ਵੈਸਾਖ ਮਹੀਨੇ ਦੇ ਸ਼ਬਦ ਦਾ ਕਾਵਿ-ਅਨੁਵਾਦ
(ਬਾਰਹ ਮਾਹਾ ਮਾਂਝ ਮਹਲਾ ੫, ਅੰਗ 133)
ਕਰਮਜੀਤ ਸਿੰਘ ‘ਨੂਰ’ (ਜਲੰਧਰ, ਭਾਰਤ),

ਮੋਬਾਈਲ +91-98150-23970)
ਵਿਛੜੀ ਵਿਸਾਖ ਵਿਚ ਪਤੀ ਦੇ ਪ੍ਰੇਮ ਤੋਂ ਜੋ,
ਦਿਲ ਉਹਦਾ ਦੱਸੋ ਭਲਾ ਕਿਸ ਤਰਾਂ ਖਲੋਵੇਗਾ,
ਸੱਜਣ ਪ੍ਰਭੂ ਨੂੰ ਵਿਸਾਰ ਕੇ ਤੇ ਮਨ ਓਹਦਾ,
ਲਪਟਿਆ ਜੇ ਮਨਮੋਹਣੀ ਮਾਇਆ ਨਾਲ ਹੋਵੇਗਾ।
ਪੁੱਤਰ ਨਾ ਇਸਤ੍ਰੀ ਨਾ ਧਨ ਕਦੇ ਨਾਲ ਰਹਿੰਦਾ,
ਹਰੀ ਦਾ ਜੋ ਨਾਮ, ਨਾਸ-ਰਹਿਤ ਸਿਰਫ ਉਹ ਹੈ,
ਸਾਰਾ ਸੰਸਾਰ ਉਲਝ ਉਲਝ ਕੇ ਹੈ ਮਰੀ ਜਾਂਦਾ,
ਪਿਆ ਐਸਾ ਮਾਇਆ ਦਿਆਂ ਧੰਧਿਆ ਦਾ ਮੋਹ ਹੈ।
ਇੱਕ ਹਰੀ ਨਾਮ ਜੀਵ ਆਤਮਾ ਦੇ ਨਾਲ ਜਾਣਾ,
ਬਾਕੀ ਹਰ ਇਕ ਚੀਜ਼ ਜਾਣੀ ਅੱਗੇ ਖੋਹੀ ਹੈ,
ਓਸ ਨੂੰ ਵਿਸਾਰ ਕੇ ਖੁਆਰ ਹੋਣਾ ਜਿੰਦਗੀ ‘ਚ,
ਉਹਦੇ ਬਾਝੋਂ ਆਤਮਾਂ ਦਾ ਆਸਰਾ ਨਾ ਕੋਈ ਹੈ।
ਚਰਣਾਂ ਦੇ ਨਾਲ ਤੇਰੇ ਲਗ ਜਾਏ ਪ੍ਰੀਤਮਾਂ ਜੋ,
ਸ਼ੋਭਾ ਓਸ ਬੰਦੇ ਦੀ ਹੈ ਹੁੰਦੀ ਗੱਜ ਵੱਜ ਕੇ,
ਪ੍ਰਭੂ ਤੇਰੇ ਅੱਗੇ ਤੇਰੇ ਨਾਨਕ ਦੀ ਬੇਨਤੀ ਹੈ,
ਹੋ ਜਾਵੇ ਮੈਨੂੰ ਜੇ ਮਿਲਾਪ ਤੇਰਾ ਰੱਜ ਕੇ।
‘ਨੂਰ’ ਏਸ ਜਿੰਦ ਨੂੰ ਵੈਸਾਖ ਤਦੋਂ ਸੋਹੇਗਾ।
ਹਰੀ ਸੰਤ ਪ੍ਰਭੂ ਦਾ ਮਿਲਾਪ ਜਦੋਂ ਹੋਏਗਾ।