*ਬਜ਼ੁਰਗਾਂ ਬਿਨਾਂ-ਸੁੰਨੇ ਵਿਹੜੇ*(ਭਾਗ ਪਹਿਲਾ ) ਕੋਈ ਸਮਾਂ ਸੀ- ਬਜ਼ੁਰਗ ਘਰ ਦੀ ਸ਼ਾਨ ਹੁੰਦੇ ਸਨ, ਉਹਨਾਂ ਨਾਲ ਘਰ ਭਰਿਆ-ਭਰਿਆ ਲਗਦਾ। ਵਿਹੜੇ ਜਾਂ ਡਿਉੜੀ ਵਿਚ ਬਜ਼ੁਰਗ ਨੇ ਮੰਜੇ ਤੇ ਬੈਠਾ ਹੋਣਾ, ਹਰ ਕਿਸੇ ਆਉਣ ਜਾਣ ਵਾਲੇ ਨੇ-ਉਹਨਾਂ ਨੂੰ ਬੁਲਾ ਕੇ, ਦੱਸ ਪੁੱਛ ਕੇ ਜਾਣਾ। ਬਜ਼ੁਰਗਾਂ ਦੇ ਹੁੰਦਿਆਂ, ਪੁੱਤਰ ਨਿਸ਼ਚਿੰਤ ਹੋ ਕੇ ਬਾਹਰ ਦੇ ਸਾਰੇ ਕੰਮ ਕਰਦਾ। ਉਸਨੂੰ ਘਰ ਦੀ ਕੋਈ ਚਿੰਤਾ ਨਾ ਹੁੰਦੀ, ਕਿਉਂਕਿ ਬਾਹਰੋਂ ਆਏ ਹਰ ਸ਼ਖਸ ਦੀ ਬਜ਼ੁਰਗ ਪਹਿਲਾਂ ਪੁੱਛ-ਪੜਤਾਲ ਕਰਦਾ ਤੇ ਫਿਰ ਅੱਗੇ ਜਾਣ ਦਾ। ਬਜ਼ੁਰਗਾਂ ਨੂੰ ਘਰ ਦਾ ਜਿੰਦਰਾ ਵੀ ਕਿਹਾ ਜਾਂਦਾ, ਕਿਉਂਕਿ ਉਹਨਾਂ ਦੇ ਬੈਠਿਆਂ ਕਦੇ ਜਿੰਦਰੇ ਦੀ ਲੋੜ ਹੀ ਨਹੀ ਸੀ ਪੈਂਦੀ। ਬਹੁਤੇ ਕੰਮਾਂ ਵਿੱਚ ਬਜ਼ੁਰਗਾਂ ਦੀ ਸਲਾਹ ਜਰੂਰ ਪੁੱਛੀ ਜਾਂਦੀ, ਕਿਉਂਕਿ ਉਹਨਾਂ ਕੋਲ ਜ਼ਿੰਦਗੀ ਦੇ ਤਜਰਬੇ ਦਾ ਅਨਮੋਲ ਖਜ਼ਾਨਾ ਹੁੰਦਾ ਸੀ। ਬਜ਼ੁਰਗ ਆਪਣੇ ਪੋਤੇ- ਪੋਤੀਆਂ ਨਾਲ ਖੁਸ਼ ਰਹਿੰਦੇ ਅਤੇ ਪਰਿਵਾਰ ਦੇ ਬਾਕੀ ਮੈਂਬਰ ਬੱਚਿਆਂ ਦੀ ਸੁਰੱਖਿਆ ਤੋਂ ਬੇ-ਫਿਕਰੇ ਹੋ ਕੇ ਕਮਾਈਆਂ ਕਰਦੇ। ਪਰ ਹੁਣ ਜ਼ਮਾਨਾ ਬਦਲ ਗਿਆ ਹੈ। ਅੱਜ ਕੋਈ ਵਿਰਲਾ ਟਾਵਾਂ ਹੀ ਘਰ ਹੋਏਗਾ ਜਿਸ ਵਿਚ ਕੋਈ ਬਜ਼ੁਰਗ ਦਿਖਾਈ ਦਿੰਦਾ ਹੋਵੇ। ਅੱਜ ਘਰਾਂ ਦੇ ਵਿਹੜੇ ਬਜ਼ੁਰਗਾਂ ਬਿਨਾਂ ਸੁੰਨੇ ਜਾਪਦੇ ਹਨ। ਬਹੁਤੇ ਪਰਿਵਾਰ ਤਾਂ ਬਜ਼ੁਰਗਾਂ ਨੂੰ ਨਾਲ ਹੀ ਨਹੀ ਰੱਖਦੇ। ਜੋ ਮਜਬੂਰੀ ਵੱਸ ਰੱਖਦੇ ਵੀ ਹਨ, ਉਹ ਬਣਦਾ ਸਤਿਕਾਰ ਨਹੀ ਦਿੰਦੇ। ਜਿਹਨਾਂ ਘਰਾਂ ਵਿਚ ਸਚਮੁੱਚ ਬਜ਼ੁਰਗਾਂ ਦਾ ਆਦਰ ਹੁੰਦਾ ਹੈ, ਉਹ ਘਰ ਸਵਰਗ ਹਨ। ਪਰ ਅਜੇਹੇ ਪਰਿਵਾਰਾਂ ਦੀ ਗਿਣਤੀ ਤਾਂ ਆਟੇ ਵਿਚ ਲੂਣ ਦੇ ਬਰਾਬਰ ਹੀ ਰਹਿ ਗਈ ਹੈ। ਅੱਜਕਲ ਦੀ ਤੇਜ਼ ਰਫਤਾਰ ਜ਼ਿੰਦਗੀ ਵਿਚ, ਮਾਇਆ ਦੀ ਅੰਨ੍ਹੀ ਦੌੜ ਨੇ ਇਨਸਾਨ ਲਈ ਰਿਸ਼ਤਿਆਂ ਦੀ ਕੋਈ ਅਹਿਮੀਅਤ ਹੀ ਨਹੀ ਛੱਡੀ। ਖੂੁਨ ਦੇ ਰਿਸ਼ਤੇ ਹੁਣ ਸਫੈਦ ਹੋ ਗਏ ਹਨ, ਹਰ ਰਿਸ਼ਤਾ ਹੁਣ ਮਤਲਬ ਦਾ ਰਹਿ ਗਿਆ ਹੈ, ਚਾਹੇ ਉਹ ਸਕੇ ਮਾਂ- ਪਿਉ ਦਾ ਹੀ ਕਿਉਂ ਨਾ ਹੋਵੇ। ਜਿਹਨਾਂ ਮਾਪਿਆਂ ਨੇ ਆਪਣੀ ਸਾਰੀ ਜ਼ਿੰਦਗੀ ਸੰਘਰਸ਼ ਕਰਕੇ, ਆਪਣੀਆਂ ਖੁਸ਼ੀਆਂ ਦਾਅ ਤੇ ਲਾ ਕੇ, ਆਪਣੇ ਪੁੱਤਰਾਂ ਨੂੰ ਬੜੇ ਚਾਵਾਂ ਨਾਲ ਪਾਲਿਆ-ਪੋਸਿਆ, ਪੜ੍ਹਾਇਆ-ਲਿਖਾਇਆ, ਵਿਆਹਿਆ ਅਤੇ ਆਪਣੇ ਪੈਰਾਂ ਤੇ ਖੜ੍ਹਨ ਜੋਗੇ ਕੀਤਾ ਹੁੰਦਾ ਹੈ, ਉਹੀ ਪੁੱਤਰ ਬੁੱਢੇ ਮਾਂ- ਪਿਉ ਨੂੰ ਵਾਧੂ ਜਿਹਾ ਬੋਝ ਸਮਝਣ ਲੱਗ ਜਾਂਦੇ ਹਨ। ਉਹ ਸ਼ਾਇਦ ਇਹ ਭੁੱਲ ਜਾਂਦੇ ਹਨ ਕਿ ਕੁੱਝ ਹੀ ਸਾਲਾਂ ਬਾਅਦ, ਉਹਨਾਂ ਨੂੰ ਵੀ ਇਹਨਾਂ ਹੀ ਹਾਲਾਤਾਂ ਵਿਚੋਂ ਗੁਜ਼ਰਨਾ ਪਏਗਾ, ਕਿਉਂਕਿ ਇਨਸਾਨ ਜੋ ਬੀਜਦਾ ਹੈ ਉਹੀ ਵੱਢਦਾ ਹੈ। ਜਿਹਨਾਂ ਮਾਪਿਆਂ ਨੇ ਆਪਣੇ ਚਾਰ- ਚਾਰ ਬੱਚਿਆਂ ਦੀ ਦੇਖਭਾਲ ਬਹੁਤ ਘੱਟ ਕਮਾਈ ਨਾਲ, ਸਬਰ- ਸੰਤੋਖ ਅਤੇ ਸੰਜਮ ਦਾ ਜੀਵਨ ਬਤੀਤ ਕਰਕੇ, ਇਕੱਲੇ ਹੀ ਬੜੇ ਸੁਚੱਜੇ ਢੰਗ ਨਾਲ ਕੀਤੀ ਹੁੰਦੀ ਹੈ- ਉਹਨਾਂ ਦੇ ਬਜ਼ੁਰਗ ਹੋਣ ਤੇ, ਸਾਰੇ ਬੱਚੇ ਰਲ ਕੇ ਵੀ ਉਹਨਾਂ ਦੀ ਦੇਖ ਭਾਲ ਨਹੀਂ ਕਰ ਸਕਦੇ, ਜੋ ਬੜੀ ਹੈਰਾਨੀ ਦੀ ਗੱਲ ਹੈ। ਉਹਨਾਂ ਵਿਚਾਰਿਆਂ ਦਾ ਦੁੱਖ ਸੁਨਣ ਜੋਗੀਆਂ, ਕੇਵਲ ਧੀਆਂ ਹੀ ਰਹਿ ਜਾਂਦੀਆਂ ਹਨ। ਪਰ ਉਹ ਵੀ ਆਪਣੇ ਸਹੁਰਿਆਂ ਦੀਆਂ ਮਜਬੂਰੀਆਂ ਕਾਰਨ ਆਪਣੇ ਕੋਲ ਰੱਖ ਕੇ ਸੇਵਾ ਕਰਨ ਤੋਂ ਅਸਮਰੱਥ ਹੁੰਦੀਆਂ ਹਨ। ਜਿਸ ਘਰ ਨੂੰ ਮਾਪਿਆਂ ਨੇ ਬੜੀਆਂ ਰੀਝਾਂ ਨਾਲ ਤੀਲਾ-ਤੀਲਾ ਜੋੜ ਕੇ ਬਣਾਇਆ ਹੁੰਦਾ ਹੈ, ਉਸ ਘਰ ਵਿੱਚ ਉਹਨਾਂ ਦੀ ਥਾਂ ਇਕ ਨੁੱਕਰੇ ਰਹਿ ਜਾਂਦੀ ਹੈ, ਕਿਉਂਕਿ ਅਜਕੱਲ ਹਰੇਕ ਬੱਚੇ ਨੂੰ ਵੱਖਰੇ ਬੈੱਡ ਰੂਮ ਚਾਹੀਦੇ ਹਨ। ਕਈ ਘਰਾਂ ਵਿੱਚ ਤਾਂ ਬਜ਼ੁਰਗ ਦਾ ਬੈੱਡ ਵਰਾਂਡੇ ਦੀ ਨੁੱਕਰੇ, ਕਿਸੇ ਸਟੋਰ, ਕਿਸੇ ਪੋਰਚ, ਗੈਰਜ ਜਾਂ ਬੇਸਮੈਂਟ ਵਿੱਚ ਹੀ ਲਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਪਰਿਵਾਰ ਵਾਲੇ ਹੁੰਦੇ ਹੋਏ ਵੀ ਉਹ ਇਕੱਲੇ ਕਰ ਦਿੱਤੇ ਜਾਂਦੇ ਹਨ । ਬਹੁਤੇ ਪਰਿਵਾਰਾਂ ਵਿੱਚ, ਘਰ ਦੀ ਨੂੰਹ ਆਉਂਦੇ ਸਾਰ ਹੀ ਘਰ ਦੀ ਮਾਲਕਣ ਬਣ ਬੈਠਦੀ ਹੈ ਅਤੇ ਸੱਸ-ਸਹੁਰੇ ਤੇ ਪਤੀ ਨੂੰ, ਉਸ ਦੇ ਹਰ ਹੁਕਮ ਦੀ ਪਾਲਣਾ ਕਰਨੀ ਪੈਦੀ ਹੈ। ਉਧਰ ਸੱਸ ਕੋਲੋਂ ਜਦੋਂ ਘਰ ਦੀ ਸਰਦਾਰੀ ਅਤੇ ਪੁੱਤਰ ਦਾ ਮੋਹ, ਦੋਵੇਂ ਖੁੱਸ ਜਾਂਦੇ ਹਨ, ਤਾਂ ਉਹ ਭੀ ਆਪਣੀ ਜਗ੍ਹਾ ਛਟਪਟਾਉਂਦੀ ਹੈ, ਜਿਸ ਵਿੱਚੋਂ ਨੂੰਹ ਸੱਸ ਦੇ ਕੁੜੱਤਣ ਭਰੇ ਰਿਸ਼ਤੇ ਜਨਮ ਲੈਂਦੇ ਹਨ। ਪੁੱਤਰ ਵੀ ਜਦੋਂ ਪਤਨੀ ਵੱਲ ਉਲਾਰ ਹੋ ਕੇ, ਮਾਪਿਆਂ ਨੂੰ ਬਣਦੀ ਜਗ੍ਹਾ ਨਹੀ ਦਿੰਦਾ। ਜਾਂ ਕਹਿ ਲਵੋ ਕਿ ਮਾਪੇ ਤੇ ਪਤਨੀ ਵਿੱਚ ਸੰਤੁਲਨ ਰੱਖਣ ਵਿੱਚ ਨਾ-ਕਾਮਯਾਬ ਹੁੰਦਾ ਹੈ, ਤਾਂ ਕਲੇਸ਼ ਮੁਕਾਉਣ ਲਈ ਮਾਪਿਆਂ ਤੋਂ ਵੱਖਰੇ ਹੋਣ ਦੀ ਮੰਗ ਰੱਖ ਦਿੰਦਾ ਹੈ। ਪੁਰਾਣੇ ਜ਼ਮਾਨੇ ਵਿੱਚ ਕਈ ਕਈ ਸਾਲ ਭਰਾ- ਭਰਜਾਈਆਂ ਇਕੱਠੇ ਰਹਿੰਦੇ, ਜਿਸ ਨਾਲ ਪਿਆਰ ,ਹਮਦਰਦੀ, ਮਿਲਵਰਤਣ ਤੇ ਵੰਡਣ (ਸ਼ੇਅਰ ਕਰਨ) ਦੀ ਭਾਵਨਾ- ਬੱਚਿਆਂ ਤੇ ਵੱਡਿਆਂ ਵਿਚ ਆਪ ਮੁਹਾਰੇ ਹੀ ਆ ਜਾਂਦੀ। ਨਾਲ ਹੀ ਬਜ਼ੁਰਗਾਂ ਦੀ ਉਮਰ ਭੀ ਆਪਣੀ ਖਿੜੀ ਫੁਲਵਾੜੀ ਨੂੰ ਹੱਸਦਿਆਂ- ਖੇਡਦਿਆਂ ਦੇਖ ਕੇ ਹੋਰ ਵੱਧ ਜਾਂਦੀ। ਫਿਰ ਕਦੇ ਮਾਪਿਆਂ ਦੀ ਸਲਾਹ ਨਾਲ ਭਰਾ ਅੱਡ ਹੁੰਦੇ, ਤੇ ਮਾਪੇ ਆਪਣੀ ਮਰਜ਼ੀ ਨਾਲ ਕਿਸੇ ਇਕ ਨਾਲ ਰਹਿ ਲੈਦੇ। ਪਰ ਅੱਜਕਲ ਇਕੋ-ਇਕ ਨੂੰਹ ਪੁੱਤਰ ਵੀ ਆਪਣੇ ਮਾਪਿਆਂ ਨਾਲ ਰਹਿਣ ਨੂੰ ਸੰਯੁਕਤ ਪਰਿਵਾਰ (ਜੁਆਇੰਟ ਫੈਮਿਲੀ) ਕਹਿਣ ਲੱਗ ਪਏ ਹਨ। ਦੇਸ਼ ਹੋਵੇ ਭਾਵੇ ਵਿਦੇਸ਼, ਸਾਰੇ ਪਾਸੇ ਹਾਲ ਇਕੋ ਜਿਹਾ ਹੀ ਹੈ। ਤੁਸੀਂ ਆਪ ਹੀ ਸੋਚੋ ਕਿ- ਜਿਹਨਾਂ ਮਾਪਿਆਂ ਨੇ ਸੌ ਸੌ ਸੁੱਖਣਾਂ ਸੁੱਖ ਕੇ, ਇੱਕੋ ਇੱਕ ਪੁੱਤਰ ਰੱਬ ਕੋਲੋਂ ਲਿਆ ਹੋਵੇ, ਤੇ ਫਿਰ ਉਹ ਵੀ ਉਹਨਾਂ ਦੇ ਬੁਢਾਪੇ ਦਾ ਸਹਾਰਾ ਨਾ ਬਣੇ- ਤਾਂ ਫਿਰ ਉਹ ਮਾਪੇ ਜਾਣ ਤਾਂ ਜਾਣ ਕਿੱਥੇ ?? ਭਾਵੇਂ ਬੱਚਿਆਂ ਦੀਆਂ ਵੀ ਆਪਣੀਆਂ ਮਜਬੂਰੀਆਂ ਹੋ ਸਕਦੀਆਂ ਹਨ- ਉਹ ਨੌਕਰੀਆਂ ਕਾਰਨ ਵੱਡੇ ਵੱਡੇ ਸ਼ਹਿਰਾਂ ਵਿਚ ਛੋਟੇ-ਛੋਟੇ ਫਲੈਟਾਂ ਵਿਚ ਰਹਿੰਦੇ ਹਨ। ਜਾਂ ਫਿਰ ਵਿਦੇਸ਼ਾਂ ਵਿਚ ਆਪਣੇ ਵਧੀਆ ਕੈਰੀਅਰ ਦੀ ਖਾਤਰ ਚਲੇ ਜਾਂਦੇ ਹਨ, ਤਾਂ ਉਹ ਮਾਪਿਆਂ ਨੂੰ ਰੱਖਣ ਕਿੱਥੇ? ਪਰ ਜੇ ਅਸੀਂ ਮਾਪਿਆਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਸਮਝਾਂਗੇ, ਸਾਡੇ ਦਿੱਲ ਵਿੱਚ ਉਹਨਾਂ ਦੀ ਜਗ੍ਹਾ ਹੋਏਗੀ, ਤਾਂ ਘਰ ਵਿੱਚ ਜਗ੍ਹਾ ਬਣਾਉਣੀ ਕੋਈ ਔਖੀ ਨਹੀ। ਬਚਿਆਂ ਦੇ ਬੈੱਡ-ਰੂਮ ਵਿਚ ਹੀ ਹੋਰ ਬੈੱਡ ਲਾਇਆ ਜਾ ਸਕਦਾ ਹੈ। ਇਸ ਨਾਲ ਬੱਚਿਆਂ ਨੂੰ ਵੀ ਦਾਦੇ- ਦਾਦੀ ਦਾ ਪਿਆਰ ਮਿਲੇਗਾ ਤੇ ਬਜ਼ੁਰਗਾਂ ਲਈ ਤਾਂ ‘ਮੂਲ ਨਾਲੋਂ ਵਿਆਜ ਪਿਆਰਾ’ ਹੁੰਦਾ ਹੀ ਹੈ । (ਚਲਦਾ ) ਗੁਰਦੀਸ਼ ਕੌਰ ਗਰੇਵਾਲ – ਕੈਲਗਰੀ |
*ਬਜ਼ੁਰਗਾਂ ਬਿਨਾਂ-ਸੁੰਨੇ ਵਿਹੜੇ*(ਭਾਗ ਪਹਿਲਾ )