Dresses and Ornaments (by Dr. Harshinder Kaur, Patiala, Punjab)

ਲਿਬਾਸ ਤੇ ਗਹਿਣੇ
ਡਾ. ਹਰਸ਼ਿੰਦਰ ਕੌਰ, ਐੱਮ.ਡੀ., ਪਟਿਆਲਾ (0175-2216783)

ਪੁਰਾਣੀਆਂ ਮਿਲੀਆਂ ਲਾਸ਼ਾਂ ਨਾਲ ਚੰਬੜੀਆਂ ਮਰੀਆਂ ਜੂੰਆਂ ਦੇ ਅਧਿਐਨ ਤੋਂ ਪਤਾ ਲਗਿਆ ਕਿ ਜਿਨ੍ਹਾਂ ਜੂੰਆਂ ਦੇ ਅੰਦਰ ਮਿਲਿਆ ਕਪੜੇ ਦਾ ਅੰਸ਼ ਸੀ, ਉਹ ਲਗਭਗ ਇਕ ਲਖ 70 ਹਜ਼ਾਰ ਸਾਲ ਪੁਰਾਣਾ ਹੈ।ਯਾਨਿ ਮਨੁਖ ਠੰਡ ਤੋਂ ਬਚਣ ਲਈ ਝਾੜ ਫੂਸ ਨਾਲ ਢਿਡ ਕੱਜਣ ਲਗ ਪਏ।ਸ਼ਿਕਾਰ ਦੀ ਚਮੜੀ ਕਮਰ ਦੁਆਲੇ ਬੰਨ੍ਹ ਲੈਂਦੇ ਤੇ ਗਲ ਦੁਆਲੇ ਹੱਡੀਆਂ ਪਿਰੋ ਲੈਂਦੇ। ਇਨ੍ਹਾਂ ਨੂੰ ਸ਼ਿੰਗਾਰਨ ਲਈ ਅਤੇ ਆਪਣੇ ਚਮੜੀ ਨੂੰਂ ਬਚਾਉਣ ਲਈ ਦਰਖਤਾਂ ਦੀ ਛਾਲ ਜਾਂ ਜਾਨਵਰਾਂ ਦੀ ਖੱਲ ਵਰਤਦੇ।ਪੈਰਾਂ ਲਈ ਵੀ ਖਲ ਜਾਂ ਲਕੜ ਅਤੇ ਘਾਹ ਫੂਸ ਵਰਤਿਆ ਜਾਂਦਾ। ਜਿਸ ਨੂੰ ਕਿਸੇ ਔਰਤ ਨਾਲ ਪਿਆਰ ਹੁੰਦਾ, ਉਹ ਹੱਡੀਆਂ ਦੀ ਮਾਲਾ ਜਾਂ ਬਾਂਹ ਉੱਤੇ ਕੁਝ ਪਾਉਣ ਨੂੰ ਤੋਹਫ਼ੇ ਵਜੋਂ ਭੇਂਟ ਕਰ ਦਿੰਦਾ।

ਫਿਰ ਵਿਖਾਵਾ ਭਾਰੀ ਪੈ ਗਿਆ।ਮਹਿੰਗੇ ਕਪੜੇ, ਹੀਰੇ, ਜਵਾਹਰਾਤ ਰਾਜਿਆਂ ਮਹਾਰਾਜਿਆਂ ਦੀ ਮਲਕੀਅਤ ਬਣ ਗਏ। ਜਿੰਨਾ ਜ਼ਿਆਦਾ ਪੈਸਾ ਓਨੀ ਮਹਿੰਗੀ ਪੁਸ਼ਾਕ ਉੱਤੇ ਹੀਰੇ ਅਤੇ ਸੋਨੇ ਦੀਆਂ ਤਾਰਾਂ ਦਾ ਕੰਮ! ਸਿਰ ਦੇ ਤਾਜ ਵਿਚ ਵੀ ਮਹਿੰਗੇ ਹੀਰੇ, ਸੌਣ ਵਾਲੇ ਪਲੰਘਾਂ, ਕੰਧਾਂ, ਦਰਵਾਜਿਆਂ ਉੱਤੇ ਅਤੇ ਕੁਰਸੀਆਂ ਉੱਤੇ ਵੀ ਸੋਨਾ ਲਗ ਗਿਆ। ਪਲੇਟਾਂ, ਚਮਚ, ਗਿਲਾਸ ਵੀ ਸੋਨੇ ਚਾਂਦੀ ਦੇ ਹੋ ਗਏ। ਹਾਥੀ ਅਤੇ ਘੋੜਿਆਂ ਦੁਆਲੇ ਵੀ ਸੋਨੇ ਚਾਂਦੀ ਬੰਨ੍ਹੇ ਜਾਣ ਲਗੇ।ਪਰ ਕਿਸੇ ਦਾ ਨਾਮੋ ਨਿਸ਼ਾਨ ਨਹੀਂ ਬਚਿਆ। ਮਹਿੰਗੇ ਲਿਬਾਸ ਅਤੇ ਹੀਰੇ ਜਵਾਹਰਾਤ ਲੁਟੇ ਗਏ ਜਾਂ ਮਿਊਜ਼ੀਅਮ ਦਾ ਸ਼ਿੰਗਾਰ ਬਣ ਗਏ।ਲੋਕਾਂ ਪਹਿਰਾਵੇ ਅਤੇ ਗਹਿਣਿਆਂ ਨੂੰ ਆਪਣੀ ਵਖਰੀ ਪਛਾਣ ਮੰਨ ਲਿਆ।ਇੱਕੀਵੀਂ ਸਦੀ ਵਿਚ ੀੲਨ੍ਹਾਂ ਦਾ ਫਿਰ ਫੈਸ਼ਨ ਆ ਗਿਆ।ਔਰਤ ਨੂੰ ਕਪੜਿਆਂ ਨਾਲ ਪੂਰੀ ਪਰਦੇ ਪਿਛੇ ਡਕ ਦਿਤਾ ਗਿਆ।

ਫਿਰ ਬਦਲਾਓ ਸ਼ੁਰੂ ਹੋਇਆ ਤੇ ਹੁਣ ਦੁਨੀਆ ਦੇ ਕਈ ਹਿੱਸਿਆਂ ਵਿਚ ਪਰਦਾ ਖ਼ਤਮ ਹੋ ਗਿਆ ਹੈ। ਧਰਮ ਦੇ ਚਿੰਨ੍ਹ, ਲਿਬਾਸ ਆਦਿ ਨੇ ਵੀ ਵਖ ਪਛਾਣ ਕਾਇਮ ਕੀਤੀ। ਧਰਮ, ਜਾਤ-ਪਾਤ ਨੇ ਵੀ ਲਿਬਾਸ ਅਤੇ ਗਹਿਣਿਆਂ ਉੱਤੇ ਛਾਪ ਛੱਡੀ। ਤਿਉਹਾਰਾਂ ਦੇ ਕਪੜੇ ਤੇ ਗਹਿਣੇ, ਰਸਮਾਂ ਰਿਵਾਜ਼ਾਂ, ਦਾਜ, ਵਿਆਹ, ਮੌਤ, ਸਭ ਕੁਝ ਲਈ ਜੁਤੀਆਂ, ਪਹਿਰਾਵੇ, ਗਹਿਣੇ ਵਖ ਕਰ ਦਿਤੇ ਗਏ। ਕਿਤੇ ਵਿਆਹ ਵੇਲੇ ਦੇ ਕਪੜੇ ਔਰਤਾਂ ਲਈ ਚਿਟੇ, ਕਿਤੇ ਲਾਲ ਹੋ ਗਏ। ਕਿਸੇ ਥਾਂ ਮੌਤ ਉੱਤੇ ਚਿਟੇ ਜਾਂ ਕਾਲੇ ਹੋ ਗਏ। ਇਸ਼ਤਿਹਾਰਬਾਜ਼ੀ ਰਾਹੀਂ ਔਰਤਾਂ ਤੇ ਬੱਚੇ ਵਖੋ ਵਖਰੇ ਫੈਸ਼ਨਾਂ ਵਿਚ ਭਰਮਾਏ ਜਾਂਦੇ ਰਹੇ।ਮਰਦਾਂ ਲਈ ਵੀ ਕਈ ਲਿਬਾਸ ਬਣਾ ਦਿਤੇ ਗਏ। ਕੰਨਾਂ ਦੀਆਂ ਮੁਰਕੀਆਂ, ਗੁੱਟ ਦੇ ਕੜੇ, ਗਲ ਦੇ ਮੋਟੇ ਹਾਰ ਤੇ ਮੁੰਦਰੀਆਂ ਹੁਣ ਮਰਦਾਂ ਦੇ ਸਰੀਰਾਂ ਉੱਤੇ ਵੀ ਸੁਸ਼ੋਭਿਤ ਹਨ।
ਵਪਾਰ ਵਧਾਉਣ ਲਈ ਅਜੀਬ ਲਿਬਾਸ, ਚਪਲਾਂ, ਜੁਤੀਆਂ, ਸੈਂਡਲ, ਬੂਟ, ਖੜਾਵਾਂ ਤੇ ਦੂਜੇ ਪਾਸੇ ਮੱਝ ਦੇ ਗਲੇ ਦੇ ਸੰਗਲ ਜਿੰਨੇ ਮੋਟੇ ਹਾਰਾਂ ਤੋਂ ਲੈ ਕੇ ਮਹੀਨ ਚੇਨ ਵਿਚ ਇਕੋ ਵਡਾ ਹੀਰਾ ਜਾਂ ਖੰਭਾਂ ਤੋਂ ਬਣੇ ਕਾਂਟੇ, ਫੁਲਾਂ ਦੇ ਹਾਰ ਤਕ ਅਣਗਿਣਤ ਫੈਸ਼ਨ ਚਲ ਰਹੇ ਹਨ। ਕਪੜਿਆਂ ਦੇ ਡੀਜ਼ਾਈਨ ਤਾਂ ਹੱਦਾਂ ਪਾਰ ਕਰ ਗਏ। ਨੰਗੇਜ਼ ਹੁਣ ਇਕ ਫੈਸ਼ਨ ਬਣ ਕੇ ਉਭਰ ਰਿਹਾ ਹੈ।ਔਰਤ ਦੀ ਨਿਸ਼ਾਨਦੇਹੀ ਕਰਨ ਲਈ ਉਸ ਨੂੰ ਵਿਆਹ ਤੋਂ ਪਹਿਲਾਂ ਤੇ ਬਾਅਦ ਦਾ ਪਤਾ ਲਾਉਣ ਲਈ ਚੂੜਾ, ਸੁਰਖੀ, ਜ਼ੇਵਰ, ਮਹਿੰਦੀ, ਕਪੜਿਆਂ ਵਿਚ ਫਰਕ, ਸੰਧੂਰ, ਬਿੰਦੀ ਲਾਜ਼ਮੀ ਕਰ ਦਿਤੇ ਗਏ ਜਿਸ ਨੂੰ ਔਰਤਾਂ ਨੇ ਅਪਨਾ ਲਿਆ।

ਹਰ ਤਿਉਹਾਰ, ਮੌਸਮ ਜਾਂ ਪ੍ਰੋਗਰਾਮ ਲਈ ਵਖਰੇ ਕਪੜੇ ਤੇ ਜ਼ੇਵਰ ਤਿਆਰ ਹੋ ਗਏ।ਜਦੋਂ ਇਹੀ ਮਹਿੰਗੇ ਗਹਿਣੇ ਅਤੇ ਕਪੜੇ ਦਾਜ ਦਾ ਰੂਪ ਅਖ਼ਤਿਆਰ ਕਰ ਗਏ ਤਾਂ ਅਣਗਿਣਤ ਔਰਤਾਂ ਮੌਤ ਦੇ ਮੂੰਹ ਗਈਆਂ ਤੇ ਮਾਪੇ ਕਰਜ਼ਈ ਹੋ ਗਏ। ਪਛਮੀ ਸਭਿਅਤਾ ਦਾ ਏਨਾ ਡੂੰਘਾ ਪ੍ਰਭਾਵ ਹੈ ਕਿ ਹੁਣ ਦੁਨੀਆ ਦੇ ਹਰ ਕੋਨੇ ਵਿਚ ਉਹੋ ਪਹਿਰਾਵਾ ਵੇਖਿਆ ਜਾ ਸਕਦਾ ਹੈ।ਵੱਖਰੇ ਪਹਿਰਾਵੇ ਅਤੇ ਸਭਿਅਤਾਵਾਂ ਨਾਲ ਜੁੜੇ ਜ਼ੇਵਰ ਹੋਲੀ-ਹੌਲੀ ਅਲੋਪ ਹੋ ਰਹੇ ਹਨ। ਹੁਣ ਤਾਂ ਦੁਨੀਆਂ ਦੇ ਕਈ ਹਿੱਸਿਆਂ ਵਿਚ ਬਿਨਾਂ ਕਪੜਿਆਂ ਦੇ ਘੁੰਮ ਕੇ ਲੋਕ ਆਪਣੇ ਆਪ ਨੂੰ ਅਗਾਂਹਵਧੂ ਸਾਬਤ ਕਰ ਰਹੇ ਹਨ। ਇੰਗਲੈਂਡ ਵਿਚਲੀ ਮਸ਼ਹੂਰ ਨਿਰਵਸਤਰ ਸਾਈਕਲ ਰੇਸ, ਨਿਊਡ ਬੀਚ, ਪਾਰਟੀਆਂ, ਡਾਂਸ ਆਦਿ ਮਸ਼ਹੂਰ ਹਨ। ਲਿਬਾਸ ਬਾਰੇ ਕੁਝ ਮਜ਼ੇਦਾਰ ਤਥ :

  1. ਪਹਿਲਾ ਮਹੀਨ ਲਿਨਨ ਦਾ ਜ਼ਨਾਨਾ ਕਮੀਜ਼ (ਤਰਖਨ ਡਰੈੱਸ) ਲਗਭਗ 5000 ਸਾਲ ਪੁਰਾਣਾ ਹੈ। ਇਸ ਨੂੰ ਈਜਿਪਟ ਦੇ ਕਾਇਰੋ ਵਿਚ ਇਕ ਕਬਰ ਵਿਚੋਂ 1913 ਵਿਚ ਕਢਿਆ ਗਿਆ।
  2. ਨਿੱਕੇ ਮੁੰਡਿਆਂ ਨੂੰ ਕੁੜੀਆਂ ਵਰਗੀਆਂ ਲੰਮੀਆਂ ਫਰਾਕਾਂ ਪਾਉਂਦੇ ਸਨ। ਜਦ ਤਕ ਬੱਚਾ ਆਪ ਮਲ-ਮੂਤਰ ਕਰਨਾ ਸਿਖ ਨਹੀਂ ਸੀ ਜਾਂਦਾ ਤੇੜੋਂ ਨੰਗਾ ਹੀ ਰਖਿਆ ਜਾਂਦਾ ਸੀ।
  3. ਭਾਰਤ ਵਿਚ ਕਪਾਹ ਤੋਂ ਬਣੇ ਰੂੰ ਦੇ ਕਪੜੇ ਪਹਿਨਣ ਬਾਰੇ ਹੱੜਪਾ ਸਮੇਂ ਅਤੇ ਇੰਡਸ ਸਭਿਅਤਾ ਵਿਚ ਜ਼ਿਕਰ ਹੈ। ਈਸਾ ਤੋਂ 2500 ਸਾਲ ਪਹਿਲਾਂ ਦੇ ਕਪੜੇ ਲਭੇ ਹਨ ਜੋ ਮਹੀਨ ਬੁਣਤੀ ਅਤੇ ਰੇਸ਼ਮੀ ਕਪੜੇ ਕਮਾਲ ਦੇ ਡੀਜ਼ਾਈਨ ਦੀ ਅਗਾਂਹਵਧੂ ਕਾਰੀਗਰੀ ਦਾ ਸਬੂਤ ਹਨ।
  4. ਰਿਗ ਵੇਦ ਵਿਚ ਈਸਾ ਤੋਂ 3000 ਸਾਲ ਪਹਿਲਾਂ ਤੋਂ ਹੀ ਭਾਰਤ ਵਿਚ ਸਾੜੀ ਵਰਗੇ ਕਪੜੇ ਦਾ ਜ਼ਿਕਰ ਹੈ। ਮੂਰਤੀਕਾਰਾਂ ਨੇ ਧੜ ਨਿਰਵਸਤਰ ਰਖ ਹੇਠਲੀਆਂ ਸਾੜੀਆਂ ਪੱੱਥਰਾਂ ਵਿਚ ਘੜੀਆਂ।
  5. ਪਹਿਲੀ ਵਾਰ ਖੁਲੀਆਂ ਪੈਂਟਾਂ ਪਾਉੇਣ ਦਾ ਰਿਵਾਜ਼ ਪੁਰਸ਼ਾਂ ਵਿਚ ਈਸਾ ਤੋਂ 1000 ਸਾਲ ਪਹਿਲਾਂ ਤੋਂ ਸੀ। ਉਸ ਤੋਂ ਪਹਿਲਾਂ ਲੰਮਾ ਗਾਊਨ ਜਾਂ ਲੰਮੀ ਕਮੀਜ਼ ਹੀ ਪਾਈ ਜਾਂਦੀ ਸੀ।
  6. ਔਰਤਾਂ ਵਲੋਂ ਪੈਂਟਾਂ ਪਾਉਣ ਦਾ ਜ਼ਿਕਰ ਪਹਿਲੀ ਵਿਸ਼ਵ ਜੰਗ ਸਮੇਂ ਮਿਲਦਾ ਹੈ ਜਦੋਂ ਉਨ੍ਹਾਂ ਨੂੰ ਇਹ ਪਹਿਰਾਵਾ ਆਸਾਨ ਜਾਪਿਆ।
  7. ਨਿਕੀਆਂ ਬੇਟੀਆਂ ਲਈ ਨਿਕੀਆਂ ਫਰਾਕਾਂ 2009 ਤੋਂ ਲੱਖਾਂ ਖ਼ੂਬਸੂਰਤ ਡਰੈੱਸਾਂ ਦੁਨੀਆਂ ਭਰ ਵਿਚ ਪਹੁੰਚਾਈਆਂ ਜਾਂਦੀਆਂ ਹਨ।

ਪੰਜਾਬੀ ਲੋਕ ਗੀਤਾਂ ਵਿਚ ਗਹਿਣੇ, ਕਪੜੇ, ਪਰਾਂਦਾ ਅਤੇ ਜੁਤੀਆਂ ਦੇ ਅਨੇਕਾਂ ਜ਼ਿਕਰ ਮਿਲਦੇ ਹਨ। ਜੁਤੀ ਕਸੂਰੀ, ਪੈਰੀਂ ਨਾ ਪੂਰੀ; ਇਕ ਕੈਂਠੇ ਵਾਲਾ ਆ ਗਿਆ ਪ੍ਰਾਹੁਣਾ; ਮੇਰੀ ਗੁਤ ਦਾ ਪਰਾਂਦਾ ਮੇਰੇ ਸਜਣਾ ਨੇ ਆਂਦਾ; ਵਰਗੇ ਬੋਲ ਕੰਨਾਂ ਵਿਚ ਸਰੂਰ ਭਰਦੇ ਰਹਿੰਦੇ ਹਨ।

ਗੁਰੂ ਗ੍ਰੰਥ ਸਾਹਿਬ ਵਿਚ ਵੀ ਇਸ ਬਾਰੇ ਸਿਖਿਅਕ ਜ਼ਿਕਰ ਹੈ।

ਕੂੜੁ ਸੁਇਨਾ ਕੂੜੁ ਰੂਪਾ ਕੂੜੁ ਪੈਨਣਹਾਰੁ॥ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ॥468॥

ਸੋਨਾ, ਚਾਂਦੀ ਅਤੇ ਇਨ੍ਹਾਂ ਨੂੰ ਪਹਿਨਣ ਵਾਲੇ ਭਰਮ ਰੂਪ ਹਨ। ਇਹ ਸਰੀਰ, ਸੋਹਣੇ ਕਪੜੇ ਅਤੇ ਬੇਅੰਤ ਸੋਹਣਾ ਰੂਪ ਵੀ ਛਲ ਹੀ ਹਨ। ਇਨ੍ਹਾਂ ਦੇ ਮੋਹ ਵਿਚ ਇਨਸਾਨ ਭੁਲ ਗਿਆ ਕਿ ਉਹ ਨਾਸਵੰਤ ਹੈ।

ਲੰਕਾ ਗਢੁ ਸੋਨੇ ਕਾ ਭਇਆ॥ ਮੂਰਖੁ ਰਾਵਨੁ ਕਿਆ ਲੇ ਗਇਆ॥ਅੰਗ 1158॥
ਭਗਤ ਨਾਮਦੇਵ ਜੀ ਅਨੁਸਾਰ:

ਸਰਬ ਸੋਇਨ ਕੀ ਲੰਕਾ ਹੋਤੀ, ਰਾਵਨ ਸੇ ਅਧਿਕਾਈ॥ ਕਹਾ ਭਇਓ ਦਰਿ ਬਾਂਧੇ ਹਾਥੀ, ਖਿਨ ਮਹਿ ਭਈ ਪਰਾਈ॥ ਅੰਗ 693॥

Leave a comment