The Brave General Sardar Baghel Singh

ਜਰਨੈਲ ਸਰਦਾਰ ਬਘੇਲ ਸਿੰਘ

(BY) ਡਾ. ਕਰਨਲ (ਰਿਟਾਇਰਡ) ਦਲਵਿੰਦਰ ਸਿੰਘ ਗ੍ਰੇਵਾਲ, ਲੁਧਿਆਣਾ (ਭਾਰਤ)

ਸਿੱਖ ਰਾਜ ਦੀ ਸਥਾਪਨਾ ਬਾਬਾ ਬੰਦਾ ਸਿੰਘ ਨੇ ਮਈ 1710 ਵਿਚ ਸਰਹੰਦ ਉਤੇ ਕਬਜ਼ਾ ਕਰਨ ਨਾਲ ਕਰ ਦਿਤੀ ਸੀ ਪਰ ਉਹ 1715 ਵਿਚ ਬਾਬਾ ਬੰਦਾ ਸਿੰਘ ਦੇ ਗ੍ਰਿਫਤਾਰ ਹੋਣ ਨਾਲ ਖਤਮ ਹੋ ਚੱਲੀ ਸੀ ਪਰ ਬਚੇ ਹੋਰ ਸਿੱਖਾਂ ਨੇ ਛਾਪਾ ਮਾਰ ਯੁੱਧ ਰਾਹੀਂ ਮੁਗਲਾਂ ਨੂੰ ਵਖਤ ਪਾਈ ਰੱਖਿਆ। ਮੁਗਲਾਂ ਨੇ ਸਿੱਖਾਂ ਨੂੰ ਦਬਾਉਣ ਲਈ ਅੱਤ ਦੇ ਜ਼ੁਲਮ ਕੀਤੇ ਪਰ ਸਿੱਖ ਨਾ ਝੁਕੇ। ਲਹੌਰ ਦੇ ਗਵਰਨਰ ਮੀਰ ਮੰਨੂ ਵੇਲੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ ਪਰ ਸਿੱਖ ਤਾਂ ਗਉਂਦੇ ਸਨ ” ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ। ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ”। ਇਹ 1716 ਤੋਂ ਲੈ ਕੇ 1765 ਦਾ ਦੌਰ ਸੀ ਜਿਸ ਵਿਚ ਦੋ ਘਲੂਘਾਰੇ ਹੋਏ ਜਿਨ੍ਹਾਂ ਵਿਚ 40 ਹਜ਼ਾਰ ਤੋਂ ਉਪਰ ਸਿੱਖ ਸ਼ਹੀਦ ਹੋਏ। ਇਨ੍ਹਾਂ ਜ਼ੁਲਮਾਂ ਤੋਂ ਸਿੱਖ ਘਟਣੇ ਤਾਂ ਕੀ ਸੀ ਲਗਾਤਾਰ ਵਧਦੇ ਚਲੇ ਗਏ। ਤੰਗ ਆ ਕੇ ਮੁਗਲਾਂ ਨੂੰ ਸਿੱਖਾਂ ਵੱਲ ਦੋਸਤੀ ਦਾ ਹੱਥ ਵਧਾਉਣਾ ਪਿਆ ਤੇ  ਉਨ੍ਹਾਂ ਨੇ ਸਿੱਖਾਂ ਨੂੰ ਨਵਾਬੀ ਭੇਟ ਕੀਤੀ ।

ਬਘੇਲ ਸਿੰਘ ਨੇ ਅਤਿ ਮੁਸ਼ਕਲਾਂ ਸਮੇਂ ਸਿੱਖੀ ਦੀਆਂ ਜੜ੍ਹਾਂ ਪੱਕੀਆਂ ਕਰਨ ਵਿੱਚ ਭਰਪੂਰ ਹਿੱਸਾ ਹੀ ਨਹੀਂ ਪਾਇਆ ਸਗੋਂ ਸਿੱਖਾਂ ਦਾ ਪ੍ਰਭਾਵ ਅਵਧ, ਉਤਰਾ-ਖੰਡ ਤੇ ਦਿੱਲੀ ਤੱਕ ਫੈਲਾਇਆ I ਦੁਆਬਾ, ਮਾਝਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਫੈਲਾਉਣ ਦੀ ਪਿੱਠ-ਭੂਮੀ ਬਣੇ I ਮਾਲਵਾ ਫੂਲਕੀਆਂ ਰਿਆਸਤਾਂ ਦੇ ਵਧਣ ਫੁਲਣ ਦਾ ਮੈਦਾਨ ਬਣਿਆ ਤਾਂ ਹਰਿਆਣਾ ਧੁਰਾ । ਸਰਦਾਰ ਬਘੇਲ ਸਿੰਘ ਸਦਕਾ ਸਿੱਖਾਂ ਨੇ 17 ਮਾਰਚ, 1783 ਲਾਲ ਕਿਲ੍ਹੇ ਉੱਤੇ ਸਿੱਖ ਝੰਡਾ ਜਾ ਫਹਿਰਾਇਆ। ਦਿੱਲੀ ਦੀ ਚੁੰਗੀ ਉਗਰਾਉਣ ਦਾ ਹੱਕ ਉਸ ਨੂੰ ਸਾਰੀ ਉਮਰ ਮਿਲਿਆ ਰਿਹਾ। ਅਵਧ ਤੇ ਉਤਰਾਂਚਲ ਦੇ ਪ੍ਰਬੰਧ ਸਥਾਪਿਤ ਕਰਨ ਵਿੱਚ ਉਹ ਹੀ ਮੋਹਰੀ ਸੀ। ਮਰਾਠਿਆਂ ਨਾਲ ਦਿੱਲੀ ਦੇ ਰਾਜ ਪ੍ਰਬੰਧ ਬਾਰੇ ਸਿੱਖਾਂ ਨਾਲ ਸਮਝੌਤਾ ਹੋਇਆ ਤਾਂ ਇਹ ਬਘੇਲ ਸਿੰਘ ਹੀ ਸੀ ਜਿਸ ਨੇ ਸਿੱਖਾਂ ਵਲੋਂ ਤਿੰਨ ਧਿਰੀ ਸਮਝੌਤਾ ਕੀਤਾ ਜਿਸ ਪਿਛੋਂ ਦਿੱਲੀ ਤੋਂ ਉਤਰ ਵੱਲ ਦਾ ਇਲਾਕਾ ਸਿੱਖਾਂ ਦੇ ਅਧੀਨ ਆ ਗਿਆ ਜਿਸ ਵਿੱਚ ਸਾਰਾ ਹਰਿਆਣਾ ਸ਼ਾਮਿਲ ਸੀ (1).

ਦਿੱਲੀ ਰਾਜ ਦੇ ਉਸ ਨੇ ਗੁਰਦੁਆਰਾ ਸੀਸ ਗੰਜ ਤੇ ਹੋਰ ਗੁਰਦੁਆਰਿਆਂ ਦੀ ਖੋਜ ਕੀਤੀ ਤੇ ਸਥਾਨ ਬਣਵਾਏ (2). ਬਘੇਲ ਸਿੰਘ ਦਾ ਇਹ ਇੱਕ ਸਦਾ ਯਾਦ ਰਹਿਣ ਵਾਲਾ ਯੋਗਦਾਨ ਹੈ। ਸ੍ਰ: ਬਘੇਲ ਸਿੰਘ ਦਾ ਜਨਮ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਤੇ ਪਿੰਡ ਝਬਾਲ ਵਿਖੇ ਹੋਇਆ। ਉਹ ਤਰੱਕੀ ਕਰਕੇ ਸਤਲੁਜ ਦੇ ਦੱਖਣੀ ਖੇਤਰ ਵਿੱਚ ਇੱਕ ਵੱਡੀ ਸ਼ਕਤੀ ਬਣ ਕੇ ੳਭਰਿਆ (3), ਅੰਮ੍ਰਿਤ ਛਕਿਆ ਤੇ ਦਲ ਖਾਲਸਾ ਦਾ ਮੈਂਬਰ ਬਣ ਗਿਆ ਜੋ ਉਸ ਵੇਲੇ ਸਿੱਖ ਯੋਧਿਆਂ ਦੀ ਨੁਮਾਇੰਦਾ ਜਮਾਤ ਸੀ। ਬਾਹਰੋਂ ਸਖ਼ਤ, ਅੰਦਰੋਂ ਨਰਮ, ਤੇਜ਼-ਤਰਾਰ ਦੂਰ ਦੀ ਸੂਝ ਵਾਲਾ ਦਿਮਾਗ, ਹਰ ਲੋੜਵੰਦ ਦੀ ਮਦਦ ਕਰਨ ਲਈ ਤਤਪਰ, ਮਿੱਠ ਬੋਲੜਾ ਤੇ ਆਦਰ ਦੇਣ ਵਾਲਾ ਇਹ ਯੁਵਕ ਸਭ ਤੋਂ ਇਜ਼ਤ ਖੱਟਦਾ। ਸਿੱਖੀ ਕਦਰਾਂ ਕੀਮਤਾਂ ਦਾ ਪੱਕਾ ਧਾਰਨੀ ਸੀ। ਉਸ ਉਤੇ ਹਰ ਕੋਈ ਭਰੋਸਾ ਕਰਦਾ। ਸਾਰੇ ਧਰਮਾਂ ਦੇ ਲੋਕ ਉਸ ਕੋਲ ਮਦਦ ਲਈ ਪਹੁੰਚਦੇ। ਬੇਗਮ ਸਮਰੋ ਨੇ  ਇਸ ਨੂੰ ਧਰਮ ਭਰਾ ਬਣਾ ਲਿਆ ਤੇ ਨਵਾਬ ਅਵਧ ਨੇ ਸਿੱਖੀ ਧਾਰਨ ਕਰ ਲਈ। ਜਦ ਅੰਗ੍ਰੇਜ਼ ਥਾਮਸ ਨੇ ਜੀਂਦ ਉਪਰ ਹਮਲਾ ਕਰਕੇ ਬਘੇਲ ਸਿੰਘ ਅੱਗੇ ਮਦਦ ਲਈ ਵਾਸਤੇ ਪਾਏ, ਬਘੇਲ ਸਿੰਘ ਨੇ ਮਦਦ ਕਰਕੇ ਜਿੱਤ ਦਿਵਾਈ। ਸੰਨ 1765 ਵਿੱਚ ਜਦ ਕ੍ਰੋੜਾ ਸਿੰਘ ਪੰਜਗੜ੍ਹ (ਗੁਰਦਾਸਪੁਰ) ਨਜੀਬ-ਉਦ ਦੌਲਾ ਦੀ ਸੈਨਾ ਵਿਰੁਧ ਲੜਦਾ ਮਾਰਿਆ ਗਿਆ ਤਾਂ ਬਘੇਲ ਸਿੰਘ ਨੂੰ ਸਰਬ-ਸੰਮਤੀ ਨਾਲ ਮਿਸਲ ਦਾ ਜੱਥੇਦਾਰ ਚੁਣ ਲਿਆ ਗਿਆ 4.

ਸੱਠ ਸਾਲ ਉਸ ਨੇ ਇਹ ਜੱਥੇਦਾਰੀ ਨਿਭਾਹੀ ਤੇ ਇਸ ਮਿਸਲ ਨੂੰ ਸਿੱਖਾਂ ਵਿੱਚ ਹੀ ਨਹੀਂ ਸਾਰੇ ਹਿੰਦੁਸਤਾਨ ਵਿੱਚ ਇੱਕ ਉੱਚਾ ਨਾਮ ਦਿੱਤਾ। ਆਪਣੀ ਮਿਸਲ ਨੂੰ ਉਸ ਨੇ ਵਧਾਇਆ ਤੇ ਫੈਲਾਇਆ। ਮਹਾਰਾਜਾ ਰਣਜੀਤ ਸਿੰਘ ਨਾਲ ਮਿਲ ਕੇ ਇਸ ਨੇ ਮੁਲਤਾਨ ਤੇ ਨਰੈਣਗੜ੍ਹ ਦੇ ਇਲਾਕੇ ਜਿੱਤੇ। ਜਦ ਭਰਤਪੁਰ ਦੇ ਰਾਜੇ ਨੇ ਗੁਜਾਰਿਸ਼ ਕੀਤੀ ਕਿ ਉਸ ਦੀ ਮਦਦ ਕੀਤੀ ਜਾਵੇ ਤਾਂ ਪੰਜ ਸੌ ਸਵਾਰ ਲੈ ਕੇ ਪਹੁੰਚਿਆ। ਘੁਮੇਰ ਦਾ ਰਾਜਾ ਡਰ ਗਿਆ ਤੇ ਸ੍ਰ: ਬਘੇਲ ਸਿੰਘ ਨੂੰ ਸੈਨਾ ਵਾਪਿਸ ਲੈ ਜਾਣ ਲਈ ਬਿਨੈ ਕਰਨ ਲੱਗਾ। ਜਰਨੈਲ ਬਘੇਲ ਸਿੰਘ ਪਿਘਲ ਗਿਆ ਤੇ ਵਾਪਿਸ ਪਰਤਿਆ। ਮੁੜਦੇ ਵਕਤ ਉਸ ਨੇ ਜਲੰਧਰ ਦੁਆਬ ਦੇ ਕੁਝ ਭਾਗਾਂ ਉਤੇ ਅਧਿਕਾਰ ਅਤੇ ਹੁਸ਼ਿਆਰਪੁਰ ਨੇੜੇ ਆਪਣਾ ਟਿਕਾਣਾ ਬਣਾ ਲਿਆ। ਉਸਨੇ ਆਪਣੀਆਂ ਜਿੱਤਾਂ ਸਤਲੁਜ ਦੇ ਕੰਢਿਆਂ ਤੋਂ ਦੂਰ ਜਲੰਧਰ ਦੁਆਬ ਤਕ ਫੈਲਾ ਲਈਆਂ ਤੇ ਆਪਣੀ ਪਤਨੀ ਰੂਪ ਕੌਰ ਨੂੰ ਮੁੱਖ ਪ੍ਰਬੰਧਕ ਥਾਪ ਦਿੱਤਾ। ਜਨਵਰੀ 1769 ਵਿਚ ਉਸ ਨੇ ਕਰਨਾਲ ਤੱਕ ਹਮਲਾ ਕਰਕੇ ਇਲਾਕੇ (ਜਿਨ੍ਹਾਂ ਦੀ ਸਾਲਾਨਾ ਆਮਦਨ ਤਿੰਨ ਲੱਖ ਸੀ), ਜਿੱਤ ਕੇ ਆਪਣੇ ਕਬਜ਼ੇ ਵਿੱਚ ਕਰ ਲਏ। ਇਸ ਵੇਲੇ ਤੱਕ ਉਸ ਕੋਲ 12, 000 ਘੋੜ ਸਵਾਰਾਂ ਤੋਂ ਇਲਾਵਾ ਬਹੁਤ ਵੱਡੀ ਪੈਦਲ ਫੌਜ ਸੀ (5).

ਸਾਰਾ ਪੰਜਾਬ ਮਿਸਲਾਂ ਅਧੀਨ ਹੋ ਗਿਆ ਤਾਂ ਸ੍ਰ: ਜੱਸਾ ਸਿੰਘ ਆਹਲੂਵਾਲੀਆ ਨਾਲ ਮਿਲਕੇ 40, 000 ਦੀ ਫੌਜ ਲੈ ਕੇ ਸਹਾਰਨਪੁਰ, ਮੁਜ਼ੱਫਰਪੁਰ ਤੇ ਮੇਰਠ ਦੇ ਇਲਾਕੇ ਵਿੱਚ 20 ਫਰਵਰੀ 1764 ਤੋਂ ਹੱਲਾ ਸ਼ੁਰੂ ਕਰ ਦਿੱਤਾ। ਫਿਰ ਗੰਗਾ ਪਾਰ ਕਰਕੇ ਨਜੀਬਾਬਾਦ, ਮੁਰਾਦਾਬਾਦ ਤੇ ਅਨੂਪ ਸ਼ਹਿਰ ਦੇ ਇਲਾਕਿਆਂ ਉਪਰ ਆਪਣਾ ਰਾਖੀ ਪ੍ਰਬੰਧ ਜਮਾ ਕੇ ਦੋ ਮਹੀਨਿਆਂ ਪਿਛੋਂ ਪਰਤੇ। ਸੰਨ 1775 ਵਿੱਚ ਬਿਆਸ ਦੇ ਆਸ ਪਾਸ ਦਾ ਇਲਾਕਾ ਤੇ ਸੰਨ 1792 ਵਿੱਚ ਉਸ ਨੇ ਤਰਨਤਾਰਨ, ਸਭਰਾਉਂ ਤੇ ਸਰਹਾਲੀ ਆਪਣੇ ਕਬਜ਼ੇ ਵਿੱਚ ਕੀਤੇ। ਸੰਨ 1761 ਤੋਂ 1770 ਤੱਕ ਅਵਧ ਦਾ ਨਵਾਬ ਨਜੀਬ-ਉ-ਦੌਲਾ, ਦਿੱਲੀ ਦਾ ਪ੍ਰਬੰਧ ਦੇਖ ਰਿਹਾ ਸੀ। ਜਦ ਸਿੱਖਾਂ ਨੇ ਇਸ ਦੇ ਇਲਾਕੇ ਨੂੰ ਕਬਜ਼ੇ ਵਿੱਚ ਲਿਆ ਤਾਂ ਡਰਦੇ ਨੇ ਗਿਆਰਾਂ ਲੱਖ ਸਾਲਾਨਾ ਤੈਵਾਨ ਦੇਣਾ ਮੰਨ ਕੇ ਜਾਨ ਬਖਸ਼ੀ ਕਰਵਾਈ। ਜਦ ਇੱਕ ਬ੍ਰਾਹਮਣ ਸੰਨ 1766 ਵਿੱਚ ਅੰਮ੍ਰਿਤਸਰ ਅਕਾਲ ਤਖ਼ਤ ਤੇ ਫਰਿਆਦ ਲੈ ਕੇ ਆਇਆ ਕਿ ਸਯਦ ਮੁਹੰਮਦ ਹਸਨ ਖਾਨ, ਉਸ ਦੀ ਲੜਕੀ ਨੂੰ ਡੋਲੇ ਵਿੱਚ ਪਾ ਕੇ ਲੈ ਗਿਆ ਹੈ ਤਾਂ ਜੱਥੇਦਾਰ ਬਘੇਲ ਸਿੰਘ ਦਲ ਖਾਲਸਾ ਦੇ ਹੋਰ ਜਥੇਦਾਰਾਂ ਨਾਲ ਹਸਨ ਖਾਨ ਉੱਤੇ ਚੜ੍ਹ ਪਿਆ ਤੇ ਲੜਕੀ ਨੂੰ ਛੁਡਵਾਇਆ। ਇਸ ਪਿਛੋਂ ਜਦ ਵੀ ਕੋਈ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਾਲ ਖੇਡਣ ਦੀ ਕੋਸ਼ਿਸ਼ ਕਰਦਾ, ਉਹ ਬਿਨੈ ਲੈ ਕੇ ਬਘੇਲ ਸਿੰਘ ਕੋਲ ਪਹੁੰਚ ਜਾਂਦੇ।

ਬਘੇਲ ਸਿੰਘ ਨੇ ਦੂਸਰੇ ਸਿੱਖ ਸਰਦਾਰਾਂ ਨਾਲ ਮਿਲ ਕੇ ਜਮਨਾ ਪਾਰ ਕਰਕੇ ਮਈ 1767 ਨੂੰ ਇਲਾਕੇ ਜਾ ਮੱਲੇ I ਅਹਿਮਦ ਸ਼ਾਹ ਦੁੱਰਾਨੀ ਨਾਦਿਰ ਸ਼ਾਹ ਦੀ ਮੌਤ ਤੋਂ ਬਾਅਦ ਅਫਗਾਨਿਸਤਾਨ ਦਾ ਰਾਜਾ ਬਣਿਆ। ਉਸਨੇ 1748 ਤੋਂ 1767 ਤੱਕ ਨੌਂ ਵਾਰ ਭਾਰਤ ਤੇ ਛਾਪਾ ਮਾਰਿਆ (7). ਪਹਿਲੇ ਹਮਲੇ ਵਿਚ ਉਹ ਮਨੂਪੁਰ ਵਿਖੇ ਹਾਰ ਗਿਆ (8 ਅਤੇ 9). ਉਸਨੇ ਦੂਜੀ ਵਾਰ ਛਾਪਾ ਮਾਰਿਆ ਅਤੇ ਸਿੰਧ ਦੇ ਪੱਛਮ ਦਾ ਕਬਜ਼ਾ ਲੈ ਲਿਆ । ਤੀਸਰੇ ਹਮਲੇ (1752) ਵਿਚ ਮੀਰ ਮੰਨੂ ਸੂਬੇਦਾਰ ਲਾਹੌਰ ਉੱਤੇ ਛਾਪਾ ਮਾਰ ਕੇ ਲਾਹੌਰ ਅਤੇ ਮੁਲਤਾਨ ਦਾ ਕਬਜ਼ਾ ਲੈ ਲਿਆ । ਚੌਥੇ ਹਮਲੇ (1955) ਵਿਚ ਇਹ ਸਿੱਖਾਂ ਦੁਆਰਾ ਸਬਜ਼ਵਾਰ ਦੀ ਲੜਾਈ ਵਿਚ ਹਾਰ ਗਿਆ ਪਰ 1756 ਵਿਚ ਮੀਰ ਮੰਨੂ ਦੀ ਪਤਨੀ ਮੁਗਲਾਨੀ ਬੇਗਮ ਦੇ ਸੱਦੇ ਉਤੇ ਆਪਣੇ ਬੇਟੇ ਤੈਮੂਰ ਦੇ ਨਾਲ ਦੁਬਾਰਾ ਹਮਲਾ ਕਰ ਦਿੱਤਾ ਅਤੇ ਲਾਹੌਰ, ਸਰਹਿੰਦ, ਦਿੱਲੀ, ਮਥੁਰਾ, ਵਰਿੰਦਾਵਨ ਆਗਰਾ ਨੂੰ ਲੁੱਟ ਲਿਆ। ਮਥੁਰਾ ਵਰਿੰਦਾਵਨ ਅਤੇ ਆਗਰਾ ਦੇ ਸ਼ਹਿਰਾਂ ਦੀਆਂ 17000 ਹਿੰਦੂ ਲੜਕੀਆਂ ਨੂੰ ਗੁਲਾਮ ਬਣਾਇਆ (10). ਸਿੱਖ ਫੌਜਾਂ ਹੁਸ਼ਿਆਰਪੁਰ ਵਿਖੇ ਅਫਗਾਨਾਂ ਵਿਰੁੱਧ ਲੜੀਆਂ, ਤੈਮੂਰ ਨੂੰ ਹਰਾਇਆ ਅਤੇ 20,000 ਫੌਜਾਂ ਉੱਤੇ ਕਬਜ਼ਾ ਕਰ ਲਿਆ।

ਪੰਜਾਬ ਆ ਕੇ ਬਘੇਲ ਸਿੰਘ ਨੇ  ਜੱਸਾ ਸਿੰਘ ਆਹਲੂਵਾਲੀਆ ਤੇ ਚੜ੍ਹਤ ਸਿੰਘ ਸ਼ੁਕਚੱਕੀਆਂ ਨਾਲ ਮਿਲ ਕੇ ਅਬਦਾਲੀ ਉਪਰ ਉਸ ਦੇ ਨੌਵੇਂ ਹਮਲੇ ਸਮੇਂ ਦਰਿਆ ਜਿਹਲਮ ਦੇ ਕਿਨਾਰੇ ਤੇ ਧਾਵਾ ਬੋiਲਆ । ਫਿਰ ਤਿਨਾਂ ਨੇ ਮਿਲਕੇ ਦੁਰਾਨੀ ਫੌਜਾਂ ਦਾ ਪਿੱਛਾ ਕੀਤਾ, ਉਨ੍ਹਾਂ ਨੂੰ ਹਰਾਇਆ ਅਤੇ ਪਹਿਲਾਂ ਫੜੀਆਂ ਗਈਆਂ 17000 ਲੜਕੀਆਂ ਨੂੰ ਰਿਹਾ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਹਰੇਕ ਦੇ ਘਰ ਭੇਜਣ ਦਾ ਪ੍ਰਬੰਧ ਕੀਤਾ। ਬਹੁਤ ਭਾਰੀ ਗਿਣਤੀ ਵਿੱਚ ਕੈਦ ਕੀਤੇ ਆਦਮੀ ਅਤੇ ਇਸਤਰੀਆਂ ਛੁੜਾ ਉਨ੍ਹਾਂ ਦੇ ਘਰੀਂ ਸੁਰਖਿਅਤ ਪਹੁੰਚਾਇਆ। ਬਾਦ ਵਿੱਚ ਇਸ ਥਾਂ ਸਥਾਪਿਤ ਸ਼ਹੀਦੀ ਗੁਰਦੁਆਰਾ ਫਤਹਿਸਰ ਲੜਕੀਆਂ ਦੀ ਰਿਹਾਈ ਦੀ ਲੜਾਈ ਵਿਚ ਸ਼ਹੀਦਆਂ ਦੀ ਯਾਦ ਵਿਚ ਬਣਾਇਆ ਗਿਆ। ਇਸ ਨੂੰ 1947 ਵਿਚ ਖਾਲੀ ਕਰਨਾ ਪਿਆ ਸੀ ਜਿਸ ਦੇ ਬਾਅਦ ਇਸਦੀ ਕਿਸਮਤ ਪਤਾ ਨਹੀਂ ਲਗਦੀ । ਦੁਰਾਨੀ ਨੇ ਸਿੱਖਾਂ ਉਤੇ 1762 ਵਿਚ ਬਹੁਤ ਵੱਡੀਆਂ ਫੌਜਾਂ ਨਾਲ ਹਮਲਾ ਕੀਤਾ ਅਤੇ ਘੱਲੂਘਾਰੇ ਵਿਚ 30,000 ਤੋਂ ਵੱਧ ਸਿੱਖਾਂ ਨੂੰ ਮਾਰ ਦਿੱਤਾ। ਸਿੱਖਾਂ ਨੇ ਜਦੋਂ ਦੁਰਾਨੀ ਨੂੰ ਲਾਹੌਰ ਪਾਰ ਕਰਨ ਨਹੀਂ ਦਿੱਤੀ ਅਤੇ ਉਸ ਉਤੇ ਹਮਲਾ ਕਰ ਦਿੱਤਾ ਅਤੇ ਲਾਹੌਰ ਮਾਰ ਲਿਆ ।

ਦਿੱਲੀ ਉਪਰ ਹਮਲਾ 18 ਜਨਵਰੀ, 1774 ਨੂੰ ਜਨਰਲ ਬਘੇਲ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਬਾਦਸ਼ਾਹ ਨੇ ਬਘੇਲ ਸਿੰਘ ਨੂੰ ਸਨਮਾਨ ਸਹਿਤ ਬੁਲਾਇਆ ਤੇ ਦਸ ਹਜ਼ਾਰ ਘੋੜ ਸਵਾਰਾਂ ਨਾਲ ਉਨ੍ਹਾਂ ਦੀ ਰਖਵਾਲੀ ਕਰਨ ਲਈ ਕਿਹਾ ਜਿਸ ਲਈ ਸ਼ਾਹਬਾਜ਼ਪੁਰ ਦਾ ਇਲਾਕਾ ਬਘੇਲ ਸਿੰਘ ਨੂੰ ਸੌਂਪਿਆ ਜਾਣਾ ਸੀ ਪਰ ਬਘੇਲ ਸਿੰਘ ਨੇ ਇਹ ਨਾ ਮੰਨਜ਼ੂਰ ਕਰ ਦਿੱਤਾ ਤੇ ਖਿਲਅਤ ਤੇ ਹੋਰ ਤੋਹਫੇ ਲੈ ਕੇ ਵਾਪਸ ਆ ਗਿਆ। ਬਾਦਸ਼ਾਹ ਨੇ ਬੇਗਮ ਸਮਰੋ (ਸਰਧਾਨਾ ਦੀ ਬੇਗਮ) ਜੋ ਬਘੇਲ ਸਿੰਘ ਦੀ ਧਰਮ ਭੈਣ ਬਣੀ ਹੋਈ ਸੀ ਨੂੰ ਬਿਨੈ ਕੀਤੀ ਕਿ ਉਹ ਬਘੇਲ ਸਿੰਘ ਨਾਲ ਸਮਝੌਤਾ ਕਰਵਾਵੇ। ਦਿੱਲੀ ਤੋਂ ਮੁੜਦੇ ਵੇਲੇ ਬਘੇਲ ਸਿੰਘ ਨੇ ਦਿਉਬੰਦ ਤੇ ਸਹਾਰਨਪੁਰ ਗੌਂਸਗੜ੍ਹ ਦੇ ਨਵਾਬ ਤੋਂ 50 ਹਜ਼ਾਰ ਉਗਰਾਹੇ। ਅਪ੍ਰੈਲ 1775 ਨੂੰ ਉਸ ਨੇ ਕੁੰਜਪੁਰਾ ਤੋਂ ਜਮਨਾ ਪਾਰ ਕੀਤੀ ਤੇ ਹੋਰ ਇਲਾਕੇ ਕਬਜ਼ੇ ਵਿੱਚ ਕੀਤੇ। ਨਜੀਭ ਖਾਨ ਦੇ ਪੁੱਤਰ ਖਾਨ ਰੋਹਿਲੇ ਨੇ 50 ਹਜ਼ਾਰ ਰੁਪਏ ਸਿੱਖਾਂ ਨੂੰ ਸਾਲਾਨਾ ਤੈਵਾਨ ਦੇਣਾ ਮੰਨਿਆ। (13). ਹੁਸ਼ਿਅਆਰਪੁਰ ਜਲੰਧਰ ਤੋਂ ਲੈ ਕੇ ਪੀਲੀਭੀਤ ਤਕ ਅਤੇ ਅੰਬਾਲਾ ਤੋਂ ਲੈ ਕੇ ਅਲੀਗੜ੍ਹ ਤਕ ਉਸ ਦਾ ਸਿੱਕਾ ਚਲਦਾ ਸੀ। ਉਹ ਜਮੁਨਾ ਪਾਰ ਦੇ ਇਲਾਕਿਆਂ ਤੇ ਹਮਲੇ ਕਰਨ ਵਿਚ ਰੁੱਝਿਆਂ ਰਹਿੰਦਾ ਸੀ ਤੇ ਅਪਣੇ ਸਹਿਧਰਮੀਆਂ ਵਿਰੁੱਧ ਵੀ ਲੜਾਈਆਂ ਲੜਦਾ ਰਹਿੰਦਾ ਸੀ । ਕਿਹਾ ਕਰਦਾ ਸੀ: “ਹਮ ਲਰਨੇ ਮਰਨੇ ਕਿਮ ਸੰਗੈ, ਯਹ ਹੈ ਹਮਰੀ ਨਿਤ ਖੇਲ।” (14).

ਬਘੇਲ ਸਿੰਘ ਦੀ ਯੁੱਧ ਨੀਤੀ ਬੜੀ ਹੀ ਸੁਲਝੀ ਹੋਈ ਹੁੰਦੀ ਸੀ। ਉਹ ਜਾਣਦਾ ਸੀ ਕਿ ਮੁਗਲਾਂ ਦੀ ਭਾਰੀ ਸੈਨਾ ਨਾਲ ਸਿੱਧੇ ਤੌਰ ਤੇ ਟੱਕਰ ਲੈਣ ਵਿਚ ਨੁਕਸਾਨ ਕਰਵਾਉਣਾ ਠੀਕ ਨਹੀਂ। ਉਸ ਨੇ ਸਾਰੇ ਜਰਨੈਲਾਂ ਨਾਲ ਮਿਲ ਕੇ ਇਹ ਯੋਜਨਾ ਬਣਾਈ ਕਿ ਸਰਦਾਰ ਬਘੇਲ ਸਿੰਘ ਦਿੱਲੀ ਤੋਂ ਪੰਜਾਬ ਵਲ ਚੱਲੇ ਹਮਲਾਵਰਾਂ ਨਾਲ ਮਿਲ ਜਾਵੇ ਤੇ ਫਿਰ ਜਦ ਮੁਗਲ ਫੌਜ ਸਿੱਖਾਂ ਦੀ ਸਿੱਧੀ ਮਾਰ ਵਿੱਚ ਆ ਜਾਵੇ ਤਾਂ ਉਸ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਜਾਵੇ ਤੇ ਸਮਝੌਤਾ ਅਜਿਹਾ ਹੋਵੇ ਕਿ ਫੈਸਲਾ ਸਿੱਖਾਂ ਦੇ ਹੱਕ ਵਿੱਚ ਹੋਵੇ (16). ਇਨ੍ਹਾਂ ਯੁੱਧਾਂ ਦੇ ਨਤੀਜੇ ਵੇਖੀਏ ਤਾਂ ਇਹ ਸਾਰੇ ਸਿੱਖਾਂ ਦੇ ਹੱਕ ਵਿਚ ਗਏ। ਸਿੱਖ ਵੱਸ ਨਾ ਆਉਂਦੇ ਵੇਖ ਸ਼ਾਹ ਆਲਮ ਨੇ ਆਪਣੇ ਸਾਹਿਬਜ਼ਾਦੇ ਨੂੰ ਸਿੱਖਾਂ ਉਪਰ ਹਮਲੇ ਲਈ ਪਟਿਆਲੇ ਵੱਲ ਭੇਜਿਆ। ਜਦੋਂ ਸਿੱਖਾਂ ਵਿਰੁਧ 1778-1779 ਈਂ ਵਿੱਚ 20,000 ਸਿਪਾਹੀ ਲੈ ਕੇ ਚੜ੍ਹਾਈ ਕੀਤੀ ਤਾਂ ਬਘੇਲ ਸਿੰਘ ਨੇ ਚਲਾਕੀ ਵਰਤੀ। ਅੱਗੇ ਹੋ ਕੇ ਸ਼ਾਹ ਨੂੰ ਅੱਗੇ ਵੱਧਣ ਲਈ ਪ੍ਰੇਰਿਆ। ਪਟਿਆਲਾ ਤੇ ਹੋਰ ਫੂਲਕੀਆਂ ਰਿਆਸਤਾਂ ਦੀ ਮਦਦ ਲਈ ਕਨ੍ਹਈਆਂ ਤੇ ਰਾਮਗੜ੍ਹੀਆਂ ਮਿਸਲਾਂ ਆ ਹੱਲਾ ਬੋਲ ਦਿੱਤਾ। ਜਦ ਸ਼ਾਹ ਪਿੱਛੇ ਮੁੜਣ ਲੱਗਿਆ ਤਾਂ ਪਿੱਛੋਂ ਬਘੇਲ ਸਿੰਘ ਨੇ ਘੇਰਾ ਪਾ ਲਿਆ ਤੇ ਸ਼ਾਹੀ ਫੌਜਾਂ ਦਾ ਰਾਹ ਰੋਕ ਕੇ ਸ਼ਾਹੀ ਸੈਨਾ ਦਾ ਬੁਰਾ ਹਾਲ ਹੋਇਆ।

ਸੰਨ 1779 ਈ: ਵਿਚ ਸਤਲੁਜ ਦੇ ਦੱਖਣ ਦੀਆਂ ਰਿਆਸਤਾਂ ਤੇ ਮੁਗਲ ਫੌਜਾਂ ਨੇ ਹਮਲਾ ਕੀਤਾ I ਰਾਜਾ ਅਮਰ ਸਿੰਘ ਪਟਿਆਲਾ ਨੇ ਬਘੇਲ ਸਿੰਘ ਨਾਲ ਮੁਲਾਕਾਤ ਕੀਤੀ ਤੇ। ਅਮਰ ਸਿੰਘ ਦੇ ਬੇਟੇ ਸਾਹਿਬ ਸਿੰਘ ਨੇ ਬਘੇਲ ਸਿੰਘ ਹੱਥੋਂ ਅੰਮ੍ਰਿਤਪਾਨ ਕੀਤਾ। ਬਘੇਲ ਸਿੰਘ ਨੇ ਇਸ ਸਮੇਂ ਸਿੱਖਾਂ ਦਾ ਸਾਥ ਦੇ ਕੇ ਪਾਸਾ ਪਲਟ ਦਿਤਾ ਤੇ ਮੁਗਲ ਫੌਜ ਨੇ ਭਾਰੀ ਨੁਕਸਾਨ ਉਠਾ ਕੇ ਜਾਨਾਂ ਬਚਾਈਆਂ (17). ਨਵੰਬਰ 1779 ਵਿੱਚ ਬਘੇਲ ਸਿੰਘ ਨੇ ਸ਼ਾਹੀ ਸੈਨਾ ਉੱਤੇ ਸਿੱਧੇ ਹਮਲੇ ਦੀ ਥਾਂ ਗੁਰੀਲਾ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਮੁਗਲ ਜਰਨੈਲ ਗੁਰੀਲਾ ਯੁੱਧ ਵਿੱਚ ਸਿੱਖਾਂ ਨੂੰ ਮਾਤ ਨਾ ਪਾ ਸਕਿਆ ਤੇ 12 ਜੂਨ, 1781 ਨੂੰ ਬਘੇਲ ਸਿੰਘ ਤੇ ਗੁਰਦਿੱਤ ਸਿੰਘ ਨੂੰ ਦੋਸਤੀ ਦਾ ਹੱਥ ਵਧਾਉਣ ਲਈ ਖ਼ਤ ਲਿਖਿਆ। ਬਦਲੇ ਵਿੱਚ ਰਡੌਲ, ਬਬੀਨ ਤੇ ਸ਼ਾਮਗੜ੍ਹ ਦੇਣੇ ਮੰਨੇ ਪਰ ਬਘੇਲ ਸਿੰਘ ਨੇ ਆਪਣੀਆਂ ਸ਼ਰਤਾਂ ਰੱਖੀਆਂ। ਫਰਵਰੀ 1783 ਵਿੱਚ ਜੱਸਾ ਸਿੰਘ ਆਹਲੂਵਾਲੀਆ, ਬਘੇਲ ਸਿੰਘ ਤੇ ਹੋਰ ਜਰਨੈਲ 70, 000 ਸਿਪਾਹੀ ਲੈ ਕੇ ਗਾਜ਼ੀਆਬਾਦ, ਬੁਲੰਦ ਸ਼ਹਿਰ ਤੇ ਖੁਰਜਾ ਉੱਤੇ ਜਾ ਚੜ੍ਹੇ, ਅਲੀਗੜ੍ਹ, ਟੁੰਡਲਾ, ਹਾਥਰਸ, ਸ਼ਿਕੋਹਾਬਾਦ ਤੇ ਫਰੁਖਾਬਾਦ ਜਾ ਲੁੱਟੇ। ਬਘੇਲ ਸਿੰਘ ਹੱਥ ਇੱਕ ਹੀਰਿਆਂ ਜੜ੍ਹੀ ਸੋਟੀ ਲੱਗੀ ਜੋ ਉਸ ਸਮੇਂ 33, 000 ਰੁਪਏ ਦੀ ਸੀ। ਸਿੱਖ ਹੁਣ ਦਿੱਲੀ ਉਤੇ ਭਾਰੂ ਹੋ ਗਏ ਸਨ। 8 ਮਾਰਚ, 1783 ਬਘੇਲ ਸਿੰਘ ਨੇ 40, 000 ਫੌਜ ਨਾਲ ਮਲਕ ਗੰਜ, ਸਬਜ਼ੀ ਮੰਡੀ ਤੇ ਮੁਗਲਪੁਰਾ ਤੇ ਮੈਹਤਾਬਪੁਰਾ ਜਾ ਘੇਰੇ। ਸਿੱਖ ਅਜਮੇਰੀ ਗੇਟ ਰਾਹੀਂ ਦਿੱਲੀ ਵਿੱਚ ਜਾ ਦਾਖ਼ਲ ਹੋਏ। ਏਨੇ ਨੂੰ ਜੱਸਾ ਸਿੰਘ ਰਾਮਗੜ੍ਹੀਆ ਤੇ ਜੱਸਾ ਸਿੰਘ ਆਹਲੂਵਾਲੀਆ ਹਿਸਾਰ ਵਲੋਂ 10, 000 ਫੌਜ ਲੈ ਕੇ ਪਹੁੰਚ ਗਏ। ਬਘੇਲ ਸਿੰਘ ਨੇ ਜਿਥੇ ਆਪਣੇ ਤੀਹ ਹਜ਼ਾਰ ਸਿਪਾਹੀ ਰੱਖੇ ਸਨ ਉਹ ਹੁਣ ਤੀਸ ਹਜ਼ਾਰੀ ਨਾਮ ਨਾਲ ਪ੍ਰਸਿੱਧ ਹੈ।

17 ਮਾਰਚ, 1783 ਦਾ ਉਹ ਇਤਿਹਾਸਕ ਦਿਨ ਹੈ ਜਦ ਸਿੱਖਾਂ ਨੇ ਲਾਲ ਕਿਲ੍ਹੇ ਉੱਤੇ ਸਿੱਖ ਝੰਡਾ ਜਾ ਫਹਿਰਾਇਆ। ਸ਼ਾਹ ਆਲਮ ਜਾ ਛੁਪਿਆ। ਜੱਸਾ ਸਿੰਘ ਆਹਲੂਵਾਲੀਆ ਨੂੰ ਤਖ਼ਤ ਉਤੇ ਬਿਠਾਇਆ ਗਿਆ। ਬਘੇਲ ਸਿੰਘ ਨੂੰ ਮਿਲ ਕੇ ਬੇਗਮ ਸਮਰੋ ਨੇ ਬਾਦਸ਼ਾਹ ਤੋਂ ਇਹ ਸ਼ਰਤਾਂ ਮਨਵਾਈਆਂ (18). (ੳ) ਖਾਲਸੇ ਨੂੰ ਤਿੰਨ ਲੱਖ ਇਵਜ਼ਾਨਾ ਜੁਰਮਾਨੇ ਵਜੋਂ ਦਿੱਤਾ ਜਾਵੇਗਾ। (ਅ) ਬਘੇਲ ਸਿੰਘ ਦਿੱਲੀ ਵਿੱਚ ਚਾਰ ਹਜ਼ਾਰ ਸਿਪਾਹੀ ਰੱਖ ਸਕਦਾ ਹੈ। ਉਸ ਦਾ ਦਫ਼ਤਰ ਸਬਜ਼ੀ ਮੰਡੀ ਹੋਵੇਗਾ। (ੲ) ਬਘੇਲ ਸਿੰਘ ਨੂੰ ਸਤ ਸਿੱਖ ਇਤਿਹਾਸਕ ਗੁਰਦੁਆਰੇ ਬਨਾਉਣ ਦੀ ਖੁੱਲ੍ਹ ਹੋਵੇਗੀ ਜੋ ਜਲਦੀ ਹੀ ਪੂਰਨ ਕਰਨ ਤੇ ਬਘੇਲ ਸਿੰਘ ਵਾਪਸ ਜਾਵੇਗਾ। (ਸ) ਬਘੇਲ ਸਿੰਘ ਸਾਰੀ ਦਿੱਲੀ ਦੀ ਚੁੰਗੀ ਉਗਰਾਹੇਗਾ ਤੇ ਛਿਆਨੀ (ਰੁਪੈ ਵਿੱਚੋਂ ਛੇ ਆਨੇ) ਆਪਣੇ ਖਰਚ ਲਈ ਲਵੇਗਾ, ਜਿਸ ਵਿੱਚੋਂ ਗੁਰਦੁਆਰੇ ਬਣਾਏ ਜਾਣਗੇ।(ਹ) ਦਿੱਲੀ ਵਿੱਚ ਰਹਿੰਦੇ ਹੋਏ ਸਿੱਖ ਕੋਈ ਲੁੱਟ-ਖੋਹ ਨਹੀਂ ਕਰਨਗੇ। ਡਾ: ਗੋਪਾਲ ਸਿੰਘ ਅਨੁਸਾਰ ਬਘੇਲ ਸਿੰਘ ਨੇ ਦਿੱਲੀ ਨੂੰਮਾਰਚ 1783 ਵਿੱਚ ਥੋੜੇ ਸਮੇਂ ਲਈ ਦਿੱਲੀ ਨੂੰ ਆਪਣੇ ਕਬਜ਼ੇ ਵਿੱਚ ਰੱਖਿਆ ਪਰ ਮਗਰੋਂ 3 ਲੱਖ ਨਕਦ ਲੈ ਕੇ ਤੇ ਰੁਪਏ ਵਿੱਚੋਂ ਛੇ ਆਨੇ ਚੁੰਗੀ ਵਜੋਂ ਲੈ ਕੇ ਉਸ ਦਿਲੀ ਖਾਲੀ ਕਰ ਦਿਤੀ ਤੇ 7 ਗੁਰ ਅਸਥਾਨਾ ਬਣਾਉਣ ਦਾ ਵਾਅਦਾ ਵੀ ਹੋਇਆ ਜੋ 1788 ਈ: ਵਿਚ ਪੂਰਾ ਹੋਇਆ। (19)[ਸਮਝੌਤੇ ਪਿਛੋਂ 4000 ਸਿਪਾਹੀਆਂ ਨਾਲ ਬਘੇਲ ਸਿੰਘ ਨੇ ਸਤ ਗੁਰਦੁਆਰੇ ਮਾਤਾ ਸੁੰਦਰੀ, ਮਜਨੂੰ ਟਿਲਾ, ਮੋਤੀ ਬਾਗ, ਬੰਗਲਾ ਸਾਹਿਬ, ਸੀਸ ਗੰਜ, ਰਕਾਬ ਗੰਜ, ਬਾਲਾ ਸਾਹਿਬ ਪਹਿਲ ਦੇ ਆਧਾਰ ਉਤੇ ਉਸਾਰੇ।]

ਸਭ ਤੋਂ ਪਹਿਲਾਂ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾਂ ਦੇ ਠਹਿਰਨ ਵਾਲੇ ਅਸਥਾਨ ਤੇ ਗੁਰਦੁਆਰਾ ਸਾਹਿਬ ਬਣਾਇਆ ਗਿਆ।। ਫਿਰ ਬੰਗਲਾ ਸਾਹਿਬ ਦੇ ਨਾਮ ਤੇ ਉਸ ਥਾਂ ਬਣਾਇਆ ਗਿਆ ਜਿੱਥੇ ਗੁਰੂ ਹਰਿਕਿਸ਼ਨ ਜੀ ਜੋਤੀ ਜੋਤ ਸਮਾਏ ਸਨ । ਫਿਰ ਜਮਨਾ ਦੇ ਕਿਨਾਰੇ ਸ੍ਰੀ ਗੁਰੂ ਹਰਿਕਿਸ਼ਨ ਜੀ, ਮਾਤਾ ਸੁੰਦਰੀ ਜੀ  ਤੇ ਮਾਤਾ ਸਾਹਿਬ ਦੇਵਾਂ ਦੇ ਅੰਗੀਠੇ ਦੀ ਯਾਦਗਾਰ ਕਾਇਮ ਕੀਤੀ। ਫਿਰ ਗੁਰਦੁਆਰਾ ਰਕਾਬ ਗੰਜ ਉਸ ਅਸਥਾਨ ਤੇ ਬਣਾਇਆ ਜਿੱਥੇ ਜਿਥੇ ਗੁਰੂ ਤੇਗ ਬਹਾਦੁਰ ਜੀ ਦੇ ਧੜ ਦਾ ਸਸਕਾਰ ਕੀਤਾ ਗਿਆ ਸੀ।ਫਿਰ ਇਕ ਬੁੱਢੇ ਮਾਸ਼ਕੀ ਦੀ ਤੀਵੀਂ ਦੀ ਦੱਸ ਤੇ ਬਘੇਲ ਸਿੰਘ ਨੇ ਗੁਰੂ ਸਾਹਿਬਾਨ ਨਾਲ ਸਬੰਧਿਤ 7 ਸਥਾਨਾਂ ਦੀ ਨਿਸ਼ਾਨਦੇਹੀ ਕੀਤੀ, ਉਨ੍ਹਾਂ  7 ਥਾਵਾਂ ਤੇ 7 ਮਹੀਨੇ ਦੇ ਥੋੜੇ ਸਮੇਂ ਵਿਚ ਅਪ੍ਰੈਲ ਤੋਂ ਨਵੰਬਰ 1783 ਤੱਕ ਗੁਰਦੁਆਰੇ ਬਣਵਾਏ। (22)

ਬਘੇਲ ਸਿੰਘ ਦੀ ਸਿੱਖ ਕੌਮ ਲਈ ਇਹ ਬਹੁਤ ਵੱਡੀ ਦੇਣ ਸੀ। ਬਾਦਸ਼ਾਹ ਆਲਮ ਦੂਜਾ ਬਘੇਲ ਸਿੰਘ ਨੂੰ ਮਿਲਣ ਦਾ ਇਛੁਕ ਸੀ ਪਰ ਇਸ ਲਈ ਬਘੇਲ ਸਿੰਘ ਨੇ ਸ਼ਰਤਾਂ ਰੱਖੀਆਂ ਕਿ ਉਹ ਸਿਰ ਨਹੀਂ ਝੁਕਾਏਗਾ, ਇਕੱਲਾ ਨਹੀਂ ਆਏਗਾ ਤੇ ਕਿਸੇ ਦਾ ਕੋਈ ਬੁਰਾ ਕਟਾਖ ਨਹੀਂ ਸਹੇਗਾ। ਬਾਦਸ਼ਾਹ ਦੇ ਮੰਨਣ ਉਤੇ ਸਭ ਬੁਚੜਾਂ ਦੀਆਂ ਦੁਕਾਨਾਂ ਬੰਦ ਕੀਤੀਆਂ ਗਈਆਂ। ਹਾਥੀ ਦੀ ਸਵਾਰੀ ਉੱਤੇ ਬਘੇਲ ਸਿੰਘ, ਸ਼ਾਹੀ ਦਰਬਾਰ ਸ਼ਸ਼ਤਰਧਾਰੀ ਸਿੱਖਾਂ ਸਮੇਤ ਪਹੁੰਚਿਆ, ਬਾਦਸ਼ਾਹ ਮਿਲਣ ਉੱਤੇ ਖੁਸ਼ ਹੋਇਆ ਤੇ ਤੋਹਫੇ ਦਿੱਤੇ (23,24). ਬਘੇਲ ਸਿੰਘ ਦੀ ਮੌਤ 1800 ਵਿੱਚ ਹੋਈ ਦੱਸੀ ਜਾਂਦੀ ਹੈ। ਇਸ ਤਰ੍ਹਾਂ ਸਿੱਖ ਰਾਜ ਦਾ ਇੱਕ ਉਜਲ ਸਿਤਾਰਾ ਸਿੱਖਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਲਿਜਾ ਕੇ ਰੱਬ ਨੂੰ ਪਿਆਰਾ ਹੋ ਗਿਆ।

ਹਵਾਲੇ

1. ਕਰਨਲ ਅਵਤਾਰ ਸਿੰਘ ਬਰਾੜ, ਜਰਨੈਲ ਬਘੇਲ ਸਿੰਘ, ਸਤਵੰਤ ਬੁਕ ਏਜੰਸੀ ਚਾਂਦਨੀ ਚੌਕ ਦਿਲੀ

2. ਡਾ: ਦਰਸ਼ਨ ਸਿੰਘ ਔਲਖ, ਕਰਨਲ ਅਵਤਾਰ ਸਿੰਘ ਬਰਾੜ, “ਜਰਨੈਲ ਬਘੇਲ ਸਿੰਘ” ਵਿੱਚ ਪੰਨਾ 119-127

3. “ਇਨਸਾਈਕਲੋਪੀਡੀਆ ਆਫ ਸਿਖਿਜ਼ਮ” ਪੰਜਾਬੀ ਯੂਨੀਵਰਸਿਟੀ, ਪਟਿਆਲਾ, ਭਾਗ 1, ਪੰਨਾ 249 ‘

4. ਜੇ,ਡੀ ਕਨਿੰਘਮ, “ਹਿਸਟਰੀ ਆਫ ਸਿਖਜ਼”, ਜੋਜ਼ਫ ਡੇਵੀਜ਼, ਪੰਨਾ 97.

5. ਐਸ ਐਮ ਲਤੀਫ, ਹਿਸਟਰੀ ਆਫ ਦ ਪੰਜਾਬ”  ਲਹੌਰ ਬੁੱਕ ਸ਼ਾਪ, ਪੰਨਾ 232

6. ਸੀਤਲ, ਸੋਹਣ ਸਿੰਘ, ਸਿੱਖ ਸ਼ਕਤੀ ਦਾ ਉਭਾਰ ਤੇ ਰਣਜੀਤ ਸਿੰਘ” ਪੰਨਾ 411

7. ਅਲੀਕੁਜ਼ਈ, ਹਾਮਿਦ ਵਾਹਿਦ (ਅਕਤੂਬਰ 2013), 25 ਖੰਡਾਂ ਵਿੱਚ ਅਫਗਾਨਿਸਤਾਨ ਦਾ ਸੰਖੇਪ ਇਤਿਹਾਸ, ਖੰਡ 14.

8.ਗਾਂਧੀ, ਰਾਜਮੋਹਨ (14 ਸਤੰਬਰ 2013)। ਪੰਜਾਬ: ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ

9. ਮਹਿਤਾ, ਜੇ. ਐਲ. (2005), ਆਧੁਨਿਕ ਭਾਰਤ 1707-1813 ਦੇ ਇਤਿਹਾਸ ਵਿੱਚ ਉੱਨਤ ਅਧਿਐਨ, ਸਟਰਲਿੰਗ ਪਬਲਿਸ਼ਰਜ਼ – 251.

10. ਮਹਿਤਾ, ਜਸਵੰਤ ਲਾਲ (1 ਜਨਵਰੀ 2005)। ਆਧੁਨਿਕ ਭਾਰਤ ਦੇ ਇਤਿਹਾਸ ਵਿੱਚ ਐਡਵਾਂਸਡ ਸਟੱਡੀ 1707-1813। ਸਟਰਲਿੰਗ ਪਬਲਿਸ਼ਰਜ਼.

12. ਧੰਨਾ ਸਿੰਘ ਚਾਹਲ, ਗੁਰ ਤੀਰਥ ਸਾਈਕਲ ਯਾਤਰਾ (ਪੰਜਾਬੀ), ਯੂਰਪੀਅਨ ਪੰਜਾਬੀ ਸੱਥ, ਐਡ ਚੇਤਨ ਸਿੰਘ, ਪੰਨਾ.40313. ਸੀਤਲ, ਸੋਹਣ ਸਿੰਘ, ਸਿੱਖ ਸ਼ਕਤੀ ਦਾ ਉਭਾਰ ਤੇ ਰਣਜੀਤ ਸਿੰਘ” ਪੰਨਾ 413.

14. ਇਨਸਾਈਕਲੋਪੀਡੀਆ ਆਫ ਸਿਖਿਜ਼ਮ” ਭਾਗ 1, ਪੰਨਾ 249

15. ਰਤਨ ਸਿੰਘ ਭੰਗੂ, “ਪ੍ਰਾਚੀਨ ਪੰਥ ਪ੍ਰਕਾਸ਼” ਪੰਨਾ 440

16. ਰੂਪ ਸਿੰਘ , “ਪ੍ਰਮੁਖ ਸਿੱਖ ਸ਼ਖਸ਼ੀਅਤਾਂ” ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਪੰਨਾ 149-150

17. ਗੋਕਲ ਚੰਦ ਨਾਰੰਗ “ਸਿੱਖ ਧਰਮ ਦਾ ਪਰਿਵਰਤਨ” ਪੰਨਾ 159.

18. ਡਾ: ਗੋਪਾਲ ਸਿੰਘ :”ਸਿੱਖ ਕੌਮ ਦਾ ਇਤਿਹਾਸ”, ਪੰਨਾ 432

19. ਡਾ: ਹਰੀ ਰਾਮ ਗੁਪਤਾ “ਇਨਸਾਈਕਲੋਪੀਡੀਆ ਆਫ ਸਿਖਿਜ਼ਮ” ਭਾਗ 1, ਪੰਨਾ 249 (ਐਡੀਟਰ ਡਾ: ਹਰਬੰਸ ਸਿੰਘ)

20. “ਦਿੱਲੀ ਰੋਜ਼ਨਾਮਚਾ”, ਪੰਨਾ 150-157, ਫਾਰਸਟਰ ਸਲੈਕਸ਼ਨਜ਼ ਜਿਲਦ 3 ਪੰਨਾ 1124

21. ਡਾ: ਗੋਪਾਲ ਸਿੰਘ :”ਸਿੱਖ ਕੌਮ ਦਾ ਇਤਿਹਾਸ”, ਪੰਨਾ 432

22. ਗਿਆਨੀ ਗਿਆਨ ਸਿੰਘ, “ਤਵਾਰੀਖ ਗੁਰੂ ਖਾਲਸਾ”, ਹਿੱਸਾ ਦੂਜਾ, ਪੰਨਾ 257-258

23. ਰਤਨ ਸਿੰਘ ਭੰਗੂ, ਪ੍ਰਾਚੀਨ ਪੰਥ ਪ੍ਰਕਾਸ਼” ਪੰਨਾ 448-450

24. ਡਾ: ਹਰੀ ਰਾਮ ਗੁਪਤਾ “ਇਨਸਾਈਕਲੋਪੀਡੀਆ ਆਫ ਸਿਖਿਜ਼ਮ” ਭਾਗ 1, ਪੰਨਾ 250 (ਐਡੀਟਰ ਡਾ: ਹਰਬੰਸ ਸਿੰਘ)

Leave a comment