ਪੰਜ ਤੱਤਾਂ ਦੀ ਚਿੰਤਾ (ਡਾ. ਡੀ. ਪੀ. ਸਿੰਘ)

ਪੰਜ ਤੱਤਾਂ ਦੀ ਚਿੰਤਾ

ਡਾ. ਡੀ. ਪੀ.  ਸਿੰਘ (Mississauga, Ontario, Canada)

ਹਵਾ, ਪਾਣੀ, ਅੱਗ, ਅੰਬਰ, ਮਿੱਟੀ, ਬੈਠੇ ਸਨ ਸਭ ਸਿਰ ਸੁੱਟੀ।

ਮਾਨਵ ਹੱਥੋਂ ਤੰਗ ਹੋਏ ਸਭ, ਸੋਚਣ ਜਿੰਦ ਫਸ ਗਈ ਕਸੂਤੀ।

ਜੀਵਨ ਦਾ ਅਧਾਰ ਤੱਤ ਇਹ, ਆਪਣੀ ਆਪਣੀ ਵਿਥਿਆ ਦੱਸਦੇ।

ਪਰਦੂਸ਼ਣ  ਦੇ  ਨਾਗ  ਜ਼ਹਿਰੀਲੇ, ਰੋਜ਼  ਅਸਾਂ ਨੂੰ ਰਹਿੰਦੇ  ਡੱਸਦੇ।

ਹਵਾ ਕਹੇ ਮੇਰੀ ਪੱਤ ਰੋਲੀ, ਕਾਲੀ ਸੁਆਹ ਨੂੰ ਨਾਲ ਰਲਾ ਕੇ।

ਚਾਰੋ ਪਾਸੇ ਫੈਲੇ ਜ਼ਹਿਰਾਂ ਤੋਂ,  ਖੁਦ  ਨੂੰ ਰੱਖਾਂ ਕਿੰਝ ਬਚਾ ਕੇ।

ਲਾਲ-ਪੀਲੀ ਹੋ ਕੇ ਅੱਗ ਬੋਲੀ, ਮੈਂ ਵੀ ਆਈ ਹਾਂ ਹਾਲ ਸੁਣਾਵਣ।

ਐਟਮ  ਬੰਬ   ਬਣਾ  ਕੇ   ਭੈੜੇ,  ਦੀਨ-ਦੁਨੀ  ਨੂੰ  ਸਾੜ੍ਹੀ  ਜਾਵਣ।

ਅੱਖਾਂ ਦੇ ਵਿਚ ਹੰਝੂ ਭਰ ਭਰ, ਪਾਣੀ ਵੀ ਹੁਬਕੀਂ ਸੀ ਰੋਇਆ।

ਨਦੀਆਂ-ਨਾਲੇ ਜ਼ਹਿਰ ਥੀਂ ਭਰ ਕੇ, ਲੋਕਾਂ! ਤੈਂ ਕੀ ਦਰਦ ਨਾ ਆਇਆ?

ਭਰਿਆ  ਪੀਤਾ   ਅੰਬਰ  ਬੋਲਿਆ, ਇਕ  ਲੰਮੀ  ਚੁੱਪ ਤੋਂ ਬਾਅਦ।

ਗੰਦ-ਮਾਲ ਨਾਲ ਧਰਤ ਭਰੀ ਹੈ, ਕੂੜ-ਕਬਾੜ ਦੇ ਨਾਲ ਪੁਲਾੜ।

ਉੱਚੀ ਉੱਚੀ ਬੋਲ ਕਿਹਾ ਉਸ, ਹੁਣ ਨਹੀਂ ਏਦਾਂ ਗੱਲ ਕੋਈ ਬਨਣੀ।

ਕੁਝ ਨਾ ਕੁਝ ਤਾਂ ਪਊਗਾ ਕਰਨਾ, ਕੀਤਾ ਹੈ ਇਸ ਛੱਲਣੀ ਛੱਲਣੀ।

ਸੋਚ ਸੋਚ ਕੇ ਆਖ਼ਰ ਉਨ੍ਹਾਂ, ਕੱਠੇ ਬਹਿ ਕੇ ਲਿਆ ਇਹ ਨਿਰਣਾ।

ਆਪਣੇ  ਮਾੜੇ  ਕੰਮਾਂ  ਕਾਰਣ, ਮਾਨਵ ਨੇ ਹੈ ਇਕ ਦਿਨ ਮਰਨਾ।

ਚੰਗਾ ਹੈ ਇਹ, ਇਸ ਬਲਾਅ ਨੂੰ, ਜਿਥੋਂ ਆਈ ਕਰੀਏ ਵਾਪਸ।

ਨਹੀਂ ਤਾਂ ਇਸ ਨੇ ਹੋ ਜਾਣਾ ਹੈ, ਸਾਡੇ ਸਭਨਾਂ ਉੱਤੇ ਕਾਬਜ਼।

ਹੋ ਗਈ ਜੇ ਇਹ ਕਾਬਜ਼ ਸਭ ‘ਤੇ, ਜੀਣਾ ਸਾਡਾ ਕਰੂ ਮੁਹਾਲ।

ਧਰਤੀ ਦੇ ਜੀਵਾਂ ਦਾ ਇਸ ਨੂੰ, ਨਾ ਫਿਕਰ ਹੈ ਨਾ ਹੀ ਖਿਆਲ।

ਆਉ! ਮਾਨਵ ਨੂੰ ਮੱਤ ਇਹ ਦੇਈਏ, ਪਰਦੂਸ਼ਣ ਦੀ ਬਿਰਤੀ ਤਿਆਗੇ।

ਦੀਨ-ਦੁੱਖੀ ਦੀ ਰੂਹ ਠਾਰਣ ਲਈ, ਕੁੰਭਕਰਣ ਦੀ ਨੀਦੋਂ ਜਾਗੇ।

****

*drddpsinghauthor.wordpress.com

Leave a comment