ਨਵੀਆਂ ਖੋਜਾਂ, ਨਵੇਂ ਤੱਥ (ਅਰੋਗ ਮਨ ਹੀ ਹੈ ਸਾਡੀ ਸਿਹਤਮੰਦ ਲੰਬੀ ਉਮਰ ਤੇ ਖੁਸ਼ੀ ਦਾ ਆਧਾਰ)
ਡਾ. ਡੀ. ਪੀ. ਸਿੰਘ, ਕੈਨੇਡਾ
ਸਿਹਤਮੰਦ ਲੰਬੀ ਉਮਰ ਤੇ ਖੁਸ਼ੀ ਦਾ ਸਾਡੀ ਮਾਨਸਿਕ ਹਾਲਤ ਨਾਲ ਬਹੁਤ ਹੀ ਨੇੜਤਾ ਵਾਲਾ ਰਿਸ਼ਤਾ ਹੈ। ਸਾਡੇ ਸਰੀਰ ਦੇ ਸਾਰੇ ਕੰਮਾਂ ਦਾਕੰਟ੍ਰੋਲ ਸਾਡੇ ਦਿਮਾਗ ਕੋਲ ਹੀ ਹੈ। ਪ੍ਰਸਿੱਧ ਮਨੋਵਿਗਿਆਨੀ ਰੇਜੀਨਾ ਕੋਏਪ ਦਾ ਕਹਿਣਾ ਹੈ ਕਿ ਲੰਮੀ ਤੇ ਸਿਹਤਮੰਦ ਜ਼ਿੰਦਗੀ ਜੀਣ ਲਈ ਮਨੁੱਖੀ ਦਿਮਾਗ ਦਾ ਅਰੋਗ ਹੋਣਾ ਅਤਿ ਜ਼ਰੂਰੀ ਹੈ। ਸਾਨੂੰ ਸਰੀਰਕ ਤੰਦਰੁਸਤੀ ਲਈ ਕੰਮ ਕਰਦੇ ਹੋਏ, ਆਪਣੀ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਵੀ ਧਿਆਨ ਦੇਣਾ ਜ਼ਰੂਰੀ ਹੈ। ਦਰਅਸਲ ਮਾਨਸਿਕ ਅਰੋਗਤਾ ਨੂੰ ਬਣਾਈ ਰੱਖਣਾ ਇੱਕ ਲੰਬੀ, ਖੁਸ਼ਹਾਲ ਤੇ ਸਿਹਤਮੰਦ ਜ਼ਿੰਦਗੀ ਜੀਉਣ ਦੀ ਅਹਿਮ ਕੁੰਜੀ ਹੈ। ਕੋਏਪ ਨੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਹੇਠ ਲਿਖੇ ਪੰਜ ਸੁਝਾਅ ਪੇਸ਼ ਕੀਤੇ ਹਨ, ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਸ਼ਾਮਲ ਕਰਣਾ ਕਾਫ਼ੀ ਸਹਿਜ ਹੈ।

(1) ਮੰਤਵਪੂਰਨ ਕ੍ਰਿਆਵਾਂ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉ।
ਕਿਸੇ ਸ਼ੋਕ ਦੀ ਪੂਰਤੀ ਜਾਂ ਅਧਿਆਤਮਿਕ ਕਾਰਜਾਂ ਵਿੱਚ ਸ਼ਾਮਿਲ ਹੋਣ ਦਾ ਉੱਦਮ ਮਾਨਸਿਕ ਸਿਹਤ ਵਿਚ ਚੰਗਾ ਵਾਧਾ ਕਰਨ ਦਾ ਆਧਾਰ ਬਣਦਾ ਹੈ। ਮੰਤਵਪੂਰਨ ਕ੍ਰਿਆਵਾਂ ਜਿਵੇਂ ਕਿ ਨਿਸ਼ਕਾਮ ਸੇਵਾ ਕਾਰਜ ਕਰਨਾ, ਕਿਸੇ ਸ਼ੌਕ ਜਿਵੇਂ ਕਿ ਪੇਟਿੰਗ ਕਰਨਾ, ਸੰਗੀਤ ਸੁਨਣਾ, ਕਿਤਾਬ ਪੜ੍ਹਣਾ, ਯੋਗਾ ਕਰਨਾ ਜਾਂ ਲੰਮੀ ਸੈਰ ਉੱਤੇ ਜਾਣਾ ਆਦਿ, ਜਾਂ ਫਿਰ ਅਧਿਆਤਮਿਕ ਕੰਮਾਂ ਵਿਚ ਭਾਗ ਲੈਣਾ ਚੰਗੀ ਮਾਨਸਿਕ ਸਿਹਤ ਨੂੰ ਵਧਾਉਣ ਵਿੱਚ ਮਦਦ ਕਰ ਸਕਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਜਿਹਾ ਕਿਉਂ ਵਾਪਰਦਾ ਹੈ? ਦਰਅਸਲ ਅਜਿਹੇ ਕਾਰਜ ਸਾਡੇ ਮਾਨਸਿਕ ਤਣਾਅ ਨੂੰ ਘਟਾਉਂਦੇ ਹਨ। ਜਿਸ ਦੇ ਫਲਸਰੂਪ ਸਾਡਾ ਅਲਜ਼ਾਈਮਰ ਰੋਗ, ਦਿਲ ਦੇ ਦੌਰੇ ਅਤੇ ਡਿਪਰੈਸ਼ਨ ਵਰਗੇ ਸੰਗੀਨ ਰੋਗਾਂ ਤੋਂ ਬਚਾਉ ਹੋ ਜਾਂਦਾ ਹੈ। ਮਾਨਸਿਕ ਸਿਹਤ ਨੂੰ ਚੰਗਾ ਬਣਾਉਣ ਲਈ ਇਹ ਬਹੁਤ ਹੀ ਉੱਤਮ ਸੁਝਾਅ ਹੈ, ਕਿਉਂਕਿ ਲਗਭਗ ਹਰ ਕੋਈ ਅਜਿਹਾ ਕਰ ਸਕਦਾ ਹੈ।
(2) ਸਰਗਰਮ ਜੀਵਨ ਸ਼ੈਲੀ ਅਪਣਾਉ ।
ਪ੍ਰਸਿੱਧ ਮਨੋਵਿਗਿਆਨੀ ਰੇਜੀਨਾ ਕੋਏਪ ਦਾ ਕਹਿਣਾ ਹੈ ਕਿ ਹੈ ਕਿ ਕਿਸੇ ਵੀ ਹਫ਼ਤੇ ਦੌਰਾਨ ਘੱਟੋ ਘੱਟ ਪੰਜ ਦਿਨ, ਹਰ ਰੋਜ਼ 30 ਮਿੰਟ ਦੀ ਸਾਧਾਰਣ ਸਰਗਰਮੀ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਣ ਦੀ ਸਮਰਥਾ ਰੱਖਦੀ ਹੈ। ਜੋ ਲੋਕ ਸਰੀਰਕ ਤੌਰ ‘ਤੇ ਸਰਗਰਮ ਜੀਵਨ ਸ਼ੈਲੀ ਧਾਰਣ ਕਰਦੇ ਹਨ, ਉਨ੍ਹਾਂ ਵਿੱਚ ਦਿਲ ਦੀ ਬਿਮਾਰੀ ਅਤੇ ਮਨੋਰੋਗ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਹਫ਼ਤੇ ਵਿੱਚ ਦੋ ਦਿਨ ਭਾਰ ਚੁੱਕਣ ਵਰਗੀਆਂ ਤਾਕਤ-ਆਧਾਰਿਤ ਕਸਰਤਾਂ ਦੇ ਨਾਲ-ਨਾਲ, ਪੰਜ ਦਿਨ ਸਾਧਾਰਣ ਕੰਮਾਂ ਨੂੰ ਰੋਜ਼ਾਨਾ 30 ਮਿੰਟ ਕਰਨ ਦੀ ਕੋਸ਼ਿਸ਼ ਚੰਗਾ ਮਹਿਸੂਸ ਕਰਨ ਵਾਲੇ ਹਾਰਮੋਨਸ, ਸੇਰੋਟੋਨਿਨ ਅਤੇ ਐਂਡੋਰਫਿਨ, ਦੀ ਪੈਦਾਇਸ਼ ਨੂੰ ਵਧਾਉਂਦੀ ਹੈ, ਅਤੇ ਸਾਡੇ ਡਿਪਰੈਸ਼ਨ ਦੇ ਜੋਖਮ ਨੂੰ ਘਟਾਉਂਦੀ ਹੈ। ਇਹ ਜਾਨਣ ਲਈ ਕਿ ਤੁਹਾਡੇ ਵਲੋਂ ਅਪਨਾਈ ਜਾਣ ਵਾਲੀ ਕਸਰਤ ਦੀ ਨਵੀਂ ਵਿਧੀ ਤੁਹਾਡੇ ਲਈ ਢੁਕਵੀ ਹੈ ਜਾਂ ਨਹੀਂ, ਇਸ ਵਿਧੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਫੈਮਲੀ ਡਾਕਟਰ ਦੀ ਸਲਾਹ ਜ਼ਰੂਰ ਲਵੋ।
(3) ਪੋਸ਼ਟਿਕ ਤੇ ਸੰਤੁਲਿਤ ਭੋਜਨ ਖਾਓ।
ਮਾਹਿਰਾਂ ਅਨੁਸਾਰ ਪੋਸ਼ਟਿਕ ਤੇ ਸੰਤੁਲਿਤ ਭੋਜਨ ਖਾਣ ਨਾਲ ਮਾਨਸਿਕ ਸਿਹਤ ਵਿਚ ਸੁਧਾਰ ਹੁੰਦਾ ਹੈ ਤੇ ਇਹ ਕਾਰਜ ਸਿਹਤਮੰਦ ਲੰਬੀ ਉਮਰ ਵੱਲ ਸਾਡੇ ਸਫ਼ਰ ਨੂੰ ਸੁਖਾਲਾ ਬਣਾਉਂਦਾ ਹੈ। ਹਰੀਆਂ-ਭਰੀਆਂ ਤੇ ਤਾਜ਼ਾ ਸਬਜ਼ੀਆਂ ਅਧਾਰਿਤ ਖੁਰਾਕ ਚੰਗੀ ਸਿਹਤ ਬਣਾਈ ਰੱਖਣ ਵਿਚ ਬਹੁਤ ਲਾਹੇਵੰਦ ਸਾਬਤ ਹੁੰਦੀ ਹੈ। ਫਾਈਬਰ ਭਰਪੂਰ ਖਾਧ-ਪਦਾਰਥਾਂ ਦੇ ਨਾਲ ਨਾਲ ਪਾਲਕ, ਫਲੀਦਾਰ ਸਬਜ਼ੀਆਂ ਜਿਵੇਂ ਕਿ ਮਟਰ ਤੇ ਛੋਲੀਆ ਆਦਿ, ਅਤੇ ਫਲ ਜਿਵੇਂ ਕਿ ਸੇਬ, ਕੇਲੇ, ਬਲੂਬੇਰੀ ਅਤੇ ਗਿਰੀਦਾਰ ਮੇਵੇ, ਖਾਣਾ ਸਾਡੀ ਤੰਦਰੁਸਤੀ ਬਣਾਏ ਰੱਖਣ ਲਈ ਅਤਿ ਜ਼ਰੂਰੀ ਵੀ ਹੈ ਤੇ ਬਹੁਤ ਲਾਭਦਾਇਕ ਵੀ। ਕੋਏਪ ਦਾ ਕਹਿਣਾ ਹੈ ਕਿ ਅਜਿਹਾ ਪੋਸ਼ਟਿਕ ਤੇ ਸੰਤੁਲਿਤ ਭੋਜਨ ਖਾਣ ਨਾਲ ਬਲੱਡ ਪ੍ਰੈਸ਼ਰ ਅਤੇ ਕੋਲੇਸਟ੍ਰੋਲ ਵਿੱਚ ਸੁਧਾਰ ਹੁੰਦਾ ਹੈ ਅਤੇ ਸ਼ੂਗਰ, ਸਟ੍ਰੋਕ, ਨਾੜੀ ਦੀਆਂ ਬਿਮਾਰੀਆਂ ਅਤੇ ਡਿਪਰੈਸ਼ਨ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ।
(4) ਨਿਯਮਿਤ ਤੇ ਭਰਪੂਰ ਨੀਂਦ ਲਉ।
ਜਦੋਂ ਅਰੋਗ ਮਨ ਤੇ ਸਿਹਤਮੰਦ ਲੰਬੀ ਉਮਰ ਦੀ ਗੱਲ ਹੋਵੇ ਤਾਂ ਗੂੜ੍ਹੀ ਨੀਂਦ ਦਾ ਮਹੱਤਵ ਬਹੁਤ ਵਧੇਰੇ ਮੰਨਿਆ ਗਿਆ ਹੈ। ਮਨੋਵਿਗਿਆਨੀ ਕੋਏਪ ਦਾ ਕਹਿਣਾ ਹੈ ਕਿ ਚੰਗੀ ਨੀਂਦ ਲੈਣ ਦਾ ਦਿਮਾਗੀ ਅਰੋਗਤਾ ਅਤੇ ਚੰਗੀ ਸਰੀਰਕ ਸਿਹਤ ਨਾਲ ਗੂੜ੍ਹਾ ਸਬੰਧ ਹੈ, ਖਾਸ ਕਰ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਜਾਂਦੀ ਹੈ। ਰੋਗ ਰੋਕਥਾਮ ਸੰਸਥਾਵਾਂ ਇਸ ਗੱਲ ਉੱਤੇ ਜ਼ੋਰ ਦਿੰਦੀਅਆਂ ਹਨ ਕਿ ਬਾਲਗਾਂ ਨੂੰ ਇੱਕ ਰਾਤ ਦੌਰਾਨ ਅਕਸਰ ਸੱਤ ਜਾਂ ਅੱਠ ਘੰਟੇ ਦੀ ਨੀਂਦ ਮਾਨਣੀ ਚਾਹੀਦੀ ਹੈ। ਇਸ ਆਸ਼ੇ ਨੂੰ ਪੂਰਾ ਕਰਨ ਲਈ ਨਿਯਮਤ ਰੂਪ ਵਿਚ ਸਮੇਂ ਸਿਰ ਸੌਣ ਦੀ ਆਦਤ ਦਾ ਪਾਲਣ ਜ਼ਰੂਰੀ ਹੈ। ਸੌਣ ਤੋਂ ਘੱਟੋ-ਘੱਟ ਇੱਕ ਘੰਟਾ ਪਹਿਲਾਂ ਸੈੱਲਫੋਨ (ਮੋਬਾਇਲ) ਤੇ ਟੈਲੀਵਿਯਨ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ। ਆਪਣੇ ਸੌਣ ਵਾਲੇ ਕਮਰੇ ਨੂੰ ਸੌਣ ਸਮੇਂ ਹਨੇਰਾ ਤੇ ਸੁਯੋਗ ਤਾਪਮਾਨ ਵਾਲਾ ਬਣਾ ਨੀਂਦ ਦੀ ਆਮਦ ਵਿਚ ਮਦਦ ਕਰ ਸਕਦੇ ਹੋ। ਸੱਭ ਤੋਂ ਮਹੱਤਵਪੂਰਨ ਗੱਲ ਤਾਂ ਇਹ ਹੈ ਕਿ ਹਰ ਰਾਤ ਇੱਕ ਖਾਸ ਸਮੇਂ ਉੱਤੇ ਸੌਣਾ ਅਤੇ ਹਰ ਸਵੇਰ ਨੂੰ ਇੱਕ ਖਾਸ ਸਮੇਂ ਉੱਠਣਾ। ਅਜਿਹੀ ਕ੍ਰਿਆ ਤੁਹਾਨੂੰ ਚੰਗੀ ਨੀਂਦ ਪ੍ਰਾਪਤੀ ਵਿਚ ਬਹੁਤ ਮਦਦਗਾਰ ਸਾਬਤ ਹੋਣ ਦੇ ਸਮਰਥ ਹੈ।
(5) ਬੁਢਾਪੇ ਬਾਰੇ ਸਿਹਤਮੰਦ ਰਵੱਈਆ ਰੱਖੋ।
ਜਦੋਂ ਬੁਢਾਪੇ ਅਤੇ ਚੰਗੀ ਮਾਨਸਿਕ ਸਿਹਤ ਦੀ ਗੱਲ ਹੋਵੇ ਤਾਂ ਤੁਸੀਂ ਬਿਰਤਾਂਤ ਨੂੰ ਚੰਗੇਰਾ ਬਣਾਉੁਣ ਦੇ ਸਮਰਥ ਹੋ। ਬੁਢਾਪੇ ਬਾਰੇ ਬਹੁਤ ਸਾਰੀਆਂ ਨਕਾਰਾਤਮਕ ਧਾਰਨਾਵਾਂ ਪ੍ਰਚਲਤ ਹਨ। ਅਜਿਹੀ ਸੋਚ ਰੱਖਣਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਮਾਹਿਰਾਂ ਦੁਆਰਾ ਕੀਤੇ ਗਏ ਖੋਜ ਕਾਰਜਾਂ ਤੋਂ ਪਤਾ ਲੱਗਾ ਹੈ ਕਿ ਬੁਢਾਪੇ ਬਾਰੇ ਵਧੇਰੇ ਸਕਾਰਾਤਮਕ ਨਜ਼ਰੀਆ ਰੱਖਣ ਵਾਲੇ ਲੋਕ ਬੁਢਾਪੇ ਬਾਰੇ ਨਕਾਰਾਤਮਕ ਨਜ਼ਰੀਆ ਰੱਖਣ ਵਾਲਿਆਂ ਨਾਲੋਂ ਸਾਢੇ ਸੱਤ ਸਾਲ ਵਧੇਰੇ ਲੰਬੀ ਉਮਰ ਜੀਉਂਦੇ ਹਨ। ਇਸ ਦਾ ਭਾਵ ਹੈ ਕਿ ਜੇ ਤੁਸੀਂ ਬੁਢਾਪੇ ਬਾਰੇ ਨਕਾਰਾਤਮਕ ਜਾਂ ਪ੍ਰੰਪਰਾਵਾਦੀ ਸੋਚ ਰੱਖਦੇ ਹੋ, ਤਾਂ ਬਸ ਇਸ ਬਿਰਤਾਂਤ ਨੂੰ ਬਦਲੋ ਅਤੇ ਅਜਿਹੀ ਸੋਚ ਨੂੰ ਕਿਸੇ ਹੋਰ ਚੰਗੀ ਧਾਰਣਾ ਨਾਲ ਬਦਲ ਦਿਉ। ਆਪਣੇ ਬਾਰੇ ਨਕਾਰਾਤਮਕ ਬਿਆਨ ਦੇਣ ਤੋਂ ਗੁਰੇਜ਼ ਕਰੋ ਅਤੇ ਇਸਨੂੰ ਬੁਢਾਪੇ ਨਾਲ ਨਾ ਜੋੜੋ। ਜਿਵੇਂ ਕਿ ਇਹ ਕਹਿਣਾ ਕਿ ‘ਮੇਰੀ ਖੱਬੀ ਵੱਖੀ ਦਰਦ ਕਰ ਰਹੀ ਹੈ ਕਿਉਂ ਕਿ ਮੈਂ ਬੁੱਢੀ ਹੋ ਗਈ ਹਾਂ।’ਇਸ ਦੀ ਥਾਂ ਯਾਦ ਰੱਖੋ ਕਿ ਤੁਹਾਡੀ ਸੱਜੀ ਵੱਖੀ ਦਰਦ ਨਹੀਂ ਕਰ ਰਹੀ ਜਦ ਕਿ ਇਹ ਓਨੀ ਹੀ ਪੁਰਾਣੀ ਹੈ। ਸਿਰਫ਼ ਬਿਰਤਾਂਤ ਨੂੰ ਬਦਲੋ, ਅਜਿਹਾ ਕਰਨ ਨਾਲ ਸਕਾਰਾਤਮਕ ਵਿਚਾਰਾਂ ਵਿਚ ਵਾਧਾ ਹੋਵੇਗਾ। ਚਿੰਤਾ ਅਤੇ ਤਣਾਅ ਘੱਟੇਗਾ ਅਤੇ ਸਵੈ-ਮਾਣ ਵਧੇਗਾ।
Email: drdpsn@hotmail.com