(ਗੁਰੂ ਨਾਨਕ ਬਾਣੀ ਦੇ ਪ੍ਰਸੰਗ ਵਿੱਚ)
ਸਮੈਟਿਕ ਪ੍ਰੰਪਰਾ ਅਨੁਸਾਰ ਆਦਮ ਤੇ ਹਵਾ ਨੂੰ ਸਵਰਗ ਦੇ ਬਾਗ ਵਿਚ ਖਾਣ ਲਈ ਸੇਬ ਹੀ ਮਿਲਿਆ ਸੀ ਜਿਸ ਨੂੰ ਖਾਣ ਉਪਰੰਤ ਗ੍ਰਹਿਸਥ ਜੀਵਨ ਅਰੰਭ ਹੋਇਆ ਦੱਸਿਆ ਜਾਂਦਾ ਹੈ। ਗੁਰਬਾਣੀ ਤਾਂ ਪਰਮਾਤਮਾ ਨੂੰ ਹੀ ਵੱਡਾ ਗ੍ਰਹਿਸਥੀ, ਵੱਡਪਰਵਾਰੀ ਅਤੇ ਸਭ ਪਰਜਾ ਦਾ ਮਾਤ-ਪਿਤਾ ਮੰਨਦੀ ਹੈ । ਖੁਦਾ, ਰੱਬ, ਗਾਡ, ਭਗਵਾਨ-ਹਰੀ ਪ੍ਰਮਾਤਮਾ ਜਿਸਨੂੰ ਗੁਰਮਤਿ ਨੇ ਵਾਹਿਗੁਰੂ ਅਕਾਲ ਪੁਰਖ ਦੱਸਿਆ ਹੈ, ਉਸ ਦੀ ਮਹਾਂ ਯੋਜਨਾ ਦੇ ਅੰਤਰਗਤ ਹੀ ਇਸ ਧਰਤੀ ਧਰਮਸ਼ਾਲਾ ਦੇ ਉੱਤੇ ਭਰਪੂਰ ਖਜ਼ਾਨੇ ਬਖਸ਼ੇ ਗਏ ਹਨ । ਇਸ ਦੇ ਨਾਲ ਹੀ ਮਨੁੱਖ ਦੇ ਮਸਤਕ ਵਿਚ ਸੋਚਣ ਸ਼ੱਕਤੀ ਦਿੱਤੀ ਹੈ ਜਿਸ ਨੂੰ ਵਰਤਦਿਆਂ ਹੋਇਆ, ਸਭਿਅਤਾਂਵਾਂ ਦੇ ਲੰਮੇ ਅਨੁਭਵ ਪਿੱਛੋਂ ਅਜੋਕੀ ਵਿਸ਼ਵਵਰਤੀ ਵਿਗਿਆਨਕ ਸਮਾਜਿਕ-ਆਰਥਕ ਵਿਵਸਥਾ ਹਾਸਲ ਹੋਈ ਹੈ । ਜੰਗਲੀ ਫੱਲ ਪਦਾਰਥ, ਪੱਤੇ ਝਾੜੀਆਂ, ਸਬਜ਼ੀਆਂ ਅਤੇ ਅਨਾਜ ਦੀ ਕਾਸ਼ਤ ਦੀ ਲੰਬੀ ਲੜੀ ਉਪਰੰਤ ਹੁਣ ਵਿਗਿਆਨਕ ਖੇਤੀ ਦਾ ਯੁੱਗ ਆਣ ਪੁੱਜਾ ਹੈ । ਉਦਯੋਗਿਕੀ ਤਕਨੀਕ, ਅਤਿ ਸਰਲ ਤੋਂ ਸਰਲ, ਮਕਾਨਕੀ ਅਤੇ ਬਿਜਲਈ ਹੁੰਦੀ ਹੋਈ, ਹੁਣ ਕੰਪਿਊਟਰੀਕ੍ਰਿਤ ਸ੍ਵੈਚਲਤ ਵੀ ਹੋ ਗਈ ਹੈ । ਏਨਾ ਕੁਝ ਹੁੰਦੇ ਹੋਏ ਵੀ ਅਜੇ ਦੁਨੀਆਂ ਵਿੱਚਲੇ ਬਹੁਤ ਖੇਤਰਾਂ ਵਿੱਚ ਭੁੱਖਮਰੀ, ਮਹਾਂਮਾਰੀ, ਅਨਪੜ੍ਹਤਾ, ਜਹਾਲਤ-ਦਲਿੱਦਰ, ਜ਼ੁਲਮ-ਵਧੀਕੀ ਆਦਿ ਖਤਮ ਨਹੀਂ ਹੋਏ । ਇਸ ਹਾਲਤ ਨੂੰ ‘ਬਹੁਲਤਾ ਵਿੱਚ ਗਰੀਬੀ’ (ਫੋਵੲਰਟੇ ਨਿ ਫਲੲਨਟੇ) ਕਿਹਾ ਜਾਂਦਾ ਹੈ । ਇਸ ਸਥਿਤੀ ਦੇ ਕਾਰਣ ਲੱਭਦਿਆਂ ਵੀ ਮਾਹਿਰਾਂ ਨੂੰ ਕਈ ਦਹਾਕੇ ਬੀਤ ਗਏ ਹਨ ਅਤੇ ਸਮਾਜਿਕ-ਆਰਥਕ ਸਰਬਪੱਖੀ ਖੁਸ਼ਹਾਲੀ ਨੂੰ ਨਿਰਧਾਰਤ ਕਰਨ ਵਾਲੇ ਤੱਤ ਖੋਜਣ ਵਿਚ ਵੀ ਕਈ ਸਿਧਾਂਤ, ਮਾਡਲ, ਸੂਚਕਾਂਕ ਆਂਦਿ ਘੜ ਲਏ ਗਏ ਹਨ । ਨੋਬਲ ਪੁਰਸਕਾਰ ਹਾਸਲਕਰਤਾ ਡਾ. ਅੰਮ੍ਰਿਤਯ ਸੇਨ ਨੇ ਇਹ ਸਿੱਟਾ ਕੱਢਿਆ ਸੀ ਕਿ ‘ਗਰੀਬੀ ਦਾ ਕਾਰਣ, ਘੱਟ ਉਤਪਾਦਨ ਨਹੀਂ ਹੈ, ਸਗੋਂ ਵੰਡ ਪ੍ਰਣਾਲੀ ਵਿੱਚ ਨੁਕਸ ਹੈ’ । ਗੁਰੂ ਨਾਨਕ ਇਹ ਸੱਚ 550 ਸਾਲ ਪਹਿਲਾਂ ਹੀ ਬਿਆਨ ਕਰ ਚੁੱਕੇ ਹਨ ।
ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ॥

ਸਾਰੀ ਧਰਤੀ ਦੇ ਖਣਿਜ ਪਦਾਰਥ, ਫੱਲ-ਫੁੱਲ, ਬਨਸਪਤੀ ਅਤੇ ਮਾਨਵੀ ਨਿਰਮਤ ਸਾਧਨ ਬੇਸ਼ੁਮਾਰ ਹਨ। ਬਾਓਰ ਅਤੇ ਯਾਮੇ ਨੇ ਵੀ ਹਾਮੀ ਭਰੀ ਹੈ; “ਗਰੀਬ ਦੇਸ਼ਾਂ ਦੇ ਕੋਲ ਸਾਧਨ ਤਾਂ ਹਨ ਪਰ ਸਾਧਨ ਜਾਂ ਅਣਵਰਤੇ ਹੀ ਹਨ, ਘੱਟ ਵਰਤੇ ਗਏ ਹਨ ਅਤੇ ਜਾਂ ਇਨ੍ਹਾਂ ਦੀ ਗਲਤ ਵਰਤੋਂ ਹੋਈ ਹੈ”। “ ਅਮੀਰੀ ਜਾਂ ਖੁਸ਼ਹਾਲੀ ਨੂੰ ਆਰਥਕ ਵਿਕਾਸ ਜਾਂ ਆਰਥਕ ਵਾਧਾ ਕਿਹਾ ਜਾਂਦਾ ਹੈ। ਗਰੀਬ ਦੇਸ਼ਾਂ ਵਿੱਚ ਜਿੱਥੇ ਅਜੇ ਪੁੱਲ, ਸੜਕਾਂ, ਹਸਪਤਾਲ, ਸਕੂਲ, ਪਾਣੀ, ਸੀਵਰੇਜ, ਕਾਰਖਾਨੇ ਆਦਿ ਸਥਾਪਤ ਹੋ ਰਹੇ ਹਨ, ਉਥੇ ਧਾਰਨਾ ‘ਆਰਥਕ ਵਿਕਾਸ’ ਮੰਨੀ ਜਾਂਦੀ ਹੈ । ਅਮੀਰ ਦੇਸ਼ਾਂ ਵਿੱਚ ਜਿੱਥੇ ਇਹ ਸਭ ਕੁੱਝ ਬਣ ਚੁੱਕਾ ਹੈ, ਆਰਥਕ ਵਾਧਾ ਕਿਹਾ ਜਾਂਦਾ ਹੈ। ਮੁੱਖ ਅੰਤਰ ‘ਆਰਥਕ ਵਿਕਾਸ ਦੀ ਪ੍ਰਕਿਰਤੀ ਦਾ ਹੈ। ਗੁਰੂ ਨਾਨਕ, ਜਪੁੱਜੀ ਵਿਚ ਆਰਥਕ ਵਸੀਲਿਆ ਦੀ ਗੱਲ ਤੋਰਦੇ ਹਨ, ਮਾਨਵੀ ਵਿਵਹਾਰ ਦੀ ਪੜਤਾਲ ਅਤੇ ਹੋਰ ਬਾਣੀ ਰੂਪਾਂ ਵਿੱਚ ਖੁਸ਼ਹਾਲੀ ਦੇ ਅਸਲ ਅਰਥ ਸਮਝਾਉਂਦੇ ਹੋਏ ਕੇਵਲ ਮਾਇਆ ਦੀ ਹੋਂਦ ਨੂੰ ਹੀ ਖੁਸ਼ਹਾਲੀ, ਵਿਕਾਸ ਜਾਂ ਵਾਧੇ ਦਾ ਜਾਮਨ ਨਹੀਂ ਮੰਨਦੇ। ਮਨੁੱਖ ਦਾ ਵਿਅਕਤੀਗਤ, ਪਰਵਾਰਿਕ, ਸਮੂਹਿਕ ਅਤੇ ਵਿਆਪਕ ਵਰਤਾਓ ਹੀ ਤਾਂ ਆਰਥਕ ਸਾਧਨ ਹੈ । ਵਰਤਾਓ ਹੀ ਤਾਂ ਆਰਥਕ ਸਾਧਨਾ ਦੀ ਵਰਤੋਂ, ਸੋਸ਼ਣ-ਉਪਯੋਗ ਅਤੇ ਵੰਡ ਨੂੰ ਨਿਰਧਾਰਤ ਕਰਦਾ ਹੈ । ਭਾਵ, ਪੈਸੇ, ਪੂੰਜੀ ਅਤੇ ਸਾਧਨਾ ਤੋਂ ਅੱਗੇ, ਗੈਰ-ਆਰਥਕ ਤੱਤਾਂ, ਸੰਗਠਨ ਯੋਗਤਾ ਅਤੇ ਮਾਨਵੀ ਗੁਣਾਂ ਦਾ ਪ੍ਰਭਾਵ, ਖੁਸ਼ਹਾਲੀ ਦੀ ਦਸ਼ਾ ਅਤੇ ਦਿਸ਼ਾ ਨੂੰ ਨਿਸਚਤ ਕਰਦਾ ਹੈ ।
ਪ੍ਰਸਿੱਧ ਅਰਥਵਿਗਿਆਨੀ ਕੇਅਰਨਕ੍ਰਾਸ ਨੇ ਸਹੀ ਕਿਹਾ ਹੈ “ਵਿਕਾਸ ਕੇਵਲ ਬਹੁਤ ਸਾਰਾ ਧਨ ਹੋਣ ਦਾ ਮਸਲਾ ਨਹੀਂ ਹੈ ਤੇ ਨਾ ਹੀ ਇਹ ਸ਼ੁੱਧ ਆਰਥਕ ਧਾਰਨਾ ਹੀ ਹੈ । ਇਹ ਸਮਾਜਿਕ ਵਿਹਾਰ ਦੇ ਸਾਰੇ ਪੱਖਾਂ ਨਾਲ ਜੁੜਿਆ ਹੈ; ਅਮਨ ਕਾਨੂੰਨ ਦੀ ਸਥਾਪਨਾ ਨਾਲ, ਵਿਵਸਾਇਕ ਵਿਹਾਰਾਂ ਅਤੇ ਮਾਲ ਅਧਿਕਾਰੀਆਂ ਨਾਲ ਵਿਹਾਰਾਂ ਵਿਚ ਸੁਹਿਰਦਤਾ, ਪਰਿਵਾਰਾਂ ਦੇ ਵਿੱਚ ਸਬੰਧਾਂ, ਸਿੱਖਿਆਂ ਪੱਧਰ, ਮਕਾਨਕੀ ਢੰਗਾਂ ਵਿਧੀਆਂ ਨਾਲ ਜਾਣ ਪਹਿਚਾਣ, ਇਤ ਆਦਿਕ” । ਮਨੁੱਖ ਦੀ ਭੁੱਖ ਕਦੇ ਨਹੀਂ ਮੁੱਕ ਸਕਦੀ (ਲੋੜਾਂ ਵੀ ਅਤੇ ਜੇ ਲਾਲਚ ਹੋਵੇ ਤਾਂ ਹੋਰ ਵੀ ਔਖਾ ਹੈ), ਇਹ ਸੱਚ ਜਪੁਜੀ ਦੇ ਅਰੰਭ ਵਿਚ ਹੀ ਦਿੱਤਾ ਗਿਐ;
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥
ਕਾਦਰ ਨੇ ਕੁਦਰਤ ਦੇ ਅੰਦਰ ਅਥਾਹ ਵਸਤਾਂ ਦਿੱਤਆਂ ਹੋਈਆਂ ਹਨ, ਜੀਵ, ਪ੍ਰਾਪਤ ਕਰਦੇ ਥੱਕ ਟੁੱਟ ਚਲੇ ਜਾਂਦੇ ਹਨ;
ਦੇਦਾ ਦੇ ਲੈਦੇ ਥਕਿ ਪਾਹਿ ॥ਜੁਗਾ ਜੁਗੰਤਰਿ ਖਾਹੀ ਖਾਹਿ ॥
ਰੱਬੀ ਹੋਂਦ ਦਾ ਭਰੋਸਾ ਹੋਣ ਤੇ, ਕਈ ਰੂਪਾਂ ਵਿਚ , ਆਪਣੀਆ ਲੋੜਾਂ ਅਤੇ ਲਾਲਸਾਂਵਾਂ ਦੇ ਅਨੁਸਾਰ ਲੋਕ ਮੰਗਦੇ ਰਹਿੰਦੇ ਹਨ । ਗੁਰੂ ਨਾਨਕ ਦੇਵ ਜੀ ਨੇ ਖੁਸ਼ਹਾਲੀ ਦਾ ਅਸਲ ਮੰਤਰ ਮੰਗਣ ਵਿਚ ਨਹੀਂ ਦੱਸਿਆ, ਸਗੋਂ ‘ਮਤਿ’ ਨੂੰ ਪ੍ਰਗਾਸਇਆ ਹੈ;
ਮਤਿ ਵਿਚਿ ਰਤਨ ਜਵਾਹਰ ਮਾਣਿਕ, ਜੇ ਇਕ ਗੁਰ ਕੀ ਸਿਖ ਸੁਣੀ ॥.
ਰੱਬ ਨੂੰ ਧਿਆਉਣ ਵਾਲੇ, ਰੱਬ ਨੂੰ ਕੀ ਦੇ ਸਕਦੇ ਹਨ ? ਸਗੋਂ ਮੰਗਣ ਤੋਂ ਬਿਨਾ ਰਹਿ ਹੀ ਨਹੀਂ ਸਕਦੇ । ਹੇ ਦਾਤਾ (ਗੁਰੂ ਨਾਨਕ ਜੀ ਕਹਿੰਦੇ ਹਨ), ਤੂੰ ਸਭ ਨੂੰ ਦੇਣ ਵਾਲਾ ਹੈਂ ਅਤੇ ਜੀਵਾਂ ਦੇ ਅੰਦਰ ਵੀ ਤਾਂ ਤੂੰ ਹੀ ਹੈ ।
ਤੁਧਨੋ ਸੇਵਹਿ ਤੁਝੁ ਕਿਆ ਦੇਵਹਿ ਮਾਂਗਹਿ ਲੇਵਹਿ ਰਹਹਿ ਨਾਹੀ॥(1254)
ਆਮ ਜੀਵਨ ਵਿਚ ‘ਵਿਕਾਸ’ ਸ਼ਬਦ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ । ਵਿਕਾਸ ਨੂੰ ਮਾਪਣ ਦੇ ਬਹੁਤ ਸਾਰੇ ਢੰਗ ਤਰੀਕੇ ਅਤੇ ਸੂਚਕ ਅੰਕ, ਮਾਪਕ ਯੰਤਰ ਤੇ ਵਿਧੀਆਂ ਦੀ ਖੋਜ ਹੋ ਚੁੱਕੀ ਹੇ । ਇਨ੍ਹਾਂ ਵਿਚ ਪੈਸੇ ਦੀ ਹੋਂਦ, ਪਦਾਰਥਾਂ ਦੀ ਬਹੁਲਤਾ ਅਤੇ ਉਤਪਾਦਨ ਦਾ ਬਹੁਤਾ ਹੋਣਾ ਕਾਫੀ ਨਹੀਂ ਮੰਨਿਆ ਜਾਂਦਾ ਹੈ । ਮਾਨਵੀ ਸਮਾਜ ਵਿਚ ਹਰੇਕ ਦਾ ਮਾਣ ਸਨਮਾਨ, ਇਸਤਰੀ ਪੁਰਸ਼ ਬਰਾਬਰਤਾ, ਅਸਲ ਦੀ ਗਰੀਬੀ ਤੋਂ ਛੁੱਟਕਾਰਾ, ਸਿੱਖਿਆ, ਤਕਨੀਕੀ ਯੋਗਤਾ, ਖੋਜ, ਨੈਤਿਕਤਾ ਤੇ ਸੋਹਣੀ ਸਿਹਤ ਆਦਿ ਦੇ ਤੱਤ ਸ਼ਾਮਲ ਹੁੰਦੇ ਹਨ । ਇਸ ਸਭ ਕੁੱਝ ਨੂੰ ਇਕ ਉਦਾਹਰਣ ਦੇ ਨਾਲ ਸਮਝ ਸਕਦੇ ਹਾਂ । ਇਕ ਫੁੱਲ ਦੀ ਟਾਹਣੀ, ਪੱਤੇ, ਫੁੱਲ ਦੀਆਂ ਰੰਗਦਾਰ ਪੱਤੀਆ ਆਦਿਕ ਦਾ ਵਿਕਸਤ ਹੋਣਾ, ਫੁੱਲ ਦਾ ਰੂਪਕ ਪੱਖ ਹੈ, ਇਹ ਵਿਕਾਸ ਹੈ। ਫੁੱਲ ਦਾ ਮੌਲਿਕ ਖੇੜਾ ਅਤੇ ਉਸ ਦਾ ਰੱਸਮਈ ਖੁਸ਼ਬੋਈ ਭਰਿਆ ਮਉਲਣਾ ਹੀ “ਵਿਗਸਣਾ” ਆਖਿਆ ਜਾ ਸਕਦਾ ਹੈ । – ਗੁਰੂ ਨਾਨਕ ਦੇਵ ਜੀ ਦੀ ਜਪੁਜੀ ਦਾ ਭਗਤ, ਮੰਗ ਕੇ ਖਾਣ ਵਾਲਾ ਜਾਂ ਵਿਹਲਾ ਰਹਿ ਕੇ, ਦੂਜੇ ਗ੍ਰਹਿਸਥੀਆਂ ਦੀ ਕਮਾਈ ਉੱਤੇ ਹੀ ਗੁਜ਼ਾਰਾ ਕਰਨ ਵਾਲਾ ਨਹੀ ਸਗੋਂ ਉਹ ਪਦਾਰਥਕ ਪ੍ਰਫੁੱਲਤਾ ਦੇ ਲਈ ਖੇਤੀ, ਬਾਗਬਾਨੀ, ਪਸ਼ੂ ਪਾਲਣਾ, ਦਸਤਕਾਰੀ, ਵਪਾਰ, ਹੱਥੀ ਕਿਰਤ, ਨੌਕਰੀ, ਚਾਕਰੀ, ਚੌਧਰ-ਅਫਸਰੀ, ਕਾਰਖਾਨੇਦਾਰੀ, ਆਦਿ ਕਿਸੇ ਵੀ ਕੰਮ ਵਿਚ ਜੁਟ ਕੇ ਸਮਾਜਿਕ-ਆਤਮਕ, ਉੱਚ-ਆਚਾਰੀ ਜੀਵਨ ਜੀਉਂਦੇ ਹੋਏ”ਵਿਗਾਸ” ਦੀ ਅਵਸਥਾ ਨੂੰ ਪ੍ਰਾਪਤ ਕਰਦਾ ਹੈ । ਨਾਨਕ ਭਗਤਾ ਸਦਾ ਵਿਗਾਸੁ ॥
ਵਿਗਾਸੀ ਹੋਣ ਦੇ ਲਈ ਜੋ ਰਾਹ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ, ਉਸ ਦੇ ਲਈ ਉਨ੍ਹਾਂ ਦੇ ਜੀਵਨ ਤੋਂ ਵੀ ਸੇਧਾਂ ਮਿਲਦੀਆਂ ਹਨ । ਬੱਚਪਣ ਵਿਚ ਘਰੇਲੂ ਕੰਮ ਕਾਜ ਵਿਚ ਹੱਥ ਵਟਾਉਣ ਉਪਰੰਤ ਜਦੋਂ ਸੁਲਤਾਨਪੁਰ ਲੋਧੀ ਵਿਖੇ ਮੋਦੀਖਾਨੇ ਦੀ ਨੌਕਰੀ ਕੀਤੀ, ਉਦਾਸੀਆਂ ਤੋਂ ਪਿੱਛੋਂ 18 ਵਰ੍ਹੇ, ਕਰਤਾਰਪੁਰ ਵਿਖੇ ਖੇਤੀ ਕਰਦਿਆਂ ਆਪਣੀ ਧਰਮਸ਼ਾਲਾ ਸਥਾਪਤ ਕੀਤੀ ਅਤੇ ਗ੍ਰਹਿਸਥੀਆਂ ਦਾ ਸਿੱਖ ਧਰਮ ਚਲਾਇਆ, ਲੋੜਵੰਦਾਂ ਦੇ ਭਲਾਈ ਦੇ ਲਈ ਆਪਣੀ ਕਮਾਈ ਵਿੱਚੋਂ ਕੁੱਝ ਦੇਣ ਦੀ ਰੀਤ ਚਲਾਈ, ਇਹ ਸਭ ਕੁਝ ਆਰਥਕ ਖੁਸ਼ਹਾਲੀ ਵਾਲੇ ਪਾਸੇ ਲਿਜਾਣ ਦੀਆ ਨਿਸ਼ਾਨੀਆਂ ਹੀ ਹਨ । ਗੁਰੁ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਮੋਤੀਆਂ ਦੇ ਮੰਦਰ ਉਸਰਣ ਅਤੇ ਮਹਿੰੰਗੇ ਰਤਨ ਆਦਿ ਨਾਲ ਜੜੇ ਹੋਣ ਤੱਕ ਦੀ ਉੱਨਤੀ ਵੀ ਦਿਖਾਈ ਹੈ, ਪਰ ਉਹ ਮਾਨਵੀ ਜੀਵਨ ਨੂੰ ਉੱਚ ਆਚਾਰੀ ਹੋਣ ਅਤੇ ਰੱਬ ਨੂੰ ਯਾਦ ਰੱਖਣ ਨੂੰ ਇਸ ਦੇ ਕਰਕੇ ਛੱਡਣਾ ਨਹੀਂ ਚਾਹੁੰਦੇ,
ਮੋਤੀ ਤ ਮੰਦਰ ਉਸਰਹਿ ਰਤਨੀ ਤ ਹੋਹਿ ਜੜਾਉ ॥ ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥ ੧॥ ਹਰਿ ਬਿਨੁ ਜੀਉ ਜਲਿ ਬਲਿ ਜਾਉ ॥ (14)
ਰੱਬੀ ਸਮਰੱਥਾ : ਰੱਬ ਨੇ ਹੀ ਸਾਰੇ ਖਣਿਜ ਬਣਾਏ ਹਨ ਅਤੇ ਸਾਨੂੰ ਧਰਤੀ ਵਿੱਚੋਂ ਹੀ ਮਿਲਦੇ ਹਨ । ਮਨੁੱਖ ਨੇ ਚਾਂਦੀ, ਸੋਨਾ, ਲੋਹਾ, ਤਾਂਬਾ, ਅਬਰਕ, ਪੈਟਰੋਲ, ਡੀਜ਼ਲ ਆਦਿ ਨਹੀਂ ਬਣਾਏ, ਸਗੋਂ ਖੋਜੇ ਹਨ । ਅਵਾਜ਼, ਹਵਾ, ਪਾਣੀ, ਪੁਲਾੜ, ਧਰਤੀ ਦੀ ਖਿੱਚ ਸ਼ੱਕਤੀ, ਸੂਰਜੀ ਮੰਡਲ ਅਤੇ ਪੁਲਾੜ ਵਿਚ ਖੰਡ ਬ੍ਰਹਿਮੰਡ ਦਾ ਬੱਝਿਆ ਸਿਲਸਲਾ, ਇਸ ਸਭ ਨੂੰ ਕਿਸ ਦੇ ਖਾਤੇ ਵਿਚ ਪਾ ਸਕਦੇ ਹਾਂ ? ਸਭ ਦੁਨੀਆਂ, ਏਸੇ ਸਮਰੱਥਾਂ ਦੇ ਕਰਕੇ ਹੀ ਰੱਬ ਨੂੰ ਪੂਜਦੀ ਹੈ । ਰੱਬ ਨੂੰ ਨਿਰਗੁਣ ਹੋਣ ਕਰਕੇ, ਸਧਾਰਨ ਲੋਕਾਂ ਦੇ ਲਈ ਕਈ ਸ਼ੱਕਤੀਆਂ ਅਤੇ ਰੂਪਾਂ ਵਿੱਚ ਦਰਸਾਇਆ ਜਾਂਦਾ ਹੈ । ਗੁਰੁ ਨਾਨਕ ਸਾਹਿਬ ਦੇ ਧਰਮ ਦੀ ਇਹੋ ਵਡਿਆਈ ਹੈ ਕਿ ਉਹ ਮਨੁੱਖ ਨੂੰ ਸੂਝਵਾਨ ਬਣਾਉਣ ਦੇ ਲਈ ਕੁਦਰਤ ਦੇ ਵਿਚ ਵਰਤ ਰਹੀ ਰੱਬੀ ਹੋਂਦ ਨਾਲ ਜਾਣਪਛਾਣ ਕਰਵਾ ਕੇ ਉਸ ਨਾਲ ਸੰਪਰਕ ਬਣਾ ਦੇਂਦਾ ਹੈ । ਇਹ ਨਵੀਨਤਮ ਅਤੇ ਸ਼੍ਰੇਸ਼ਟ ਧਰਮ ਜੁਗਤ ਹੈ। ਸ੍ਰੀ ਰਾਗ ਵਿਚ ਗੁਰੁ ਜੀ ਰੱਬੀ ਗ੍ਰਹਿ ਨੂੰ ਖੁਸ਼ਹਾਲੀ ਦਾ ਮੂਲ ਮੰਨਦੇ ਹਨ ਅਤੇ ਇਸ ਨੂੰ ਹਾਸਲ ਕਰਨ ਅਤੇ ਇਸ ਨਾਲ ਸਮਲਿਤ ਹੋਣ ਲਈ ਸਰੀਰ ਰੂਪੀ ਗ੍ਰਹਿ ਨੂੰ ਸ਼ਬਦ ਨਾਲ ਸਮਰੱਥਾਵਾਨ ਬਣਾਉਣ ਲਈ ਪ੍ਰੇਰਦੇ ਹਨ;
ਗੁਣਵੰਤੀ ਗੁਣ ਵੀਥਰੈ ਅਉਗਣਵੰਤੀ ਝੂਰਿ ॥ ਜੇ ਲੋੜਹਿ ਵਰ ਕਾਮਣੀ ਨਹ ਮਿਲਿਐ ਪਿਰ ਕੂਰਿ॥
…ਪ੍ਰਭ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ॥ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥
ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ ॥ ੨॥
ਮਨੁੱਖਾਂ ਨੂੰ ਮਾਣਕ, ਮੋਤੀ, ਹੀਰਾ, ਕੰਚਨ, ਚਾਂਦੀ ਆਦਿ, ਉੱਚੇ ਮੁੱਲ ਕਰਕੇ ਜਾਂ ਦੁਰਲੱਭ ਧਾਤ-ਗੁਣਾਂ ਕਰਕੇ ਪਸੰਦ ਹਨ । ਗੁਰੂ ਜੀ ਸਮਝਾਉਂਦੇ ਹਨ ਕਿ ਇਨ੍ਹਾਂ ਦਾਤਾਂ ਦਾ ਰਚਨਹਾਰਾ ਪਰਮਾਤਮਾ, ਪ੍ਰਭੂ ਐਸਾ ਸ਼ਬਦ ਰੂਪ ਪਰਮਜੋਤ ਹਰਿਮੰਦਰ ਹੈ ਜੋ ਆਤਮਿਕ ਮਿਲਾਪ ਰਾਹੀਂ ਅਨੁਭਵ ਅਤੇ ਆਪੇ ਨੂੰ ਸਮੋ ਲੈਂਦਾ ਹੈ ਅਤੇ ਜੀਵਨ ਨੂੰ ਖੁਸ਼ਹਾਲ ਬਣਾ ਦੇਂਦਾ ਹੈ ।
‘ਮੰਨੈ ਸੁਰਤਿ ਹੋਵੈ ਮਨਿ ਬੁਧਿ॥ ਮੰਨੈ ਸਗਲ ਭਵਣ ਕੀ ਸੁਧਿ ॥
ਘਾਲਣਾ ਦੀ ਮਹਾਨਤਾ :- ਗੁਰੂ ਨਾਨਕ ਦੇਵ ਸਖਤ ਘਾਲਨਾ ਘਾਲ ਕੇ ਕੀਤੀ ਕਮਾਈ ਨੂੰ ਬਰਕਤ ਭਰਪੂਰ ਮੰਨਦੇ ਹਨ । ਵਿਹਲੇ ਬੱਚੇ ਜੋ ਅਮੀਰ ਘਰਾਂ ਵਿਚ ਹੁੰਦੇ ਹਨ, ਪੈਸਾ ਬੇਸ਼ੁਮਾਰ ਹੋਣ ਤੇ ਵੀ, ਨਿਕੰਮੇ, ਆਯਾਸ਼ ਅਤੇ ਬੁਰੀਆਂ ਆਦਤਾਂ ਵਾਲੇ ਨਿਕਲ ਆਉਂਦੇ ਹਨ । ਜਿਨ੍ਹਾਂ ਦੇ ਬੱਚੇ ਮਿਹਨਤ ਕਰਕੇ ਅਮੀਰੀ ਨੂੰ ਵਾਪਰਦਾ ਦੇਖਦੇ ਹਨ ਅਤੇ ਉਸ ਵਿੱਚ ਯੋਗਦਾਨ ਪਾਉਂਦੇ ਹਨ, ਉਹ ਸਫਲ ਜੀਵਨ ਜੀਉਂਦੇ ਹਨ । ਇਕ ਸਲੋਕ ਵਿਚ ਗੁਰੂ ਸਾਹਿਬ ਦਾ ਸੁੰਦਰ ਬਚਨ ਹੈ ,
ਗਿਆਨ ਵਿਹੂਣਾ ਗਾਵੈ ਗੀਤ॥ ਭੁਖੇ ਮੁਲਾਂ ਘਰੇ ਮਸੀਤਿ॥ ਮਖਟੂ ਹੋਇ ਕੈ ਕੰਨ ਪੜਾਏ ॥ ਫਕਰੁ ਕਰੇ ਹੋਰੁ ਜਾਤਿ ਗਵਾਏ ॥ਗੁਰ ਪੀਰੁ ਸਦਾਏ ਮੰਗਣ ਜਾਏ॥ ਤਾ ਕੇ ਮੂਲਿ ਨ ਲਗੀਐ ਪਾਇ॥ ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥੧॥(1245).
ਵਾਰ ਆਸਾ ਵਿਚ ਵੀ, ਸਰਾਧ ਕਰਾਉਣ, ਪਿੱਤਰਾਂ ਨੂੰ ਵਿਚੋਲੇ (ਬ੍ਰਾਹਮਣ, ਪੁਜਾਰੀ, ਗ੍ਰੰਥੀ ਆਦਿ) ਰਾਂਹੀ ਦਾਨ ਵਸਤਾਂ ਪਹੁੰਚਾਉਣ ਦੀ ਸ਼ਰਧਾ ਬਾਰੇ ਤਾੜਣਾ ਕਰਦੇੇ ਹਨ ਕਿ “ਨਾਨਕ ਅਗੈ ਸੋ ਮਿਲੈ ਜੇ ਖਟੇ ਘਾਲੇ ਦੇਇ ॥(472)
ਜਤੀ ਹੋ ਕੇ ਵਾਹਵਾ ਖੱਟਣ ਵਾਲਿਆਂ ਨੂੰ ਸੁਚੇਤ ਕੀਤਾ ਕਿ ਘਰਬਾਰ ਚਲਾਉਣ ਦੀ ਜੁਗਤਿ ਨਹੀ ਹੈ ਤੇ ਵਡਿਆਈ ਕਾਹਦੀ ?
“ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰਬਾਰੁ ॥” (469)
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 595 ਉੱਤੇ ਸੁਸ਼ੋਬਿਤ ‘ਮਨਹਾਲੀ ਕਿਰਸਾਨੀਂ ਕਰਨ ਵਾਲੇ ਸ਼ਬਦ ਵਿਚ ਨੌਕਰੀ ਵਪਾਰ, ਖੇਤੀ ਆਦਿ ਸਭ ਕਾਰਜ ਕਰਨ ਵਾਲੇ ਮਨੁੱਖ ਨੂੰ ਈਮਾਨ ਅਤੇ ਪੂਰੀ ਲਗਨ ਨਾਲ ਜੁਟਣ ਦੀ ਸਿੱਖਿਆ ਦਿੱਤੀ ਗਈ ਹੈ।ਗੁਰੂ ਨਾਨਕ ਜੀ, ਅੰਦਰੂਨੀ ਵਿਕਾਸ ਬਿਨਾ, ਬਾਹਰ ਦੇ ਸਾਰੇ ਪਸਾਰੇ ਨੂੰ ਫੋਕਟ ਮੰਨਦੇ ਹਨ ਕਿਉਂਕਿ ਅੰਦਰੂਨੀ ਪ੍ਰਤੀਕੂਲਤਾ ਨੇ ਬਾਹਰੀ ਖੁਸ਼ਾਹਲੀ ਨੂੰ ਤੇਜੀ ਨਾਲ ਮੰਦਹਾਲੀ ਵਿਚ ਬਦਲ ਦੇਣਾ ਹੁੰਦਾ ਹੈ।ਸਾਡੀ ਵਰਤਮਾਨ ਸਥਿਤੀ ਅਜਿਹੀ ਹੀ ਹੈ।
ਇਸਤਰੀ ਸਸ਼ੱਕਤੀਰਕਨ :- ਇਸਤਰੀਆਂ ਪ੍ਰਤੀ ਜ਼ੋਰਦਾਰ ਸਮਰਥਨ ਕਰਦੇ ਹੋਏ ਗੁਰੂ ਨਾਨਕ ਆਸਾ ਦੀ ਵਾਰ ਵਿਚ ਸ਼ਿੰਗਾਰ ਨਾਲੋਂ ਅੰਦਰੂਨੀ ਸੱਚ ਸੰਜੀਦਗੀ ਧਾਰਨ ਕਰਨ ਅਤੇ ਗੁਣਵੰਤੀ ਬਣਨ ਲਈ ਪ੍ਰੇਰਦੇ ਹਨ । ਇਥੇ ਇਸਤਰੀ ਅਤੇ ਜੀਵ ਇਸਤਰੀ (ਸਭ ਜੀਵਾਂ ਲਈ) ਉਪਦੇਸ਼ ਵੀ ਹੈ, ਭਾਵ ਸਮਾਜਿਕਤਾ ਦਾ ਅਧਿਆਤਮੀਕਰਨ ਵੀ ਨਾਲ ਹੀ ਕੀਤਾ ਗਿਆ ਹੈ,
ਕਢਿ, ਕਸੀਦਾ ਪਹਿਰਹਿ ਚੋਲੀ ਤਾ ਤੁਮ ਜਾਣਹੁ ਨਾਰੀ ॥ ਜੇ ਘਰਿ ਰਾਖਹਿ ਬੁਰਾ ਨ ਚਾਖਹਿ ਹੋਵਹਿ ਕੰਤ ਪਿਆਰੀ ॥ (1171)
ਜੋ ਇਸਤਰੀ ਹੱਥੀਂ ਕਸੀਦਾ ਕੱਢਦੀ ਤੇ ਪਹਿਨਦੀ ਹੈ, ਉਹ ਸਫਲ ਨਾਰੀ ਹੈ। ਇਥੇ ਸ੍ਵੈ ਗੁਣ ਵਿਕਾਸ ਦਾ ਭੇਦ ਤੇ ਸਫਲ ਜੀਵ ਇਸਤਰੀ ਦੀ ਜੁਗਤ ਹੈ । “ਇਆਣੜੀਏ ਮਾਨੜਾ ਕਾਇ ਕਰੇਇ”…ਸ਼ਬਦ ਵਿਚ ਵੀ ਗੁਣਵੰਤੀ ਹੋਣ ਦੀ ਪੇ੍ਰਰਨਾ ਹੈ ।
ਪੁਰਸ਼ ਨੂੰ ਸੋਨੇ ਚਾਂਦੀ ਦੇ ਗਹਿਣੇ, ਜਾਇਜ਼ ਨਜਾਇਜ਼ ਢੰਗ ਨਾਲ ਲਿਆਉਣ ਦਾ ਜ਼ੋਰ ਦੇਣ ਵਾਲੀ ਇਸਤਰੀ ਅਤੇ ਖਾਣ ਪੀਣ ਦਾ ਖੁੱਲ ਵਰਤਾਓ ਕਰਨ ਵਾਲੇ ਦੋਸਤ, ਭ੍ਰਿਸ਼ਟਾਚਾਰ ਕਰਨ ਲਈ ਉਕਸਾਂਦੇ ਹਨ,
ਕਾਮਣਿ ਲੋੜੈ ਸੋਇਨਾ ਰੂਪਾ ਮਿਤ੍ਰ ਲੋੜੇਨਿ ਸੁ ਖਾਧਾਤਾ॥ ਨਾਨਕ ਪਾਪੁ ਕਰੇ ਤਿਨ ਕਾਰਣਿ ਜਾਸੀ ਜਮਪੁਰਿ ਬਾਧਾਤਾ॥ (155)
“ਭੈਣੇ ਸਾਵਣ ਆਇਆ” ਵਾਲਾ ਸ਼ਬਦ ਸਭਿਆਚਾਰਕ ਸੌਦਰਯ ਦੇ ਰੂਹਾਨੀ ਕਰਨ ਦੀ ਅਨੂਠੀ ਮਿਸਾਲ ਹੈੇ। ਗੁਰੂ ਨਾਨਕ ਸਾਹਿਬ ਨੇ ਮਲਕ ਭਾਗੋ ਦੇ ਘਰ ਦੇ ਮਾਲ੍ਹ ਪੂੜੇ ਤਿਆਗ ਕੇ ਭਾਈ ਲਾਲੋ ਨੂੰ ਗਲ ਨਾਲ ਲਾਇਆ ਅਤੇ “ਗਰੀਬ ਨਿਵਾਜ” ਹੋਣਾ ਧਰਮ ਦਾ ਅਨਿਖੜਵਾਂ ਅੰਗ ਬਣਾ ਦਿੱਤਾ । ਗੁਰੁ ਜੀ ਨੇ ਸਪਸ਼ਟ ਉਪਦੇਸ਼ ਦਿੱਤਾ ;
“ਨੀਚਾ ਅੰਦਰਿ ਨੀਚੁ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕ ਤਿਨ ਕੇ ਸੰਗਿ ਸਾਥਿ ਵੱਡਿਆ ਸਿਉ ਕਿਆ ਰੀਸੁ” ਜਿਥੈ ਨੀਚੁ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸੁ” (15)
ਭ੍ਰਿਸ਼ਟਾਚਾਰ ਸੰਬੰਧੀ ਬਹੁਤ ਹਵਾਲੇ ਆਏ ਹਨ, ਪਰ ਇਕ ਥਾਂ ਬੜੀ ਕਰੜੀ ਉਦਾਹਰਣ ਦੇਂਦਿਆ ਗੁਰੁ ਜੀ ਨੇ ਕਿਹਾ ਹੈ ਕਿ ਜਿਵੇਂ ਕਪੜੇ ਉੱਤੇ ਖੂਨ ਲੱਗ ਜਾਵੇ ਤਾਂ ਉਹ ਪਲੀਤ ਹੋ ਜਾਂਦਾ ਹੈ, ਉਸੇ ਤਰ੍ਹਾਂ ਜੋ ਬੰਦੇ, ਮਨੁੱਖਾਂ ਦੇ ਹੱਕ ਮਾਰ ਕੇ ਉਨ੍ਹਾਂ ਦਾ ਲਹੂ ਪੀਂਦੇ ਹਨ, ਉਨ੍ਹਾਂ ਦੇ ਹਿਰਦੇ ਕਿੰਵੇਂ ਨਿਰਮਲ ਰਹਿ ਸਕਦੇ ਹਨ, ਉਨ੍ਹਾਂ ਦੀ ਹੋਂਦ, ਸਮਾਜ ਨਰਕ ਵਰਗਾ ਬਣਾ ਦੇਂਦੀ ਹੈ ।
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥ ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥(140)
ਭ੍ਰਿਸ਼ਟ ਵਿਅਕਤੀਆ ਦੇ ਸਮਾਜ ਨੂੰ ਕੋਹੜ ਬਣਾਉਣ ਦੀ ਜੋ ਭਿਆਨਕ ਤਸਵੀਰ ਗੁਰੁ ਨਾਨਕ ਦੇਵ ਪੇਸ਼ ਕਰਦੇ ਹਨ, ਉਸ ਤੋਂ ਖਲਾਸੀ ਕਰਵਾਾਏ ਬਿਨਾ, ਕੋਈ ਵੀ ਸਮਾਜ, ਉੱਤਨੀ ਨਹੀਂ ਕਰ ਸਕਦਾ,
ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰ ॥ ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕਰੋਧ ਚੰਡਾਲ ॥ ਰਸ ਕਸ ਆਪ ਸਲਾਹਣਾ ਏ ਕਰਮ ਮੇਰੇ ਕਰਤਾਰਾ ॥੧॥
ਲਾਲਚ, ਝੂਠ, ਠੱਗੀ, ਨਿੰਦਾ, ਪਰਾਇਆ ਹੱਕ, ਹੰਕਾਰ, ਕ੍ਰੋਧ, ਸਵੈ ਪ੍ਰਸਿੱਧੀ ਆਦਿ ਔਗੁਣਾਂ ਨਾਲ ਸਾਡਾ ਆਲਾ ਦੁਆਲਾ ਭਰਿਆ ਪਿਆ ਹੈ । ਖੁਸ਼ਹਾਲੀ ਦਾ ਰਾਹ ਕਿੰਵੇਂ ਦਿੱਸੇਗਾ ? ਕੇਤੇ ਲੈ ਲੈ ਮੁਕਰ ਪਾਹਿ॥ ਕੇਤੇ ਮੂਰਖ ਖਾਹੀ ਖਾਹਿ ॥
ਗੁਣਾਂ ਦੀ ਖੇਤੀ, ਸਾਂਝ ਅਤੇ ਸੌਦਾਗਰੀ :- ਬਾਬਾ ਗੁਰੂ ਨਾਨਕ ਜੀ ਬਹੁਤ ਜ਼ੋਰਦਾਰ ਪ੍ਰੇਰਣਾ ਕਰਦੇ ਹਨ ਕਿ ਔਗੁਣਾਂ ਦੀਆਂ ਜੰਜੀਰਾਂ ਨੂੰ ਕੱਟਣ ਲਈ ਗੁਣਾਂ ਦਾ ਹਥਿਆਰ ਹੀ ਕੰਮ ਆਉਂਦਾ ਹੈ;
ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ॥ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ॥
ਅਗੈ ਗਏ ਨ ਮੰਨੀਅਨਿ ਮਾਰਿ ਕਢਹੁ ਵੇਪੀਰ॥4॥ (595)
ਦੁਨੀਆਂ ਕੇਵਲ ਗੁਣੀ ਵਿਅਕਤੀਆਂ ਨੂੰ ਹੀ ਚੰਗੀ ਭਾਵਨਾ ਤੇ ਸਤਿਕਾਰ ਨਾਲ ਦੇਖਦੀ ਹੈ । ਬਹੁ-ਰਾਸ਼ਟਰੀ ਕੰਪਨੀਆਂ ਰੋਸ਼ਨ ਦਿਮਾਗਾਂ ਨੂੰ ਆਪਣੀਆ ਕੰਪਨੀਆਂ ਵਿੱਚ ਭਰਤੀ ਕਰਕੇ ਮੋਹਰੀ ਬਣਦੀਆਂ ਹਨ। ਪੈਸਾ, ਸ਼ੱਕਤੀ, ਹੰਕਾਰ ਆਦਿ ਦੇ ਧਾਰਨੀ, ਇੱਜ਼ਤ ਨਹੀਂ ਖੱਟ ਸਕਦੇ । ਤੱਤ ਦੀ ਗੱਲ ਗੁਰੁ ਨਾਨਕ ਸਾਹਿਬ ਸਮਝਾਦੇ ਹਨ ;
ਵਿਚਿ ਦੁਨੀਆ ਸੇਵ ਕਮਾਈਐ॥ ਤਾਂ ਦਰਗਾਹ ਬੈਸਣ ਪਾਈਐ ॥ ਕਹੁ ਨਾਨਕ ਬਾਹ ਲੁਡਾਈਐ ॥4॥ (26)
ਰੱਬੀ ਗੁਣਾਂ ਨਾਲ ਸਾਂਝ ਪਾਉਣ ਦੀ ਜੁਗਤਿ ਗੁਰੂ ਸਾਹਿਬ ਨੇ ਦ੍ਰਿੜ ਕਰਵਾਈ ਹੈ, ਅਸੀ ਹੁਣ ਖੁਆਰ ਹੋ ਕੇ “ਕੁਦਰਤ ਵਲ ਮੁੜੀਏ” ਦੇ ਨਾਅਰੇ ਨੂੰ ਪੜ ਸੁਣ ਰਹੇ ਹਾਂ। “ਅਮੁਲ ਗੁਣ ਅਮੁਲ ਵਾਪਾਰ॥ ਅਮੁਲ ਵਾਪਾਰੀਏ ਅਮੁਲ ਭੰਡਾਰ॥”
ਰੱਬ ਦੇ ਗੁਣ ਅਮੁੱਲੇ ਹਨ ਤੇ ਉਨਾਂ ਦੇ ਸੰਚਾਰ ਵਿੱਚ ਲੱਗੇ ਲੋਕ ਵੀ ਅਮੁੱਲੇ ਹਨ। ਗੁਣਾਂ ਦੇ ਭੰਡਾਰ ਦਾ ਕੋਈ ਮੁੱਲ ਨਹੀਂ। ਗੁਣਾ ਦੀ ਸਾਂਝ ਕਰਨ ਦੀ ਪੇ੍ਰਰਨਾ, ਗੁਰੂ ਨਾਨਕ ਸਾਹਿਬ ਤੋਂ ਵੱਧ ਕਿਤੇ ਵੇਖਣ ਨੂੰ ਨਹੀਂ ਮਿਲਦੀ। ਗੁਣਾਂ ਦੀ ਸਾਂਝ, ਔਗੁਣਾਂ ਨੂੰ ਛੱਡਣਾ, ਗੁਣਾਂ ਨੂੰ ਸਿਲਕ ਜਾਣ ਕੇ ਧਾਰਨ ਕਰਨਾ, ਆਪਣੇ ਯੋਗਤਾ ਯੁਕਤ ਖੇਤਰ ਵਿਚ ਨਿਤਰਨਾ, ਉਸਾਰੂ ਸੋਚ ਲੈ ਕੇ ਚੱਲਣਾ ਅਤੇ ਮਨ-ਚਿੱਤ ਵਿੱਚ ਕੁਦਰਤੀ ਬਖਸ਼ਿਸ਼ ਦਾ ਅੰਮ੍ਰਿਤ ਰਸ ਪ੍ਰਾਪਤ ਕਰਨ ਦਾ ਇਹ ਰਾਹ ਹੈ;
ਸਾਂਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਐ॥ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ ॥
ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤ ਪੀਜੈ॥ ਗੁਣਾਂ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥੩॥(766)
ਗੁਰੂ ਨਾਨਕ ਸਾਹਿਬ ਵੱਲੋਂ ਤੋਰੀ “ਗੁਣੀ ਹੋਣ’ ਦੀ ਪ੍ਰੰਪਰਾ ਨੇ ਐਸਾ ਸਭਿਆਚਾਰ ਸਿਰਜਿਆਂ ਜਿਸ ਦੇ ਉਸਾਰੂ ਅਤੇ ਉਤਪਾਦਕੀ ਸਿੱਟੇ ਸੰਸਾਰ ਦੇ ਸਾਹਮਣੇ ਹਨ। ਡਾ. ਆਤਮਜੀਤ ਸਿੰਘ ਹੋਰਾਂ ਦਾ ਕਥਨ ਇਥੇ ਪ੍ਰਸੰਗਿਕ ਭਾਸਦਾ ਹੈ, “ਸਿੱਖ ਗੁਰੂ ਸਾਹਿਬਾਨ ਦੇ ਸਿਧਾਂਤ ਜਿਹੜੇ ਸਿੱਖ ਗ੍ਰੰਥਾਂ, ਆਦਿ ਗ੍ਰੰਥ ਅਤੇ ਸਿੱਖ ਪਰੰਪਰਾ ਦੇ ਸਹਿਤ ਵਿਚ ਦਰਜ ਹਨ, ਨੇ ਇਕ ਸਭਿਆਚਾਰਕ ਵਿਰਾਸਤ ਸਥਾਪਤ ਕੀਤੀ ਹੈ ਜਿਸ ਨੇ ਹਿੰਦੁਸਤਾਨ ਦੇ ਹੋਰਨਾਂ ਭਾਗਾਂ ਦੇ ਲੋਕਾਂ ਦੀ ਤੁਲਨਾ ਵਿਚ, ਮੱਧਕਾਲੀਨ ਪੰਜਾਬ ਵਿਚ, ਸਮਾਜਿਕ-ਆਰਥਕ ਅਤੇ ਸਭਿਆਚਾਰਕ ਪਰਿਵਰਤਨ ਦੀਆਂ ਸ਼ੱਕਤੀਆ ਨੂੰ ਬੱਲ ਪ੍ਰਦਾਨ ਕੀਤਾ ਜਿਨੇ ੳੜਕ ਨੂੰ ਪੰਜਾਬੀਆਂ ਨੂੰ ਨਵੇਂ ਯੁੱਗ ਦੇ ਸਮਾਜ ਅਤੇ ਪ੍ਰੀਵਰਤਨਸ਼ੀਲਤਾ ਦੇ ਹਾਣੀ ਬਣਨ ਲਈ ਯੋਗਦਾਨ ਦਿੱਤਾ”॥ (ਆਤਮਜੀਤ ਸਿੰਘ, ਸਿੱਖਇਜ਼ਮ ਐਂਡ ਸੋਸ਼ਲ ਚੇਂਜ਼, ਸਟੱਡੀਜ਼ ਇਨ ਸਿੱਖਇਜ਼ਮ ਐਂਡ ਕੰਪੈਰਿਟਿਵ ਰਿਲੀਜਨ, ਅਪ੍ਰੈਲ 1985).
ਅੰਤਿਕਾ :- ਗੁਰੂ ਨਾਨਕ ਸਾਹਿਬ ਦਾ ਤਿੰਨ ਸੂਤਰੀ ਕਾਰਜਕਰਮ ਜਗਤ ਪ੍ਰਸਿੱਧ ਹੈ; ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਕਿਰਤ ਕਿਸੇ ਵੀ ਉਤਪਾਦਕੀ ਕਾਰਜ ਨੂੰ ਕਹਿ ਸਕਦੇ ਹਾਂ ਭਾਵੇਂ ਉਹ ਖੇਤੀ, ਬਾਗਬਾਨੀ, ਪਸ਼ੂ ਪਾਲਣ (ਪ੍ਰਾਥਮਿਕ ਖੇਤਰ) ਦਾ ਹੋਵੇ, ਉਦਯੋਗਿਕ ਖੇਤਰ ਵਿਚ ਦਸਤਕਾਰੀਆਂ ਤੋਂ ਵੱਡੇ ਪੈਮਾਨੇ ਦੇ ਕਾਰਖਾਨਿਆਂ ਦਾ ਹੋਵੇ (ਗੌਣ ਖੇਤਰ) ਅਤੇ ਜਾਂ ਸੇਵਾਵਾਂ ਤੇ ਦਿਮਾਗੀ ਯੋਗਤਾਵਾਂ ਦਾ ਖੇਤਰ ਹੋਵੇ। ਨਾਮ ਜਪੋ’ ਦਾ ਭਾਵ ਆਪਣੇ ਮਨ ਅਤੇ ਬੁੱਧੀ ਨੂੰ ਸੂਰਤੀ ਦੇ ਨਾਲ ਸਮਤੋਲ ਅਤੇ ਸਮਰੇਖੀ ਸਥਿਤੀ ਵਿਚ ਲਿਆ ਕੇ, ਸਵੈ ਦੀ ਪਛਾਣ ਕਰਦੇ ਹੋਏ, ਆਪਣੇ ਮੂਲ ਨਾਲ ਜੁੜਣਾ। ਸ਼ਬਦ-ਗੁਰਬਾਣੀ ਅਤੇ ਭਗਤੀ ਸਾਹਿਤ ਇਸ ਵਿਚ ਮਹਾਂ-ਸਹਾਇਕ ਹੁੰਦਾ ਹੈ। ਜਿਵੇਂ ਦੁੱਧ ਵਿਚ ਘਿਓ ਹੁੰਦਾ ਹੈ, ੳਸੇ ਤਰਾਂ ਕੁਦਰਤ ਵਿਚ ਰੱਬ ਵੱਸਿਆ ਹੋਇਐ ਅਤੇ ਗੁਰਬਾਣੀ ਵਿਚ ਉਸ ਦਾ ਨਾਮ ਰਸ ! ਇਸ ਨਾਲ ਹੀ ਮਾਨਵੀ ਵਿਕਾਸ ਸੰਭਵ ਹੋ ਸਕਦਾ ਹੈ। ਇਸ ਨੂੰ ਪਾਖੰਡ ਤੋਂ ਨਖੇੜਣਾ ਬਹੁਤ ਜ਼ਰੂਰੀ ਹੈ। ‘ਵੰਡ ਛਕਣਾ’, ਸੰਸਾਰ ਦੇ ਨਾਲ ਦਯਾ-ਦਾਨ ਅਤੇ ਯੋਗਦਾਨ, ਦਾ ਰਿਸ਼ਤਾ ਹੈ। ਘਾਲਨਾ ਘਾਲ ਕੇ ਲੋੜਵੰਦਾਂ ਲਈ “ਅਕਲੀ ਕੀਚੈ ਦਾਨੁ” ਅਨੁਸਾਰ ਦੇਣਾ, ਗੁਰੂ ਨਾਨਕ ਸਾਹਿਬ ਦਾ ਸ੍ਰੇਸ਼ਟ ਉਪਦੇਸ਼ ਹੈ। ਗੁਰੂ ਕਾ ਲੰਗਰ 20 ਰੁ: ਦੇ ਸੱਚੇ ਸੌਂਦੇ ਵਿੱਚੋਂ ਹੀ ਬਰਕਤੀ ਹੋਇਆ ਹੈ।
ਗੁਰੂ ਨਾਨਕ ਬਾਣੀ ਦੇ ਪ੍ਰਸੰਗ ਵਿਚ ਸਮਾਜਿਕ-ਆਰਥਕ ਵਿਗਾਸੀ ਖੁਸ਼ਹਾਲੀ ਦਾ ਵਿਵਰਣ ਬਹੁਤ ਵਿਸਤ੍ਰਿਤ ਹੈ। ਸੰਖੇਪ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਨੈਤਿਕ ਗੁਣਾਂ, ਵਿਦਿਆ ਵਿਖਮ ਖੋਜ ਦੀ ਵੀਚਾਰ, ਨੇਕੀ, ਸੰਵਾਦ, ਵਿਵਹਾਰਕ ਇਮਾਨਦਾਰੀ ਅਤੇ ਕੁਸ਼ਲਤਾ ਨੂੰ ਉਤਸ਼ਾਹਿਤ ਕਰਨ ਵਾਲੀ ਗੁਰੂ ਨਾਨਕ ਬਾਣੀ ਨੂੰ ਜੀਵਨ ਵਿਚ ਧਾਰਨ ਕਰਕੇ “ਸਤਿ ਸੁਹਾਣੁ ਸਦਾ ਮਨਿ ਚਾਉ” ਦਾ ਆਦਰਸ਼ ਸਾਹਮਣੇ ਰੱਖ ਕੇ ਨਿਜੀ ਅਤੇ ਸਮੂਹਿਕ ਖੁਸ਼ਹਾਲੀ ਦੀ ਸਥਾਪਤੀ ਦੀ ਪ੍ਰੀਕਿਰਿਆ ਨੂੰ ਲੰਬੇ ਸਮੇਂ ਦੇ ਲਈ ਗਤੀਸ਼ੀਲ ਕੀਤਾ ਜਾ ਸਕਦਾ ਹੈ ।
ਡਾ. ਬਲਵਿੰਦਰਪਾਲ ਸਿੰਘ, (ਸੰਪਾਦਕ ‘ਸਾਡਾ ਵਿਰਸਾ ਸਾਡਾ ਗੌਰਵ’)
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਰਿਟਾ: ਮੁਖੀ, ਅਰਥ ਸ਼ਾਸਤਰ ਵਿਭਾਗ,
ਜੀ.ਐਚ.ਜੀ. ਖਾਲਸਾ ਕਾਲਜ, ਗੁਰੂਸਰ ਸੁਧਾਰ (ਲੁਧਿਆਣਾ)
E-Mail : balwins@gmail.com