਕਰਦੀ ਹੈ ।”
ਨੈਪੋਲੀਅਨ (Napoleon): “ਮੈਨੂੰ ਚੰਗੀਆਂ ਮਾਵਾਂ ਦਿਓ, ਮੈਂ ਤੁਹਾਨੂੰ ਚੰਗੀ ਕੌਮ ਦਿਆਂਗਾ ।”
William Makepeace Thackeray: “ਮਾਂ ਰੱਬ ਦਾ ਹੀ ਦੂਸਰਾ ਨਾਮ ਹੈ ਜਿਹੜਾ ਛੋਟੇ-ਛੋਟੇ ਬੱਚਿਆਂ ਦੇ ਬੁੱਲਾਂ ਅਤੇ ਦਿਲਾਂ ਵਿਚੋਂ ਨਿਕਲਦਾ ਹੈ।”
ਉਪਰ ਲਿਖੀਆਂ ਉਦਾਹਰਣਾਂ ਤੋਂ ਸਾਫ਼ ਹੈ ਕਿ ਕਈ ਮਸ਼ਹੂਰ ਹਸਤੀਆਂ ਨੇ ਵੀ ਇਸਤਰੀ ਦੇ ਉਲਟ ਹੀ ਲਿਖਿਆ ਹੈ। ਪਰ ਚੰਗੇ ਲੋਕਾਂ ਦੀ ਵੀ ਕਮੀ ਨਹੀਂ।
ਇਸਤਰੀ ਅਤੇ ਗੁਰਮਤਿ
ਇਸਤਰੀ ਨੂੰ ਸਮਾਜ ਵਿਚ ਯੋਗ ਦਰਜਾ ਦਿਵਾਉਣ ਲਈ ਗੁਰਮਤਿ ਵਿਚਾਰਧਾਰਾ ਅਨੁਸਾਰ ਵਿਉਂਤਬੱਧ ਤੇ ਤਰਕਸ਼ੀਲ ਤਰੀਕੇ ਨਾਲ ਕ੍ਰਾਂਤੀਕਾਰੀ ਕਾਰਜ ਹੋਇਆ। ਇਸਤਰੀ ਪ੍ਰਤੀ ਸਤਿਕਾਰ ਦੀ ਡੂੰਘੀ ਭਾਵਨਾ ਅਤੇ ਪੁਰਸ਼ ਦੇ ਬਰਾਬਰ ਜਾਂ ਉਸ ਤੋਂ ਉਤਮ ਹੋਣ ਬਾਰੇ ਗੁਰਬਾਣੀ, ਗੁਰੂ ਸਾਹਿਬਾਨਾਂ ਅਤੇ ਸਿੱਖ ਵਿਦਵਾਨਾਂ ਦੀਆਂ ਲਿਖਤਾਂ ਵਿਚੋਂ ਕੁਝ ਉਦਾਹਰਣਾਂ ਹੇਠਾਂ ਦਿਤੀਆਂ ਹਨ।
ਗੁਰਬਾਣੀ ਵਿੱਚ ਫੁਰਮਾਨ
ਇਸਤਰੀ ਨੂੰ ਘਰ ਵਿਚ ਸੱਖ, ਸ਼ਾਂਤੀ, ਖੁਸ਼ਹਾਲੀ ਤੇ ਖੇੜਾ ਪ੍ਰਦਾਨ ਕਰਨ ਵਾਲੀ ਸੰਬੋਧਨ ਕਰ ਕੇ ਸਨਮਾਨਿਆਂ ਹੈ,
“ਨਿਜ ਭਗਤੀ ਸੀਲਵੰਤੀ ਨਾਰਿ॥ ਰੂਪਿ ਅਨੂਪ ਪੂਰੀ ਆਚਾਰਿ॥
ਜਿਤ ਗ੍ਰਿਹਿ ਵਸੈ ਸੋਭਾਵੰਤਾ॥ ਗੁਰਮੁਖਿ ਪਾਈ ਕਿਨੈ ਵਿਰਲੈ ਜੰਤਾ ॥” (ਅੰਗ 370)
“ਬਤੀਹ ਸੁਲਖਣੀ ਸਚੁ ਸੰਤਤਿ ਪੂਤ॥ ਆਗਿਆਕਾਰੀ ਸੁਘੜ ਸਰੂਪ॥
ਇਛ ਪੂਰੇ ਮਨ ਕੰਤ ਸੁਆਮੀ॥ ਸਗਲ ਸੰਤੋਖੀ ਦੇਰ ਜਠਾਨੀ॥
ਸਭ ਪਰਵਾਰੈ ਮਾਹਿ ਸਰੇਸਟ॥ ਮਤੀ ਦੇਵੀ ਦੇਵਰ ਜੇਸਟ॥
ਧੰਨੁ ਸੁ ਗ੍ਰਿਹੁ ਜਿਤ ਪ੍ਰਗਟੀ ਅਇ॥ ਜਨ ਨਾਨਕ ਸੁਖੇ ਸੁਖਿ ਵਿਹਾਇ ॥” (ਅੰਗ 371)
ਗੁਰੂਆਂ, ਪੀਰਾਂ, ਰਾਜਿਆਂ, ਯੋਧਿਆਂ, ਵਿਦਵਾਨਾਂ ਨੂੰ ਜਨਮ ਦੇਣ ਵਾਲੀ ਇਸਤਰੀ ਨੀਵੀਂ ਕਿਵੇਂ ਹੋ ਸਕਦੀ ਹੈ,
“ਭੰਡਿ ਜੰਮੀਐ ਭੰਡ ਨਿੰਮੀਐ ਭੰਡਿ ਮੰਗਣੁ ਵੀਆਹ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹ॥
ਭੰਡ ਮੁਆ ਭੰਡਿ ਭਾਲੀਐ ਭੰਡਿ ਹੋਵੈ ਬੰਧਾਨ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਭੰਡਹੁ ਹੀ ਭੰਡੁ ਉਪਜੈ ਭੰਡੈ ਬਾਝੁ ਨ ਕੋਇ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ II (ਅੰਗ 473)
ਸਭ ਜੀਵ-ਆਤਮਾਵਾਂ (ਇਸਤਰੀ ਤੇ ਪੁਰਸ਼) ਬਰਾਬਰ ਹਨ, ਸਭ ਦਾ ਇਕੋ ਖ਼ਸਮ ਪ੍ਰਮਾਤਮਾ ਹੈ ॥
“ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥ (ਅੰਗ 591)
“ਪੁਰਖ ਮਹਿ ਨਾਰ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥” (ਅੰਗ 879)
ਮਰਦ ਦਾ ਇਸਤਰੀ ਦੀ ਕੁੱਖ ਤੋਂ ਜਨਮ ਲੈਣਾ ਪ੍ਰਮਾਣ ਹੈ ਕਿ ਇਸਤਰੀ ਮਰਦ ਦੀ ਪਸਲੀ ਤੋਂ ਨਹੀਂ ਜਨਮੀ,
“ਨਾਰ ਪੁਰਖ ਨਹੀ ਜਾਤ ਨਾਂ ਜਨਮਾਂ ਨਾਂ ਕੋ ਦੁਖ ਸੁਖ ਪਾਇਦਾ ॥” (ਅੰਗ 1035)
“ਗ੍ਰਹਿਸਥ ਉਤਮ ਪੰਥ” ਬਾਰੇ ਫ਼ੁਰਮਾਨ ਹੈ,
“ਵਿਚੇ ਗ੍ਰਿਹ ਸਦਾ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹੇ ॥” (ਅੰਗ 1070)
“ਨਾਨਕ ਸਤਿਗੁਰ ਭੇਟੀਐ ਪੂਰੀ ਹੋਵੈ ਜੁਗਤਿ॥
ਹਸੰਦਿਆ ਕੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥” (ਅੰਗ 522)
ਗ੍ਰਹਿਸਥ ਤੋਂ ਭੱਜਣ ਵਾਲਿਆਂ ਬਾਰੇ ਫ਼ੁਰਮਾਨ,
“ਹਾਥ ਕਮੰਡਲ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ॥
ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ ॥” (ਅੰਗ 1013)
ਪਤੀ-ਪਤਨੀ ਏਕ-ਜੋਤ ਹਨ,
“ਧਨ ਪਿਰ ਇਹ ਨ ਆਖਿਅਨ ਬਹਿ ਇਕਠੇ ਹੋਇ॥
ਏਕ ਜੋਤਿ ਦੋਇ ਮੂਰਤੀ ਧਨ ਪਿਰ ਕਹੀਐ ਹੋਇ ॥” (ਅੰਗ 788)
ਵਿਆਹ ਸਮੇਂ ਲੜਕੀ ਵਾਲਿਆਂ ਤੋਂ ਦਾਜ ਲੈਣ ਦੀ ਨਿੰਦਾ,
“ਸਸੈ ਸੰਜਮੁ ਗਇਓ ਮੂੜੇ ਏਕੁ ਦਾਨ ਤੁਧੁ ਕੁਥਾਇ ਲਇਆ॥
ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ ਏਤ ਧਾਨਿ ਖਾਧੈ ਤੇਰਾ ਜਨਮੁ ਗਇਆ” (ਅੰਗ 435)
ਅਸਲ ਦਾਜ (ਹਰੀ-ਨਾਮ) ਬਾਰੇ ਗੁਰਬਾਣੀ ਸਿਖਿਆ,
“ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ॥
ਹਰਿ ਕਪੜੋ ਹਰਿ ਸੋਭਾ ਦੇਵਹੁ ਸਵਰੈ ਮੇਰਾ ਕਾਜੋ।
ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨ ਦਿਵਾਇਆ॥
ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨ ਨ ਰਲੈ ਰਲਾਇਆ॥
ਹੋਰਿ ਮਨਮੁਖ ਦਾਜ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰ ਕਚੁ ਪਾਜੋ॥
ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਮੈ ਦਾਜੋ ॥” (ਅੰਗ 78)
ਪੁਰਸ਼ਾਂ ਨੂੰ ਗ੍ਰਹਿਸਥ ਦੇ ਬਾਹਰ ਸਰੀਰਕ ਸਬੰਧਾਂ ਬਾਰੇ ਚਿਤਾਵਣੀ,
“ਹਾਥ ਕਮੰਡਲ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ॥
ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ ॥” (ਅੰਗ 1013)
“ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥” (ਅੰਗ 274)
“ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ॥
ਸੰਨੀ ਦੇਨਿ ਵਿਖੰਮ ਥਾਇ ਮਿਠਾ ਮਦੁ ਮਾਣੀ॥
ਕਰਮੀ ਆਪੋ ਆਪਣੀ ਆਪੇ ਪਛੁਤਾਣੀ॥
ਅਜਰਾਈਲ ਫਰੇਸਤਾ ਤਿਲ ਪੀੜੇ ਘਾਣੀ ॥” (ਅੰਗ 315)
“ਜੈਸਾ ਸੰਗ ਬਿਸਿਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ ॥” (ਅੰਗ 403)
ਕੰਨਿਆਂ ਮਾਰਨਾ ਮਹਾਂ-ਪਾਪ ਹੈ,
“ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ॥
ਫਿਟਕੁ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨ ॥” (ਅੰਗ 1413)
ਪੁਰਾਤਨ ਰਹਿਤਨਾਮੇ ਅਨੁਸਾਰ,
“ਕੁੜੀ ਮਾਰ ਆਦਿਕ ਹੈ ਜੇਤੇ। ਮਨ ਤੇ ਦੂਰ ਤਿਆਗੋ ਤੇਤੇ ।”
ਸਤੀ-ਪ੍ਰਥਾ ਦੀ ਨਿਖੇਧੀ,
ਅਸਲ ‘ਸਤੀ’ ਉਹ ਹੈ ਜੋ ਪਤੀ ਤੋਂ ਬਾਦ ਸੀਲ-ਸੰਤੋਖ ਵਿਚ ਰਹੇ-
“ਸਤੀਆਂ ਏਹਿ ਨ ਆਂਖਿਅਨ ਜੋ ਮੜਿਆ ਲਗਿ ਜਲੰਨਿ॥
ਨਾਨਕ ਸਤੀਆ ਜਾਣਿਅਨਿ ਜਿ ਬਿਰਹੇ ਚੋਟ ਮਰੰਨਿ॥
ਭੀ ਸੋ ਸਤੀਆ ਜਾਣਿਅਨਿ ਸੀਲ ਸੰਤੋਖਿ ਰਹੰਨਿ॥
ਸੇਵਨਿ ਸਾਈ ਆਪਣਾ ਨਿਤ ਉਠਿ ਸੰਮਾਲੰਨਿ॥” (ਅੰਗ 787)
ਗੁਰੂ ਸਾਹਿਬਾਨਾਂ ਦੇ ਹੋਰ ਉਪਰਾਲੇ
ਜਨੇਊ ਦੀ ਰਸਮ ਵੇਲੇ (ਬਾਲ) ਗੁਰੂ ਨਾਨਕ ਜੀ ਨੇ ਪੰਡਿਤ ਤੋਂ ਪੁੱਛਿਆ ਕਿ ਭੈਣ ਨਾਨਕੀ ਜੀ ਦੇ ਜਨੇਊ ਕਿਉਂ ਨਹੀਂ ਪਾਇਆ।
ਗੁਰੂ ਅੰਗਦ ਦੇਵ ਜੀ ਨੇ ਸਤੀ ਦੀ ਪ੍ਰਥਾ ਬੰਦ ਕਰਨ ਅਤੇ ਵਿਧਵਾ-ਵਿਆਹ ਬਾਰੇ ਅਕਬਰ ਬਾਦਸ਼ਾਹ ਤੋਂ ਕਨੂੰਨ ਬਣਵਾਏ। ਮਾਤਾ ਖੀਵੀ ਜੀ ਨੂੰ ਲੰਗਰ ਦੀ ਸੇਵਾ ਦੇ ਇੰਚਾਰਜ ਬਣਾਇਆ। ਸਿੱਖੀ-ਪ੍ਰਚਾਰ ਲਈ ਬੀਬੀਆਂ ਨੂੰ ਵੀ ‘ਮੰਜੀਆਂ’ ਸੌਂਪੀਆਂ।
ਗੁਰੂ ਅਮਰਦਾਸ ਜੀ ਦੇ ਦਰਬਾਰ ਵਿਚ ਇਸਤਰੀਆਂ ਨੂੰ ਪਰਦਾ ਕਰਨ ਦੀ ਮਨਾਹੀ ਸੀ।
ਗੁਰੂ ਰਾਮਦਾਸ ਜੀ ਵੇਲੇ ਸਿੱਖੀ-ਪ੍ਰਚਾਰਕਾਂ ਵਿਚ 94 ਪੁਰਸ਼ ਤੇ 52 ਇਸਤਰੀਆਂ ਸਨ।
ਗੁਰੂ ਹਰਗੋਬਿੰਦ ਜੀ ਵਲੋਂ ਗ੍ਰਹਿਸਥ ਬਾਰੇ ਫ਼ੁਰਮਾਨ, “ਇਸਤਰੀ ਈਮਾਨ ਹੈ, ਦੌਲਤ ਗੁਜਰਾਨ ਹੈ, ਪੁਤਰ ਨਿਸ਼ਾਨ ਹੈ।”
ਗੁਰੂ ਹਰਿਕ੍ਰਿਸ਼ਨ ਜੀ ਵਲੋਂ ‘ਕੁੜੀ ਮਾਰ’ ਨੂੰ ਸੰਗਤ ਵਿੱਚ ਜੁੜਨ ਦੀ ਮਨਾਹੀ ਸੀ।
ਗੁਰੂ ਗੋਬਿੰਦ ਸਿੱਘ ਜੀ: ਦਸਮ ਗ੍ਰੰਥ ਵਿਚ ਫੁਰਮਾਨ,
“ਨਿਜ ਨਾਰੀ ਸੰਗਿ ਨੇਹੁ ਤੁਮ ਨਿਤ ਬਢਈਓ। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂ ਨ ਜਾਈਓ।”
ਖਾਲਸਾ ਸਿਰਜਨਾ ਦੇ ਅੰਮ੍ਰਿਤ-ਸੰਚਾਰ ਵੇਲੇ ਮਾਤਾ ਗੁਜਰੀ ਜੀ ਤੋਂ ਪਤਾਸੇ ਪਵਾ ਕੇ ਅੰਮ੍ਰਿਤ ਨੂੰ ਅਦੁੱਤੀ ਬਣਾ ਦਿੱਤਾ। ਮਾਤਾ ਸਾਹਿਬ ਕੌਰ ਨੂੰ ‘ਖਾਲਸੇ ਦੀ ਮਾਤਾ’ ਦਾ ਰੁਤਬਾ ਦਿਤਾI ਮਾਈ ਭਾਗ ਕੌਰ ਦੇ ਸਿਰ ਆਪ ਦਸਤਾਰ ਸਜਾਈ। ਇਸਤਰੀਆਂ ਨੂੰ “ਕੌਰ” (ਰਾਜਕੁਮਾਰੀ, ਸ਼ੇਰਨੀ) ਨਾਮ ਨਾਲ ਸਨਮਾਨ ਬਖਸ਼ਿਆ। ‘ਚੰਡੀ ਦੀ ਵਾਰ’ ਵਿਚ ਇਸਤਰੀ ਨੂੰ ਵੱਡੇ ਵੱਡੇ ਰਾਖਸ਼ਾਂ ਨੂੰ ਮਾਰਨ ਵਾਲੀ ਬਹਾਦਰ ਨਾਇਕਾ ਕਹਿਕੇ ਸਨਮਾਨ ਦਿਤਾ।
ਖਾਲਸੇ ਵਲੋਂ ਉਪਰਾਲੇ
ਸਾਹਿਬਜ਼ਾਦਾ ਅਜੀਤ ਸਿੰਘ ਨੇ 14 ਸਾਲ ਦੀ ਉਮਰ ਵਿਚ ਪੰਡਤ ਦੇਵ ਦਾਸ ਦੀ ਬੇਟੀ ਨੂੰ ਮੁਗਲਾਂ ਹਥੋਂ ਛੁਡਾਇਆ। ਖਾਲਸੇ ਨੇ ਜੰਗਾਂ ਜਿਤਣ ਬਾਦ ਵਿਰੋਧੀਆਂ ਦੀਆਂ ਔਰਤਾਂ ਦਾ ਪੂਰਾ ਸਤਿਕਾਰ ਕੀਤਾ। ਹਜ਼ਾਰਾਂ ਮਜ਼ਲੂਮ ਇਸਤਰੀਆਂ ਨੂੰ ਹਮਲਾਵਰਾਂ ਤੋਂ ਛੁਡਾ ਕੇ ਘਰੋ-ਘਰੀਂ ਪਹੁੰਚਾਇਆ।
ਅਕਾਲ ਤਖਤ ਤੋਂ ਭਰੂਣ ਹੱਤਿਆ ਵਿਰੁਧ ਹੁਕਮਨਾਮਾ ਜਾਰੀ ਹੋਇਆ ਸੀ।
ਸਿੱਖ ਵਿਦਵਾਨਾਂ ਦੇ ਵਿਚਾਰ
ਭਾਈ ਗੁਰਦਾਸ ਜੀ, ਗ੍ਰਹਿਸਥ-ਧਰਮ ਦੀ ਉੱਚਤਾ ‘ਤੇ ਗ੍ਰਹਿਸਥ ਤਿਆਗਣ ਵਾਲੇ ਜੋਗੀਆਂ ਤੇ ਸੰਨਿਆਸੀਆਂ ਬਾਰੇ ਫੁਰਮਾਨ ਕਰਦੇ ਹਨ,
“ਹੋਇ ਅਤੀਤੁ ਗ੍ਰਿਹਸਥ ਤਜਿ ਫਿਰਿ ਉਨਹੁ ਕੈ ਘਰਿ ਮੰਗਣਿ ਜਾਈ ।” (ਵਾਰ 1, ਪਉੜੀ 40)
ਮਨੁਖ ਦੀ ਮੁਕਤੀ ਪਤੀਬ੍ਰਤਾ ਇਸਤਰੀ ਦੇ ਸੰਗ ਕਰਕੇ ਹੀ ਹੁੰਦੀ ਹੈ,
“ਲੋਕ ਵੇਦ ਗੁਣੁ ਗਿਆਨ ਅਰਧ ਸਰੀਰੀ ਮੋਖ ਦੁਆਰੀ ।” (ਵਾਰ 5, ਪਉੜੀ 16)
ਇਸਤਰੀ ਦਾ ਸਤਿਕਾਰ ਜ਼ਰੂਰੀ, ਪਰਾਈ ਇਸਤਰੀ ਵਲ ਮਾੜੀ ਨਜ਼ਰ ਤੋਂ ਮਨ੍ਹਾਂ ਕੀਤਾ,
“ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ।” (ਵਾਰ 29, ਪਉੜੀ 11)
“ਏਕਾ ਨਾਰੀ ਜਤੀ ਹੋਇ, ਪਰ ਨਾਰੀ ਧੀ ਭੈਣ ਵਖਾਣੈ।” (ਵਾਰ 6, ਪਉੜੀ 8)
“ਧ੍ਰਿਗੁ ਲੋਇਣਿ ਗੁਰ ਦਰਸ ਵਿਣੁ ਵੇਖੈ ਪਰ ਤਰਣੀ।” (ਵਾਰ 27, ਪਉੜੀ 10)
ਭਾਈ ਨੰਦ ਲਾਲ ਜੀ ਦਸਮ ਪਾਤਿਸ਼ਾਹ ਦੀਆਂ ਹਦਾਇਤਾਂ ਬਾਰੇ ਲਿਖਦੇ ਹਨ,
“ਮਾਇ ਭੈਣ ਜੇ ਆਵੈ ਸੰਗਤਿ। ਦ੍ਰਿਸਟਿ ਬੁਰੀ ਦੇਖੈ ਤਿਸੁ ਪੰਗਤਿ।
ਸਿਖ ਹੋਇ ਜੋ ਕਰੇ ਕਰੋਧ। ਕੰਨਿਆ ਮੂਲ ਨ ਦੇਵੈ ਸੋਧ।
ਧੀਅ ਭੈਣ ਕਾ ਪੈਸਾ ਖਾਇ ਗੋਬਿੰਦ ਸਿੰਘ ਧੱਕੇ ਯਮ ਖਾਇ।”
“ਪਰ ਇਸਤਰੀ ਸਿਉ ਨੇਹੁ ਲਗਾਵਹਿ। ਗੋਬਿੰਦ ਸਿੰਘ ਵਹੁ ਸਿਖ ਨ ਭਾਵਹਿ।”
ਭਾਈ ਦੇਸਾ ਸਿੰਘ ਜੀ,
“ਪਰ ਨਾਰੀ ਜੂਆ ਅਸਤ ਚੋਰੀ ਮਦਰਾ ਜਾਨ। ਪੰਚ ਐਬ ਯੇ ਜਗਤ ਮੇਂ ਤਜੈ ਸੁ ਸਿੰਘ ਸੁਜਾਨ ।”
ਸਿੱਖ ਇਸਤਰੀਆਂ ਦਾ ਇਤਿਹਾਸਕ ਯੋਗਦਾਨ
ਬੇਬੇ ਨਾਨਕੀ ਜੀ ਨੇ ਆਪਣੇ ਛੋਟੇ ਵੀਰ ਗੁਰੂ ਨਾਨਕ ਦੇਵ ਜੀ ਦੀ ਸਹੀ ਪਹਿਚਾਣ ਕਰਕੇ ਉਨ੍ਹਾਂ ਬਾਰੇ ਸੰਸਾਰ ਨੂੰ ਸਮਝਾਇਆ। ਉਦਾਸੀਆਂ ਵੇਲੇ ਗੁਰੂ ਜੀ ਦੇ ਪਰਿਵਾਰ ਦੀ ਸੰਭਾਲ ਕੀਤੀ। ਉਨ੍ਹਾਂ ਨੂੰ ਪਹਿਲੇ ਸਿੱਖ ਵਜੋਂ ਜਾਣਿਆ ਜਾਂਦਾ ਹੈ।
ਮਾਤਾ ਖੀਵੀ ਜੀ (ਗੁਰੂ ਅੰਗਦ ਜੀ ਦੀ ਸੁਪਤਨੀ) ਦੀ ਯੋਗਤਾ ਤੇ ਲੰਗਰ ਦੀ ਸਫ਼ਲਤਾ ਬਾਰੇ ਫੁਰਮਾਨ ਹੈ,
“ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤ੍ਰਾਲੀ॥ ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰ ਘਿਆਲੀ॥” (ਅੰਗ 967)
ਬੀਬੀ ਭਾਨੀ ਜੀ (ਗੁਰੂ ਰਾਮਦਾਸ ਜੀ ਦੀ ਸੁਪਤਨੀ ਅਤੇ ਗੁਰੂ ਅਰਜਨ ਦੇਵ ਜੀ ਦੀ ਮਾਤਾ) ਨੇ ਪਿਤਾ-ਗੁਰੂ ਅਮਰਦਾਸ ਜੀ ਦੀ ਅਣਥੱਕ ਸੇਵਾ ਕੀਤੀ। ਗੁਰਗੱਦੀ ਪ੍ਰਵਾਰ ਵਿਚ ਆਉਣ ਤੋਂ ਬਾਦ ਵੀ ਸਿੱਖੀ ਦੀ ਅਣਥੱਕ ਸੇਵਾ ਕਰਦੇ ਰਹੇ।
ਮਾਤਾ ਗੁਜਰ ਕੌਰ (ਗੁਜਰੀ) ਜੀ (ਗੁਰੂ ਤੇਗ ਬਹਾਦਰ ਜੀ ਦੀ ਸੁਪਤਨੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ) ਨੇ ਪਵਿੱਤਰ ਅੰਮ੍ਰਿਤ ਵਿਚ ਪਤਾਸੇ ਪਾ ਕੇ ਖਾਲਸਾ ਪੰਥ ਵਿਚ ਨਿਮਰਤਾ ਤੇ ਮਿਠਾਸ ਭਰ ਦਿਤੀ। ਕੁਰਬਾਨੀ ਦੇ ਪੁੰਜ ਸਨ ਉਹ। ਮੁਸ਼ਕਲਾਂ ਦਾ ਡਟ ਕੇ ਮੁਕਾਬਲਾ ਕੀਤਾ। ਆਪਣੇ ਪਤੀ ਅਤੇ ਪੋਤਰੇ ਵਾਰਣ ਤੋਂ ਬਾਦ ਉਹ ਪਹਿਲੀ ਸ਼ਹੀਦ ਸਿੱਖ ਇਸਤਰੀ ਬਣੇ। ਮਾਤਾ ਅਜੀਤ ਕੌਰ (ਜੀਤੋ) ਜੀ (ਗੁਰੂ ਗੋਬਿੰਦ ਸਿੰਘ ਜੀ ਦੀ ਸੁਪਤਨੀ) ਨੇ ਦਸਵੇਂ ਪਾਤਿਸ਼ਾਹ ਤੋਂ ਬਾਦ ਸਿੱਖ ਫ਼ੌਜ ਦੀ ਅਗਵਾਈ ਕੀਤੀ।
ਮਾਈ ਭਾਗ ਕੌਰ (ਭਾਗੋ) ਜੀ ਨੇ ਬੇਦਾਵੀਆਂ ਅਤੇ ਹੋਰ ਸਿੰਘਾਂ ਨੂੰ ਜਥੇਬੰਦ ਕਰਕੇ ਤੇ ਮੁੜ ਗੁਰੂ ਜੀ ਦੇ ਲੜ ਲਵਾ ਕੇ 40 ਮੁਕਤਿਆਂ ਦਾ ਵਰਦਾਨ ਦਵਾਇਆ। ਜੰਗਾਂ ਵਿਚ ਹਿਸਾ ਲੈ ਕੇ ਪਹਿਲੀ ਔਰਤ ਜਥੇਦਾਰ ਹੋਣ ਦਾ ਮਾਨ ਪਰਾਪਤ ਕੀਤਾ। ਮੁਕਤਸਰ ਸਾਹਿਬ ਦੇ ਜੰਗ ਤੋਂ ਬਾਦ ਵੀ ਗੁਰੂ ਜੀ ਦੀ ਸੇਵਾ ਵਿਚ ਰਹੇ। ਕਿਹਾ ਜਾਂਦਾ ਹੈ ਕਿ ਮਾਤਾ ਭਾਗ ਕੌਰ ਗੁਰੂ ਗੋਬਿੰਦ ਸਿੰਘ ਜੀ ਦੀ ਮੁਖ ਅੰਗ-ਰਖਿਅਕ ਸੀ। ਗੁਰੂ ਜੀ ਨੇ ਆਪ ਉਨ੍ਹਾਂ ਦੇ ਸਿਰ ਤੇ ਦਸਤਾਰ ਸਜਾ ਕੇ ਮਾਣ ਬਖਸ਼ਿਆ।
ਅਣਗਿਣਤ ਸਿੱਖ ਬੀਬੀਆਂ ਨੇ ਸਖ਼ਤ ਕੈਦ ਕੱਟੀ, ਚੱਕੀਆਂ ਪੀਸੀਆਂ ਅਤੇ ਸ਼ਹੀਦ ਹੋਈਆਂ।
ਅਨੇਕਾਂ ਸਿੱਖ ਮਾਵਾਂ ਨੇ ਜੇਹਲਾਂ ਵਿਚ ਆਪਣੇ ਬੱਚਿਆਂ ਦੇ ਟੁਕੜਿਆਂ ਦੇ ਹਾਰ ਗਲਾਂ ਵਿਚ ਪਵਾਏ, ਪਰ ਸਿਦਕ ਨਹੀਂ ਹਾਰਿਆ।
ਔਰਤ–ਵਿਰੋਧੀ ਵਰਤਮਾਨ ਸਮਾਜਿਕ ਬੁਰਾਈਆਂ
ਇਸਤਰੀਆਂ ਪੜ੍ਹਾਈ ਤੇ ਮਿਹਨਤ ਕਰ ਕੇ ਅੱਗੇ ਨਿਕਲ ਰਹੀਆਂ ਹਨ। ਪਰ ਸਮਾਜ ਦਾ ਕੁਝ ਹਿੱਸਾ, ਸਿੱਧੇ ਜਾਂ ਅਸਿੱਧੇ ਤੌਰ ਤੇ, ਇਸਤਰੀਆਂ ਨੂੰ ਪੂਰਨ ਬਰਾਬਰੀ ਦੇਣ ਲਈ ਸਹਿਮਤ ਨਹੀਂ। ਇਸਤਰੀ ਕਲਾਕਾਰ ਨੂੰ ਜ਼ਲੀਲ ਕਰਨ ਲਈ ਅਸ਼ਲੀਲ ਫਿਲਮਾਂ, ਗੀਤਾਂ ਅਤੇ ਵਿਚਾਰਾਂ ਰਾਹੀਂ ਖੇਡਣ ਤੇ ਮਨੋਰੰਜਨ ਦੀ ਚੀਜ਼ ਬਣਾ ਕੇ ਉਸਦੀ ਇਜ਼ਤ ਨੂੰ ਰੋਲਿਆ ਜਾਂਦਾ ਹੈ।
ਇਸਤਰੀਆਂ ਦੇ ਬਲਾਤਕਾਰ ਤੇ ਹਤਿਆਵਾਂ ਦੇ ਕੇਸ ਅਕਸਰ ਸਾਹਮਣੇ ਆਉਂਦੇ ਹਨ। ਦਾਜ ਨੂੰ ਰੋਕਣ ਲਈ ਕਨੂੰਨ ਹੈ, ਪਰ ਉਸਤੇ ਅਮਲ ਬਹੁਤ ਘੱਟ ਹੈ। ਇਕੋ ਜਿਹੇ ਕੰਮ ਲਈ ਕਈ ਵਾਰ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਘੱਟ ਉਜਰਤ ਦਿਤੀ ਜਾਂਦੀ ਹੈ। ਸਮਾਜ, ਕਨੂੰਨ ਤੇ ਰਾਜਨੀਤਕ ਲੋਕ ਸਖਤ ਵਿਰੋਧ ਨਾ ਕਰਕੇ ਮੂਕ ਪ੍ਰਵਾਨਗੀ ਦਿੰਦੇ ਆ ਰਹੇ ਹਨ।
ਭਰੂਣ ਹੱਤਿਆ ਤੇ ਧੀ ਮਾਰਨ ਵਰਗੇ ਕੁਕਰਮਾਂ ਦੀ ਇਕ ਜੜ੍ਹ ਹਮਲਾਵਰਾਂ, ਲਾਲਚੀ ਰਾਜ-ਸੱਤਾ ਵਾਲਿਆਂ ਅਤੇ ਸਮਾਜ ਵਿਚਲੇ ਗ਼ਲਤ ਪੁਰਸ਼ਾਂ ਵਲੋਂ ਇਸਤਰੀਆਂ ਦੇ ਅਪਹਰਣ ਤੇ ਸ਼ੋਸ਼ਣ ਦੇ ਡਰ ਕਰਕੇ ਮਾਵਾਂ, ਪਤਨੀਆਂ, ਭੈਣਾਂ, ਧੀਆਂ ਦੀ ਅਸੁਰੱਖਿਅਤਾ ਦੀ ਭਾਵਨਾ ਨਾਲ ਜੁੜਦੀ ਹੈ। ਦੂਸਰੀ ਜੜ੍ਹ ਦਾਜ ਵਰਗੀ ਲਾਹਣਤ ਨਾਲ ਜੁੜਦੀ ਹੈ।
ਸਾਡੇ ਖਿਆਲ ਅਨੁਸਾਰ, ਅਚੱਲ ਜਾਇਦਾਦ (ਜ਼ਮੀਨ ਜਾਂ ਮਕਾਨ) ‘ਚ ਧੀ ਦਾ ਹਿੱਸਾ ਉਸ ਦੇ ਸਹੁਰੇ ਭੇਜਣਾ ਸੰਭਵ ਨਹੀਂ ਸੀ। ਹੋ ਸਕਦਾ ਹੈ ਕਿ ਇਸ ਕਰਕੇ ਆਰੀਅਨ ਸਮਾਜ ਨੇ ਇਸਤਰੀ ਨੂੰ ਵਿਆਹ ਵੇਲੇ ਦਾਜ ‘ਤੇ ਬਾਅਦ ਵਿੱਚ ਹੋਰ ਤੋਹਫਿਆਂ ਰਾਹੀਂ ਜਾਇਦਾਦ ਵਿਚੋਂ ਹਿਸਾ ਜਾਂ ਮੁਆਵਜ਼ਾ ਦੇਣ ਦਾ ਇਹ ਤਰੀਕਾ ਸੋਚਿਆ ਹੋਵੇ। ਇਸ ਲਈ ਘਰ ਵਿਚ ਵਰਤਣ ਵਾਲਾ ਸਮਾਨ, ਗਹਿਣੇ, ਮਾਲ ਡੰਗਰ, ਜਿਨਸ, ਧਨ, ਅਤੇ ਹੋਰ ਤੋਹਫੇ ਆਦਿ ਦੇ ਕੇ ਮਾਪੇ ‘ਧੀ ਦਾ ਹਿੱਸਾ’ ਚੁਕਾ ਦਿੰਦੇ ਸਨ ਅਤੇ ਆਪਣੇ ਆਪ ਨੂੰ ਸੁਰਖ਼ਰੂ ਹੋਇਆ ਸਮਝਦੇ ਸਨ। ਇਸ ਨਾਲ ਨਵੀਂ ਗ੍ਰਹਿਸਥੀ ਲਈ ਆਮਦਨ ਦਾ ਸਾਧਨ ਲੜਕੇ ਵਲੋਂ ਤੇ ਜ਼ਰੂਰੀ ਸਮਾਨ ਲੜਕੀ ਵਲੋਂ ਹੋ ਜਾਂਦਾ ਸੀ।
ਸਮੇਂ ਨਾਲ ਕੁਝ ਲੋਕਾਂ ਦੇ ਘੋਰ ਲਾਲਚ ਕਾਰਨ ਦਾਜ ਦੀ ਪ੍ਰਥਾ ਵਿਚ ਡੂੰਘਾ ਨਿਘਾਰ ਆਉਂਦਾ ਗਿਆ। ਜਿਵੇਂ ਕਿ ਰਿਸ਼ਤੇ ਨਾਲੋਂ ਧਨ-ਵਸਤ ਨੂੰ ਪਹਿਲ, ਮੁੰਡੇ ਵਾਲਿਆਂ ਵਲੋਂ ਬੇਸ਼ਰਮੀ ਭਰੀਆਂ ਨਜਾਇਜ਼ ਮੰਗਾਂ, ਬਹੁਤ ਹੀ ਖਰਚੀਲੇ ਵਿਆਹ, ਦਿਖਾਵਾ, ਆਦਿ। ਪੜ੍ਹੀਆਂ-ਲਿਖੀਆਂ ਅਤੇ ਕਮਾਊ ਧੀਆਂ ਦੇ ਵਿਆਹ ਕਰਨੇ ਵੀ ਆਮ ਲੋਕਾਂ ਲਈ ਔਖੇ ਹੋ ਗਏ। ਧੀ ਨੂੰ ਸੁਖੀ ਦੇਖਣ ਲਈ ਲੋਕਾਂ ਨੇ ਜ਼ਮੀਨਾਂ ਵੇਚ ਕੇ ਅਤੇ ਕਰਜ਼ੇ ਚੁੱਕ ਕੇ ਮੁੰਡੇ ਵਾਲਿਆਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ। ਪਰ ਕਈ ਵਾਰ ਦੇਖਿਆ ਗਿਆ ਕਿ ਮੁੰਡੇ ਵਾਲਿਆਂ ਦੀ ਭੁੱਖ ਹੋਰ ਵਧਦੀ ਗਈ ਤੇ ਧੀ ਫਿਰ ਵੀ ਸੁਖੀ ਨਾ ਵੱਸ ਸਕੀ। ਬੜੀਆਂ ਕੁੜੀਆਂ ਨੂੰ ਦਾਜ ਦੀ ਬਲੀ ਚੜ੍ਹਨਾ ਪਿਆ। ਇਨ੍ਹਾਂ ਕਾਰਨਾਂ ਕਰਕੇ ਧੀ ਮਾਪਿਆਂ ਲਈ ਬੋਝ ਲਗਣ ਲਗੀ ਅਤੇ ਕੁਝ ਮਜਬੂਰ ਮਾਪੇ ਭਰੂਣ-ਹੱਤਿਆ ਤੇ ਜੰਮਦੀ ਧੀ ਮਾਰਨ ਜਿਹੇ ਘਿਨਾਉਣੇ ਅਪਰਾਧਾਂ ਵਲ ਖਿੱਚੇ ਗਏ।
ਸਿਧਾਂਤਿਕ ਤੌਰ ਤੇ ਔਰਤ ਦਾ ਸਤਿਕਾਰ ਕਰਨ ਵਾਲਾ ਅਤੇ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਦਾ ਹੋਕਾ ਦੇਣ ਵਾਲਾ ਸਿੱਖ ਪੰਥ ਵੀ ਅਜਿਹੇ ਅਪਰਾਧਾਂ ਤੋਂ ਬਚ ਨਹੀਂ ਸਕਿਆ। ਬਹੁਤੀ ਵਾਰ ਦੇਖਿਆ ਗਿਆ ਕਿ ਅਜੇਹੇ ਮਾਮਲਿਆਂ ਵਿੱਚ ਇਸਤਰੀ ਹੀ ਇਸਤਰੀ ਦੀ ਦੁਸ਼ਮਨ ਬਣਦੀ ਰਹੀ ਹੈ। ਟੈਸਟ ਕੇਂਦਰਾਂ ਦੀ ਭਰਮਾਰ ਅਤੇ ਲਾਲਚ ਨੇ ਇਸ ਮਨੁਖਤਾ-ਵਿਰੋਧੀ ਕੁਕਰਮ ਨੂੰ ਵਧਾਉਣ ਵਿੱਚ ਸ਼ਰਮਨਾਕ ਰੋਲ ਅਦਾ ਕੀਤਾ। ਸਿੱਟੇ ਵਜੋਂ ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਦੀ ਗਿਣਤੀ ਕਾਫੀ ਘਟ ਗਈ ਹੈ, ਖਾਸ ਕਰਕੇ ਪੰਜਾਬ ਵਿੱਚ। ਲੰਿਗ-ਸੰਤੁਲਨ ਵਿਚ ਵਿਘਣ ਪੈਣ ਕਾਰਨ ਕਈ ਸਮਾਜਿਕ ਮੁਸ਼ਕਲਾਂ ਪੈਦਾ ਹੋਈਆਂ ਜਾਂ ਵਧ ਗਈਆਂ ਹਨ।
ਦਾਜ ਦੀ ਲਾਹਣਤ, ਗੈਰ-ਕਨੂੰਨੀ ਲੰਿਗ ਟੈਸਟ ਅਤੇ ਭਰੂਣ-ਹਤਿਆ ਨੂੰ ਰੋਕਣ ਲਈ ਕਨੂੰਨ ਤਾਂ ਬਣਾਏ ਗਏ ਹਨ, ਪਰ ਉਨ੍ਹਾਂ ਤੇ ਅਮਲ ਬਹੁਤ ਘੱਟ ਹੋ ਰਿਹਾ ਹੈ। ਕਨੂੰਨ ਬਨਾਉਣ ਵਾਲੇ ਹੀ ਇਨ੍ਹਾਂ ਕਨੂੰਨਾਂ ਦੀਆਂ ਧੱਜੀਆਂ ਉਡਾਉਂਦੇ ਅਕਸਰ ਦੇਖੇ ਜਾਂਦੇ ਹਨ। ਕੁੜੀਆਂ ਨੂੰ ਨਾ ਪੜ੍ਹਾਉਣਾ ਜਾਂ ਘਟ ਪੜ੍ਹਾਉਣਾ ਉਨ੍ਹਾਂ ਦੇ ਸਮਾਜਿਕ ਸੋਸ਼ਨ ਅਤੇ ਮੁੰਡਿਆਂ ਤੋਂ ਪਿਛੇ ਰਹਿ ਜਾਣ ਦਾ ਵੱਡਾ ਕਾਰਨ ਰਿਹਾ ਹੈ। ਭਾਵੇਂ ਅਜੋਕੇ ਸਮੇਂ ਵਿੱਚ ਕਾਫੀ ਤਬਦੀਲੀ ਆਈ ਹੈ, ਕੁੜੀਆਂ ਹਰ ਖੇਤਰ ਵਿੱਚ ਅੱਗੇ ਆ ਰਹੀਆਂ ਹਨ, ਫਿਰ ਵੀ ਹੋਰ ਹੰਭਲੇ ਮਾਰਨ ਦੀ ਲੋੜ ਹੈ, ਖਾਸ ਕਰਕੇ ਗਰੀਬ ਘਰਾਂ ਦੀਆਂ ਲੜਕੀਆਂ ਨੂੰ ਪੜ੍ਹਾਉਣ ਲਈ।
ਕੁਝ ਹੋਰ ਵਿਚਾਰ
ਇਹ ਗੰਭੀਰਤਾ ਨਾਲ ਵਿਚਾਰਨ ਵਾਲੀ ਗੱਲ ਹੈ ਕਿ ਇਸਤਰੀ ਤੇ ਮਰਦ ਦੇ ਅਧਿਕਾਰਾਂ ਦੀ ਬਰਾਬਰਤਾ ਲਈ ਹੋਰ ਕੀ ਤਰੀਕੇ ਅਪਣਾਏ ਜਾਣ।
ਕੁਝ ਸੁਝਾਅ,
ਜਾਇਦਾਦ ਵਿਚ ਬਰਾਬਰ ਹਿੱਸਾ ਤੇ ਦਾਜ ਦੀ ਪ੍ਰਥਾ: ਹੁਣ ਭਾਰਤ ਵਿਚ ਲੜਕੇ ਤੇ ਲੜਕੀ ਦਾ ਮਾਤਾ-ਪਿਤਾ ਦੀ ਜਾਇਦਾਦ ਵਿਚ ਬਰਾਬਰ ਹਿੱਸੇ ਲਈ ਕਨੂੰਨ ਹੈੈ। ਪਰ ਪਤਨੀ ਦਾ ਆਪਣੇ ਪਤੀ ਅਤੇ ਉਸਦੀ ਜੱਦੀ (ਮਾਤਾ-ਪਿਤਾ ਦੀ) ਜਾਇਦਾਦ ਵਿਚ ਹਿੱਸਾ ਨਹੀਂ ਮੰਨਿਆ ਜਾਂਦਾ। ਇਹ ਸੁਧਾਰ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਦਾਜ-ਵਿਰੋਧੀ ਕਨੂੰਨ ਨੂੰ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ।
ਵਿਆਹ ਤੋਂ ਬਾਦ ਨਾਮ ਬਦਲਣਾ: ਪੁਰਾਣੇ ਵੇਲੇ ਕਈ ਵਾਰ ਵਿਆਹ ਤੋਂ ਬਾਦ ਇਸਤਰੀ ਦਾ ਪਹਿਲਾ ਨਾਮ ਤਕ ਬਦਲ ਦਿੱਤਾ ਜਾਂਦਾ ਸੀ। ਸਾਡੇ ਖਿਆਲ ਵਿਚ ਅਜੇਹਾ ਮਰਦ-ਪ੍ਰਧਾਨ ਸਮਾਜ ਵਲੋਂ ਔਰਤ ਨੂੰ ਪੁਰਸ਼ ਦੇ ਅਧੀਨ ਰੱਖਣ ਅਤੇ ਨਾਚੀਜ਼ ਦਰਸਾਉਣ ਲਈ ਕੀਤਾ ਜਾਂਦਾ ਸੀ। ਇਹ ਰਿਵਾਜ ਅਜ ਕਲ ਕਾਫੀ ਘਟ ਗਿਆ ਹੈ। ਪ੍ਰੰਤੂ ਅਜ ਵੀ ਆਮ ਕਰਕੇ ਵਿਆਹ ਤੋਂ ਬਾਦ ਇਸਤਰੀ ਸਹੁਰੇ ਘਰ ਦੀ ਗੋਤ ਨਾਲ ਜਾਣੀ ਜਾਂਦੀ ਹੈ। ਵੈਸੇ ਤਾਂ ਸਿੱਖੀ ਵਿਚ ਜਾਤ-ਪਾਤ ਦਾ ਵਖਰੇਵਾਂ ਦੂਰ ਕਰਨ ਲਈ ਗੋਤ ਲਿਖਣ ਤੋਂ ਮਨ੍ਹਾ ਕੀਤਾ ਗਿਆ ਹੈ, ਪਰ ਜੇਕਰ ਕਿਸੇ ਕਾਰਨ ਲੋੜ ਪਵੇ ਤਾਂ ਸਾਡੇ ਖਿਆਲ ਵਿੱਚ ਪੇਕਿਆਂ ਵਾਲੀ ਗੋਤ ਹੀ ਲਿਖੀ ਜਾਣੀ ਚਾਹੀਦੀ ਹੈ। ਇਸ ਨਾਲ ਇਸਤਰੀ ਵਿੱਚ ਸਵੈਮਾਨ ਅਤੇ ਆਤਮ-ਵਿਸ਼ਵਾਸ ਦੀ ਭਾਵਨਾ ਵਧੇਗੀ।
ਬੱਚਿਆਂ ਦੇ ਨਾਮ ਨਾਲ ਗੋਤ ਲਿਖਣਾ: ਸੁਝਾਅ ਹੈ ਕਿ ਜਨਮ ਵੇਲੇ ਬੱਚੇ ਦੇ ਨਾਂ ਨਾਲ ਗੋਤ ਨਾ ਲਿਖੀ ਜਾਵੇ ਤਾਂ ਕਿ ਵੱਡੇ ਹੋ ਕੇ ਬੱਚੇ ਆਪਣੀ ਮਰਜ਼ੀ ਨਾਲ ਮਾਤਾ ਜਾਂ ਪਿਤਾ ਦੀ ਗੋਤ ਲਿਖ ਸਕਣ, ਅਤੇ ਜੇ ਉਹ ਚਾਹੁਣ ਤਾਂ ਕੋਈ ਗੋਤ ਨਾ ਲਿਖਣ। ਜੇਕਰ ਜਨਮ ਵੇਲੇ ਗੋਤ ਲਿਖਣ ਦੀ ਬਹੁਤ ਲੋੜ ਹੋਵੇ ਤਾਂ ਪਿਤਾ ਜਾਂ ਮਾਤਾ ਵਿਚੋਂ ਕਿਸੇ ਦੀ ਵੀ ਗੋਤ ਲਿਖਣ ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਅਮਲੀ ਰੂਪ ਵਿੱਚ ਔਰਤ ਤੇ ਮਰਦ ਦੀ ਬਰਾਬਰਤਾ ਤਾਂ ਹੀ ਮੰਨੀ ਜਾ ਸਕਦੀ ਹੈ।
ਸਾਰ–ਅੰਸ਼
ਗੁਰਮਤਿ ਅਨੁਸਾਰ ਇਸਤਰੀ ਤੇ ਪੁਰਸ਼ ਇਕ ਦੂਜੇ ਦੇ ਪੂਰਕ ( complementary ) ਹਨ। ਸਮਾਜ ਦੇ ਵਿਪੂਰਕ ਹਨ। ਸਮਾਜ ਦੇ ਵਿਕਾਸ ਤੇ ਖੁਸ਼ਹਾਲੀ ਲਈ ਦੋਹਾਂ ਦਾ ਸੰਤੁਲਨ, ਸਤਿਕਾਰ ਅਤੇ ਸਹਿਯੋਗ ਬਹੁਤ ਜ਼ਰੂਰੀ ਹੈ। ਇਸਤਰੀ ਗ੍ਰਹਿਸਥ ਦਾ ਕੇਂਦਰ ਬਿੰਦੂ ਹੈ ਅਤੇ ਪਰਿਵਾਰ ਸਮੱੁਚੇ ਸਮਾਜ ਦਾ ਧੁਰਾ ਹੈ। ਖੁਸ਼ਹਾਲ ਜੀਵਨ ਅਤੇ ਨਰੋਏ ਸਮਾਜ ਲਈ ਇਸਤਰੀ ਅੰਮ੍ਰਿਤਧਾਰਾ, ਦੱੁਖਾਂ ਦੀ ਦਾਰੂ ਤੇ ਸੁੱਖਾਂ ਦੀ ਖਾਣ ਹੈ। ਮਹਿਲਾ ਸਸ਼ਕਤੀਕਰਨ (Women Empowerment) ਸਮੇਂ ਦੀ ਲੋੜ ਹੈ। ਇਸ ਕਾਰਜ ਵਿਚ ਗੁਰਮਤਿ-ਸਿਧਾਂਤਾਂ ਦੀ ਸੇਧ ਬੜੀ ਮਹੱਤਵ-ਪੂਰਨ ਸਿਧ ਹੋ ਸਕਦੀ ਹੈ।
ਸਰੋਤ
ਗੁਰਮਤਿ ਵਿਚ ਇਸਤਰੀ ਦਾ ਮਹੱਤਵ, 2015
ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
ਸਿੱਖ ਧਰਮ ਵਿਚ ਔਰਤ ਦਾ ਸਥਾਨ, 22 ਨਵੰਬਰ 2018, ਗੁਰਦੀਸ਼ ਕੌਰ ਗਰੇਵਾਲ, ਕੌਮੀ ਏਕਤਾ।
ਸਿੱਖ ਧਰਮ ਵਿਚ ਔਰਤ ਦਾ ਸਥਾਨ, ਬੀਬੀ ਸੋਨਦੀਪ ਕੌਰ। Panthic.(www.panthic.org)
ਗੁਰਮਤਿ ਤੇ ਔਰਤ, ਖਾਲਸਾ ਅਖਬਾਰ (6), ਸਿੰਘ ਸਭਾ ਕੈਨੇਡਾ www.signhsabhacanada.com
ਗੁਰੁਸ਼ਬਦ ਰਤਨਾਗਰ – ਮਹਾਨ ਕੋਸ਼, 1930 (2012 ਐਡੀਸ਼ਨ), ਭਾਈ ਕਾਨ੍ਹ ਸਿੰਘ ਨਾਭਾ, ਨੈਸ਼ਨਲ ਬੁਕ ਸ਼ਾਪ, ਚਾਂਦਨੀ ਚੌਕ, ਦਿੱਲੀ।
Women under different social and religious laws
(Budhism, Judaism, Christianity, Islam), 1976.
Kidwai, M.H., Seikh, Seema Publication, New Delhi, pp 7-8.
ਬੇਨਤੀ: ਜੇਕਰ ਇਹ ਵਿਚਾਰ ਚੰਗੇ ਲੱਗੇ ਹੋਣ ਤਾਂ ਆਪਣੇ ਪਿਆਰਿਆਂ ਨਾਲ ਲੇਖ ਸਾਂਝਾ ਕਰਨ ਦੀ ਕ੍ਰਿਪਾ ਕਰਨੀ ਜੀ।