World Water Monitoring Day-12 Sept (by Dr. Rajbir Singh Bhatti, Calgary, Canada)

ਵਿਸ਼ਵ ਜਲ ਨਿਗਰਾਨੀ ਦਿਵਸ (12 ਸਿਤੰਬਰ)

ਡਾ. ਰਾਜਬੀਰ ਸਿੰਘ ਭੱਟੀ, ਕੈਲਗਰੀ (ਕੈਨੇਡਾ)

ਧਰਤੀ ਦਾ 75% ਹਿੱਸਾ ਪਾਣੀ ਹੈ, ਪਰ ਪੀਣ ਵਾਲਾ ਪਾਣੀ ਸਿਰਫ 1% ਦਾ ਵੀ ਅੱਧਾ ਹਿੱਸਾ ਹੀ ਹੈ। ਇੱਕ ਚੌਥਾਈ ਗਿਣਤੀ ਵਿਚ ਲੋਕ ਸੁਰੱਖਿਅਤ ਪਾਣੀ ਤੋਂ ਬਿਨਾਂ ਰਹਿ ਰਹੇ ਹਨ। ਪੇਟ ਦੇ ਰੋਗਾਂ ਵਿੱਚੋਂ 80% ਦਾ ਕਾਰਨ ਪ੍ਰਦੂਸ਼ਿਤ ਪਾਣੀ ਹੈ। ਹਰ ਸਾਲ ਪੰਜ ਲੱਖ ਛੋਟੇ ਬੱਚੇ ਇਨ੍ਹਾਂ ਰੋਗਾਂ ਕਰਕੇ ਮਰਦੇ ਹਨ, ਅਤੇ 17 ਲੱਖ ਬਿਮਾਰ ਹੁੰਦੇ ਹਨ। ਇਸ ਲਈ ਸੰਯੁਕਤ ਰਾਸ਼ਟਰ ਦੀ 1992 ਵਿੱਚ ਹੋਈ ਇੱਕ ਕਾਨਫਰੰਸ ਵਿਚ ਪਾਣੀ ਦੇ ਮੁੱਦਿਆਂ ਨੂੰ ਉਜਾਗਰ ਕਰਨ ਲਈ ਹਰ ਸਾਲ ਇੱਕ ਵਿਸ਼ੇਸ਼ ਦਿਨ ਮਨਾਉਣ ਦਾ ਫੈਸਲਾ ਕੀਤਾ ਜਿਸ ਦਿਨ ਅੰਤਰਰਾਸ਼ਟਰੀ ਯਤਨ ਕਰਨ ਲਈ ਸਹਿਮਤੀ ਹੋਈ। ਜਲ ਸਰੋਤਾਂ ਦੀ ਮਾੜੀ ਸਥਿਤੀ ਕਾਰਨ ਸਮਾਜਿਕ ਤੇ ਆਰਥਿਕ ਵਿਕਾਸ ‘ਤੇ ਵਿਨਾਸ਼ਕਾਰੀ ਪ੍ਰਭਾਵ ਨੂੰ ਰੋਕਣ ਲਈ ਕਦਮ ਚੁੱਕਣ ਦਾ ਫੈਸਲਾ ਕੀਤਾ ਗਿਆ ਸੀ।

12 ਸਤੰਬਰ, ਵਿਸ਼ਵ ਜਲ ਨਿਗਰਾਨੀ ਦਿਵਸ (ਅਰਥ ਈਕੋ-ਵਾਟਰ ਚੈਲੇਂਜ ਡੇ) ਸਥਾਨਕ ਪਾਣੀ ਦੀ ਜਾਂਚ ਕਰਨ ਲਈ ਨੀਯਤ ਗਿਆ। ਇਹ ਜਾਣਕਾਰੀ ਫਿਰ ਵੱਖ-ਵੱਖ ਸਰੋਤਾਂ ਰਾਹੀਂ ਸਾਂਝੀ ਕੀਤੀ ਜਾਂਦੀ ਹੈ। ਦੁਨੀਆ ਦੇ 146 ਦੇਸ਼ਾਂ ਦੇ ਲੋਕ ਇਸ ਪ੍ਰੋਜੈਕਟ ਨਾਲ ਜੁੜੇ ਹੋਏ ਹਨ। ਗਲੋਬਲ ਵਾਰਮਿੰਗ ਕਾਰਨ ਗਲੇਸ਼ੀਅਰ ਪਿਘਲਣ ਤੋਂ ਬਾਅਦ ਤਾਜ਼ੇ ਪਾਣੀ ਦਾ ਨੁਕਸਾਨ ਗੰਭੀਰ ਹੁੰਦਾ ਜਾ ਰਿਹਾ ਹੈ। ਜੰਮੇ ਹੋਏ ਗ੍ਰੀਨਲੈਂਡ ਵਿਚ ਪਿਛਲੇ 10,000 ਸਾਲਾਂ ਦੌਰਾਨ ਪਹਿਲੀ ਵਾਰ ਗਰਮ ਹਵਾਵਾਂ ਵਗੀਆਂ। ਇਸ ਨਾਲ ਕਰੋੜਾਂ ਟਨ ਬਰਫ਼ ਦਾ ਨੁਕਸਾਨ ਹੋਇਆ। ਅੰਟਾਰਕਟਿਕਾ ਵੀ ਲਗਭਗ 200 ਤੱਕ ਗਰਮ ਹੋ ਗਿਆ।ਸਨ 2100 ਤੱਕ ਆਰਕਟਿਕ ਖੇਤਰ ਲਗਭਗ 75% ਗੁਆ ਸਕਦਾ ਹੈ। ਨਤੀਜੇ ਵਜੋਂ ਤਾਜ਼ੇ ਪਾਣੀ ਦੀ ਗੰਭੀਰ ਕਮੀ ਹੋ ਸਕਦੀ ਹੈ। ਝੀਲਾਂ ਅਤੇ ਸਮੁੰਦਰਾਂ ਵਿੱਚ ਆਕਸੀਜਨ ਦਾ ਪੱਧਰ ਤੇਜ਼ੀ ਨਾਲ ਘਟ ਸਕਦੀ ਹੈ।

ਰਸਾਇਣਕ ਮਿਸ਼ਰਣਾਂ (ਜ਼ਿਆਦਾਤਰ ਖਾਦਾਂ ਅਤੇ ਕੀਟਨਾਸ਼ਕਾਂ ਤੋਂ), ਮਿੱਟੀ, ਬੈਕਟੀਰੀਆ, ਐਲਗੀ, ਪਰਜੀਵੀ, ਵਾਇਰਸ ਅਤੇ ਫੰਜਾਈ ਨੂੰ ਹਟਾਉਣ ਲਈ ਪਾਣੀ ਨੰੁ ਸ਼ੁੱਧ ਕਰਨਾ ਜ਼ਰੂਰੀ ਹੈ। ਘਰਾਂ ਵਿੱਚ ਉਬਾਲਣਾ, ਕਾਰਬਨ ਦੁਆਰਾ ਫਿਲਟਰੇਸ਼ਨ, ਯੂਵੀ ਕੀਟਾਣੂਨਾਸ਼ਕ ਅਤੇ ਡੀ-ਓਨਾਈਜ਼ੇਸ਼ਨ ਕੀਤਾ ਜਾ ਸਕਦਾ ਹੈ। ਸ਼ਹਿਰਾਂ ਲਈ ਝੀਲ ਜਾਂ ਨਦੀ ਦੇ ਪਾਣੀ ਨੂੰ ਲੋਹੇ ਜਾਂ ਐਲੂਮੀਨੀਅਮ ਦੇ ਲੂਣ ਪਾ ਕੇ ਸਾਫ਼ ਕੀਤਾ ਜਾਂਦਾ ਹੈ ਜਿਸ ਨਾਲ ਛੋਟੀਆਂ ਅਸ਼ੁੱਧੀਆਂ ਦੇ ਕਣ ਇਕੱਠੇ ਹੇੋ ਕੇ ਤਲ ‘ਤੇ ਬੈਠ ਜਾਂਦੇ ਹਨ। ਪਾਈਪਾਂ ਅਤੇ ਟੈਂਕਾਂ ਵਿੱਚ ਬੈਕਟੀਰੀਆ ਦੇ ਵਾਧੇ ਨੂੰ ਕੰਟਰੋਲ ਕਰਨ ਲਈ ਕਲੋਰੀਨੇਸ਼ਨ ਕੀਤੀ ਜਾਂਦੀ ਹੈ। ਹਾਰਡ ਵਾਟਰ ਵਾਲੇ ਪਾਣੀ ਦਾ ਸੋਡੀਅਮ ਕਾਰਬੋਨੇਟ (ਸੋਡਾ ਐਸ਼) ਨਾਲ ਇਲਾਜ ਕੀਤਾ ਜਾਂਦਾ ਹੈ।

ਕੁਦਰਤੀ ਪਾਣੀ ਨੂੰ ਸ਼ੁੱਧ ਕਰਨ ਲਈ ਨਾਰਥਵੈਸਟਰਨ ਯੂਨੀਵਰਸਿਟੀ, ਇਲੀਨੋਇਸ (ਅਮਰੀਕਾ), ਨੇ ਪ੍ਰਦੂਸ਼ਿਤ ਪਾਣੀਆਂ ਤੋਂ ਬਰਾਮਦ ਕੀਤੇ ਫਾਸਫੇਟਸ ਨੂੰ ਹਟਾਉਣ ਅਤੇ ਦੁਬਾਰਾ ਵਰਤਣ ਦਾ ਇੱਕ ਨਵਾਂ ਤਰੀਕਾ ਵਿਕਸਿਤ ਕੀਤਾ ਹੈ। ਇੱਕ ਹੋਰ ਨਵਾਂ ਤਰੀਕਾ ਕਾਰਡਿਫ ਯੂਨੀਵਰਸਿਟੀ ਵਿੱਚ ਵਿਕਸਿਤ ਕੀਤਾ ਗਿਆ ਹੇ। ਇਹ ਵਿਚ ਹਾਈਡ੍ਰੋਜਨ ਅਤੇ ਆਕਸੀਜਨ ਦੀ ਵਰਤੋਂ ਕਰਕੇ ਹਾਈਡ੍ਰੋਜਨ ਪਰਆਕਸਾਈਡ ਬਣਾਇਆ ਜਾਂਦਾ ਹੈ ਜੋ ਕਲੋਰੀਨ ਤੋਂ ਕਿਤੇ ਬਿਹਤਰ ਹੈ। ਇਹ ਤਕਨੀਕ ਬੈਕਟੀਰੀਆ (ਜਿਵੇਂ ਈ. ਕੋਲੀ) ਅਤੇ ਵਾਇਰਸਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਮਾਰ ਸਕਦੀ ਹੈ ਅਤੇ ਹੈਜ਼ਾ ਅਤੇ ਟਾਈਫਾਈਡ ਬੁਖਾਰ ਸਮੇਤ ਪੇਟ ਦੀਆਂ ਬਿਮਾਰੀਆਂ ਦਾ ਮੁਕਾਬਲਾ ਕਰ ਸਕਦੀ ਹੈ।

ਸਾਫ਼ ਪਾਣੀ ਲਈ ਦਿਨ ਅਤੇ ਰਾਤ ਦੋਵੇਂ ਹਵਾ ਤੋਂ ਸਾਫ ਪਾਣੀ ਇਕੱਠਾ ਕਰਨ ਲਈ ਇੱਕ ਨਵੀਂ ਸਮੱਗਰੀ ਤਿਆਰ ਕੀਤੀ ਗਈ ਹੈ। ਦਿਨੇ ਹਵਾ ਵਿਚਲੀ ਭਾਫ਼ ਨੂੰ ਸੰਘਣੀ ਕਰ ਕੇ ਪੀਣ ਵਾਲਾ ਪਾਣੀ ਬਣਾਇਆ ਜਾਂਦਾ ਹੈ। ਰਾਤ ਨੂੰ, ਸਮੁੰਦਰੀ ਤੱਟਾਂ ਦੇ ਨਾਲ ਨੀਵੇਂ ਬੱਦਲ ਸੰਘਣੇ ਕਰ ਕੇ ਪਾਣੀ ਵਿੱਚ ਬਦਲੇ ਜਾਂਦੇ ਹਨ। ਇਹ ਤਰੀਕਾ ਇੱਕ ਵਿਸ਼ੇਸ਼ ਹਾਈਡ੍ਰੋਜੈਲੱ ਝਿੱਲੀ ਦੀ ਵਰਤੋਂ ਕਰਦਾ ਹੈ ਜਿਸਨੂੰ ਆਮ ਤੌਰ ‘ਤੇ ਤਾਪਮਾਨ ਸੈਂਸਰਾਂ ਅਤੇ ਬੈਟਰੀਆਂ ਵਿੱਚ ਵਰਤਿਆ ਜਾਂਦਾ ਹੈ।

Leave a comment