‘ ਕੈਨੇਡਾ ਡੇ ‘ ਤੇ ਵਿਸ਼ੇਸ਼- ਗੁਰਦੀਸ਼ ਕੌਰ ਗਰੇਵਾਲ, ਕੈਲਗਰੀ-ਕੈਨੇਡਾ (403-404-1450), ਵਾਹ ਕਨੇਡਾ! ਵਾਹ..!

ਵਾਹ ਕਨੇਡਾ! ਵਾਹ!, ਸਾਨੂੰ ਦੇਵੇ ਤੂੰ ਪਨਾਹ,
ਤੈਂਨੂੰ ਸੀਸ ਝੁਕਾਂਦੇ ਹਾਂ, ਤੇਰੇ ਹੀ ਗੁਣ ਗਾਂਦੇ ਹਾਂ।
ਹਰੇ ਭਰੇ ਨੇ ਜੰਗਲ ਤੇਰੇ, ਠੰਢੀਆਂ ਵਗਣ ਹਵਾਵਾਂ।
ਜੀਅ ਕਰਦਾ ਏ ਕੁਦਰਤ ਸਾਰੀ, ਘੁੱਟ ਕਲੇਜੇ ਲਾਵਾਂ।
ਸੋਨ ਸੁਹੱਪਣ ਤੇਰੇ ਤੋਂ, ਅਸੀਂ ਵਾਰੇ ਜਾਂਦੇ ਹਾਂ।
ਤੇਰੇ ਹੀ ਗੁਣ ਗਾਂਦੇ ਹਾਂ। ਵਾਹ….
ਇੰਡੀਆ ਸਾਡੀ ਜੰਮਣ ਭੋਂਇ, ਤੂੰ ਸਾਡਾ ਸਰਮਾਇਆ।
ਵਸਦੇੇ ਰਸਦੇ ਰਹਿਣ ਪੰਜਾਬੀ, ਨਾਮ ਜਿਹਨਾਂ ਚਮਕਾਇਆ।
ਤੂੰ ਦਿੱਤਾ ਰੁਜ਼ਗਾਰ, ਤੇ ਤੇਰਾ ਦਿੱਤਾ ਖਾਂਦੇ ਹਾਂ।
ਤੇਰੇ ਹੀ ਗੁਣ ਗਾਂਦੇ ਹਾਂ। ਵਾਹ….
ਸੌ ਸਾਲਾਂ ਤੋਂ ਵੱਧ ਪੁਰਾਣਾ, ਰਿਸ਼ਤਾ ਸਾਡਾ ਤੇਰਾ।
ਸਾਡੇ ਪੁਰਖਿਆਂ ਚੀਰ ਸਮੁੰਦਰ, ਲਾਇਆ ਏਥੇ ਡੇਰਾ।
ਤੇਰੀ ਖੁਸ਼ਹਾਲੀ ਵਿੱਚ ਪੂਰਾ ਹਿੱਸਾ ਪਾਂਦੇ ਹਾਂ।
ਤੇਰੇ ਹੀ ਗੁਣ ਗਾਂਦੇ ਹਾਂ। ਵਾਹ…
ਏਥੇ ਇੱਕ ਬਰਾਬਰ ਸਾਰੇ, ਨਾ ਕੋਈ ਉੱਚਾ- ਨੀਵਾਂ।
ਏਥੇ ਕਦਰ ਕਿਰਤ ਦੀ ਹੁੰਦੀ, ਮਾਣ ਨਾਲ ਮੈਂ ਜੀਵਾਂ।
ਵਿਰਸਾ ਚੇਤੇ ਰੱਖੀਏ, ਕੁੱਝ ਤੇਰਾ ਅਪਣਾਂਦੇ ਹਾਂ।
ਤੇਰੇ ਹੀ ਗੁਣ ਗਾਂਦੇ ਹਾਂ। ਵਾਹ….
ਮੂਲ ਵਾਸੀਆਂ ਨਾਲ ਸੁਣਾਂ ਪਰ, ਜਦ ਵੀ ਹੋਇਆ ਮਾੜਾ।
ਸੋਚਾਂ ਇੱਕ ਮਿੱਟੀ ਦੇ ਜਾਏ, ਸਭ ਦਾ ਇੱਕੋ ਘਾੜਾ।
ਕਿਹੜੀ ਗੱਲੋਂ ਇੱਕ ਦੂਜੇ ਕੋਲੋਂ ਘਬਰਾਂਦੇ ਹਾਂ।
ਤੈਂਨੂੰ ਵੀ ਸਮਝਾਂਦੇ ਹਾਂ। ਵਾਹ…
ਤੇਰੀ ਸੁੱਖ ਸਹੂਲਤ ਦਾ ਹੈ, ਮਿਲਦਾ ਬੜਾ ਸਹਾਰਾ।
ਜੁਗ ਜੁਗ ਜੀਵੇ ਦੇਸ਼ ਕਨੇਡਾ, ‘ਦੀਸ਼’ ਨੂੰ ਲਗੇ ਪਿਆਰਾ।
ਦੋ ਦੇਸ਼ਾਂ ਦੇ ਵਾਸੀ ਬਣ ਹੁਣ, ਹੁਣ ਜੂਨ ਹੰਢਾਂਦੇ ਹਾਂ।
ਤੇਰੇ ਹੀ ਗੁਣ ਗਾਂਦੇ ਹਾਂ। ਵਾਹ….