Poem “Nuclear War” by Dr. D. P. Singh

ਨਿਊਕਲੀ ਜੰਗ

ਡਾ. ਡੀ. ਪੀ. ਸਿੰਘ

ਸੁਪਨਾ ਸੀ ਜਾਂ ਕੋਈ ਹਕੀਕਤ, ਮੈਨੂੰ ਇਸ ਦੀ ਸਮਝ ਨਾ ਆਈ।

ਵਿੰਨੀ ਬੰਬਾਂ ਨਾਲ ਇਹ ਧਰਤੀ, ਮਾਨਵ ਹੋਇਆ ਕਿਉਂ ਸ਼ੁਦਾਈ?

ਬੁੱਝ  ਚੁੱਕਾ ਸੀ   ਸੁਹਣਾ   ਸੂਰਜ,  ਅੰਬਰ   ਦੇ  ਮੱਥੇ  ਦਾ  ਟਿੱਕਾ।

ਕਾਲੇ ਅੰਬਰੀ, ਕਿਰਨ-ਵਿਹੂਣਾ ਚੰਨ ਵੀ ਕਿਧਰੇ, ਕਿਸੇ ਨਾ ਡਿੱਠਾ।

ਕਾਲਖ਼  ਰੰਗੀ  ਧਰਤੀ  ਮਾਂ  ‘ਤੇ,  ਸੰਨਾਟੇ  ਦੇ  ਬੱਦਲ  ਛਾਏ।

ਸੂਰਜ ਸੱਖਣੀ ਸੁਬਹ ਵਿਚਾਰੀ, ਕੁਝ ਵੀ ਦੱਸਣ ਤੋਂ ਘਬਰਾਏ।

ਥਾਂ  ਥਾਂ  ਅੱਗ  ਦੀਆਂ  ਲਾਟਾਂ,  ਚਾਰੇ  ਪਾਸੇ  ਨਜ਼ਰੀ ਆਵਣ।

ਲ਼ਾਲ ਤੇ ਪੀਲੇ ਰੰਗਾਂ  ਰੱਤੇ,  ਬੇਹਿਸ ਚਿਹਰੇ, ਕੀ ਸਮਝਾਵਣ?

ਰਾਜੇ-ਰਾਣੇ, ਗਰੀਬ-ਨਿਤਾਣੇ, ਘਰ ਦੀ ਚਿਖਾ ਨੂੰ ਸੇਕ ਰਹੇ ਸਨ।

ਸੁੰਵੇ ਦਿਲ ਨਾਲ, ਕਾਲਾ ਅੰਬਰ, ਮੁਰਦਾ ਸੂਰਜ ਦੇਖ ਰਹੇ ਸਨ।

ਬਲ ਰਹੇ ਜੰਗਲ ਦੀਆਂ ਸ਼ੂਕਾਂ, ਸੜ੍ਹ ਰਹੀ ਲੱਕੜ ਦੀ ਤਿੜ੍ਹ ਤਿੜ੍ਹ।

ਮਰ  ਰਹੇ  ਜੀਵਾਂ  ਦੀਆਂ  ਚੀਖਾਂ, ਦਾਨਵ ਦੇ ਹਾਸੇ ਦੀ ਖਿੜ੍ਹ ਖਿੜ੍ਹ।

ਘਾਤਕ ਕਿਰਨਾਂ ਦੇ ਦੈਂਤ ਨੇ, ਕੀਤਾ  ਸੀ ਇਹ  ਅਜਬ  ਵਿਨਾਸ਼।

ਤੜਪ ਤੜਪ ਕੇ ਜੀਵਨ ਮੋਇਆ, ਫਿਰ ਹੋਵਣ ਦੀ ਰਹੀ ਨਾ ਆਸ।

ਰੁੱਖ  ਵਿਹੂਣੀ,  ਰੁੰਡ-ਮਰੁੰਡੀ,  ਜੀਵਨ  ਬਾਂਝੋਂ,  ਸੁੰਨ-ਮਸੁੰਨੀ।

ਵੰਨ-ਸੁਵੰਨੀਆਂ ਰੁੱਤਾਂ ਖੋ ਕੇ, ਧਰਤ ਗਈ ਸੀ ਬਿਲਕੁਲ ਰੁੰਨੀ।

ਨਦੀਆ-ਨਾਲੇ ਰੁਕ ਗਏ ਸਨ, ਯੱਖ ਹੋ ਚੁੱਕੇ  ਸਨ  ਸਭ  ਸਾਗਰ।

ਜਲ-ਜੀਵਨ ਵੀ ਮੌਤ ਖਾ ਗਈ, ਵਾਪਰਿਆ ਇਹ ਕੀ ਸੀ ਆਖ਼ਰ?

ਸੌਂ  ਚੁੱਕੀਆਂ ਸਨ ਸਾਗਰ ਛੱਲਾਂ, ਮਰ ਚੁੱਕੇ ਸਨ ਹਵਾ ਦੇ ਬੁੱਲੇ।

ਨਾ  ਕਿਧਰੇ ਸਨ  ਪੀਂਘ ਹੁਲਾਰੇ, ਨਾ  ਹੀ ਕਿਧਰੇ ਸਾਵਣ ਝੂਲੇ।

‘ਨੇਰੇ ਨੂੰ ਵੀ ਫੇਰ ਰਹੀ ਨਾ, ਦਿਨ ਦੇ ਡੁੱਬਣ ਦੀ ਇੰਤਜ਼ਾਰ।

ਪੂਰੇ ਬ੍ਰਹਿਮੰਡ ‘ਤੇ ਕਬਜ਼ੇ ਦਾ, ਕਰ ਬੈਠਾ ਸੀ ਉਹ ਹੰਕਾਰ।  

ਜਵਾਲਾਮੁਖੀ  ਦੀ  ਬਲਦੀ  ਅੱਖ  ਹੀ, ਜੀਵਨ ਦੀ ਰਾਖੀ ਸੀ ਬੈਠੀ।

ਨਿਊਕਲੀ ਜੰਗ ਦੇ ਵਹਿਸ਼ੀ ਦਾਨਵ, ਕਰ ਦਿੱਤੀ ਸੀ ਸੱਭ ਦੀ ਹੇਠੀ।

ਮਾਨਵ ਦੀ ਇਹ ਬੱਜ਼ਰ ਸੀ ਗਲਤੀ, ਕੀਤਾ ਜਿਸ ਇਹ ਸੱਤਿਆਨਾਸ਼।

ਅਰਬਾਂ ਸਾਲ ਦੇ ਕੁਦਰਤ ਕਾਰਜ, ਪਲ ਭਰ ਵਿਚ ਕੀਤਾ ਇਸ ਵਿਨਾਸ਼।

******

Leave a comment