ਪੰਜਾਬ ਹਿਤੈਸ਼ੀਓ ! ਪੰਜਾਬ ਇਕ ਵਾਰ ਫਿਰ ਨੰਬਰ ਵਨ ਉੱਤੇ !
ਪੰਜਾਬ ਵਿਚ ਪੂਰੇ ਭਾਰਤ ਨਾਲੋਂ ਵਧ ਕੈਂਸਰ ਦੇ ਮਰੀਜ਼ ਹਨ ਕਿਉਂਕਿ ਪੰਜਾਬ ਵਿਚ ਸਭ ਤੋਂ ਵਧ ਕੈਮੀਕਲ ਫਰਟੀਲਾਈਜ਼ਰ ਵਰਤੇ ਜਾ ਰਹੇ ਹਨ।

ਡਾ. ਹਰਸ਼ਿੰਦਰ ਕੌਰ,ਐੱਮ.ਡੀ., ਪਟਿਆਲਾ (0175-2216783)
ਆਓ ਝਾਤ ਮਾਰੀਏ !
- ਕੈਂਸਰ ਨੇ ਪੰਜਾਬ ਦੇ ਪਿੰਡਾਂ ਵਿਚ ਮਚਾਈ ਤਬਾਹੀ। ਕਾਰਨ – ਕੀਟਨਾਸ਼ਕ ਸਪਰੇਅ ਵਿਚਲੇ ਕੈਮੀਕਲ!
- ਤਥ ਸਾਬਤ ਹੋ ਜਾਣ ਉੱਤੇ ਕੀਟਨਾਸ਼ਕ ਸਪਰੇਅ ਗਲਾਫੋਸੇਟ ਉੱਤੇ ਪੰਜਾਬ ਵਿਚ ਪਾਬੰਦੀ! ਇਸ ਕੀਟਨਾਸ਼ਕ ਸਦਕਾ ਜਿਗਰ ਹੋ ਰਹੇ ਫੇਲ੍ਹ ਅਤੇ ਕੈਂਸਰ ਵਿਚ ਭਾਰੀ ਵਾਧਾ! (ਟਾਈਮਜ਼ ਆਫ਼ ਇੰਡੀਆ 25 ਅਕਤੂਬਰ 2018)
- ਪੰਜਾਬ ਵਿਚ ਕੈਂਸਰ ਫੈਲਾਉਂਦੇ ਕੀਟਨਾਸ਼ਕਾਂ ਵਿਚ ਕੋਈ ਰੋਕ ਨਹੀਂ! (ਇੰਡੀਅਨ ਐਕਸਪ੍ਰੈਸ)
- ਪੰਜਾਬ ਦੀ ਧਰਤੀ ਹੁਣ ਜ਼ਹਿਰ ਉਗਲਣ ਲਗ ਪਈ। ਪੰਜਾਂ ਦਰਿਆਵਾਂ ਦੀ ਧਰਤੀ ਦੇ ਪਾਣੀ, ਹਵਾ ਅਤੇ ਜ਼ਮੀਨ ਦੇ ਹੇਠਾਂ ਵੀ ਜ਼ਹਿਰੀਲੇ ਕੈਮੀਕਲਾਂ ਦਾ ਭੰਡਾਰ ਜਮ੍ਹਾਂ ਹੈ। (ੲੰਡੀਆ ਵਾਟਰ ਪੋਰਟਲ (21 ਨਵੰਬਰ 2019)
- ਮਾਲਵਾ ਕੀਟਨਾਸ਼ਕ ਸਪਰੇਅ ਦਾ ਭੰਡਾਰ – ਭਾਰਤ ਦਾ ‘ਕੈਂਸਰ ਕੈਪੀਟਲ! ਪੂਰੇ ਪੰਜਾਬ ਵਿਚ ਵਰਤੇ ਜਾ ਰਹੇ ਕੈਮੀਕਲਾਂ ਦਾ 75 % ਹਿੰਸਾ ਸਿਰਫ਼ ਮਾਲਵਾ ਵਿਚ ਹੀ ਵਰਤਿਆ ਜਾ ਰਿਹਾ ਹੈ। ਪਿਛਲੇ 10 ਸਾਲਾਂ ਵਿਚ ਕੈਂਸਰ ਦੇ ਕੇਸਾਂ ਵਿਚ ਤਿੰਨ ਗੁਣਾ ਵਾਧਾ ਰਿਕਾਰਡ। ਏਸੇ ਹੀ ਦੌਰਾਨ 6 ਖੋਜਾਂ ਵਿਚ ਮਾਲਵਾ ਦੇ ਲੋਕਾਂ ਦੀ ਲਿਆਕਤ ਅਤੇ ਬੱਚੇ ਜੰਮਣ ਦੀ ਸਮਰਥਾ ਘਟੀਆਂ। ਹਵਾ, ਪਾਣੀ, ਮਿਟੀ ਅਤੇ ‘ਫੂਡ-ਚੇਨ’ (ਉਪਜ) ਵਿਚ ਭਾਰੀ ਮਾਤਰਾ ਵਿਚ ਕੀਟਨਾਸ਼ਕਾਂ ਦੇ ਅੰਸ਼ ਮਿਲੇ।
- ਮਾਲਵੇ ਦੇ ਦੋ ਪਿੰਡਾਂ-ਅਰਨੇਤੂ (ਪਟਿਆਲਾ ਜ਼ਿਲ੍ਹਾ) ਅਤੇ ਵਲੀਪੁਰ (ਲੁਧਿਆਣਾ ਜ਼ਿਲ੍ਹਾ) ਉੱਤੇ ਹੋਈ, ‘ਐਗਰੀਕਲਚਰਲ ਸਾਈਂਸਿਸ’ ਜਰਨਲ ਵਿਚ ਛਪੀ, ਖੋਜ ਵਿਚ ਲਭੇ ਤਥ ਛਪੇ। ਦੋਨਾਂ ਪਿੰਡਾਂ ਦੇ 81 % ਲੋਕ ਮੰਨੇ ਕਿ ਉਹ ਲੋੜੋਂ ਵਧ ਕੀਟਨਾਸ਼ਕ ਵਰਤ ਰਹੇ ਹਨ। ਕਣਕ ਬੀਜਣ ਲਗਿਆਂ ‘ਸੀਜ਼ਨ’ ਦੌਰਾਨ ਹੀ ਤਿੰਨ ਵਾਰ ਸਪਰੇਅ ਕੀਤਾ ਗਿਆ। ਮੀਂਹ ਦੇ ਬਾਦ ਧਰਤੀ ਹੇਠਲਾ ਪਾਣੀ ਕੀਟਨਾਸ਼ਕਾਂ ਤੇ ਫੈਕਟਰੀਆਂ ਦੀ ਗੰਦਗੀ ਤੋਂ ਪ੍ਰਦੂਸ਼ਿਤ ਹੋਇਆ। ਸਬਜ਼ੀਆਂ ਅਤੇ ਦਾਲਾਂ ਵਿਚ ਕਰੋਮੀਅਮ, ਮੈਂਗਨੀਜ਼, ਨਿਕਲ, ਕੌਪਰ, ਸਿਕਾ, ਕੈਡਮੀਅਮ ਅਤੇ ਯੂਰੇਨੀਅਮ ਭਾਰੀ ਮਾਤਰਾ ਵਿਚ ਲਭੇ ਜੋ ਇਨਸਾਨੀ ਸਰੀਰ ਕਿਸੇ ਵੀ ਹਾਲ ਵਿਚ ਜਰ ਹੀ ਨਹੀਂ ਸਕਦਾ।
ਘਗਰ ਨਦੀ ਦੇ ਪਾਣੀ ਵਿਚ ਜਿੰਨੇ ਜ਼ਹਿਰੀਲੇ ਤਤ ਲਭੇ ਹਨ, ਉਹ ਇਨਸਾਨੀ ਸਰੀਰ ਦੇ ਜਰ ਸਕਣ ਦੀ ਹਦ ਤੋਂ 100 ਗੁਣਾ ਵਧ ਹਨ। ਇਹ ਹਨ- ਨਿਕਲ, ਕਰੋਮੀਅਮ, ਐਂਟੀਮਨੀ, ਸਟਰੌਂਸ਼ੀਅਮ, ਮੈਂਗਨੀਜ਼, ਜ਼ਿੰਕ, ਟਿਨ, ਸਿੱਕਾ, ਕੈਡਮੀਅਮ, ਟਾਈਟੇਨੀਅਮ ਤੇ ਹੋਰ ਕਈ ਹਾਨੀਕਾਰਕ ਤਤ। ਇਨ੍ਹਾਂ ਤੋਂ ਜਿਗਰ, ਗੁਰਦੇ, ਦਿਮਾਗ਼, ਦਿਲ ਦੇ ਰੋਗਾਂ ਸਮੇਤ ਕੈਂਸਰ ਵੀ ਭਾਰੀ ਮਾਤਰਾ ਵਿਚ ਹੋ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨਾਲ ਪੀੜਤ ਲਗਭਗ ਹਰ ਘਰ ਵਿਚ ਸਨ। ਇਨ੍ਹਾਂ ਵਿਚ ਕੈਂਸਰ ਅਤੇ ਹੈਪਾਟਾਈਟਿਸ ਦਾ ਭੰਡਾਰ ਸੀ। ਅਨੇਕ ਬੱਚੇ ਜੰਮਦੇ ਹੀ ਮਰ ਗਏ, ਜਾਂ ਵਕਤ ਤੋਂ ਪਹਿਲਾਂ ਜੰਮੇ ਤੇ ਅਨੇਕ ਗਰਭ ਵਿਚ ਹੀ ਮਰ ਗਏ। ਇਨ੍ਹਾਂ ਦੀ ਬਾਕੀ ਪੰਜਾਬ ਨਾਲੋਂ 5 ਗੁਣਾ ਵਧ ਗਿਣਤੀ ਸੀ।
ਅਨੇਕਾਂ ਬੱਚੇ ਕਮਜ਼ੋਰ ਯਾਦਦਾਸ਼ਤ ਵਾਲੇ ਜਾਂ ਮੰਦਬੁਧ ਲਭੇ। ਕੁਝ ਦੇ ਦੰਦਾਂ ਦੁਆਲੇ ਜਬਾੜੇ ਉੱਤੇ ਨੀਲੀ ਲਕੀਰ ਲਭੀ ਜਾਂ ਦਾਗ਼ ਸੀ ਅਤੇ ਸਭ ਨੂੰ ਢਿਡ ਅਤੇ ਅੰਤੜੀਆਂ ਦੀਆਂ ਤਕਲੀਫ਼ਾਂ ਸਨ। ਇਨ੍ਹਾਂ ਦੇ ਸਰੀਰਾਂ ਵਿਚ ਮਾੜੇ ਕੈਮੀਕਲਾਂ ਲਭੇ। ਤਕਲੀਫ਼ਦੇਹ ਗਲ ਇਹ ਸੀ ਕਿ ਇਨ੍ਹਾਂ ਨੂੰ ਇਹ ਅੰਦਾਜ਼ਾ ਹੀ ਨਹੀਂ ਸੀ ਕਿ ਇਹ ਉਨ੍ਹਾਂ ਦੇ ਆਪਣੇ ਹੀ ਵਰਤੇ ਫਸਲਾਂ ਤੇ ਵਾਧੂ ਕੀਟਨਾਸ਼ਕਾਂ ਤੋਂ ਹੋ ਰਹੇ ਹਨ ਜੋ ਪਾਣੀ ਰਾਹੀਂ ਧਰਤੀ ਹੇਠ ਜ਼ਹਿਰ ਭਰ ਰਹੇ ਹਨ। ਇਨ੍ਹਾਂ ਕਿਸਾਨਾਂ ਨੂੰ ਆਰਗੈਨਿਕ ਖਾਦਾਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਤੇ ਉਹ ਕੀਟਨਾਸ਼ਕਾਂ ਨੂੰ ਛਡਣ ਬਾਰੇ ਹਿਚਕਿਚਾ ਰਹੇ ਸਨ। - ਕਈ ਖੋਜ ਪਤਰ ਵੀ ਇਸ ਸੰਬੰਧ ਵਿਚ ਛਪੇ ਹੋਏ ਹਨ।ਸਾਈਲੈਂਟ ਫੀਲਡਜ਼ (2 ਜੂਨ 2015) ਮੁਤਾਬਿਕ ਪੰਜਾਬ ਵਿਚ ਪੈਸਟੀਸਾਈਡ ਨੇ ਬੱਚਿਆਂ ਨੂੰ ਨਿਗਲਣਾ ਸ਼ੁਰੂ ਕੀਤਾ। ਖੂਹਾਂ ਵਿਚ ਪਾਣੀ ਇਹ “ਟੌਕਸਿਕ ਕੌਕਟੇਲ” ਭਰੇ ਪਏ ਹਨ ਤੇ 20 % ਵਿਚ ਨਾਈਟਰੇਟ 50 ਮਿਲੀਗ੍ਰਾਮ ਪ੍ਰਤੀ ਲਿਟਰ ਤੋਂ ਕਈ ਗੁਣਾ ਵਧ ਹੋਣ ਨਾਲ ਬੱਚਿਆਂ ਵਿਚ ‘ਬਲੂ ਬੇਬੀ ਸਿੰਡਰੋਮ’ (ਮੈਟਹੀਮੋਗਲੋਬੀਨੀਮੀਆ) ਬੀਮਾਰੀ (ਨੀਲਾ ਪੈ ਜਾਣਾ) ਦਿਸਣ ਲਗ ਪਈ ਹੈ।
- ਆਲ ਇੰਡੀਆ ਇੰਸਟੀਚਿਊਟ ਦਿੱਲੀ ਵਿਚ ਬੱਚਿਆਂ ਅੰਦਰ ਸਿੱਕੇ, ਨਿਕਲ ਅਤੇ ਆਰਸੈਨਿਕ ਦੇ ਅੰਸ਼ ਮਿਲੇ।ਆਂਧਰਾ ਪ੍ਰਦੇਸ ਦੇ ਇਲੂਰੂ ਇਲਾਕੇ ਵਿਚ ਇਕੋ ਸਮੇਂ 600 ਲੋਕ ਹਸਪਤਾਲ ਦਾਖਲ ਹੋਏ ਜਿਨ੍ਹਾਂ ਦੇ ਸਰੀਰਾਂ ਅੰਦਰ ਸਬਜ਼ੀਆਂ ਉੱਤੇ ਛਿੜਕੇ ਜਾਣ ਵਾਲੇ ਕੀਟਨਾਸ਼ਕ ਲੱਭੇ ਜੋ ਕੀਟਨਾਸ਼ਕ ਪਾਣੀ ਅਤੇ ਖਾਣੇ ਰਾਹੀਂ ਸਰੀਰਾਂ ਅੰਦਰ ਲੰਘ ਰਹੇ ਹਨ।
- ਸੰਗਰੂਰ ਦੀ ਜੈਸਮੀਨ ਖ਼ਾਨ ਨੇ ਆਪਣੇ 14 ਮਹੀਨੇ ਦੇ ਬੱਚੇ ਨੂੰ ਕੈਂਸਰ ਦੀ ਬੀਮਾਰੀ ਨਾਲ ਮਰਦਿਆਂ ਵੇਖਿਆ। ਪੀ.ਜੀ.ਆਈ. ਚੰਡੀਗੜ੍ਹ ਤੋਂ ਪਤਾ ਲਗਾ ਕਿ ਪਾਣੀ ਵਿਚ ਰਲੇ ਕੈਮੀਕਲਾਂ ਤੋਂ ਇਹ ਬੀਮਾਰੀ ਹੋਈ। ਹੁਣ ਗੱਡੀ ਨੰਬਰ 54703 ਬੀਕਾਨੇਰ ਵਲ 60-ਕੁ ਮਰੀਜ਼ ਕੈਂਸਰ ਦੇ ਇਲਾਜ ਲਈ ਰੋਜ਼ ਲਿਜਾ ਰਹੀ ਹੈ! (ਫਸਟ ਪੋਸਟ ਰਿਪੋਰਟ)।
- ਪੰਜਾਬ ਵਿਚ ਪੂਰੇ ਭਾਰਤ ਨਾਲੋਂ ਵਧ ਕੈਂਸਰ ਦੇ ਮਰੀਜ਼ ਹਨ ਕਿਉਂਕਿ ਪੰਜਾਬ ਵਿਚ ਸਭ ਤੋਂ ਵਧ ਕੈਮੀਕਲ ਫਰਟੀਲਾਈਜ਼ਰ ਵਰਤੇ ਜਾ ਰਹੇ ਹਨ। ਜਿਥੇ ਪੂਰੇ ਭਾਰਤ ਵਿਚ 80 ਕੈਂਸਰ ਦੇ ਮਰੀਜ਼ ਪ੍ਰਤੀ ਇਕ ਲਖ ਲੋਕਾਂ ਵਿਚੋਂ ਹਨ, ਪੰਜਾਬ ਵਿਚ ਇਹ 90 ਹਨ। ਇਹ ਕਹਿਣਾ ਅਤਿ ਕਥਨੀ ਨਹੀਂ ਕਿ ਪੰਜਾਬ ਵਿਚ ਅੰਨ ਨਹੀਂ, ਮੌਤ ਬੀਜੀ ਜਾਣ ਲਗ ਪਈ ਹੈ। (ਇੰਡੀਅਨ ਸਟੇਟ ਵਿਅਰ ਫਾਰਮਰਜ਼ ਸੋ ਸੀਡਜ਼ ਆਫ ਡੈੱਥ) (“ਦਾ ਗ਼ਾਰਡੀਅਨ”, 1 ਜੁਲਾਈ 2019)।
- ਅਬੋਹਰ, ਜੋਧਪੁਰ ਐਕਸਪ੍ਰੈਸ ਹੁਣ “ਕੈਂਸਰ ਟਰੇਨ” ਜਾਣੀ ਜਾਂਦੀ ਹੈ ਜਿਸ ਵਿਚ ਬੀਕਾਨੇਰ ਤੋਂ ਸਸਤੇ ਇਲਾਜ ਲਈ ਰੋਜ਼ 100 ਕੈਂਸਰ ਦੇ ਮਰੀਜ਼ ਅਤੇ 200 ਨਾਲ ਜਾਣ ਵਾਲੇ ਸਫਰ ਕਰਦੇ ਹਨ। ਕਾਰਨ 1.5 % ਦੀ ਥਾਂ 20 % ਕੀਟਨਾਸ਼ਕ ਵਰਤੇ ਜਾ ਰਹੇ ਹਨ, 18 ਨਵੇਂ ਮਰੀਜ਼ ਹਰ ਰੋਜ਼ ਕੈਂਸਰ ਦੇ ਆ ਰਹੇ ਹਨ। (ਹਾਰਵੈਸਟ ਔਫ ਕੈਂਸਰ, 8 ਫਰਵਰੀ 2021)।
- ਭਾਰਤ ਸਰਕਾਰ ਦੀ ਰਿਪੋਰਟ ਹੈ ਕਿ 2010 – 2015 ਵਿਚ ਕੀਟਨਾਸ਼ਕਾਂ ਦੀ ਵਰਤੋਂ ਵਿਚ 50 % ਵਾਧਾ ਹੋਇਆ, ਜੋ ਮਹਾਰਾਸ਼ਟਰ ਤੇ ਉੱਤਰ ਪ੍ਰਦੇਸ ਤੋਂ ਬਾਦ ਪੰਜਾਬ ਵਿਚ ਸੀ ਤੇ ‘ਪਰ ਹੈਕਟੇਅਰ’ ਪੂਰੇ ਭਾਰਤ ਵਿਚੋਂ ਪੰਜਾਬ ਪਹਿਲੇ ਨੰਬਰ ਉੱਤੇ ਹੈ! ਹਰੀਕੇ ਵਿਚ ਮੱਛੀਆਂ, ਪੰਛੀ, ਕੀਟ-ਪਤੰਗੇ, ਬੂਟੇ ਅਤੇ ਧਰਤੀ ਲਈ ਵਧੀਆ ਕੀਟਾਣੂ ਵੀ ਖ਼ਤਮ ਹੁੰਦੇ ਜਾ ਰਹੇ ਹਨ।ਹਵਾ ਰਾਹੀਂ ਦੂਰ ਦੁਰੇਡੇ ਵਾਲੀਆਂ ਥਾਵਾਂ ਵੀ ਇਨ੍ਹਾਂ ਦੇ ਪ੍ਰਭਾਵ ਹੇਠ ਆਉਣ ਲਗ ਪਈਆਂ ਹਨ। ਧਰਤੀ ਹੇਠਾਂ ਸਿੰਮ ਕੇ ਇਹ ਹਰ ਤਰ੍ਹਾਂ ਦੀ ਉਪਜ ਅੰਦਰ ਪਹੁੰਚੇ ਹੋਏ ਹਨ। ਕੀਟਨਾਸ਼ਕ ਫੈਕਟਰੀਆਂ ਨੂੰ ਜੇ ਅਜ ਪੂਰੀ ਤਰ੍ਹਾਂ ਰੋਕ ਵੀ ਲਾ ਦਿਤੀ ਜਾਵੇ ਤਾਂ ਸ਼ਾਇਦ ਪੂਰੀ ਧਰਤੀ ਨੂੰ ਤੰਦਰੁਸਤ ਹੋਣ ਵਿਚ ਇਕ ਸਦੀ ਲਗ ਸਕਦੀ ਹੈ।
- ਇੰਡੀਆ ਵਾਟਰ ਪੋਰਟਲ ਅਨੁਸਾਰ ਇਹ ਕੈਮੀਕਲ ਗੁਰਦੇ, ਜਿਗਰ, ਦਿਲ, ਦਿਮਾਗ਼, ਪੱਠਿਆਂ, ਅੱਖਾਂ ਦੇ ਨੁਕਸ ਪੈਦਾ ਕਰਨ ਦੇ ਨਾਲ ਥਾਇਰਾਇਡ, ਨਸਾਂ ਦੇ ਰੋਗ, ਕੈਂਸਰ ਅਤੇ ਬੱਚੇ ਜੰਮਣ ਦੀ ਸਮਰਥਾ ਉੱਤੇ ਵੀ ਡੂੰਘਾ ਅਸਰ ਪਾ ਰਹੇ ਹਨ।
ਮੌਜੂਦਾ ਹਾਲਾਤ ਕੀ ਹਨ ?
ਯੂਨਾਈਟਿਡ ਨੇਸ਼ਨਜ਼ ਖੁਰਾਕ ਵਿਚ ਕੀਟਨਾਸ਼ਕਾਂ ਦੇ ਅੰਸ਼ਾਂ ਤੇ ਚਿੰਤਿਤ ਹੈ। ‘ਕਲੀਨੀਕਲ ਮੈਡੀਕਲ ਥੈਰਾਪਿਊਟਿਕਸ’ ਅਨੁਸਾਰ ਪੰਜਾਬ ਦੇ 12 ਸਾਲਾਂ ਤੋਂ ਛੋਟੇ ਬਚਿਆਂ ਦੇ ਵਾਲਾਂ ਅਤੇ ਪਿਸ਼ਾਬ ਵਿਚ ਸਿੱਕਾ, ਕੈਡਮੀਅਮ, ਬੇਰੀਅਮ, ਮੈਂਗਨੀਜ਼ ਅਤੇ ਯੂਰੇਨੀਅਮ ਦੀ ਮਾਤਰਾ ਕਈ ਗੁਣਾ ਵਧ ਲਭੀ। ਕੀਟਨਾਸ਼ਕਾਂ ਦੀ ਵਰਤੋਂ ਹਰ ਸਾਲ 42.66 ਮਿਲੀਅਨ ਅਮਰੀਕਨ ਡਾਲਰਾਂ ਜਿੰਨੀ ਫਸਲ ਕੀਟ ਪਤੰਗਿਆਂ ਤੋਂ ਬਚਾਉਣਾਂ ਸੀ। ਪਰ ਬੇਹਿਸਾਬੀ ਵਰਤੋਂ ਕਰ ਕੇ ਪੂਰੀ ਅਗਲੀ ਪੁਸ਼ਤ ਦੀ ਨਸਲਕੁਸ਼ੀ ਕਰਨ ਵਲ ਨੂੰ ਚਾਲੇ ਪਾ ਕੇ ਪੰਜਾਬੀ ਆਪਣੇ ਲਾਇਲਾਜ ਰੋਗਾਂ ਕਾਰਣ ਦੁਨੀਆ ਨੂੰ ਅਲਵਿਦਾ ਕਹਿੰਦੇ ਜਾ ਰਹੇ ਹਨ। ਪੰਜਾਬੀ ਬੱਚੇ ਜਾਂ ਤਾਂ ਸਤਮਾਹੇ ਜੰਮ ਰਹੇ ਹਨ, ਜਾਂ ਕੁਖ ਅੰਦਰ ਮਰ ਰਹੇ ਹਨ ਜਾਂ ਛੋਟੀ ਉਮਰੇ ਕੈਂਸਰ ਸਹੇੜ ਰਹੇ ਹਨ। ਜਿਹੜੇ ਬਚ ਗਏ, ਉਨ੍ਹਾਂ ਵਿਚੋਂ ਬਥੇਰੇ ਅਗੋਂ ਬਚੇ ਜੰਮਣ ਯੋਗ ਨਹੀਂ ਰਹੇ! ਕੀ ਹਾਲੇ ਵੀ ਆਰਗੈਨਿਕ ਖਾਦਾਂ ਸ਼ੁਰੂ ਕਰਨ ਵਿਚ ਹੋਰ ਦੇਰੀ ਦੀ ਲੋੜ ਹੈ? ਜਿਹੜੇ ਉਂਗਲਾਂ ਉੱਤੇ ਗਿਣੇ ਜਾਣ ਵਾਲੇ ਲੋਕ ਪੰਜਾਬ ਪ੍ਰਤੀ ਪੀੜ ਨੂੰ ਪਾਲਦੇ, ਰੁਖ ਲਾਉਂਦੇ, ਪਲੀਤ ਪਾਣੀ ਸਾਫ਼ ਕਰਦੇ, ਕੁਦਰਤੀ ਖੇਤੀ ਨੂੰ ਤਰਜੀਹ ਦਿੰਦੇ ਅਤੇ ਲੋਕਾਂ ਨੂੰ ਕੈਂਸਰ ਤੋਂ ਬਚਾਉਣ ਦੇ ਜਤਨਾਂ ਵਿਚ ਜੁਟੇ ਹਨ, ਪੰਜਾਬ ਦੇ ਅਸਲ ਜੋਧੇ ਅਤੇ “ਪੰਜਾਬ ਰਤਨ” ਹਨ, ਜੋ ਪੰਜਾਬੀਆਂ ਦੀ ਪੌਦ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ! - ਜਾਗੋ ਪੰਜਾਬੀਓ, ਹਾਲੇ ਵੀ ਵੇਲਾ ਹੈ, ਕੀਟਨਾਸ਼ਕਾਂ ਤੋਂ ਤੌਬਾ ਕਰ ਲਈਏ, ਨਹੀਂ ਤਾਂ ਇਹ ਧਰਤੀ, ਮਾਂ ਬਣਨ ਦੀ ਥਾਂ, ਡਾਇਣ ਬਣ ਕੇ ਸਾਨੂੰ ਚੱਬ ਜਾਏਗੀ! ਇਹੋ “ਸਾਰ” ਹੈ। ਰੱਬ ਖ਼ੈਰ ਕਰੇ।