
ਮਸ਼ੀਨੀ ਖੇਤੀ ਅਤੇ ਸਿੰਚਾਈ ਦੇ ਨਾਲ ਉੱਤਰ-ਪੱਛਮੀ ਭਾਰਤ ਦੇ ਕਿਸਾਨ ਪ੍ਰਤੀ ਸਾਲ 2-3 ਫਸਲਾਂ ਉਗਾਉਂਦੇ ਹਨ। ਝੋਂਨਾ (ਗਰਮੀ)-ਕਣਕ (ਸਰਦੀ) ਪ੍ਰਮੁੱਖ ਫਸਲੀ ਚਕਰ ਹੈ। ਅਨਾਜ ਉਤਪਾਦਨ 520 ਲੱਖ ਟਨ (1951-52) ਤੋਂ ਵਧ ਕੇ 3100 ਲੱਖ ਟਨ (2020-21) ਹੋ ਗਿਆ ਹੈ। ਫਸਲਾਂ ਦੀ ਉਪਜ ਦਾ ਅੱਧੇ ਤੋਂ ਵੱਧ ਹਿਸਾ ਮਨੁੱਖਾਂ ਲਈ ਖਾਣ ਯੋਗ ਨਹੀਂ ਹੁੰਦਾ ਤੇ ਰਹਿੰਦ-ਖੂੰਹਦ (ਪਰਾਲੀ, ਤੂੜੀ, ਆਦਿ) ਦੇ ਰੂਪ ਵਿੱਚ ਖੇਤਾਂ ਵਿੱਚ ਰਹਿ ਜਾਂਦਾ ਹੈ। ਪੰਜਾਬ ਵਿੱਚ ਕਣਕ ਦੇ 80-90% ਨਾੜ ਦੀ ਡੰਗਰਾਂ ਲਈ ਤੂੜੀ ਬਣਾ ਲਈ ਜਾਂਦੀ ਹੈ। ਪਰ ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਦਾ ਬਹੁਤਾ ਹਿਸਾ ਖੇਤਾਂ ਵਿੱਚ ਸਾੜ ਦਿੱਤਾ ਜਾਂਦਾ ਹੈ (ਸਾਰਨੀ-1), ਕਿਉਂਕਿ ਇਸ ਵਿਚ ਸਿਲਿਕਾ ਅਤੇ ਆਗਜ਼ੀਲੇਟ ਤੱਤ ਜ਼ਿਆਦਾ ਹੋਣ ਕਰਕੇ ਇਹ ਪਸ਼ੂਆਂ ਲਈ ਘੱਟ ਪਚਣਯੋਗ ਹੈ। ਨਾਲ ਹੀ, ਨੈਸ਼ਨਲ ਗ੍ਰੀਂਨ ਟ੍ਰਿਬਿਊਨਲ ਨੇ ਖੁਲੇ ਵਿਚ ਰਹਿੰਦ-ਖੰੂਹਦ ਸਾੜਨ ਤੇ ਪੁਰੀ ਤਰਾਂ ਪਾਬੰਦੀ ਲਾ ਦਿਤੀ ਹੈ, ਅਤੇ ਜੁਰਮਾਨਾ ਵੀ ਨਿਰਧਾਰਤ ਕੀਤਾ ਹੈ।

ਪਰਾਲੀ ਸਾੜਨ ਦੇ ਕਾਰਨ: ਕਿਸਾਨਾਂ ਨੂੰ ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਨਾਲ ਨਜਿੱਠਣ ਵਿੱਚ ਮੁਸ਼ਕਲਾਂ ਆਉਂਦੀਆਂ ਹਨ। ਪਰਾਲੀ ਦੀ ਬਹੁਤ ਜ਼ਿਆਦਾ ਮਾਤਰਾ (40-50 ਕਵਿੰਟਲ ਪ੍ਰਤੀ ਏਕੜ) ਹੋਣ ਕਰਕੇ, ਇਸ ਨੂੰ ਖੇਤ ਵਿੱਚ ਵਾਹੁਣ ਜਾਂ ਖੇਤ ਤੋਂ ਬਾਹਰ ਕੱਢਣ ਲਈ ਬਹੁਤ ਕੰੰਮ ਅਤੇ ਖਰਚਾ ਹੰੁਦਾ ਹੈ। ਝੋਨੇ ਦੀ ਵਾਢੀ ਤੋਂ ਬਾਅਦ ਕਿਸਾਨ 2-4 ਹਫ਼ਤਿਆਂ ਵਿਚ ਖੇਤ ਤਿਆਰ ਕਰਕੇ ਸਮੇਂ ਸਿਰ ਕਣਕ ਦੀ ਬਿਜਾਈ ਕਰਨ ਵਿੱਚ ਅਸਮਰੱਥ ਹੋ ਜਾਂਦੇ ਹਨ। ਉਹ ਜ਼ਮੀਨ ਵਿੱਚਲੇ ਕੀੜੇ-ਮਕੌੜੇ ’ਤੇ ਬਿਮਾਰੀਆਂ, ਅਤੇ ਪਰਾਲੀ ਵਿਚ ਲੁੱਕ ਕੇ ਪਲਦੇ ਚੂਹਿਆਂ ਆਦਿ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਨਾਲ ਹੀ ਪਰਾਲੀ ਰਾਹੀ ਉਤਪਨ ਪੌਸ਼ਟਿਕ ਤੱਤਾਂ ਦੀ ਘਾਟ ਅਤੇ ਨਦੀਨ ਕਾਰਣ ਕਣਕ ਦਾ ਝਾੜ ਘਟਣ ਤੋਂ ਬਚਣਾ ਚਾਹੁੰਦੇ ਹਨ। ਛੋਟੇ ਕਿਸਾਨ 3,000 ਰੁਪਏ ਪ੍ਰਤੀ ਏਕੜ ਤੋਂ ਵੱਧ ਖਰਚ ਕਰਕੇ ਪਰਾਲੀ ਜ਼ਮੀਨ ਵਿਚ ਵਾਹੁਣ ਜਾਂ ਖੇਤ ਵਿਚੋਂ ਬਾਹਰ ਕੱਢਣ ਵਿੱਚ ਅਸਮਰੱਥ ਹਨ, ਅਤੇ ਇਸ ਲਈ ਪਰਾਲੀ ਸਾੜ ਦੇਂਦੇ ਹਨ।
ਪਰਾਲੀ ਸਾੜਨ ਨਾਲ ਆਰਥਕ ਨੁਕਸਾਨ: ਖੇਤ ਵਿੱਚ ਵਾਹੀ ਜਾਣ ਤੋਂ ਕੁਝ ਸਮੇਂ ਬਾਅਦ, ਪਰਾਲੀ ਜੈਵਿਕ ਪਦਾਰਥ ਬਣਕੇ ਫਸਲਾਂ ਦੇ ਪੌਸ਼ਟਿਕ ਤੱਤਾਂ ਦਾ ਸਰੋਤ ਬਣਦੀ ਹੈ, ਜ਼ਮੀਨ ਦੀ ਸਿਹਤ ਸੁਧਾਰਦੀ ਹੈ ਅਤੇ ਪੌਸ਼ਟਿਕ ਤੱਤਾਂ ਨੂੰ ਪਾਣੀ ਨਾਲ ਹੇਠਾਂ ਡੁੰਘਾਈ ਵੱਲ ਜਾਣ ਤੋਂ ਰੋਕਦੀ ਹੈ। ਜ਼ਮੀਨ ਵਿਚ ਜੈਵਿਕ ਪਦਾਰਥ ਫਸਲਾਂ ਲਈ ਪੌਸ਼ਟਿਕ ਤੱਤਾਂ, ਜਿਵੇਂ ਕਿ ਸਾਡੇ ਮਿਹਦੇ ਵਿਚ ਖੁਰਾਕ, ਦਾ ਸੋਮਾਂ ਬਣਦਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਰਾਹੀਂ ਲਭਿਆ ਗਿਆ ਕਿ ਪਰਾਲੀ ਦਾ 21% ਹਿਸਾ ਜ਼ਮੀਨ ਵਿਚ ਜੈਵਿਕ ਪਦਾਰਥ ਬਣ ਜਾਂਦਾ ਹੈ। ਭਾਰਤ ਵਿੱਚ ਫਸਲਾਂ ਰਾਹੀਂ ਤਕਰੀਬਨ 175 ਲੱਖ ਟੱਨ ਨਾਈਟ੍ਰੋਜਨ ਅਤੇ 82 ਲੱਖ ਟੱਨ ਫਾਸਫੋਰਸ ਤੱਤ ਲਏ ਜਾਂਦੇ ਹਨ, ਜਿਨ੍ਹਾ ਦਾ ਤਕਰੀਬਨ ਤੀਜਾ ਹਿਸਾ ਰਹਿੰਦ-ਖੂੰਦ ਵਿਚ ਹੰੁਦਾ ਹੈ। ਸਾਰੀ ਪਰਾਲੀ ਜ਼ਮੀਨ ਵਿੱਚ ਰਲਾਉਣ ਨਾਲ 30-50% ਤਕ ਰਸਾਇਣਕ ਖਾਦਾਂ ਦੀ ਪੂਰਤੀ ਹੋ ਸਕਦੀ ਹੈ। ਪਰਾਲੀ ਨੂੰ ਸਾੜਨ ਨਾਲ ਸਾਰਾ ਜੈਵਿਕ ਪਦਾਰਥ, ਸਾਰੀ ਨਾਈਟ੍ਰੋਜਨ ਅਤੇ ਕੁਝ ਹੋਰ ਪੌਸ਼ਟਿਕ ਤੱਤ ਹਵਾ ਵਿਚ ਉਡ ਜਾਂਦੇ ਹਨ, ਦੋਸਤ ਕੀੜੇ ‘ਤੇ ਸੂਖਮ ਜੀਵਾਣੂ ਮਰ ਜਾਂਦੇ ਹਨ, ਅਤੇ ਜ਼ਮੀਨ ਦੀ ਸਿਹਤ ਵਿਗੜ ਜਾਂਦੀ ਹੈ।
ਪਰਾਲੀ ਸਾੜਨ ਨਾਲ ਵਾਤਾਵਰਣ ਦੇ ਨੁਕਸਾਨ: ਭਾਰਤ ਵਿੱਚ ਖੇਤੀਬਾੜੀ ਰਾਹੀਂ ਕੁਲ ਕਾਰਬਨ ਡਾਈਆਕਸਾਈਡ ਦੇ ਉਤਪਾਦਨ ਦਾ ਲਗਭਗ 90% ਹਿਸਾ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨ ਕਾਰਨ ਹੁੰਦਾ ਹੈ। ਜ਼ਹਿਰੀਲੀਆਂ ਗੈਸਾਂ (ਮੀਥੇਨ, ਕਾਰਬਨ ਮੌਨੋਔਕਸਾਈਡ, ਕਾਰਬਨ ਡਾਈਔਕਸਾਈਡ ਅਤੇ ਨਾਇਟਰਸ ਔਕਸਾਈਡ, ਆਦਿ) ਅਤੇ ਧੂਏਂ ਕਾਰਨ ਮਨੁਖਾਂ, ਜਾਨਵਰਾਂ, ਅਤੇ ਵਾਤਾਵਰਣ ਦੀ ਸਿਹਤ ਖਰਾਬ ਹੰੁਦੀ ਹੈ। ਬਹੁਤ ਜ਼ਿਆਦਾ ਰਕਬੇ ਵਿਚ ਪਰਾਲੀ ਸਾੜਨ ਕਾਰਨ ਨਵੰਬਰ-ਦਸੰਬਰ ਦੇ 2-4 ਹਫਤਿਆਂ ਵਿਚ ਬਹੁਤ ਸੰਘਣੇ ਧੂਏਂ ਨਾਲ ਖਰਾਬ ਹਵਾ ਕਰਕੇ ਦਮਾਂ ਤੇ ਫੇਫੜਿਆ ਅਤੇ ਦਿਲ ਦੀਆਂ ਬੀਮਾਰੀਆਂ ਵਧਦੀਆਂ ਹਨ। ਸੜਕਾਂ ਤੇ ਹਾਦਸੇ ਵੀ ਵਧਦੇ ਹਨ।
ਖੇਤ ਵਿਚ ਪਰਾਲੀ ਦੀ ਸੰਭਾਲ ਲਈ ਵਾਤਾਵਰਣ-ਅਨੁਕੂਲ ਤਰੀਕੇ: ਉੱਤਰੀ ਅਮਰੀਕਾ ਅਤੇ ਯੂਰਪ ਵਿੱਚ, ਜਿਆਦਾ ਕਰਕੇ ਸੰਭਾਲ-ਖੇਤੀ (ਚੋਨਸੲਰਵੳਟੋਿਨ ਟਲਿਲੳਗੲ) ਨੇ ਰਵਾਇਤੀ-ਖੇਤੀ (ਚੋਨਵੲਨਟੋਿਨੳਲ ਟਲਿਲੳਗੲ) ਦੀ ਥਾਂ ਲੈ ਲਈ ਹੈ। ਭਾਰਤੀ ਖੇਤੀ-ਵਿਗਿਆਨੀਆਂ ਨੇ ਝੋਨੇ ਦੀ ਪਰਾਲੀ ਲਈ ਖੇਤਾਂ ਵਿਚ ਵਰਤਣ ਲਈ ਵਾਤਾਵਰਣ-ਅਨੁਕੂਲ ਕਈ ਤਰੀਕੇ ਲੱਭੇ ਹਨ। ਪੀ.ਏ.ਯੂ ਦੇ ਵਿਗਿਆਨੀਆਂ ਨੇ ਲੱਭਿਆ ਕਿ ਗਰਮ ਅਤੇ ਖੁਸ਼ਕ ਮੌਸਮ ਵਿਚ ਮੱਕੀ ਅਤੇ ਕਈ ਹੋਰ ਫਸਲਾਂ ਦੇ ਉਤਪਾਦਨ ਵਿੱਚ ਝੋਨੇ ਦੀ ਪਰਾਲੀ ਜ਼ਮੀਨ ਉਪਰ ਖਲਾਰਨ ਨਾਲ ਝਾੜ ਵਧਦਾ ਹੈ। ਫਸਲ ਵੱਢਣ ਵਾਲੀ ਕੰਬਾਈਨ ਹਾਰਵੇਸਟਰ ਨਾਲ ਨਾੜ ਕੁਤਰਨ ਤੇ ਖਲਾਰਨ ਵਾਲਾ ਯੰਤਰ (ਸਟਰਾ ਮੈਨੇਜਮੈਟ ਸਿਸਟਮ) ਲਾ ਕੇ ਬਾਅਦ ਵਿਚ ਪਰਾਲੀ ਜ਼ਮੀਨ ਵਿਚ ਸੌਖੀ ਵਾਹੀ ਜਾ ਸਕਦੀ ਹੈ। ਫਿਰ, ਹੈਪੀ-ਸੀਡਰ ਜਾਂ ਜ਼ੀਰੋ-ਟਿਲ ਡਰਿੱਲ ਨਾਲ ਕਣਕ ਬੀਜੀ ਜਾ ਸਕਦੀ ਹੈ। ਭਾਵੇਂ ਕਿ ਕਈ ਵਾਰ ਕਣਕ ਘਟ ਉਗਣ ਕਰਕੇ ਅਤੇ ਚੂਹਿਆਂ ਜਾਂ ਨਦੀਨਾਂ ਆਦਿ ਕਾਰਨ ਝਾੜ ਘੱਟ ਜਾਂਦਾ ਹੈ।
ਸੁਪਰ-ਸੀਡਰ, ਝੋਨੇ ਦੀ ਵਾਢੀ, ਪਰਾਲੀ ਕੁਤਰਣ, ਖਲਾਰਣ ਅਤੇ ਜ਼ਮੀਨ ਵਿੱਚ ਵਾਹੁਣ ਦੇ ਨਾਲ-ਨਾਲ ਖਾਦ ਪਾਉਂਦਾ ਅਤੇ ਕਣਕ ਦੀ ਬਿਜਾਈ ਵੀ ਕਰਦਾ ਹੈ। ਇਹ ਇੱਕ ਚੰਗਾ ਸਫਲ ਢੰਗ ਹੈ। ਫਸਲ ਵਧੀਆ ਉਗਦੀ ਹੈ ਅਤੇ ਕੀੜਿਆਂ, ਬਿਮਾਰੀਆਂ, ਨਦੀਨਾਂ ਆਦਿ ਕਾਰਨ ਨੁਕਸਾਨ ਵੀ ਘੱਟ ਹੰਦਾ ਹੈ (ਵੇਖੋ ਤਸਵੀਰਾਂ)। ਕਿਸਾਨ ਆਮ ਤੌਰ ‘ਤੇ 20-35 ਹਾਰਸ-ਪਾਵਰ ਟਰੈਕਟਰ ਵਰਤਦੇ ਹਨ, ਪਰ ਸੁਪਰ-ਸੀਡਰ ਨੂੰ 60-70 ਹਾਰਸ-ਪਾਵਰ ਟਰੈਕਟਰ ਲੋੜੀਂਦਾ ਹੈ। ਜਿਆਦਾ ਰਕਬੇ ਵਾਲੇ ਕਿਸਾਨ ਹੀ 10 ਲੱਖ ਰੁਪਏ ਤੋਂ ਵੱਧ ਟਰੈਕਟਰ, 3 ਲੱਖ ਰੁਪਏ ਸੁਪਰ-ਸੀਡਰ, ਅਤੇ ਲਗਭਗ 1,500 ਰੁਪਏ ਪ੍ਰਤੀ ਏਕੜ ਇਸ ਨੂੰ ਚਲਾਉਣ ਦਾ ਖਰਚਾ ਕਰ ਸਕਦੇ ਹਨ। ਇਸ ਲਈ, ਛੋਟੇ ਕਿਸਾਨਾਂ (86%) ਲਈ ਕਿਰਾਏ ਦੀਆਂ ਇਕਾਈਆਂ ਉਪਲਬਦ ਹੋਣੀਆਂ ਜਰੂਰੀ ਹਨ।
ਖੇਤ ਵਿਚੋਂ ਬਾਹਰ ਕੱਢਕੇ ਪਰਾਲੀ ਵਰਤਣ ਲਈ ਵਾਤਾਵਰਣ-ਅਨੁਕੂਲ ਤਰੀਕੇ: ਝੋਨੇ ਦੀ ਪਰਾਲੀ ਨੂੰ ਬਾਹਰ ਕੱਢ ਕੇ ਕਈ ਤਰਾਂ ਵਰਤਿਆ ਜਾ ਸਕਦਾ ਹੈ। ਬਿਜਲੀ, ਗੱਤੇ ਅਤੇ ਕਾਗਜ਼ ਬਣਾਉਣ ਲਈ ਪਰਾਲੀ ਵਰਤੀ ਜਾਂਦੀ ਹੈ। ਪਰ ਪਰਾਲੀ ਨੂੰ ਖੇਤ ਵਿਚੋਂ ਇਕੱਠੀ ਕਰਨ, ਪੰਡਾਂ ਬਨਾਉਣ, ਅਤੇ ਢੋਆ-ਢੁਆਈ ਆਦਿ ਦੇ ਬਹੁਤੇ ਖਰਚੇ ਕਾਰਨ ਇਹ ਢੰਗ ਆਰਥਕ ਪਖੋਂ ਲਾਭਵੰਦ ਨਹੀ ਹੁੰਦੇ।ਦੁਨੀਆਂ ਦੇ ਸਭ ਤੋਂ ਵੱਧ ਪਸ਼ੂ ਭਾਰਤ ਵਿਚ ਹਨ। ਬਦਕਿਸਮਤੀ ਨਾਲ, ਇਨ੍ਹਾਂ ਦੇ ਗੋਬਰ ਦਾ ਕੁਝ ਹਿਸਾ ‘ਤੇ ਲੱਗਭੱਗ ਸਾਰਾ ਪਿਸ਼ਾਬ ਵਿਅਰਥ ਜਾਂਦੇ ਹਨ ਅਤੇ ਵਾਤਾਵਰਣ ਪ੍ਰਦੂਸ਼ਣ ਕਰਦੇ ਹਨ। ਡੰਗਰਾਂ ਦੁਆਰਾ ਲਏ ਜਾਣ ਵਾਲੇ ਪੌਸ਼ਟਿਕ ਤੱਤਾਂ ਦਾ ਲਗਭਗ 90% ਹਿਸਾ ਪਿਸ਼ਾਬ (ਲਗਭਗ ਸਾਰੀ ਨਾਈਟਰੋਜਨ) ਅਤੇ ਗੋਬਰ (ਜ਼ਿਆਦਾਤਰ ਫਾਸਫੋਰਸ, ਪੋਟਾਸ਼ੀਅਮ ਅਤੇ ਹੋਰ ਪੌਸ਼ਟਿਕ ਤੱਤ) ਦੇ ਰੂਪ ਵਿੱਚ ਬਾਹਰ ਨਿਕਲ ਜਾਂਦਾ ਹੈ। ਇਨ੍ਹਾਂ ਨੂੰ ਪਰਾਲੀ ਦੀ ਵਰਤੋਂ ਨਾਲ ਰੂੜੀ ਬਣਾਕੇ ਖੇਤਾਂ ਵਿਚ ਪਾਉਣ ਨਾਲ ਪ੍ਰਦੂਸ਼ਣ ਅਤੇ ਫਸਲਾਂ ਲਈ ਰਸਾਇਣਕ ਖਾਦ ਦੀ ਲੋੜ ਬਹੁਤ ਘਟਾਈ ਜਾ ਸਕਦੀ ਹੈ।
ਇਹ ਤਰੀਕਾ ਕਈ ਦੇਸ਼ਾਂ ਵਿੱਚ ਸਫਲ ਸਿੱਧ ਹੋਿੲਆ ਹੈ। ਉਦਾਹਰਣ ਵਜੋਂ, ਜਾਪਾਨ ਫੇਰੀ ਸਮੇਂ ਇਕ 200 ਏਕੜ ਵਾਲੇ ਕਿਸਾਨ ਨੇ ਦੱਸਿਆ ਕਿ ਉਸਦੇ ਨੇੜਲੇ ਡੇਰੀ ਫਾਰਮ ਵਾਲੇ ਕਿਸਾਨ ਉਸਦੇ ਖੇਤਾਂ ਵਿੱਚੋਂ ਝੋਨੇ ਦੀ ਪਰਾਲੀ ਚੁੱਕਦੇ ਅਤੇ ਡੰਗਰਾਂ ਦੇ ਬੈਠਣ ਵਾਲੀ ਥਾਂ ਵਿਛਾ ਦੇਂਦੇ ਹਨ। ਕੁਝ ਹਫ਼ਤਿਆਂ ਬਾਅਦ ਉਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਪਰਾਲੀ ਤੋਂ ਬਣੀ ਰੂੜੀ ਨੂੰ ਵਾਪਸ ਲਿਆ ਕੇ ਆਪਣੇ ਖੇਤਾਂ ਵਿੱਚ ਪਾਉਂਦਾ ਹੈ। ਇਸ ਤਰਾਂ ਉਹ ਸਾਲਾਨਾ ਝੋਨੇ ਦੀਆਂ ਦੋ ਫਸਲਾਂ ਰਸਇਣਕ ਖਾਦ ਵਰਤੇ ਬਿਨਾਂ ਲੈਂਦਾ ਹੈ। ਇਹਨਾਂ ਕਿਸਾਨਾਂ ਨੇ ਆਪਣੇ ਅਤੇ ਵਾਤਾਵਰਣ ਲਈ ਇੱਕ ਟਿਕਾਊ ਅਤੇ ਜਿੱਤ-ਜਿੱਤ ਪ੍ਰਣਾਲੀ ਬਣਾਈ ਹੈ। ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਵੀ ਦੱੁਧ ਅਤੇ ਮੀਟ ਵਾਲੇ ਪਸ਼ੂ-ਪਾਲਕ ਅਕਸਰ ਆਪਣੇ ਖੇਤਾਂ ਵਿਚੋਂ ਜਾਂ ਨੇੜਲੇ ਕਿਸਾਨਾਂ ਤੋਂ ਖਰੀਦ ਕੇ ਫਸਲਾਂ ਦੇ ਰਹਿੰਦ-ਖੰੂਦ ਨੂੰ ਡੰਗਰਾਂ ਹੇਠ ਵਿਛਾੳਂੁਣ ਲਈ ਵਰਤਦੇ ਹਨ। ਭਾਰਤੀ ਕਿਸਾਨ ਕਈ ਵਾਰ ਡੰਗਰਾਂ ਹੇਠ ਗੋਹੇ-ਪਿਸ਼ਾਬ ਰਾਹੀਂ ਚਿੱਕੜ ਘਟਾਉਣ ਲਈ ਸੁਕ ਪਾੳਂੂਦੇ ਹਨ। ਫੇਰ ਵੀ ਤਕਰੀਬਨ ਸਾਰਾ ਪਿਸ਼ਾਬ ਰੁੜਦਾ ਹੈ ਜਾਂ ਜ਼ਮੀਨ ਵਿਚ ਜੀਰ ਜਾਂਦਾ ਹੈ। ਡੰਗਰਾਂ ਦੀ ਹਰੇਕ ਬੰਨਣ ਵਾਲੀ ਜਗਾ ਤੇ ਪਰਾਲੀ ਵਿਛਾ ਕੇ ਰੂੜੀ ਬਣਾਈ ਜਾ ਸਕਦੀ ਹੈ। ਪਰ ਪਰਾਲੀ ਖੇਤ ਵਿਚੋਂ ਕੱਢਣ, ਸੁਕ ਵਿਛਾਉਣ, ਰੂੜੀ ਬਣਾਉਣ ਅਤੇ ਵਾਪਸ ਖੇਤ ਵਿਚ ਲਿਜਾਣ ਤੇ ਖਲਾਰਨ ਦਾ ਬਹੁਤ ਕੰੰਮ ਅਤੇ ਖਰਚਾ ਹੈ।
ਆਰਥਕ ਸਹਾਇਤਾ ਦੀ ਲੋੜ: ਹਰੇਕ ਵਾਤਾਵਰਣ-ਅਨੁਕੂਲ ਅਤੇ ਲਾਭਵੰਦ ਤਰੀਕੇ ਵਿੱਚ ਗੰਭੀਰ ਆਰਥਿਕ ਰੁਕਾਵਟਾਂ ਹਨ। ਪਹਿਲਾਂ ਹੀ ਭਾਰੀ ਕਰਜ਼ਿਆਂ ਹੇਠ ਦੱਬੇ ਕਿਸਾਨਾਂ ਤੇ ਹੋਰ ਬੋਝ ਪਾਉਣ ਨਾਲੋਂ, ਪਰਾਲੀ ਸਾੜਨ ਨੂੰ ਘੱਟ ਕਰਨ ਲਈ ਉਨ੍ਹਾਂ ਨੂੰ ਲੋੜੀਂਦੀਆਂ ਮਸ਼ੀਨਾਂ ਅਤੇ/ਜਾਂ ਖਰਚੇ ਵਿਚ ਅਰਥਪੂਰਨ ਆਰਥਿਕ ਸਹਾਇਤਾ ਮਿਲਣੀ ਚਾਹੀਦੀ ਹੈ। ਉਦਾਹਰਣ ਵਜੋਂ ਸਹਿਕਾਰੀ ਤੇ ਸਰਕਾਰੀ ਮਸ਼ੀਨਾਂ ਘੱਟ ਕਿਰਾਏ ‘ਤੇ ਵਰਤਣ ਲਈ ਉਪਲਬਦ ਕਰਾੳੇੁਣੀਆਂ ਜਾਂ ਖਰੀਦਣ ਲਈ ਮੱੁਲ ਵਿਚ ਛੋਟ ਦੇਣੀ। ਕੇਂਦਰੀ ਬਜਟ 2022-23 ਵਿੱਚ ਫਸਲਾਂ ਦੇ ਰਹਿੰਦ-ਖੂੰਦ ਨੂੰ ਬਿਜਲ਼ੀ ਪੈਦਾ ਕਰਨ ਲ਼ਈ ਵਰਤਣ ਦਾ ਆਦੇਸ਼, ਅਤੇ ਰਸਾਇਣਕ ਖਾਦ-ਮੁਕਤ ਕੁਦਰਤੀ ਅਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਦਾ ਪ੍ਰਸਤਾਵ ਹੈ। ਬਜਟ ਵਿਚ ਢੁਕਵੇਂ ਉਤਸ਼ਾਹ ਅਤੇ ਆਰਥਿਕ ਸਹਾਇਤਾ ਲਈ ਲੋੜੀਂਦਾ ਧਨ ਰੱਖਣ ਦੀ ਬਹੁਤ ਲੋੜ ਹੈ।
ਸਾਰਅੰਸ਼: ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਛੁਟਕਾਰਾ ਪਾਉਣ ਲਈ ਤੁਰੰਤ ਬਹੁ-ਪੱਖੀ, ਵਾਤਾਵਰਣ-ਅਨੂਕੂਲ ਤਰੀਕੇ ਵਰਤਣ ਦੀ ਲੋੜ ਹੈ। ਇਸ ਸਮੱਸਿਆ ਦਾ ਕੋਈ ਇੱਕ ਹੱਲ ਨਹੀਂ ਹੈ। ਖੇਤਾਂ ਵਿਚ ਅਤੇ ਬਾਹਰ ਕੱਢ ਕੇ ਵਰਤਣ ਦੇ ਸਾਰੇ ਢੰਗਾਂ ਦੀਆਂ ਸੀਮਾਵਾਂ ਹਨ। ਪਰਾਲੀ ਖੇਤ ਵਿਚ ਵਾਹੂਣ ਨਾਲ ਜ਼ਮੀਨ ਦੀ ਸਿਹਤ, ਅਨਾਜ ਉਤਪਾਦਨ ਅਤੇ ਰਸਾਇਣਕ ਖਾਦ ਦੀ ਕੁਸ਼ਲਤਾ ਵਿੱਚ ਸੁਧਾਰ ਦੇ ਨਾਲ ਰਸਾਇਣਕ ਖਾਦ ਦੀ ਲੋੜ ਅਤੇ ਪ੍ਰਦੂਸ਼ਣ ਵੀ ਘਟਣਗੇ। ਖੇਤੀ-ਸਥਿਰਤਾ ਨੂੰ ਯਕੀਨੀ ਬਣਾਉਣ ਵਿਚ ਸਹਾਇਤਾ ਮਿਲੇਗੀ। ਹੋਰ ਤਕਨੀਕੀ ਸੁਧਾਰ ਲਭਣੇ ਜਾਰੀ ਰਹਿਣ ਦੇ ਨਾਲ ਨਾਲ ਵਾਤਾਵਰਣ-ਅਨੁਕੂਲ ਤਰੀਕਿਆਂ ਨੂੰ ਆਰਥਿਕ ਤੌਰ ‘ਤੇ ਲਾਭਵੰਦ ਬਣਾਉਣ ਲਈ, ਖਾਸ ਕਰਕੇ ਛੋਟੇ ਕਿਸਾਨਾਂ ਲਈ, ਠੋਸ ਆਰਥਿਕ ਸਹਾਇਤਾ ਦੀ ਲੋੜ ਹੈ। ਕੁੱਲ ਮਿਲਾਕੇ, ਆਰਥਿਕਤਾ ਨੂੰ ਲਾਭ ਪਹੁੰਚਾਉਣ ਲਈ ਪਰਾਲੀ ਸਾੜਨ ਦੇ ਖਤਰਨਾਕ ਰੁਝਾਨ ਨੂੰ ਠੱਲ ਪਾਕੇ ਵਾਤਾਵਰਣ- ਅਤੇ ਕਿਸਾਨ-ਅਨੁਕੂਲ ਬਹੁ ਪੱਖੀ ਤਰੀਕਿਆਂ ਨੂੰ ਵੱਡੇ ਪਧਰ ਤੇ ਅਪਨਾਉਣਾ ਅਤੇ ਢੁਕਵੀ ਆਰਥਿਕ ਸਹਾਇਤਾ ਬਹੁਤ ਜ਼ਰੂਰੀ ਹਨ।
