ਅਸੀਂ ਚੀਜ਼ਾਂ ਭੁਲਦੇ ਕਿਉਂ ਹਾਂ ?

ਡਾ. ਹਰਸ਼ਿੰਦਰ ਕੌਰ, ਐੱਮ.ਡੀ., ਪਟਿਆਲਾ (0175-2216783)
ਵਧਦੀ ਉਮਰ ਨਾਲ ਦਿਮਾਗ਼ ਦੇ ਯਾਦ ਰਖਣ ਵਿਚ ਦਿੱਕਤ ਆਮ ਹੀ ਦਿਸਦੀ ਹੈ। ਪਰ ਜੇ ਇਹ ਛੋਟੀ ਉਮਰ ਵਿਚ ਹੋਵੇ ਤਾਂ ਉਸ ਦੇ ਕਾਰਣਾਂ ਦਾ ਪਤਾ ਹੋਣਾ ਚਾਹੀਦਾ ਹੈ। ਲਗਭਗ 65 ਸਾਲ ਤੋਂ ਬਾਅਦ ਹਰ ਪੰਜ ਸਾਲਾਂ ਬਾਅਦ ਪਹਿਲਾਂ ਨਾਲੋਂ ਦੁਗਣੀ ਯਾਦਦਾਸ਼ਤ ਘਟਦੀ ਹੈ।ਸੰਤੁਲਿਤ ਖ਼ੁਰਾਕ, ਵਧੀਆ ਦੋਸਤੀ, ਮੇਲ-ਜੋਲ, ਕਸਰਤ ਨਾਲ ਯਾਦਦਾਸ਼ਤ ਤੇਜ਼ ਰਹਿੰਦੀ ਹੈ। ਸਰੀਰ ਵਿਚ ਪਾਣੀ ਦੀ ਕਮੀ ਕਰ ਕੇ ਪੜ੍ਹੀਆਂ ਚੀਜ਼ਾਂ ਯਾਦ ਨਹੀਂ ਰਹਿੰਦੀਆਂ। ਪਾਣੀ ਦੀ ਕਮੀ ਅਤੇ ਥਾਇਰਾਇਡ ਹਾਰਮੋਨਾਂ ਦੀ ਗੜਬੜੀ ਕਾਰਣ ਵੀ ਇਸ ਤਰਾਂ ਹੁੰਦਾ ਹੈ। ਰਾਤ ਭਰ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਵੇਰੇ ਸਾਰੀਆਂ ਪੜ੍ਹੀਆਂ ਚੀਜ਼ਾਂ ਭੁਲ ਜਾਂਦੀਆਂ ਹਨ। ਸੌਂ ਕੇ ਪੜ੍ਹੀਆਂ ਚੀਜ਼ਾਂ ਨੂੰ ਪੱਕੀਆਂ ਕਰਨ ਦਾ ਕੰਮ ਦਿਮਾਗ਼ ਅੰਦਰ ਹੁੰਦਾ ਹੈ। ਇਸੇ ਲਈ ਅੱਠ ਘੰਟੇ ਦੀ ਨੀਂਦਰ, ਕਸਰਤ, ਸੌਣ ਸਮੇਂ ਕੌਫ਼ੀ ਜਾਂ ਸ਼ਰਾਬ ਨਾ ਪੀਣੀ, ਯਾਦ ਲਈ ਮਦਦ ਕਰਦੇ ਹਨ।
ਨੀਂਦ ਵਾਲੀਆਂ ਦਵਾਈਆਂ ਦਾ ਯਾਦਦਾਸ਼ਤ ਉੱਤੇ ਮਾੜਾ ਪ੍ਰਭਾਵ ਹੰਦਾ ਹੈ। ਜ਼ੁਕਾਮ, ਬਲਡ ਪ੍ਰੈੱਸ਼ਰ, ਤਣਾਓ, ਢਹਿੰਦੀ ਕਲਾ ਲਈ ਵਰਤੀਆਂ ਜਾ ਰਹੀਆਂ ਦਵਾਈਆਂ ਵੀ ਯਾਦਦਾਸ਼ਤ ਘਟਾਂਦੀਆਂ ਹਨ। ਹਰ ਸਰੀਰ ਵਖੋ-ਵਖ ਤਰ੍ਹਾਂ ਦਵਾਈਆਂ ਦਾ ਅਸਰ ਅਪਣਾਉਂਦਾ ਹੈ।ਨਸ਼ਾ ਮਹਿਸੂਸ ਹੋ ਰਿਹਾ ਹੋਵੇ ਤਾਂ ਦਵਾਈ ਦੀ ਖ਼ੁਰਾਕ ਬਦਲਣੀ ਚਾਹੀਦੀ ਹੈ। ਵਧੀ ਹੋਈ ਸ਼ੱਕਰ ਲਹੂ ਦੀਆਂ ਮਹੀਨ ਨਾੜੀਆਂ ਨੂੰ ਸੁੰਗੇੜ ਕੇ ਦਿਮਾਗ਼ ਵਲ ਜਾਂਦਾ ਲਹੂ ਘਟਾਉਂਦੀ ਹੈ ਅਤੇ ਯਾਦਦਾਸ਼ਤ ਘਟਦੀ ਹੈ। ਵਾਧੂ ਇਨਸੂਲਿਨ ਸ਼ੱਕਰ ਦੀ ਮਾਤਰਾ ਘਟਾ ਕੇ ਦਿਮਾਗ਼ ਦੇ ਸੈੱਲਾਂ ਦਾ ਨੁਕਸਾਨ ਕਰਦੀ ਹੈ। ਇੰਜ ਡੀਮੈਂਸ਼ੀਆ ਰੋਗ (ਭੁਲ ਜਾਣਾ) ਵਧ ਜਾਂਦਾ ਹੈ।
ਘਰ ਵਿਚ ਵੱਡਿਆਂ ਦੀ ਯਾਦਦਾਸ਼ਤ ਜੇ ਛੋਟੀ ਉਮਰੇ ਘਟੀ ਹੋਵੇ ਤਾਂਂ ਬੱਚਿਆਂ ਵਿਚ ਵੀ ਇਹ ਹੁੰਦਾ ਹੈ। ਜੌੜਿਆਂ ਵਿਚੋਂ ਇਕ ਦੀ ਯਾਦਦਾਸ਼ਤ ਘਟ, ਦੂਜੇ ਦੀ ਠੀਕ ਹੋ ਸਕਦੀ ਹੈ। ਦਿਮਾਗ਼ ਦੇ ਇੱਕ ਹਿੱਸੇ ਵਿਚ ਰੋਕੇ ਸਦਕਾ ਲਹੂ ਦਾ ਘਟਣਾ, ਦਿਲ ਦੇ ਰੋਗ, ਬਲਡ ਪ੍ਰੈੱਸ਼ਰ ਦਾ ਵਧਣਾ ਜਾਂ ਸਿਗਰਟ ਪੀਣ ਨਾਲ ਪਾਸਾ ਮਾਰਿਆ ਜਾਵੇ ਤਾਂ ਯਾਦਦਾਸ਼ਤ ਘਟਦੀ ਹੈ। ਮੂੰਹ ਦਾ ਢਿਲਕਣਾ, ਬਾਂਹ ਦੀ ਕਮਜ਼ੋਰੀ ਅਤੇ ਬੋਲਣ ਵਿਚ ਅੜਚਨ, ਪਾਸਾ ਮਾਰੇ ਜਾਣ ਦੇ ਲੱਛਣ ਹਨ। ਲਹੂ ਦੀਆਂ ਨਾੜੀਆਂ ਅੰਦਰ ਜੰਮਦੇ ਝੱਪੇ ਹਾਰਟ ਅਟੈਕ ਕਰਦੇ ਹਨ ਤੇ ਯਾਦਦਾਸ਼ਤ ਘਟਦੀ ਹੈ।ਬਲੱਡ ਪ੍ਰੈੱਸ਼ਰ ਘਟਾਉਣ ਲਈ ਦਵਾਈ ਲੈਣੀ ਜ਼ਰੂਰੀ ਹੈ। ਤਣਾਓ ਨਾਲ ਗੁੱਸਾ ਆਪਣੇ ਸਰੀਰ ਅਤੇ ਦਿਮਾਗ਼ ਦਾ ਹੀ ਨਾਸ ਮਾਰਦੇ ਹਨ। ਸਕਾਰਾਤਮਕ ਸੋਚ ਵਧੀਆ ਰਹਿੰਦੀ ਹੈ।ਇਕ ਦਮ ਵੱਜੀ ਸੱਟ ਨਾਲ ਉਸ ਸਮੇਂ ਬਾਰੇ ਚੇਤੇ ਨਹੀਂ ਰਹਿੰਦਾ। ਠੀਕ ਹੋਣ ਬਾਅਦ ਵੀ ਉਹ ਯਾਦ ਵਾਪਸ ਨਹੀਂ ਆਉਂਦੀ ਤੇ ਗੱਲਾਂ ਭੁੱਲਣ ਲਗਦੀਆਂ ਹਨ।ਜੇ ਨਜ਼ਰ ਧੁੰਧਲੀ ਦਿਸੇ, ਚੱਕਰ, ਘਬਰਾਹਟ, ਦਿਲ ਕੱਚਾ ਅਤੇ ਸਮਝ ਨਾ ਪਵੇ ਤਾਂ ਡਾਕਟਰ ਕੋਲ ਜਾਣਾ ਚਾਹੀਦਾ ਹੈ।
ਮੋਟਾਪੇ ਨਾਲ ਉਮਰ ਤੋਂ ਪਹਿਲਾਂ ਹੀ ਯਾਦਦਾਸ਼ਤ ਦੀ ਕਮੀ ਅਤੇ ਦਿਲ ਦੇ ਰੋਗ ਹੁੰਦੇ ਹਨ। ਕਸਰਤ ਦੀ ਕਮੀ ਦਿਮਾਗ਼ ਨੂੰ ਸੰਨ ਕਰ ਦਿੰਦੀ ਹੈ। ਹਫਤੇ ਵਿਚ 40 ਮਿਨਟ ਦੌੜਿਆ, ਨੱਚਿਆ, ਤੈਰਿਆ ਜਾਂ ਤੇਜ਼ ਤੁਰਨਾ ਚਾਹੀਦਾ ਹੈ। ਸਹੀ ਖ਼ੁਰਾਕ ਦਿਲ ਅਤੇ ਦਿਮਾਗ਼ ਨੂੰ ਦਰੁਸਤ ਰਖੇਗੀ। ਫਲ, ਸਬਜ਼ੀਆਂ, ਮੱਛੀ, ਸੁੱਕੇ ਮੇਵੇ, ਓਲਿਵ ਤੇਲ, ਐਵੋਕੈਡੋ, ਛਾਣਬੂਰੇ, ਰਾਗੀ ਜਾਂ ਕੋਧਰੇ ਦਾ ਆਟਾ, ਫਲੀਆਂ ਜ਼ਰੂਰੀ ਹਨ। ਵਾਧੂ ਥਿੰਦਾ, ਨਮਕ ਅਤੇ ਮਿੱਠਾ ਨਹੀਂ ਖਾਣਾ ਚਾਹੀਦਾ।ਸਿਰ ਦੀ ਰਸੌਲੀ, ਕੀਟਾਣੂਆਂ ਦਾ ਹਮਲਾ, ਵਿਟਾਮਿਨ B-12 ਦੀ ਕਮੀ ਵੀ ਕਾਰਣ ਹੋ ਸਕਦੇ ਹਨ। ਸ਼ਰਾਬ ਦਿਮਾਗ਼ ਵਲ ਜਾਂਦੀਆਂ ਨਾੜੀਆਂ ਭੀੜੀਆਂ ਕਰਦੀ ਹੈ ਤੇ ਲਹੂ ਦੀ ਕਮੀ ਹੁੰਦੀ ਹੈ।ਕੈਨੋਲਾ, ਕੌਰਨ, ਸੈਫਲਾਵਰ ਤੇਲਾਂ ਵਿਚ ਵਧ ਓਮੇਗਾ-6 ਫੈਟੀ ਏਸਿਡ ਓਮੇਗਾ-3 ਦਾ ਅਸਰ ਘਟਾਂਦਾ ਹੈ, ਯਾਦਾਸ਼ਤ ਘਟਦੀ ਹੈ। ਮਿਠੇ ਠੰਡੇ ਸੋਡੇ ਯਾਦਦਾਸ਼ਤ ਵਾਲੇ ਹਿੱਸੇ ਦਾ ਨਾਸ ਮਾਰਦੇ ਹਨ ਅਤੇ ਸ਼ੱਕਰ ਰੋਗ ਵੀ ਵਧਦਾ ਹੈ। ਬਰੈੱਡ, ਪਾਸਤਾ, ਚੌਲ, ਆਲੂ ਦਾ ਗਲਾਈਸੀਮਿਕ ਇੰਡੈਕਸ ਵਧ ਹੋਣ ਸਦਕਾ ਇਨ੍ਹਾਂ ਨਾਲ ਇਨਸੂਲਿਨ ਵਧ ਕੇ ਦਿਮਾਗ਼ ਦੇ ਯਾਦਦਾਸ਼ਤ ਦੇ ਸੈਂਟਰ ਦਾ ਨੁਕਸਾਨ ਹੁੰਦਾ ਹੈ।ਤਲੀਆਂ ਚੀਜ਼ਾਂ (ਫਰੈਂਚ ਫਰਾਈਜ਼, ਫਰਾਈਡ ਚਿਕਨ, ਡੋ-ਨਟ ਆਦਿ ਵਧ ਖਾਣ ਨਾਲ ਯਾਦਦਾਸ਼ਤ ਦੀ ਕਮੀ ਹੋ ਜਾਂਦੀ ਹੈ।
ਕੁਝ ਖਾਣੇ ਯਾਦਦਾਸ਼ਤ ਸਹੀ ਰਖਣ ਲਈ ਫਾਇਦੇਮੰਦ ਸਾਬਤ ਹੋਏ ਹਨ। ਸਾਰਡੀਨ, ਟਰਾਊਟ, ਟੂਨਾ ਮਛੀਆਂ ਓਮੇਗਾ-3 ਭਰਪੂਰ ਹਨ ।ਸਵੇਰੇ ਫਿੱਕੀ ਕੌਫ਼ੀ (ਵਿਚਲੀ ਕੇਫ਼ੀਨ, ਡੋਪਾਮਿਨ ਅਤੇ ਐਂਟੀਆਕਸੀਡੈਂਟ) ਦਿਮਾਗ਼ ਨੂੰ ਸਿਹਤਮੰਦ ਰਖਦੇ ਹਨ। ਬਲੂਬੈਰੀਆਂ ਨਾਲ ਦਿਮਾਗ਼ ਦੇ ਸੈੱਲਾਂ ਵਿਚਲੇ ਜੋੜ ਅਤੇ ਉਨ੍ਹਾਂ ਦਾ ਕੰਮ ਸਹੀ ਰਹਿੰਦਾ ਹੈ।ਲੋਕ ਸੋਜ਼ਿਸ਼ ਜਾਂ ਸੱਟ ਦੀ ਪੀੜ ਘਟਾਉਣ ਲਈ ਅਤੇ ਖੰਘ ਜ਼ੁਕਾਮ ਲਈ ਹਲਦੀ ਦੀ ਵਰਤਦੇ ਹਨ। ਘਟੀ ਯਾਦਦਾਸ਼ਤ ਵਾਲਿਆਂ ਨੂੰ ਹਲਦੀ ਨਾਲ ਸਿਰੋਟੋਨਿਨ ਦੇ ਡੋਪਾਮੀਨ ਦੀ ਮਾਤਰਾ ਵਧਣ ਕਰ ਕੇ ਢਹਿੰਦੀ ਕਲਾ ਨਹੀਂ ਹੁੰਦੀ। ਦਿਮਾਗ਼ ਵਿਚ ਨਵੇਂ ਸੈੱਲ ਬਣਦੇ ਹਨ।ਮਰੀਜ਼ਾਂ ਨੂੰ 500 ਤੋਂ 2000 ਮਿਲੀਗ੍ਰਾਮ ਕੱਚੀ ਹਲਦੀ ਵਿਚ ਰੋਜ਼ ਕਾਲੀ ਮਿਰਚ ਰਲਾ ਕੇ ਦਿੱਤੀ ਜਾ ਸਕਦੀ ਹੈ। ਵਿਟਾਮਿਨ-K ਭਰਪੂਰ ਬਰੌਕਲੀ ਇੱਕ ਕਪ ਰੋਜ਼ ਲੈਣ ਨਾਲ ਦਿਮਾਗ਼ ਵਿਚਲੇ ਸਫਿੰਗੋਲਿਪਿਡ ਵਧਦੇ ਹਨ ਜੋ ਸੈੱਲਾਂ ਦੇ ਕੰਮ ਕਾਰ ਲਈ ਲੋੜੀਂਦੇ ਹਨ।ਪੇਠੇ ਦੇ ਬੀਜਾਂ ਵਿਚ ਮੈਗਨੀਸ਼ੀਅਮ, ਲੋਹ ਕਣ, ਜ਼ਿੰਕ ਅਤੇ ਕੌਪਰ ਐਂਟੀਆਕਸੀਡੈਂਟ ਦਿਮਾਗ਼ ਲਈ ਚੰਗੇ ਹਨ ਕੋ ਰੋਜ਼ ਇੱਕ ਚਮਚ ਖਾਣੇ ਚਾਹੀਦੇ ਹਨ।ਡਾਰਕ ਚਾਕਲੇਟ ਵਿਚ ਫਲੇਵੋਨਾਇਡ, ਕੇਫ਼ੀਨ ਅਤੇ ਐਂਟੀਆਕਸੀਡੈਂਟ ਭਰੇ ਹਨ। ਉਮਰ ਨਾਲ ਸੰਗੜਦਾ ਦਿਮਾਗ਼ ਅਤੇ ਮੂਡ ਵੀ ਇਸ ਨਾਲ ਦਰੁਸਤ ਰਹਿੰਦੇ ਹਨ। ਸੁੱਕੇ ਮੇਵੇ ਰੋਜ਼ ਖਾਣ ਵਾਲਿਆਂ ਦੀ ਯਾਦਦਾਸ਼ਤ ਵਧਦੀ ਹੈ।ਇੱਕ ਸੰਤਰਾ ਰੋਜ਼ ਖਾਣਾ ਵੀ ਲਾਹੇਵੰਦ ਹੈ।ਅੰਡੇ ਵਿਟਾਮਿਨ B-6, 12, ਫੋਲੇਟ ਅਤੇ ਕੋਲੀਨ ਯਾਦਦਾਸ਼ਤ ਵਧਾਉਂਦੇ ਹਨ। ਅੰਡੇ ਦੇ ਪੀਲੇ ਹਿੱਸੇ ਵਿਚ 112 ਮਿਲੀਗ੍ਰਾਮ ਕੋਲੀਨ ਹੈ ਜੋ ਦਿਮਾਗ਼ ਨੂੰ ਦਰੁਸਤ ਰੱਖਦੀ ਹੈ। ਹਰੀ ਚਾਹ ਵਿਚਲਾ ਕੈਫੀਨ, ਥੀਆਨੀਨ (ਅਮਾਈਨੋ ਏਸਿਡ) ਦਿਮਾਗ਼ ਅੰਦਰ ‘ਗਾਬਾ’ ਵਧਾ ਕੇ ਦਿਮਾਗ਼ ਦੀ ਤਰਥਲੀ ਘਟਾਊਂਦੀਆਂ ਹਨ।
ਦੁਨੀਆਂ ਵਿਚ 3.2 ਮਿਲੀਅਨ ਲੋਕਾਂ ਵਲੋਂ ਕਸਰਤ ਨਾ ਕਰਨ ਸਦਕਾ ਹੋਣ ਵਾਲੇ ਮੋਟਾਪੇ ਕਾਰਣ ਯਾਦਾਸ਼ਤ ਦੀ ਕਮੀ ਹੋ।ੇ ਹਰ ਸਾਲ ਇਨ੍ਹਾਂ ਵਿਚ 10 ਮਿਲੀਅਨ ਦਾ ਵਾਧਾ ਹੁੰਦਾ ਹੈ। ਗ਼ਰੀਬ ਘਰਾਂ ਵਿਚ ਇਸ ਦੇ ਇਲਾਜ ਖੁਣੋਂ ਕਈ ਮੌਤਾਂ ਹੋ ਜਾਂਦੀਆਂ ਹਨ।ਅੱਜ ਡੀਮੈਂਸ਼ੀਆ ਦੇ ਮਰੀਜ਼ ਵੀ ਬਹੁਤ ਹਨ।ਸੰਨ 2050 ਤਕ ਡੀਮੈਂਸ਼ੀਆ ਦੇ ਮਰੀਜ਼ਾਂ ਦੀ ਗਿਣਤੀ ਹੁਣ ਤੋਂ ਤਿੰਨ ਗੁਣਾ ਵਧ ਹੋ ਜਾਵੇਗੀ। ਭਾਰਤ ਵਿਚ ਵੀ 10 ਮਿਲੀਅਨ ਤੋਂ ਵਧ ਭੁਲਣ ਦੀ ਬੀਮਾਰੀ ਦੇ ਮਰੀਜ਼ ਹਨ, ਜਿਨ੍ਹਾਂ ਵਿਚੋਂ 60 ਸਾਲ ਦੀ ਉਮਰ ਤੋਂ ਵਧ 80% ਹਨ, ਬਾਕੀ ਛੋਟੀ ਉਮਰ ਦੇ। ਇੱਕੋ ਸਵਾਲ ਬਾਰ ਬਾਰ ਪੁਛਣਾ, ਲਫਜ਼ਾਂ ਵਿਚ ਗੜਬੜੀ ਕਰਨਾ, ਆਮ ਕੰਮਾਂ ਦੇ ਢੰਗ ਭੁਲਣਾ, ਊਟ ਪਟਾਂਗ ਗੱਲਾਂ ਕਰਨਾ, ਰਸਤਾ ਭੁਲ ਜਾਣਾ ਜਾਂ ਭੜਕ ਜਾਣਾ ਇਸ ਬੀਮਾਰੀ ਦੇ ਕੁਝ ਲੱਛਣ ਹਨ ਜਿਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ।