ਕਾਬਲ ਸਿੰਘ, ਬਲਦੇਵ ਸਿੰਘ (ਐਡਮਿੰਟਨ, ਕੈਨੇਡਾ)

“ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ॥
ਗੁਰ ਬਿਨ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ॥“
(ਗੁਰੂ ਗ੍ਰੰਥ ਸਾਹਿਬ, ਅੰਗ 1399)
“ਮੁਕਤੀ” ਸ਼ਬਦ ਦਾ ਅਰਥ ਹੈ, ਜਨਮ-ਮਰਨ ਤੋਂ ਛੁਟਕਾਰਾ, ਖ਼ਲਾਸੀ, ਗਤੀ, ਕਲਿਆਣ, ਮੋਕਸ਼, ਨਿਰਵਾਣ, ਆਦਿ। ਬਹੁਤੇ ਵਿਦਵਾਨਾਂ ਅਨੁਸਾਰ ਮੁਕਤੀ ਉਹ ਸਥਿਤੀ ਹੈ ਜਦੋਂ ਮਨੁਖ ਨੂੰ ਹਰ ਤਰ੍ਹਾਂ ਦੇ ਦੁੱਖਾਂ ਤੋਂ ਪੂਰਨ ਛੁਟਕਾਰਾ ਮਿਲ ਜਾਵੇ। ਦਾਰਸ਼ਨਿਕ ਲੋਕ ਸੰਸਾਰਿਕ ਦੁੱਖ ਖਤਮ ਹੋਣ ਉਪਰੰਤ ਰੂਹ ਦੀ ਪਰਮਾਤਮਾ ਵਿਚ ਲੀਨ ਹੋਣ ਦੀ ਅਵਸਥਾ ਨੂੰ ਮੁਕਤੀ ਕਹਿੰਦੇ ਹਨ। ਜਦੋਂ ਭਰਮ ਦਾ ਪਰਦਾ ਹਟ ਜਾਂਦਾ ਹੈ ਤਾਂ ਜੀਵਾਤਮਾ ਦੀ ਪਰਮਾਤਮਾ ਨਾਲ ਏਕਤਾ ਜਾਂ ਇਕਸੁਰਤਾ (Oneness, Harmony) ਹੋ ਜਾਂਦੀ ਹੈ।
ਮੁਕਤੀ-ਪ੍ਰਾਪਤੀ ਦੇ ਸਾਧਨਾਂ ਵਿਚ ਦਾਨ-ਪੁੰਨ, ਪਰਉਪਕਾਰ, ਧਰਮ ਦੇ ਨਿਯਮਾਂ ਦਾ ਪਾਲਣ ਤੇ ਅਭਿਆਸ, ਸੰਸਾਰਿਕ ਪ੍ਰਪੰਚ ਦਾ ਤਿਆਗ, ਇੰਦ੍ਰੀਆਂ ਤੇ ਇਛਾਵਾਂ ਉਪਰ ਕਾਬੂ ਪਾਉਣਾ, ਆਦਿ, ਮੁਖ ਗਿਣੇ ਗਏ ਹਨ।
ਗੁਰਬਾਣੀ ਦੇ ਚਾਨਣ ਵਿਚ ਮੁਕਤੀ ਦੇ ਸੰਕਲਪ (concept) ਨੂੰ ਸਮਝਣ ਲਈ ਹੇਠ ਲਿਖੇ ਵਿਚਾਰ ਪਾਠਕਾਂ ਨਾਲ ਸਾਂਝੇ ਕਰਨ ਦੀ ਨਿਮਾਣੀ ਕੋਸ਼ਿਸ਼ ਕਰ ਰਹੇ ਹਾਂ।
“ਗੁਰਸ਼ਬਦ ਰਤਨਾਕਰ – ਮਹਾਨ ਕੋਸ਼” (ਕਰਤਾ – ਭਾਈ ਕਾਨ੍ਹ ਸਿੰਘ ਨਾਭਾ)
ਮੁਕਤੀ ਬਾਰੇ ਵਖ ਵਖ ਮੱਤਾਂ ਅਨੁਸਾਰ ਧਾਰਨਾਵਾਂ:
• ਇੰਦ੍ਰੀਆਂ ਤੇ ਇਛਾਵਾਂ ਉਪਰ ਕਾਬੂ ਪਾ ਲੈਣਾ, ਜਾਂ ਜੀਵਾਤਮਾ ਦਾ ਇਨ੍ਹਾਂ ਨਾਲੋਂ ਸਬੰਧ ਟੁਟ ਜਾਣਾ
• ਸਭ ਦੁੱਖਾਂ ਦਾ ਨਾਸ, ਜਾਂ ਜਨਮ-ਮਰਣ ਦੇ ਗੇੜ ਤੋਂ ਛੁਟਕਾਰਾ
• ਆਤਮਾ ਦਾ ਸਿਰਜਣਹਾਰ ਜਾਂ ਪਰਮਾਤਮਾ ਨਾਲ ਮਿਲਾਪ (ਅਮਰਾਪਦ, ਨਿਰਵਾਣਪਦ, ਪਰਮਪਦ, ਪਰਮਗਤਿ, ਤੁਰੀਆ ਅਵਸਥਾ)
• ਦੇਵ ਲੋਕ (ਸੁਰਗ, ਬਹਿਸ਼ਤ) ਵਿਚ ਵਾਸਾ ਹੋਣਾ
• ਅਗਿਆਨਤਾ ਜਾਂ ਮਾਇਆ ਦੇ ਬੰਧਨ ਤੋਂ ਖ਼ਲਾਸੀ, ਦੁੱਖਾਂ ਤੋਂ ਛੁਟਕਾਰਾ
• ਗਿਆਨ ਦੁਆਰਾ ਜੀਵ ਅਤੇ ਬ੍ਰਹਮ ਦੀ ਅਭੇਦਤਾ ਅਤੇ ਪ੍ਰਮ-ਅਨੰਦ ਦੀ ਪ੍ਰਾਪਤੀ
ਮੁਕਤੀ ਦੇ ਸੰਕਲਪ ਬਾਰੇ ਗੁਰਬਾਣੀ-ਸ਼ਬਦਾਂ ਦੀਆਂ ਕੁਝ ਉਦਾਹਰਣਾਂ:
“ਮੁਕਤਿ”
‘ਗਹਿਰ ਗੰਭੀਰ ਅੰਮ੍ਰਿਤ ਨਾਮੁ ਤੇਰਾ॥ ਮੁਕਤਿ ਭਇਆ ਜਿਸੁ ਰਿਦੈ ਵਸੇਰਾ॥‘ (ਅੰਗ 101)
‘ਤ੍ਰੈ ਗੁਣ ਵਖਾਣੈ ਭਰਮੁ ਨ ਜਾਇ॥ ਬੰਧਨ ਨ ਤੁਟਹਿ ਮੁਕਤਿ ਨ ਪਾਇ॥
ਮੁਕਤਾ ਦਾਤਾ ਸਤਿਗੁਰੁ ਜੁਗ ਮਾਹਿ॥’ (ਅੰਗ 231)
‘ਮੁਕਤਿ ਪਾਈਐ ਸਾਧਸੰਗਤਿ ਬਿਨਸਿ ਜਾਇ ਅੰਧਾਰੁ॥‘ (ਅੰਗ 675)
‘ਕਰਮ ਧਰਮ ਕਰਿ ਮੁਕਤਿ ਮੰਗਾਹੀ॥ ਮੁਕਤਿ ਪਦਾਰਥੁ ਸਬਦਿ ਸਲਾਹੀ॥
ਬਿਨ ਗੁਰਸਬਦੈ ਮੁਕਤਿ ਨ ਹੋਈ ਪਰਪੰਚੁ ਕਰਿ ਭਰਮਾਈ ਹੇ॥’ (ਅੰਗ 1023)
‘ਹਉਮੈ ਪੈਖੜੁ ਤੇਰੇ ਮਨੈ ਮਾਹਿ॥ ਹਰਿ ਨ ਚੇਤਹਿ ਮੂੜੇ ਮੁਕਤਿ ਜਾਹਿ॥‘ (ਅੰਗ 1189)
‘ਮੁਕਤਿ ਭਏ ਸਾਧਸੰਗਤਿ ਕਰਿ ਤਿਨ ਕੇ ਅਵਗਨ ਸਭ ਪਰਹਰਿਆ॥’ (ਅੰਗ 1235)
‘ਮੁਕਤਿ ਦੁਆਰਾ ਸੋਈ ਪਾਏ ਜਿ ਵਿਚਹੁ ਆਪੁ ਗਵਾਇ॥’ (ਅੰਗ 1276)
‘ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ॥
ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨ॥‘ (ਅੰਗ 1427)
“ਮੁਕਤੁ”
‘ਮੁਕਤੁ ਭਇਆ ਬੰਧਨ ਗੁਰਿ ਖੋਲੇ ਜਨ ਨਾਨਕ ਹਰਿ ਗੁਣ ਗਾਏ॥‘ (ਅੰਗ 213)
‘ਕਹੁ ਨਾਨਕ ਗੁਰਿ ਖੋਲੇ ਕਪਾਟ॥ ਮੁਕਤੁ ਭਏ ਬਿਨਸੇ ਭ੍ਰਮ ਥਾਟ॥‘ (ਅੰਗ 188)
“ਮੁਕਤੇ”
‘ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮ ਸਮਾਲਿ॥‘ (ਅੰਗ 43)
‘ਬਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ॥’ (ਅੰਗ 597)
‘ਹਰਖ ਸੋਗ ਦੁਹਹੂੰ ਤੇ ਮੁਕਤੇ॥’ (ਅੰਗ 181)
“ਮੁਕਤਾ”
‘ਸਤਿਗੁਰਿ ਮਿਲਿਐ ਮਾਰਗੁ ਮੁਕਤਾ ਸਹਜੇ ਮਿਲੇ ਸੁਆਮੀ॥’ (ਅੰਗ 883)
‘ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ॥‘ (ਅੰਗ 1428)
ਇਸ ਤਰ੍ਹਾਂ ਗੁਰਬਾਣੀ ਸਮਝਾਉਂਦੀ ਹੈ ਕਿ ਮੁਕਤੀ ਸਾਧ ਸੰਗਤ ਵਿਚ ਗੁਰ-ਸ਼ਬਦ/ਵਾਹਿਗੁਰੂ ਦਾ ਨਾਮ ਹਿਰਦੇ ਵਿਚ ਵਸਾ ਕੇ ਆਪਾ ਗਵਾਉਣ ਅਤੇ ਹਰਖ ਸੋਗ ਤੋਂ ਉਪਰ ਉਠ ਕੇ ਹੀ ਮਿਲ ਸਕਦੀ ਹੈ।
“ਸੰਸਾਰ ਤੋਂ ਨਿਰੰਕਾਰ ਤੱਕ” (ਕਰਤਾ – ਗਿਆਨੀ ਅਮਰੀਕ ਸਿੰਘ)
ਇਸ ਲੇਖਕ ਅਨੁਸਾਰ ਮੁਕਤੀ ਦਾ ਅਰਥ ਹੈ- ਕੋਈ ਅੰਦਰੂਨੀ ਪਕੜ ਨਾ ਹੋਣਾ ਤੇ ਮਨ ਕਰਕੇ ਮੁਕਤ ਹੋਣਾ। ਜੀਵ ਨੂੰ ਛੇ ਬੰਧਨ (ਮਾਇਆ, ਵਿਕਾਰ, ਲੋਕ-ਲਾਜ, ਲਾਲਸਾ, ਜਮਦੂਤ, ਜਨਮ-ਮਰਨ) ਦੱਸੇ ਗਏ ਹਨ। ਇਹਨਾਂ ਬੰਧਨਾਂ ਤੋਂ ਮੁਕਤੀ ਬਾਰੇ ਗੁਰਬਾਣੀ ਦੇ ਕੁਝ ਸ਼ਬਦ ਇਸ ਤਰ੍ਹਾਂ ਹਨ:
‘ਜਿਸੁ ਅੰਤਰਿ ਪ੍ਰੀਤਿ ਲਗੈ ਸੋ ਮੁਕਤਾ॥ ਇੰਦ੍ਰੀ ਵਸਿ ਸਚ ਸੰਜਮਿ ਜੁਗਤਾ॥’ (ਅੰਗ 121)
‘ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ॥
ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ॥’ (ਅੰਗ 219)
‘ਜਹ ਸਾਧੂ ਗੋਬਿੰਦ ਭਜਨੁ ਕੀਰਤਨੁ ਨਾਨਕ ਨੀਤ॥
ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਨਾ ਜਾਈਅਹੁ ਦੂਤ॥’ (ਅੰਗ 256)
‘ਏਕ ਊਪਰਿ ਜਿਸੁ ਜਨ ਕੀ ਆਸਾ॥ ਤਿਸ ਕੀ ਕਟੀਐ ਜਮ ਕੀ ਫਾਸਾ॥’ (ਅੰਗ 281)
‘ਸਤਿਗੁਰੁ ਸਿਖ ਕੇ ਬੰਧਨ ਕਾਟੈ॥ ਗੁਰ ਕਾ ਸਿਖੁ ਬਿਕਾਰ ਤੇ ਹਾਟੈ॥’ (ਅੰਗ 286)
‘ਜੰਮਣੁ ਮਰਣੁ ਨ ਤਿਨ ਕਉ ਜੋ ਹਰਿ ਲੜਿ ਲਾਗੇ॥’ (ਅੰਗ 322)
‘ਸੋ ਮੁਕਤਾ ਸੰਸਾਰਿ ਜਿ ਗੁਰ ਉਪਦੇਸਿਆ॥
ਤਿਸ ਕੀ ਗਈ ਬਲਾਇ ਮਿਟੇ ਅੰਦੇਸਿਆ॥’ (ਅੰਗ 519)
‘ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਨ ਆਵੈ॥’ (ਅੰਗ 555)
‘ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ॥
ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ॥’ (ਅੰਗ 697)
‘ਦੂਖੁ ਨ ਲਾਗੈ ਕਦੇ ਤੁਧੁ ਪਾਰਬ੍ਰਹਮੁ ਚਿਤਾਰੇ॥
ਜਮਕੰਕਰੁ ਨੇੜਿ ਨ ਆਵਈ ਗੁਰਸਿਖ ਪਿਆਰੇ॥’ (ਅੰਗ 818)
‘ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ॥
ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥’ (ਅੰਗ 1427)
‘ਜਮਦੂਤੁ ਤਿਸੁ ਨਿਕਟਿ ਨ ਆਵੈ॥ ਸਾਧਸੰਗਿ ਹਰਿ ਕੀਰਤਨੁ ਗਾਵੈ॥’ (ਅੰਗ 1078)
‘ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ॥
ਤਿਹਿ ਨਰ ਹਰਿ ਅੰਤਰਿ ਨਹੀ ਨਾਨਕ ਸਾਚੀ ਮਾਨ॥’ (ਅੰਗ 1428)
ਜੀਵਨ-ਮੁਕਤ ਜੀਵ ਪ੍ਰਭੂ ਦੇ ਗੁਣ ਗਾਉਂਦਾ ਹੈ ਅਤੇ ਉਸ ਦੇ ਭਾਣੇ ਵਿਚ ਰਹਿੰਦਾ ਹੈ। ਉਸ ਦੇ ਅੰਦਰੋਂ ਮੋਹ ਮਾਇਆ ਤੇ ਮਾਨ-ਅਪਮਾਨ ਦੀ ਭਾਵਨਾ ਦਾ ਨਾਸ਼ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਵਿਅਕਤੀ ਲਈ ਸੁਖ ਤੇ ਦੁਖ, ਹਰਖ ਤੇ ਸੋਗ, ਮਿੱਟੀ ਤੇ ਸੋਨਾ, ਅੰਮ੍ਰਿਤ ਤੇ ਜ਼ਹਿਰ, ਮਿਤ੍ਰ ਤੇ ਵੈਰੀ, ਅਮੀਰ ਤੇ ਗਰੀਬ, ਰਾਜਾ ਤੇ ਪਰਜਾ, ਸਭ ਬਰਾਬਰ ਹਨ। ਸਪਸ਼ਟ ਤੌਰ ਤੇ ਇਹ ਬੜੀ ਉੱਚੀ ਅਧਿਆਤਮਿਕ ਅਵਸਥਾ-ਪ੍ਰਾਪਤੀ ਦੀ ਨਿਸ਼ਾਨੀ ਹੈ।
‘ਪ੍ਰਭ ਕੀ ਆਗਿਆ ਆਤਮ ਹਿਤਾਵੈ॥ ਜੀਵਨ ਮੁਕਤਿ ਸੋਊ ਕਹਾਵੈ॥
ਤੈਸਾ ਹਰਖੁ ਤੈਸਾ ਉਸੁ ਸੋਗੁ॥ ਸਦਾ ਅਨੰਦੁ ਤਹ ਨਹੀ ਬਿਓਗੁ॥
ਤੈਸਾ ਸੁਵਰਨੁ ਤੈਸੀ ਉਸੁ ਮਾਟੀ॥ ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ॥
ਤੈਸਾ ਮਾਨੁ ਤੈਸਾ ਅਭਿਮਾਨੁ॥ ਤੈਸਾ ਰੰਕੁ ਤੈਸਾ ਰਾਜਾਨੁ॥
ਜੋ ਵਰਤਾਏ ਸਾਈ ਜੁਗਤਿ॥ ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ॥’ (ਅੰਗ 275)
ਬੰਦਗੀ ਕਰਨ ਵਾਲੇ ਤੇ ਨਾ ਕਰਨ ਵਾਲੇ ਜੀਵਾਂ ਦੇ ਸੰਸਾਰ ‘ਚੋਂ ਚਲੇ ਜਾਣ ਵਿਚ ਕੀ ਫਰਕ ਹੈ? ਗੁਰਬਾਣੀ ਅਨੁਸਾਰ ਬੰਦਗੀ ਨਾਲ ਮੁਕਤ ਹੋਏ ਜੀਵ ਦੀ ਆਤਮਾ ਦਾ ‘ਆਪਣੇ ਘਰ ਵਾਪਸ ਜਾ ਕੇ’, ਭਾਵ ਪਰਮਾਤਮਾ ਨਾਲ ਮਿਲਾਪ ਹੋ ਕੇ, ਜਨਮ-ਮਰਨ ਦਾ ਚੱਕਰ ਖਤਮ ਹੋ ਜਾਂਦਾ ਹੈ, ਜਦ ਕਿ ਬਾਕੀ ਆਤਮਾਵਾਂ ਦਾ ਆਵਾਗਉਣ ਦਾ ਚੱਕਰ ਚਲਦਾ ਰਹਿੰਦਾ ਹੈ। ਇਹ ਵੀ ਦੱਸਿਆ ਹੈ ਕਿ ਜਿਸ ਨੂੰ ਜਿਉਂਦੇ ਮੁਕਤੀ ਨਹੀਂ ਮਿਲੀ, ਉਸ ਨੂੰ ਮਰਨ ਬਾਦ ਵੀ ਮੁਕਤੀ ਨਹੀਂ ਮਿਲ ਸਕਦੀ। ਸੰਪੂਰਨ ਮੁਕਤ-ਪਦ ਤੱਕ ਉਹੋ ਹੀ ਪਹੁੰਚਦਾ ਹੈ, ਜਿਹੜਾ ਵਰਤਮਾਨ ਜੀਵਨ ਵਿੱਚ ਮੁਕਤ ਹੋ ਜਾਂਦਾ ਹੈ।
ਗੁਰਬਾਣੀ ਵਿਚੋਂ ਮੁਕਤੀ ਨਾਲ ਸਬੰਧਿਤ ਹੋਰ ਸ਼ਬਦ
ਗੁਰਬਾਣੀ ਅਨੁਸਾਰ ਮੁਕਤ ਹੋਣ ਲਈ ਪਰਿਵਾਰਕ ਤਿਆਗ ਤੇ ਬਾਹਰਲੇ ਕਰਮਾਂ ਦੀ ਮਹਾਨਤਾ ਨਹੀਂ, ਸਗੋਂ ਸੰਜਮ ਤੇ ਸਦਾਚਾਰ ਦਾ ਜੀਵਨ ਅਤੇ ਨਿਰਸੁਆਰਥ ਸੇਵਾ ਹੀ ਮੁੱਖ ਕਰਮ ਹੈ। ਆਪੇ ਦੀ ਪਛਾਣ ਨੂੰ ਰੱਬ ਦੀ ਪਛਾਣ ਤੇ ਮੁਕਤੀ ਦਾ ਸਾਧਨ ਮੰਨਿਆ ਗਿਆ ਹੈ। ਪ੍ਰਮਾਣ ਲਈ ਕੁਝ ਸ਼ਬਦ ਹੇਠਾਂ ਦਿੱਤੇ ਹਨ:
‘ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥’ (ਅੰਗ 8)
‘ਸਬਦਿ ਮਰੈ ਮਨੁ ਮਾਰੈ ਮੁਕਤੀ ਕਾ ਦਰੁ ਪਾਵਣਿਆ॥’ (ਅੰਗ 116)
‘ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ॥
ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ॥’ (ਅੰਗ 278)
‘ਸੇਵਕ ਕਉ ਸੇਵਾ ਬਨਿ ਆਈ॥ ਹੁਕਮੁ ਬੂਝਿ ਪਰਮ ਪਦੁ ਪਾਈ॥’ (ਅੰਗ 292)
‘ਏਕਾ ਟੇਕ ਰਖਹੁ ਮਨ ਮਾਹਿ॥ ਨਾਨਕ ਬਹੁਰਿ ਨ ਆਵਹਿ ਜਾਹਿ॥’ (ਅੰਗ 293)
‘ਜਿਸੁ ਮਨਿ ਬਸੈ ਸੁ ਹੋਤ ਨਿਹਾਲੁ॥ ਤਾ ਕੈ ਨਿਕਟਿ ਨ ਆਵਤ ਕਾਲੁ॥’ (ਅੰਗ 293)
‘ਜਮਕਾਲੁ ਤਿਸੁ ਨੇੜਿ ਨ ਆਵੈ॥ ਨਾਨਕ ਗੁਰਮੁਖਿ ਸਾਚਿ ਸਮਾਵੈ॥’ (ਅੰਗ 360)
‘ਜੀਵਨ ਮੁਕਤ ਮਨ ਨਾਮ ਵਸਾਏ॥’ (ਅੰਗ 412)
‘ਰਾਮ ਨਾਮ ਬਿਨੁ ਮੁਕਤਿ ਨ ਹੋਈ ਨਾਨਕੁ ਕਹੈ ਵੀਚਾਰਾ॥’ (ਅੰਗ 437)
”ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ॥‘ (ਅੰਗ 468)
‘ਨਾਇ ਲਇਐ ਪਰਾਛਤ ਜਾਹਿ॥ ਨਾਨਕ ਤਉ ਮੋਖੰਤਰੁ ਪਾਹਿ॥’ (ਅੰਗ 470)
‘ਬਿਨੁ ਨਾਮ ਹਰਿ ਕੇ ਮੁਕਤਿ ਨਾਹੀ ਕਹੈ ਨਾਨਕ ਦਾਸੁ॥’ (ਅੰਗ 663)
‘ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ॥
ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨ ਸੋਈ॥’ (ਅੰਗ 680)
‘ਮਾਨ ਮੋਹ ਦੋਨੋ ਕਉ ਪਰਹਰਿ ਗੋਬਿੰਦ ਕੇ ਗੁਨ ਗਾਵੈ॥
ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ ਜੀਵਨ ਮੁਕਤਿ ਕਹਾਵੈ॥’ (ਅੰਗ 830)
‘ਬਿਨੁ ਗੁਰ ਸਬਦ ਨ ਛੂਟਸਿ ਕੋਇ॥ ਪਾਖੰਡਿ ਕੀਨ੍ਹੈ ਮੁਕਤਿ ਨ ਹੋਇ ॥’ (ਅੰਗ 839)
‘ਕਰਿ ਆਚਾਰੁ ਸਚੁ ਸੁਖੁ ਹੋਈ॥ ਨਾਮ ਵਿਹੂਣਾ ਮੁਕਤਿ ਕਿਵ ਹੋਈ॥’ (ਅੰਗ 929)
‘ਗੁਰਮੁਖਿ ਹੋਵਹਿ ਸੇ ਬੰਧਨ ਛੋਡਹਿ ਮੁਕਤੀ ਕੈ ਘਰਿ ਪਾਇਦਾ॥’ (ਅੰਗ 1062)
‘ਰਾਜੇ ਧਰਮੁ ਕਰਹਿ ਪਰਥਾਏ॥ ਆਸਾ ਬੰਧੇ ਦਾਨੁ ਕਰਾਏ॥
ਰਾਮ ਨਾਮ ਬਿਨ ਮੁਕਤਿ ਨ ਹੋਈ ਥਾਕੇ ਕਰਮ ਕਮਾਈ ਹੇ॥’ (ਅੰਗ 1023)
‘ਪੰਚ ਦੂਤ ਹਿਤਵਹਿ ਵਿਕਾਰਾ॥ ਮਾਇਆ ਮੋਹ ਕਾ ਏਹੁ ਪਸਾਰਾ॥
ਸਤਿਗੁਰੁ ਸੇਵੇ ਤਾ ਮੁਕਤੁ ਹੋਵੈ ਪੰਚ ਦੂਤ ਵਸਿ ਅਇਆ॥’ (ਅੰਗ 1068)
‘ਹਉ ਜੀਵਾਂ ਸਦਾ ਹਰਿ ਕੇ ਗੁਣ ਗਾਈ॥ ਗੁਰ ਕਾ ਸਬਦੁ ਮਹਾ ਰਸੁ ਮੀਠਾ
ਹਰਿ ਕੈ ਨਾਮਿ ਮੁਕਤਿ ਗਤਿ ਪਾਈ॥’ (ਅੰਗ 1262)
ਹਉਮੈ ਅਤੇ ਮੋਹ-ਮਾਇਆ
ਗੁਰਬਾਣੀ ਅਨੁਸਾਰ ਹਉਮੈ ਦੀ ਕੰਧ ਡਿਗਣ ਤੋਂ ਬਿਨਾਂ ਵਾਹਿਗੁਰੂ ਨਾਲ ਮਿਲਾਪ ਨਹੀਂ ਹੋ ਸਕਦਾ। ਜਦੋਂ ਗੁਰੂ ਨੂੰ ਮਿਲ ਕੇ ਹਉਮੈ ਦੂਰ ਹੋ ਜਾਏ ਤਾਂ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਫਿਰ ਜੀਵ-ਆਤਮਾ ਸਦਾ ਲਈ ਮਾਇਆ-ਮੋਹ ਤੋਂ ਆਜ਼ਾਦ ਹੋ ਜਾਂਦੀ ਹੈ, ਤੇ ਮਨ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ। ਹਉਮੈ ਨਾਲ ਸਬੰਧਿਤ ਕੁਝ ਸ਼ਬਦ:
‘ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥’ (ਅੰਗ 1)
‘ਚਿੰਤਾ ਜਾਇ ਮਿਟੈ ਅਹੰਕਾਰੁ॥ ਤਿਸੁ ਜਨ ਕਉ ਕੋਇ ਨ ਪਹੁਚਨਹਾਰੁ॥’ (ਅੰਗ 293)
‘ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ॥‘ (ਅੰਗ 466)
‘ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ॥
ਇਹ ਜੀਉ ਸਦਾ ਮੁਕਤੁ ਹੈ ਸਹਜੇ ਰਹਿਆ ਸਮਾਇ॥’ (ਅੰਗ 509)
‘ਛੋਡਹੁ ਕਾਮ ਕ੍ਰੋਧੁ ਬੁਰਿਆਈ॥ ਹਉਮੈ ਧੰਧੁ ਛੋਡਹੁ ਲੰਪਟਾਈ॥
ਸਤਿਗੁਰ ਸਰਣਿ ਪਰਹੁ ਤਾ ਉਬਰਹੁ ਇਉ ਤਰੀਐ ਭਵਜਲੁ ਭਾਈ ਹੇ॥‘ (ਅੰਗ 1025)
ਗੁਰਮਤਿ ਅਨੁਸਾਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਸ਼ੇ, ਝੂਠ, ਬੇਈਮਾਨੀ, ਭੈੜੀ ਸੋਚ, ਮੰਦੀਆਂ ਵਾਸ਼ਨਾਵਾਂ, ਆਦਿ, ਅਸਲੀ “ਜਮਦੂਤ” ਹਨ ਜੋ ਮਨੁਖ ਨੂੰ ਦੁਰਮਤਤਾ ਤੇ ਪਾਪਾਂ ਵਲ ਧੱਕਦੇ ਹਨ। ਭਾਵੇਂ ਸੰਸਾਰ ਵਿੱਚ ਵਿਚਰਦਿਆਂ ਇਹਨਾਂ ਜਮਦੂਤਾਂ ਤੋਂ ਬਚਣਾ ਬਹੁਤ ਕਠਿਨ ਹੈ, ਪ੍ਰੰਤੂ ਸੋਚੋ ਕਿ ਇਨ੍ਹਾਂ ਤੋਂ ਮੁਕਤ ਹੋਣ ਬਾਅਦ ਵਰਤਮਾਨ ਜੀਵਨ ਕਿੰਨਾ ਅਨੰਦਮਈ ਹੋ ਸਕਦਾ ਹੈ। ਗੁਰਬਾਣੀ ਸਪਸ਼ਟ ਕਰਦੀ ਹੈ ਕਿ ਪ੍ਰਾਣੀ ਨੂੰ ਵਰਤਮਾਨ ਜੀਵਨ ਵਿਚ ਹੀ ਇਨ੍ਹਾਂ ਜਮਦੂਤਾਂ ਤੋਂ ਬਚਣ ਲਈ ਯਤਨ ਕਰਨੇ ਚਾਹੀਦੇ ਹਨ, ਅਤੇ ਮਰਨ ਤੋਂ ਬਾਦ ਵਾਲੀ ਮੁਕਤੀ ਲੱਭਣ ਦੀ ਲੋੜ ਨਹੀਂ।
ਮਰਨ ਤੋਂ ਬਾਦ ਮੁਕਤੀ ਬਾਰੇ ਕੁਝ ਹੋਰ ਵਿਚਾਰ
ਆਮ ਕਿਹਾ ਜਾਂਦਾ ਹੈ, ਅਤੇ ਬਹੁਤੇ ਪ੍ਰਾਚੀਨ ਗ੍ਰੰਥ ਵੀ ਅਜਿਹਾ ਪ੍ਰਚਾਰਦੇ ਹਨ, ਕਿ ਵਰਤਮਾਨ ਜਨਮ ਵਿਚ ਕੀਤੇ ਚੰਗੇ ਕਰਮਾਂ ਦੇ ਫ਼ਲ ਵਜੋਂ ਮਰਨ ਤੋਂ ਬਾਦ ਮ੍ਰਿਤਕ ਦੀ ਰੂਹ ਨੂੰ ‘ਜਮਦੂਤਾਂ’ ਵਲੋ ਦੰਡ ਨਹੀਂ ਮਿਲੇਗਾ, ਅਤੇ ਰੂਹ ਆਵਾਗਉਣ ਦੇ ਚੱਕਰ ਤੋਂ ਮੁਕਤ ਹੋ ਜਾਵੇਗੀ। ਇਸ ਵਿਚ ਦਾਨ-ਪੁੰਨ, ਚੰਗੇ ਕੰਮ, ਧਰਮੀ ਜੀਵਨ, ਆਦਿ ਜ਼ਰੂਰੀ ਦੱਸੇ ਜਾਂਦੇ ਹਨ। ਉਦਾਹਰਣ ਵਜੋਂ ਧੰਨ, ਜਾਇਦਾਦ, ਇਸਤਰੀ, ਤੇ ਕੰਨਿਆਂ ਆਦਿ ਦਾ ਦਾਨ; ਪਾਠ, ਪੂਜਾ, ਤੀਰਥ ਯਾਤਰਾ ਅਤੇ ਇਸ਼ਨਾਨ, ਖਾਸ ਧਰਮ ਅਸਥਾਨਾਂ ਤੇ ਕਰਵਤ ਕਰਾਉਣਾ (ਆਰੇ ਨਾਲ ਚਿਰਵਾਉਣਾ)। ਪ੍ਰਾਣੀ ਦੇ ਮਰਨ ਤੋਂ ਬਾਦ ਨਰਕ, ਸੁਰਗ, ਅਤੇ ਜਮਦੂਤਾਂ ਵਲੋਂ ਦੰਡ ਬਾਰੇ ਅਕਸਰ ਦੱਸਿਆ ਜਾਂਦਾ ਹੈ। ਪਰ ਇਹ ਕਦੀ ਨਹੀਂ ਦੱਸਿਆ ਜਾਂਦਾ, ਅਤੇ ਸਾਡੇ ਖਿਆਲ ਅਨੁਸਾਰ ਨਾ ਹੀ ਕੋਈ ਦਸ ਸਕਦਾ ਹੈ, ਕਿ ਮਰਨ ਵਾਲੇ ਪ੍ਰਾਣੀ ਦੀ ਰੂਹ ਨਾਲ ਜਮਦੂਤਾਂ ਨੇ ਕੀ ਸਲੂਕ ਕੀਤਾ, ਕੀ ਉਸਦੀ ਰੂਹ ਤਥਾ-ਕਥਿਤ ਸੁਰਗ ਵਿਚ ਹੈ ਜਾਂ ਨਰਕ ਵਿਚ, ਆਦਿ।
ਗੁਰਬਾਣੀ ਅਨੁਸਾਰ ਮਰਨ ਤੋਂ ਬਾਦ ਮੁਕਤੀ ਦੇ ਉਪਰਾਲੇ ਵਿਅਰਥ ਹਨ। ਭਗਤ ਨਾਮ ਦੇਵ ਜੀ ਕਹਿੰਦੇ ਹਨ ਕਿ ਮਰਨ ਪਿਛੋਂ ਅਜੇਹੀ ਮੁਕਤੀ ਦਾ ਕੀ ਲਾਭ, ਜਿਸ ਮੁਕਤੀ ਦਾ ਕਿਸੇ ਨੂੰ ਪਤਾ ਹੀ ਨਹੀ ਲੱਗਦਾ।
‘ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ॥’ (ਅੰਗ 1292)
ਇਸੇ ਤਰ੍ਹਾਂ ਭਗਤ ਬੇਣੀ ਜੀ ਫ਼ਰਮਾਉਂਦੇ ਹਨ,
‘ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ॥ ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ॥ ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ॥ ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ॥’ (ਅੰਗ 93)
ਕੁਝ ਧਰਮਾਂ ਵਿਚ ਪ੍ਰਾਣੀ ਦੇ ਮਰਨ ਤੋਂ ਬਾਦ ਉਸ ਦੀ “ਰੂਹ ਦੀ ਮੁਕਤੀ” ਲਈ ਕੁਝ ਉਪਾ ਜਾਂ ਕਰਮ-ਕਾਂਡ ਦੱਸੇ ਜਾਂਦੇ ਹਨ। ਜਿਵੇਂ ਮ੍ਰਿਤਕ ਪ੍ਰਾਣੀ ਦੀਆਂ ਅਸਥੀਆਂ ਕਿਸੇ ਖਾਸ ਜਗ੍ਹਾ (ਤੀਰਥ ਆਦਿ) ਤੇ ਜਾ ਕੇ ਵਿਸ਼ੇਸ਼ ਢੰਗ ਨਾਲ ਜਲ-ਪ੍ਰਵਾਹ ਕਰਨੀਆਂ, ਸਰਾਧ ਕਰਾਉਣਾ, ਦਾਨ-ਪੁੰਨ, ਆਦਿ। ਕੁਝ ਅਣਜਾਣ ਸਿੱਖ ਪ੍ਰਚਾਰਕ ਵੀ ਇਹੋ ਜਿਹਾ ਪ੍ਰਚਾਰ ਕਰਦੇ ਹਨ। ਕਈ ਵਾਰ ਮ੍ਰਿਤਕ ਪ੍ਰਾਣੀ ਦੀਆਂ ਹੱਡੀਆਂ ਪਾਠ ਵਾਲੇ ਕਮਰੇ ਵਿਚ ਰੱਖੀਆਂ ਜਾਂਦੀਆਂ ਹਨ ਤਾਂ ਕਿ ‘ਉਹ ਪਾਠ ਸੁਣ ਸਕਣ’। ਹੋਰ ਤਾਂ ਹੋਰ, ਕੁਝ ਡੇਰਿਆਂ ਵਿਚ ‘ਨਰਕ-ਸੁਰਗ ਦੀ ਤਸਵੀਰ’ ਵੀ ਬਣੀ ਹੁੰਦੀ ਹੈ। ਸਿੱਖੀ ਵਿੱਚ ਅਜੇਹੀ ਅਗਿਆਨਤਾ ਅਤੇ ਵਹਿਮਾਂ ਲਈ ਕੋਈ ਥਾਂ ਨਹੀਂ।
ਗੁਰਬਾਣੀ ਅਨੁਸਾਰ ਮੌਤ ਕਿੱਥੇ ਹੁੰਦੀ ਹੈ, ਤੇ ਮ੍ਰਿਤਕ ਸਰੀਰ ਨੂੰ ਕਿਸ ਤਰੀਕੇ ਨਾਲ ਜਾਂ ਕਿੰਨੇ ਮਾਨ-ਅਪਮਾਨ ਨਾਲ ਸੰਭਾਲਿਆ ਜਾਂਦਾ ਹੈ (ਸਾੜਨਾ, ਦੱਬਣਾ, ਜਲ-ਪ੍ਰਵਾਹ ਕਰਨਾ, ਸੁੱਕੇ ਖੂਹ ਵਿੱਚ ਰੱਖਣਾ, ਕੁੱਤਿਆਂ ਦੁਆਰਾ ਖਾਣਾ, ਸਰੀਰ ਉੱਤੇ ਮਹਿੰਗਾ ਚੰਦਨ ਮਲਣਾ ਜਾਂ ਗੰਦ ਵਿੱਚ ਰੋਲਣਾ, ਆਦਿਕ), ਇਨ੍ਹਾਂ ਗੱਲਾਂ ਦਾ ਮ੍ਰਿਤਕ ਨੂੰ ਕੋਈ ਲਾਭ ਜਾਂ ਨੁਕਸਾਨ ਨਹੀਂ ਹੋ ਸਕਦਾ। ਨਾਂ ਹੀ ਇਹ ਪਤਾ ਲੱਗ ਸਕਦਾ ਹੈ ਕਿ ਉਸਦੀ ਰੂਹ ਕਿੱਥੇ ਜਾ ਵੱਸੀ ਹੈ। ਇਨ੍ਹਾਂ ਗੱਲਾਂ ਦਾ ਮੁਕਤੀ ਨਾਲ ਕੋਈ ਸਬੰਧ ਨਹੀਂ।
‘ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ॥
ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥
ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥’ (ਅੰਗ 648)
‘ਜੇ ਮਿਰਤਕ ਕਉ ਚੰਦਨੁ ਚੜਾਵੈ॥ ਉਸ ਤੇ ਕਹਹੁ ਕਵਨ ਫਲ ਪਾਵੈ॥
ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ॥ ਤਾਂ ਮਿਰਤਕ ਕਾ ਘਟਿ ਜਾਈ॥’ (ਅੰਗ 1160)
ਭਗਤ ਕਬੀਰ ਜੀ ਕਾਂਸ਼ੀ (ਬਨਾਰਸ, ਵਾਰਾਨਸੀ) ਵਿਚ ਮੌਤ ਹੋਣ ਨਾਲ ਸਵਰਗ-ਪ੍ਰਾਪਤੀ ਅਤੇ ਮਗਹਰ (ਹੜੰਬਾ) ਵਿੱਚ ਮੌਤ ਹੋਣ ਨਾਲ ਨਰਕ ਜਾਣ ਬਾਰੇ ਪ੍ਰਚਲਤ ਭਰਮ ਤੋੜਨ ਲਈ ਉਪਦੇਸ਼ ਦਿੰਦੇ ਹਨ,
‘ਜੈਸਾ ਮਗਹਰੁ ਤੈਸੀ ਕਾਸੀ ਹਮ ਏਕੈ ਕਰਿ ਜਾਨੀ॥ ਹਮ ਨਿਰਧਨ ਜਿਉ ਇਹੁ ਧਨੁ ਪਾਇਆ ਮਰਤੇ ਫੂਟਿ ਗੁਮਾਨੀ॥ ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ॥ ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ॥’ (ਅੰਗ 969)
ਆਮ ਪ੍ਰਚਲਤ ਸੁਰਗ-ਨਰਕ ਦੇ ਸਿਧਾਂਤ ਦੀ ਥਾਂ ਗੁਰਬਾਣੀ ਸਿਖਾਉਂਦੀ ਹੈ,
‘ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ॥’ (ਅੰਗ 106)
ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸਾਨੂੰ ਸਿੱਖਿਆ ਦਿੰਦੇ ਹਨ ਕਿ ਮੌਤ ਬਾਅਦ ਦੀ ਮੁਕਤੀ ਬਾਰੇ ਦੰਭ ਜਾਂ ਪਰਪੰਚ ਕਰਨੇ (engaging in hypocritical and superstitious practices) ਮਨਮਤ ਹੈ, ਅਤੇ ਇਹ ਪਰਪੰਚ ਮਨੁਖ ਨੂੰ ਭੰਬਲ-ਭੂਸਿਆਂ ਵਿਚ ਪਾ ਕੇ ਗੁਰਮਤਿ ਤੋਂ ਦੂਰ ਲੈ ਜਾਂਦੇ ਹਨ। ‘ਸਿਖ ਰਹਿਤ ਮਰਯਾਦਾ’ ਅਨੁਸਾਰ ਅਸਥੀਆਂ (ਫੁੱਲ, ਹੱਡੀਆਂ) ਅੰਗੀਠੇ ਵਿਚੋਂ ਵਖ ਕਰਨਾ, ਅਸਥੀਆਂ ਕਿਸੇ ਖਾਸ ਥਾਂ ਤੇ ਪ੍ਰਵਾਹ ਕਰਨੀਆਂ, ਮ੍ਰਿਤਕ ਦੀ ਯਾਦਗਾਰ (ਸਮਾਧ, ਗੋਰ, ਮੜ੍ਹੀ) ਬਣਾਉਣੀ, ਸਰਾਧ ਕਰਾਉਣਾ, ਆਦਿ, ਮਨਮੀਤ ਹਨ। ਪ੍ਰੰਤੂ ਫਿਰ ਭੀ ਕਈ ਸਿੱਖ ਅਗਿਆਨਤਾ-ਵੱਸ, ਪਰੰਪਰਾ ਦੇ ਨਾਂ ਤੇ, ਜਾਂ ਦਿਖਾਵੇ ਲਈ, ਅਜਿਹਾ ਕਰੀ ਜਾ ਰਹੇ ਹਨ।
ਮਰਨ ਤੋਂ ਬਾਦ ਵਾਲੀ ਮੁਕਤੀ ਦੇ ਉਪਰਾਲੇ ਕਰਨੇ ਵਰਤਮਾਨ ਜੀਵਨ ਦੀਆਂ ਜ਼ਿੰਮੇਵਾਰੀਆਂ ਅਤੇ ਕਰਤਵਾਂ ਵੱਲੋਂ ਧਿਆਨ ਹਟਾ ਕੇ ਬੇਲੋੜੇ ਭੰਬਲ-ਭੂਸਿਆਂ ਅਤੇ ਕਰਮਕਾਂਡਾਂ ਦੇ ਚਕਰਾਂ ਵਿਚ ਪੈਣਾ ਹੈ, ਅਤੇ ‘ਸੱਪ ਲੰਘਣ ਮਗਰੋਂ ਲਕੀਰ ਨੱਪਣ’ ਵਾਲੀ ਗੱਲ ਹੈ। ਸੋਚਣਾ ਬਣਦਾ ਹੈ ਕਿ ਦੁਨੀਆਂ ਵਿਚ ਕੰਮ ਕਰਨ (ਖੇਤੀ, ਵਪਾਰ, ਨੌਕਰੀ, ਆਦਿ) ਦਾ ਇਵਜ਼ਾਨਾ, ਤਨਖਾਹ ਜਾਂ ਕੁਝ ਹੋਰ, ਉਸੇ ਵੇਲੇ ਜਾਂ ਥੋੜੇ ਸਮੇਂ ਵਿਚ ਮਿਲ ਜਾਂਦਾ ਹੈ, ਤਾਂ ਕੀ ਰੱਬ ਦੀ ਸੇਵਾ-ਭਗਤੀ ਏਨੀ ਕਮਜ਼ੋਰ ਹੈ ਕਿ ਉਸਦਾ ਫ਼ਲ ਮਰਨ ਤੋਂ ਬਾਦ ਹੀ ਮਿਲਦਾ ਹੈ? ਨਾਲੇ ਇਹ ਫ਼ਲ ਕਿਸੇ ਨੂੰ ਦਿਸਦਾ ਵੀ ਕਿਉਂ ਨਹੀਂ?
ਸੰਸਲੇਸ਼ਣ (Synthesis)
ਗੁਰਬਾਣੀ ਅਨੁਸਾਰ ਵਰਤਮਾਨ ਜੀਵਨ ਵਿਚ ਦੁੱਖਾਂ ਤੋਂ ਛੁਟਕਾਰਾ ਪਾਉਣਾ ਅਤੇ ਅਨੰਦ ਦੀ ਪ੍ਰਾਪਤੀ ਹੋਣੀ ਹੀ ਮੁਕਤੀ ਹੈ। ਗੁਰਬਾਣੀ ਅਜੇਹੀ ਜੀਵਨ-ਮੁਕਤੀ ਦਾ ਰਾਹ ਦੱਸਦੀ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਹਉਮੈ, ਤ੍ਰਿਸ਼ਨਾ ਵਰਗੇ ਦੀਰਘ ਰੋਗ, ਅਤੇ ਨਸ਼ੇ, ਝੂਠ, ਬੇਈਮਾਨੀ, ਭੈੜੀ ਸੋਚ ਅਤੇ ਕਰਮ, ਮੰਦੀਆਂ ਵਾਸ਼ਨਾਵਾਂ, ਆਦਿ ਦੀ ਗੁਲਾਮੀ ਹੀ ਮਨ ਦੇ ਅਸਲੀ ਜਮਦੂਤ ਅਤੇ ਮੁਕਤੀ ਦੇ ਰਾਹ ਵਿੱਚ ਰੁਕਾਵਟ ਦੱਸੇ ਗਏ ਹਨ। ਜੀਂਦੇ ਜੀ ਪ੍ਰਭੂ ਦੀ ਮਿਹਰ ਤੇ ਆਤਮਕ ਬਲ ਨਾਲ ਇਹਨਾਂ ਕਮਜ਼ੋਰੀਆਂ ਤੋਂ ਛੁਟਕਾਰਾ ਪਾਉਣ ਤੋਂ ਬਾਦ ਕਿਸੇ ਹੋਰ ਮੁਕਤੀ ਦੀ ਲੋੜ ਨਹੀਂ ਰਹਿੰਦੀ।
ਗੁਰਬਾਣੀ ਵਾਹਿਗੁਰੂ-ਪ੍ਰੇਮ ਦੀ ਨੇੜਤਾ ਨੂੰ ਸੁਰਗ ਤੇ ਦੂਰੀ ਨੂੰ ਨਰਕ ਮੰਨਦੀ ਹੈ। ਗਿਆਨਵਾਨ ਪ੍ਰਾਣੀ ਇਕ ਤਰ੍ਹਾਂ ਸਦਾ ਹੀ ਸੁਰਗ ਤੇ ਅਨੰਦ ਵਿਚ ਹੈ। ਗੁਰੂ ਨਾਨਕ ਜੀ ਨੇ ਸਮਝਾਇਆ ਕਿ ਗੁਰੂ ਤੋਂ ਗਿਆਨ ਪ੍ਰਾਪਤ ਕਰਕੇ, ਵਾਹਿਗੁਰੂ ਦੀ ਸਿਫਤ-ਸਾਲਾਹ ਕਰਕੇ, ਅਤੇ ਮਨ ਤੇ ਮਤ ਉੱਤੇ ਕਾਬੂ ਪਾਉਣ ਨਾਲ ਹੀ ਜੀਵਨ-ਮੁਕਤੀ ਮਿਲ ਸਕਦੀ ਹੈ। ਮੁਕਤ ਜੀਵ ‘ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥’ (ਅੰਗ 534) ਦੀ ਅਵਸਥਾ ਵਿਚ ਰਹਿੰਦਾ ਹੈ।
ਭਗਤ ਕਬੀਰ ਜੀ ਫ਼ੁਰਮਾਉਂਦੇ ਹਨ,
‘ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥’
(ਅੰਗ 1365)
ਗੁਰਬਾਣੀ ਅਨੁਸਾਰ ਗੁਰੂ ਦੇ ਉਪਦੇਸ਼ ਨਾਲ ਅਤੇ ਗੁਰਮੁਖਾਂ ਦੀ ਸੰਗਤ ਦ੍ਵਾਰਾ ਨਾਮ ਦੇ ਤਤ੍ਵ ਨੂੰ ਜਾਣਕੇ ਅਭਿਆਸ ਰਾਹੀਂ ਸਿਰਜਨਹਾਰ ਨਾਲ ਲਿਵ ਦਾ ਜੋੜਨਾ, ਦਸਾਂ ਨਹੁੰਆਂ ਦੀ ਕਿਰਤ ਭਾਵ ਹੱਕ ਦੀ ਕਮਾਈ ਕਰਨੀ, ਹਉਮੈ ਤਿਆਗ ਕੇ ਪਰਉਪਕਾਰ ਕਰਨਾ, ਅੰਤਹਕਰਣ (conscience) ਨੂੰ ਅਗਿਆਨਤਾ ਤੇ ਭ੍ਰਮਜਾਲ ਤੋਂ ਬਚਾਉਣਾ, ਸਰੀਰ ਨੂੰ ਅਪਵਤ੍ਰਿਤਾ ਤੋਂ ਪਾਕ ਰੱਖਣਾ, ਨਾਮ ਦਾਨ, ਆਦਿ, ਮੁਕਤੀ-ਪ੍ਰਾਪਤੀ ਦੇ ਸਾਧਨ ਹਨ।
ਸੰਸਾਰ ਦੇ ਕੰਮ-ਕਾਜ ਕਰਦਿਆਂ ਮਾਇਆ ਤੋਂ ਨਿਰਲੇਪ ਰਹਿ ਕੇ ਵਾਹਿਗੁਰੂ ਦੇ ਹੁਕਮ ਨੂੰ ਸਤਿ ਕਰਕੇ ਮੰਨਣਾ ਹੀ ਮੁਕਤੀ ਦਾ ਸਭ ਤੋਂ ਸਿਧਾ ਰਾਹ ਹੈ। ਇਸ ਵਾਸਤੇ ਘਰ-ਪਰਿਵਾਰ ਛੱਡਣ ਅਤੇ ਵਾਧੂ ਪਰਪੰਚ ਕਰਨ ਦੀ ਲੋੜ ਨਹੀਂ। ਗੁਰਬਾਣੀ ਦਾ ਫ਼ੁਰਮਾਣ ਹੈ,
‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥‘ (ਅੰਗ 1)
‘ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥’ (ਅੰਗ 522)
ਸਨਿਮਰ ਅਰਦਾਸ ਹੈ, ਵਾਹਿਗੁਰੂ ਸਾਨੂੰ ਸਭਨਾ ਨੂੰ ਗੁਰਬਾਣੀ ਅਨੁਸਾਰ ਜੀਵਨ ਜਿਉਣ ਦੀ ਸੋਝੀ ਬਖ਼ਸ਼ਣ ਤਾਂ ਕਿ ਵਰਤਮਾਨ ਜੀਵਨ ਵਿਚ ਹੀ ਕਥਿਤ ਜਮਦੂਤਾਂ ਤੋਂ ਮੁਕਤ ਹੋ ਸਕੀਏ।
ਲੇਖ ਵਿਚਲੀ ਬਹੁਤੀ ਸਮਗਰੀ ਦੇ ਸਰੋਤ
‘ਗੁਰਸ਼ਬਦ ਰਤਨਾਕਰ – ਮਹਾਨ ਕੋਸ਼’, ਕ੍ਰਿਤ ਭਾਈ ਕਾਨ੍ਹ ਸਿੰਘ ਨਾਭਾ, ਨੈਸ਼ਨਲ ਬੁਕ ਸ਼ਾਪ, ਚਾਂਦਨੀ ਚੌਕ, ਦਿੱਲੀ।
‘ਸੰਸਾਰ ਤੋਂ ਨਿਰੰਕਾਰ ਤੱਕ’, ਗਿ. ਅਮਰੀਕ ਸਿੰਘ, ਭਾ. ਚਤਰ ਸਿੰਘ ਜੀਵਨ ਸਿੰਘ, ਸ੍ਰੀ ਅੰਮ੍ਰਿਤਸਰ।
‘ਸਰਬ ਧਰਮ ਮਹਿ ਸ੍ਰੇਸਟ ਧਰਮ’, ਪ੍ਰਿੰ: ਸ. ਸ. ਅਮੋਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
‘ਸੁਖਾਲਾ ਮਾਰਗ’, ਪ੍ਰੋ: ਕਰਤਾਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
‘ਸ੍ਰੀ ਗੁਰੂ ਗਰੰਥ ਦਰਪਨ’, ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ, (on-line edition).
ਬੇਨਤੀ: ਜੇ ਵਿਚਾਰ ਚੰਗੇ ਲੱਗੇ ਹੋਣ ਤਾਂ ਆਪਣੇ ਪਿਆਰਿਆਂ ਨਾਲ ਲੇਖ ਸਾਂਝਾ ਕਰਨ ਦੀ ਕ੍ਰਿਪਾ ਕਰਨੀ ਜੀ।
*******