ਮਾਘੀ– ਮਾਘ ਦੀ ਸੰਗਰਾਂਦ
ਵੀਰੋ ਇਸ ਗੱਲ ਨੂੰ ਸਮਝੋ ਕਿ ਸੁਭਾ ਉੱਠ ਕੇ ਜਰੂਰ ਨਹਾਓ। ਸੁਸਤੀ ਦੂਰ ਹੁੰਦੀ ਹੈ । ਦਿਨ ਚੰਗਾ ਸ਼ੁਰੂ ਹੁੰਦਾ ਹੈ। ਪਸੀਨੇ ਦੀ ਮਾੜੀ ਸਮੈਲ ਦੂਰ ਹੋ ਜਾਂਦੀ ਹੈ। ਪਰ ਕਿਸੇ ਵਹਿਮ ਭਰਮ ਹੇਠ ਆ ਕੇ ਮਾਘ ਦੇ ਇਸ਼ਨਾਨ ਦੇ ਚੱਕਰਾਂ ਵਿੱਚ ਇਸ਼ਨਾਨ ਨਾ ਕਰਿਓ। ਇਸ ਵਾਸਤੇ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਦੇ ਇਸ਼ਨਾਨ ਕਰਨਾ ਹੈ ਉਹ ਹੇਠ ਲਿਖੇ ਬਾਰਹਮਹਾ ਦੇ ਸ਼ਬਦ ਨੂੰ ਮੈਂ ਤੁਹਾਡੇ ਤੱਕ ਪਹੰਚਾਣ ਦੀ ਕੋਸ਼ਿਸ਼ ਕੀਤੀ ਹੈ। ਫੈਸਲਾ ਤੁਸੀਂ ਆਪ ਕਰਨਾ ਹੈ ਕਿ ਬਾਬੇ ਨੇ ਕਿਵੇਂ ਤਰਕ ਲਾਕੇ ਸਾਨੂੰ ਤੀਰਥਾਂ ਦੇ ਇਸ਼ਨਾਨ ਤੋਂ ਰੋਕਿਆ ਹੈ। ਦੂਜਾ ਸੁਨੇਹਾ ਬਾਬਾ ਜੀ ਨੇ ਏਸੇ ਸ਼ਬਦ ਰਾਹੀਂ ਦੱਸਿਆ ਹੈ ਕਿ ਵਪਾਰੀ, ਪੁਜਾਰੀ, ਪਰਚਾਰੀ ਅਤੇ ਸਰਕਾਰੀ ਏਸ ਗਲ ਤੇ ਜੋਰ ਲਾਉਂਦੇ ਹਨ ਕਿ ਇਹ ਮਾਘ ਦੇ ਮਹੀਂਨੇ ਦੀ ਸੰਗਰਾਂਦ ਪਵਿੱਤਰ ਦਿਹਾੜਾ ਹੈ। ਉਹਨਾਂ ਦਾ ਆਪਣਾ ਮਕਸਦ ਹੈ। ਭੋਲੀ ਭਾਲੀ ਜਨਤਾ ਨੂੰ ਬੁਧੂ ਬਣਾਉਣਾ ਉਹਨਾ ਦਾ ਕੰਮ ਹੈ। ਗੁਰੂ ਸਾਹਿਬ ਨੇ ਕਿਤੇ ਵੀ ਨਹੀਂ ਲਿਖਿਆ ਕਿ ਇਹ ਦਿਹਾੜਾ ਪਵਿੱਤਰ ਹੈ। ਇਹ ਕਿਸੇ ਹੋਰ ਧਰਮ ਦੀ ਗੱਲ ਸਾਡੇ ਉਪਰ ਠੋਸੀ ਜਾਂਦੀ ਹੈ। ਗੁਰਦੁਵਾਰੇ ਜੰਮ ਜੰਮ ਜਾਵੋ, ਹਰ ਰੋਜ ਜਾਵੋ ਪਰ ਇਹ ਸਮਝ ਕੇ ਨਾ ਜਾਵੋ ਕਿ ਜੇ ਮੈਂ ਅੱਜ ਗਇਆ ਤਾਂ ਮੈਂ ਪਵਿੱਤਰ ਹੋ ਜਾਵਾਂਗਾ ਪਰ ਜੇ ਨਾ ਗਇਆ ਤਾਂ ਅਪਵਿੱਤਰ ਹੋ ਜਾਵਾਂਗਾ। ਨਾ ਸੰਗਰਾਂਦ ਦਿਹਾੜਾ ਪਵਿੱਤਰ ਹੈ ਅਤੇ ਨਾ ਹੀ ਮਸਾਂਦ ਅਪਵਿੱਤਰ ਹੈ।
ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥
ਇਸ ਸ਼ਬਦ ਵਿਚ ਦੋ ਗੱਲਾਂ ਦੱਸੀਆਂ ਹਨ। ਇਕ ਤਾਂ ਓਸ ਵੇਲੇ ਦੀ ਪਰੰਪਰਾਵਾਦੀ ਕਹਾਣੀ ਕਿ ਜਿਹੜੇ ਲੋਕ ਇਸ ਦਿਨ ਤੀਰਥ ਤੇ ਜਾ ਕੇ ਇਸ਼ਨਾਨ ਕਰਨਗੇ ਤਾਂ ਉਹਨਾਂ ਦਾ ਜੀਵਨ ਪਵਿੱਤਰ ਹੋ ਜਾਵੇਗਾ । ਹਿੰਦੂ ਗ੍ਰੰਥਾਂ ਵਿਚ ਇਹ ਲਿਖਿਆ ਹੈ ਕਿ ਦੇਵਤੇ ਇਸ ਦਿਨ ਸਿਆਲ ਦੀ ਠੰਢ ਤੋਂ ਪਹਿਲੇ ਦਿਨ ਜਾਗਦੇ ਹਨ। ਪੋਹ ਮਹੀਨੇ ਦੀ ਅਖੀਰਲੀ ਰਾਤ ਨੂੰ ਅਗਨ ਦੇਵਤੇ ਦੀ ਪੂਜਾ ਵੀ ਏਸੇ ਕਾਰਨ ਕਰਕੇ ਕੀਤੀ ਜਾਂਦੀ ਹੈ। ਦੂਜੀ ਗੱਲ ਇਹ ਹੈ ਇਸ ਸ਼ਬਦ ਵਿਚ ਹੈ ਕਿ ਗੁਰੂ ਸਾਹਿਬ ਨੇ ਇਸ ਪਰੰਪਰਾਵਾਦੀ ਕਹਾਣੀ ਨੂੰ ਨਕਾਰਿਆ ਹੈ ਅਤੇ ਆਪਣਾ ਸਿਧਾਂਤ ਦਿੱਤਾ ਹੈ।
ਅੱਖਰੀ ਅਰਥ– ਹੇ ਭਾਈ ! ਤੇਰੇ ਲਈ ਮਾਘ ਮਹੀਨੇ ਵਿਚ ਇਹ ਹੀ ਇਸ਼ਨਾਨ ਹੈ ਕਿ ਤੂੰ ਗੁਣਾਂ ਨੂੰ ਅਪਣਾਉਣ ਵਾਲਿਆਂ ਨੂੰ ਸਮਰਪਿਤ ਹੋ।
ਭਾਵ ਅਰਥ : –ਹੇ ਭਾਈ! ਤੂੰ ਗੁਣਾ ਵਾਲਿਆਂ ਬੰਦਿਆਂ (ਸਾਧੂਆਂ ਦੀ) ਦੀ ਸੰਗਤ ਕਰ ਭਾਵ ਉਹਨਾਂ ਦੇ ਗੁਣ ਅਪਣਾ। ਉਹਨਾਂ ਦਾ ਪੂਰੀ ਤਰ੍ਹਾਂ ਪੈਰੋਕਾਰ ਬਣ ਭਾਵ ਉਹਨਾਂ ਵਰਗੇ ਗੁਣ ਲੈ ਆ, ਤਾਂ ਇਹ ਹੀ ਤੇਰਾ ਮਾਘ ਦੇ ਮਹੀਨਾ ਦਾ ਇਸ਼ਨਾਨ ਹੈ।
ਵਿਆਕਰਣਿਕ ਰੂਪ—ਮਾਘ ਬਿਕਰਮੀ ਸੰਮਤ ਦਾ ਮਹੀਨਾ । ਹਿੰਦੂ ਗ੍ਰੰਥਾਂ ਅਤੇ ਸ਼ਾਸਤਰਾਂ ਮੁਤਾਬਕ ਇਹ ਦਿਹਾੜਾ ਪਵਿੱਤਰ ਗਿਣਿਆ ਜਾਂਦਾ ਹੈ ਪਰ ਗੁਰਬਾਣੀ ਮੁਤਾਬਕ ਇਹ ਪਵਿੱਤਰ ਨਹੀ ਹੈ। ਗੁਰਬਾਣੀ ਮੁਤਾਬਕ ਸਾਰੇ ਦਿਹਾੜੇ ਹੀ ਬਰਾਬਰ ਹਨ। ਇਹ ਹੀ ਬਾਰਾਹਮਹਾਂ ਦੀ ਬਾਣੀ ਦੀਆਂ ਆਖਰੀ ਲਾਈਨਾਂ ਗੁਰੂ ਸਾਹਿਬ ਨੇ ਕਹੀਆਂ ਹਨ ਕਿ ਹਰ ਘੜੀ, ਹਰ ਪਲ, ਹਰ ਦਿਨ, ਹਰ ਮਹੀਨਾ ਪ੍ਰਭੂ ਦੀ ਨਿਗਾਹ ਵਿਚ ਇਕੋ ਜਿਹੇ ਹਨ। ਉਹ ਪਲ ਉਹ ਘੜੀ ਉਹ ਦਿਨ ਉਹ ਮਹੀਨਾ ਚੰਗਾ ਹੈ ਜਿਸ ਦਿਨ ਪ੍ਰਭੂ ਕਿਸੇ ਤੇ ਮਿਹਰ ਕਰ ਦੇਵੇ। (ਅਧਿਕਰਨ ਕਾਰਕ) ਮਜਨੁ- ਇਸ਼ਨਾਨ, ਸਿੰਬੋਲਕ ਸ਼ਬਦ ਹੈ ਭਾਵ ਅਰਥ ਗੁਣਾਂ ਨੂੰ ਅਪਣਾਉਣਾ (ਕਰਮ ਕਾਰਕ) ਸੰਗਿ– ਸਾਥ ਵਿਚ (ਅਧਿਕਰਨ ਕਾਰਕ), ਸਾਧੂਆ—ਗੁਣਾਂ ਵਾਲੇ ਮਨੁੱਖਾਂ ਦੇ (ਸਾਧੂ ਦੀ ਪ੍ਰੀਭਾਸ਼ਾ ਗੁਰੂ ਗਰੰਥ ਸਾਹਿਬ 1357 ਦੇ ਪੰਨਾ 40ਵੀ ਪਉੜੀ ਵਿਚ ਦਿੱਤੀ ਹੈ। ਜਿਸਦਾ ਭਾਵ ਹੈ ਚੰਗੇ ਗੁਣਾਂ ਦੇ ਧਾਰਨੀ ਮਨੁੱਖ, ਉਚਾਰਨ ਨਾਸਕੀ. ਸਬੰਧ ਕਾਰਕ ) ਧੂੜੀ– ਪੈਰਾਂ ਦੀ ਮਿੱਟੀ– ਭਾਵ ਪੂਰੀ ਤਰ੍ਹਾਂ ਸਮਰਪਿਤ ਜਾਂ ਇੰਨ੍ਹ ਬਿੰਨ੍ਹ ਉਹਨਾਂ ਦੀ ਮੰਨ ਕੇ, (ਸੰਬੰਧ ਕਾਰਕ), ਕਰਿ—ਕਰ (ਹੁਕਮੀ ਭਵਿੱਖਤ ਕਾਲ, ਮੱਧਮ ਪੁਰਖ, ਇਕ ਵਚਨ ਦੀ ਕਿਰਿਆ), ਇਸਨਾਨੁ—ਇਸ਼ਨਾਨ (ਕਰਮ ਕਾਰਕ, ਇਕਵਚਨ)
ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥
ਅੱਖਰੀ ਅਰਥ : – ਹੇ ਭਾਈ! ਤੂੰ ਉਹਨਾਂ ਤੋਂ ਪ੍ਰਭੁ ਦੇ ਗੁਣਾਂ ਦੇ ਭੰਡਾਰ ਨਾਮ ਨੂੰ ਸੁਣ ਅਤੇ ਆਪਣੇ ਜੀਵਨ ਵਿਚ ਅਪਣਾ ਅਤੇ ਹੋਰਨਾ ਨੂੰ ਵੀ ਇਹ ਹੀ ਗੁਣਾਂ ਦਾ ਦਾਨ ਦੇ।
ਭਾਵ ਅਰਥ : – ਹੇ ਭਾਈ! ਤੂੰ ਪ੍ਰਭੂ ਦੇ ਗੁਣ ਆਪਣੇ ਹਿਰਦੇ ਦਿਲ ਵਿਚ ਜਾਂ ਜੀਵਨ ਜਾਚ ਵਿਚ ਅਪਣਾ ਲੈ, ਅਤੇ ਹੋਰ ਲੋਕਾਂ ਨੂੰ ਵੀ ਇਸ ਗੱਲ ਨੂੰ ਅਪਣਾਉਣ ਲਈ ਕਹੋ ਤਾਂ ਕਿ ਇਸੇ ਤਰ੍ਹਾਂ ਦਾ ਉਹਨਾਂ ਦਾ ਵੀ ਮਾਘ ਦੇ ਮਹੀਨੇ ਦਾ ਇਸ਼ਨਾਨ ਹੋ ਜਾਵੇ।
ਵਿਆਕਰਣਿਕ ਰੂਪ :-—ਹਰ ਕਾ ਨਾਮੁ– ਹਰੀ ਦੇ ਗੁਣਾਂ ਦੇ ਭੰਡਾਰ ਨਾਮ ਨੂੰ (ਕਰਮ ਕਾਰਕ), ਧਿਆਇ– ਆਪਣੇ ਹਿਰਦੇ ਦਿਲ ਵਿਚ ਵਸਾ ਕੇ ਜਾਣੀ ਜੀਵਨ ਜਾਂਚ ਵਿਚ ਪਾਕੇ (ਹੁਕਮੀ ਭਵਿੱਖਤ ਕਾਲ, ਮੱਧਮ ਪੁਰਖ ਇਕਵਚਨ ਦੀ ਕਿਰਿਆ), ਸੁਣਿ—ਸੁਣ ਕੇ (ਪੂਰਬ ਪੂਰਨ ਕ੍ਰਿਦੰਤ), ਸਭਨਾ ਨੂੰ–ਸਾਰਿਆਂ ਨੂੰ (ਅਨਿਸ਼ਚਿਤ ਪੜਨਾਂਵ, ਬਹੁਵਚਨ, ਸੰਪਰਦਾਨ ਕਾਰਕ) ਕਰਿ – ਵੰਡ ਜਾਂ ਦੇ (ਹੁਕਮੀ ਭਵਿੱਖਤ ਕਾਲ, ਮੱਧਮ ਪੁਰਖ, ਇਕਵਚਨ ਦੀ ਕਿਰਿਆ), ਦਾਨੁ—ਦਾਨ (ਕਰਮ ਕਾਰਕ, ਇਕਵਚਨ)
ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥
ਅੱਖਰੀ ਅਰਥ : –ਹੇ ਭਾਈ! (ਇਸ ਤਰ੍ਹਾਂ ਗੁਣ ਅਪਣਾਉਣ ਨਾਲ) ਜੀਵਨ ਦੇ ਕੀਤੇ ਕੰਮਾਂ ਦੀ ਮੈਲ ਉੱਤਰ ਜਾਂਦੀ ਹੈ। ਮਨ ਦਾ ਗੁਮਾਨ ਉੱਤਰ ਜਾਦਾ ਹੈ।
ਭਾਵ ਅਰਥ : –ਹੇ ਭਾਈ! ਇਹ ਗੁਣ ਅਪਣਾਉਣ ਨਾਲ ਜੀਵਨ ਦੇ ਵਿਕਾਰਾਂ ਦਾ ਵੀ ਨਾਸ ਹੋ ਜਾਂਦਾ ਹੈ। ਕੀਤੇ ਹੋਏ ਮਾੜੇ ਕੰਮਾਂ ਦੀ ਮੈ਼ਲ ਵੀ ਉੱਤਰ ਜਾਂਦੀ ਹੈ।
ਵਿਆਕਰਣਿਕ ਰੂਪ— ਜਨਮ—ਜੀਵਨ ਦੇ (ਸੰਬੰਧ ਕਾਰਕ) ਕਰਮ — ਕੰਮ ਦੀ (ਸੰਬੰਧ ਕਾਰਕ) ਮਲੁ== ਮੈ਼ਲ (ਕਰਮ ਕਾਰਕ ਇਸਤਰੀ ਲਿੰਗ), ਉਤਰੈ—ਉੱਤਰਦੀ ਹੈ (ਵਰਤਮਾਨ ਕਾਲ ਇਕ ਵਚਨ ਦੀ ਕਿਰਿਆ), ਮਨਤੇ—ਮਨ ਤੋਂ (ਅਪਾਦਾਨ ਕਾਰਕ) ਜਾਇ ,–ਜਾਂਦੀ ਹੈ (ਵਰਤਮਾਨ ਕਾਲ ਇਕ ਵਚਨ ਦੀ ਕਿਰਿਆ), ਗੁਮਾਨ— ਮਨ ਦੀ ਹੰਕਾਰ/ ਹਉਮੈ ਮੁੱਕ ਜਾਂਦੀ ਹੈ।
ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ ॥
ਅੱਖਰੀ ਅਰਥ : –ਹੇ ਭਾਈ! (ਇਸ ਤਰ੍ਹਾਂ ਗੁਣ ਅਪਣਾਉਣ ਨਾਲ) ਕਾਮ ਕਰੋਧ ਮੋਹ ਨਹੀਂ ਸਕਦਾ। ਲੋਭ ਕੁਤਾ ਵੀ ਖਤਮ ਹੋ ਜਾਂਦਾ ਹੈ॥
ਭਾਵ ਅਰਥ : –ਹੇ ਭਾਈ! ਇਹ ਗੁਣ ਅਪਣਾਉਣ ਨਾਲ ਜੀਵਨ ਦੇ ਵਿਕਾਰਾਂ ਦਾ ਵੀ ਨਾਸ ਹੋ ਜਾਂਦਾ ਹੈ। ਉਹ ਲੋਭ. ਕਾਮ ਕਰੋਧ, ਵਿਚ ਮੋਹੇ ਨਹੀਂ ਜਾ ਸਕਦੇ।
ਵਿਆਕਰਨਿਕ ਰੂਪ : –ਕਾਮ, ਕਰੋਧਿ—ਵਿਕਾਰਾਂ ਨਾਲ (ਕਰਨ ਕਾਰਕ), ਮੋਹੀਐ—ਮੋਹਿਆ ਨਹੀਂ ਜਾਣਾ ਚਾਹੀਦਾ (ਸੰਭਾਵ ਭਵਿੱਖਤ ਕਾਲ ਦੀ ਕਿਰਿਆ), ਬਿਨਸੈ—ਖਤਮ ਹੋ ਜਾਂਦੇ ਹਨ (ਵਰਤਮਾਨ ਕਾਲ, ਇਕਵਚਨ ਦੀ ਕਿਰਿਆ), ਲੋਭੁ ਸੁਆਨੁ—ਲੋਭ ਕੁੱਤਾ ਭਾਵ ਵਿਕਾਰ (ਕਰਮ ਕਾ
ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥
ਅੱਖਰੀ ਅਰਥ : –ਹੇ ਭਾਈ! ਸਚ ਦੇ ਰਸਤੇ ਤੇ ਚਲਦਿਆਂ ਸਾਰਾ ਜਹਾਨ ਹੀ ਸਿਫਤਾਂ ਕਰਦਾ ਹੈ।
ਭਾਵ ਅਰਥ : – ਹੇ ਭਾਈ! ਇਸ ਤਰ੍ਹਾਂ ਜੀਵਨ ਦੇ ਸੱਚੇ ਮਾਰਗ ਤੇ ਚਲਣ ਨਾਲ ਸਾਰਾ ਜਹਾਨ ਹੀ ਸਿਫਤਾਂ ਕਰਦਾ ਹੈ॥
ਵਿਆਕਰਨਿਕ ਰੂਪ : –ਸਚੈ—ਸੱਚ ਦੇ (ਸੰਬੰਧ ਕਾਰਕ, ਇਕ ਵਚਨ) ਚਲਦਿਆ—ਤੁਰਦਿਆਂ ਜਾਂ ਅਪਣਾਉਂਦਿਆਂ ਜਾਂ ਤੁਰਨ ਦੇ ਨਾਲ (ਉਚਾਰਨ ਨਾਸਕੀ, ਵਰਤਮਾਨ ਕ੍ਰਿਦੰਤ, ਨਾਂਵ, ਕਰਨ ਕਾਰਕ), ਉਸਤਤਿ—ਸਿਫਤਾਂ (ਸੰਯੁਕਤ ਕਿਰਿਆ) ਕਰੇ—ਕਰਦਾ ਹੈ (ਵਰਤਮਾਨ ਕਾਲ, ਇਕਵਚਨ ਦੀ ਕਿਰਿਆ), ਜਹਾਨੁ—ਸੰਸਾਰ (ਕਰਤਾ ਕਾਰਕ)
ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥
ਅੱਖਰੀ ਅਰਥ : –ਹੇ ਭਾਈ! ਇਸ ਤਰ੍ਹਾਂ ਕੁਦਰਤ ਦੇ ਜੀਵਾਂ ਤੇ ਦਇਆ ਕਰਨੀ ਹੀ ਪਰਵਾਨ ਹੈ। 68 ਤੀਰਥਾਂ ਦੇ ਇਸ਼ਨਾਨ, ਸਾਰੇ ਪੁੰਨ ਦਾਨ (ਜੀਵਾਂ ਦਇਆ ਕਰਨ ਨਾਲ ਹੀ ਹੋ ਜਾਂਦਾ ਹੈ) ।
ਭਾਵ ਅਰਥ : –ਹੇ ਭਾਈ! ਜਿਸ ਮਨੁੱਖ ਨੇ ਅਜਿਹਾ ਜੀਵਨ ਮਾਰਗ ਅਪਣਾ ਲਇਆ ਹੈ, ਉਸ ਦਾ 68 ਤੀਰਥਾਂ ਦਾ ਇਸਨਾਨ ਕਰਨ ਅਤੇ ਸਾਰੇ ਤਰ੍ਹਾਂ ਦੇ ਪੁੰਨ ਦਾਨ ਕਰਨਾ ਜੀਵਾਂ ਤੇ ਦਇਆ ਦੇ ਨਾਲ ਹੋ ਜਾਂਦਾ ਹੈ। ਜੀਵਾਂ ਤੇ ਦਇਆ ਕਰਨਾ ਹੀ ਜੀਵਨ ਦਾ ਰਸਤਾ ਪਰਵਾਨ ਹੈ।
ਵਿਆਕਰਣਿਕ ਰੂਪ–ਅਠਸਠ—68 (ਨਿਸ਼ਚਿਤ ਸੰਖਿਅਕ ਵਿਸ਼ੇਸ਼ਣ) ਤੀਰਥ—ਹਿੰਦੂ ਵੀਰਾਂ ਦੇ ਮੰਨੇ 68 ਤੀਰਥਾਂ ਦਾ ਇਸ਼ਨਾਨ ਕਰਨਾ (ਕਰਮ ਕਾਰਕ, ਬਹੁਵਚਨ) ਸਗਲ–ਸਾਰੇ (ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ) ਪੁੰਨ – ਪੁੰਨ ਦਾਨ ਕਰਨੇ (ਕਰਮ ਕਾਰਕ, ਬਹੁਵਚਨ) ਜੀਅ—ਜੀਵਾਂ ਤੇ (ਅਧਿਕਰਨ ਕਾਰਕ, ਬਹੁਵਚਨ) .ਦਇਆ – ਮਿਹਰ (ਕਰਮ ਕਾਰਕ, ਇਕ ਵਚਨ) ਪਰਵਾਨੁ—ਮਨਜ਼ੂਰ ਹੈ (ਕਰਤਾ ਕਾਰਕ, ਇਕ ਵਚਨ)
ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥
ਅੱਖਰੀ ਅਰਥ : –ਹੇ ਭਾਈ! ਜਿਸ ਨੂੰ ਮਿਹਰ ਕਰਕੇ (ਇਸ ਤਰ੍ਹਾਂ ਦੀ ਜੀਵਨ ਜਾਚ ਦੀ ਸਮਝ) ਦੇ ਦੇਵੇ, ਉਹ ਹੀ ਮਨੁੱਖ ਸਿਆਣਾ ਹੈ।
ਭਾਵ ਅਰਥ : –ਹੇ ਭਾਈ! ਜਿਸ ਨੂੰ ਮਿਹਰ ਬਾਨੀ ਕਰਕੇ ਕੋਈ ਇਹ ਸਮਝ ਦੇ ਦੇਵੇ ਅਤੇ ਉਹ ਇਸ ਜੀਵਨ ਮਾਰਗ ਅਪਣਾ ਲਵੇ ਤਾਂ ਉਹ ਹੀ ਮਨੁੱਖ ਸਿਆਣਾ ਹੈ।
ਵਿਆਕਰਣਿਕ ਰੂਪ–ਜਿਸਨੋ—ਜਿਸ ਨੂੰ (ਅਨਿਪੁਰਖ ਪੜਨਾਂਵ, ਸੰਪਰਦਾਨ ਕਾਰਕ, ਇਕ ਵਚਨ) ਦੇਵੈ—ਦਿੰਦਾ ਹੈ (ਵਰਤਮਾਨ ਕਾਲ, ਇਕ ਵਚਨ ਦੀ ਕਿਰਿਆ), ਸੋਈ– ਉਹ (ਪੜਨਾਂਵੀ ਵਿਸ਼ੇਸ਼ਣ, ਇਕਵਚਨ) ਪੁਰਖੁ—ਮਨੁੱਖ (ਕਰਤਾ ਕਾਰਕ), ਸੁਜਾਨੁ—ਸਿਆਣਾ (ਵਿਸ਼ੇਸ਼ਣ ਹੈ),
ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ॥
ਅੱਖਰੀ ਅਰਥ : –ਹੇ ਨਾਨਕ! ਕਹੁ ਕਿ ਜਿਨਾਂ ਮਨੁੱਖਾਂ ਨੂੰ ਆਪਣਾ ਪ੍ਰਭੁ ਮਿਲ ਪਇਆ ਹੈ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।
ਭਾਵ ਅਰਥ : – ਹੇ ਨਾਨਕ! ਕਹੁ ਕਿ ਜਿਨਾਂ ਮਨੁੱਖਾਂ ਨੂੰ ਇਸ ਰਸਤੇ ਪਇਆਂ ਆਪਣਾ ਪ੍ਰਭੂ ਮਿਲ ਪਇਆ ਹੈ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।
ਵਿਆਕਰਨਿਕ ਰੂਪ : –ਜਿਨਾ—ਜਿਨਾਂ ਨੂੰ (ਸੰਬੰਧ ਵਾਚਕ ਪੜਨਾਂਵ, ਕਰਮ ਕਾਰਕ, ਬਹੁਵਚਨ) ਮਿਲਿਆ—ਮਿਲਿਆ ਹੈ (ਭੂਤ ਕ੍ਰਿਦੰਤ ਹੈ ਪਰ ਵਰਤਿਆ ਹੈ ਅਨਿਸ਼ਚਿਤ ਪੂਰਨ ਵਰਤਮਾਨ ਕਾਲ ਵਿਚ) ਪ੍ਰਭੁ—ਪ੍ਰਭੂ (ਕਰਮ ਕਾਰਕ, ਇਕਵਚਨ) ਆਪਣਾ—(ਨਿਜ ਵਾਚਕ ਪੜਨਾਂਵ) ਨਾਨਕ—ਹੇ ਨਾਨਕ (ਸੰਬੋਧਨ ਕਾਰਕ, ਇਕਵਚਨ) ਕੁਰਬਾਨੁ—ਵਾਰੀਂ ਜਾਣਾ (ਕਰਮ ਕਾਰਕ, ਇਕਵਚਨ)
ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥ – ਪੰਨਾ੧੩੬
ਅੱਖਰੀ ਅਰਥ : –ਹੇ ਭਾਈ! ਮਾਘ ਮਹੀਨੇ ਵਿਚ ਉਹ ਹੀ ਮਨੁੱਖ ਪਵਿੱਤਰ ਕਹੇ ਜਾ ਸਕਦੇ ਹਨ ਜਿਨਾਂ ਉਪਰ ਪੂਰਾ ਗੁਰੂ ਮਿਹਰਵਾਨ ਹੈ॥
ਭਾਵ ਅਰਥ : –ਹੇ ਭਾਈ! -ਉਹ ਹੀ ਮਾਘ ਦੇ ਮਹੀਨੇ ਵਿਚ ਪਵਿੱਤਰ ਜੀਵਨ ਵਾਲੇ ਕਹੇ ਜਾਂਦੇ ਹਨ ਜਿਨਾਂ ਤੇ ਪੂਰਾ ਗੁਰੂ ਮਿਹਰ ਕਰਕੇ ਇਸ ਸਮਝ ਨੂੰ ਦੇ ਦੇਵੇ॥
ਵਿਆਕਰਨਿਕ ਰੂਪ : –ਮਾਘਿ—ਮਾਘ ਵਿਚ (ਅਧਿਰਣ ਕਾਰਕ, ਇਕਵਚਨ) ਸੁਚੇ—ਪਵਿੱਤਰ ਜਾਂ ਵਿਕਾਰਾਂ ਤੋਂ ਰਹਿਤ (ਗੁਣ ਵਾਚਕ ਵਿਸ਼ੇਸ਼ਣ) ਸੇ—ਉਹ (ਅਨੁਸੰਬੰਧਕ ਪੜਨਾਂਵ, ਕਰਮ ਕਾਰਕ, ਇਕਵਚਨ), ਕਾਂਢੀਅਹਿ—ਆਖੇ ਜਾਂਦੇ ਹਨ (ਵਰਤਮਾਨ ਕਾਲ, ਬਹੁਵਚਨ ਦੀ ਕਰਮਨੀ ਵਾਚ ਕਿਰਿਆ) ਜਿਨ—ਜਿਨਾਂ ਤੇ (ਸੰਬੰਧ ਵਾਚਕ ਪੜਨਾਂਵ, ਅਧਿਕਰਨ ਕਾਰਕ, ਬਹੁਵਚਨ), ਪੂਰਾ—ਸਾਰੇ ਗੁਣਾ ਵਾਲਾ (ਗੁਣ ਵਾਚਕ ਵਿਸ਼ੇਸ਼ਣ) ਗੁਰੁ—ਗੁਰੂ (ਕਰਤਾ ਕਾਰਕ, ਇਕਵਚਨ) ਮਿਰਵਾਨੁ—ਮਿਹਰ ਕਰਨ ਵਾਲਾ (ਕਰਮ ਕਾਰਕ, ਇਕਵਚਨ)
ਮਾਝ ਰਾਗ ਦੇ ਬਾਰਹਮਾਹ ਸ਼ਬਦ ਦਾ ਭਾਵ ਅਰਥ—ਐ ਮਨੁੱਖ! ਮਾਘ ਦੇ ਮਹੀਨੇ ਵਿਚ ਚੰਗੇ ਬੰਦਿਆਂ ਦਾ ਸਾਥ ਕਰਕੇ ਉਹਨਾਂ ਦੇ ਜੀਵਨ ਦੇ ਗੁਣਾ, ਸਤ ਸੰਤੋਖ ਦਇਆ ਧਰਮ ਅਤੇ ਵਿਚਾਰ ਨੂੰ ਸਮਰਪਿਤ ਹੋ ਕੇ ਆਪਣੇ ਜੀਵਨ ਵਿਚ ਆਪ ਵੀ ਅਪਣਾ ਅਤੇ ਹੋਰਨਾ ਨੂੰ ਵੀ ਇੰਨ੍ਹਾਂ ਗੁਣਾ ਦਾ ਦਾਨ ਕਰ। ਆਪਣੇ ਜੀਵਨ ਵਿਚ ਅਉਗੁਣਾਂ ਭਰੇ ਵਿਕਾਰਾ ਨੂੰ ਕੱਢ। ਇਹ ਹੀ ਤੇਰਾ 68 ਤੀਰਥਾਂ ਦਾ ਮਾਘੀ ਦਾ ਇਸ਼ਨਾਨ, ਪੁੰਨ, ਦਾਨ ਅਤੇ ਪੂਜਾ ਹੈ। ਜੀਵਨ ਦੇ ਸਚ ਤੇ ਮਾਰਗ ਤੇ ਚਲਦਿਆਂ ਲੋਕੀ ਵੀ ਜਸ ਕਰਦੇ ਹਨ ਅਤੇ ਇਹ ਹੀ ਜੀਵਨ ਜਾਂਚ ਪ੍ਰਵਾਨ ਹੈ।
ਇਸ਼ਨਾਨ ਬਾਬਤ ਤੁਖਾਰੀ ਰਾਗ ਵਿਚ ਕੀ ਲਿਖਿਆ ਹੈ ਹੇਠਾ ਦੇਖੋ।
ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ ॥
ਅੱਖਰੀ ਅਰਥ : –ਹੇ ਭਾਈ! ਮਾਘ ਵਿਚ ਉਹ ਹੀ ਜਿੰਦ ਪਵਿੱਤਰ ਹੋਈ ਹੈ ਜਿਸ ਨੇ ਆਪਣੇ ਅੰਦਰ ਦੇ ਤੀਰਥ (ਰੂਪ ਸੱਚ ਨੂੰ) ਸਮਝ ਲਇਆ ਹੈ।
ਭਾਵ ਅਰਥ : –ਹੇ ਭਾਈ! ਮਾਘ ਦੇ ਮਹੀਨੇ ਵਿਚ ਉਹ ਜਿੰਦ ਪਵਿੱਤਰ ਹੋਈ ਹੈ ਜਿਸ ਨੇ ਆਪਣੇ ਅੰਦਰ ਦੇ ਸੱਚ ਨੂੰ ਜਾਣ ਲਇਆ ਹੈ। ਭਾਵ ਜਿਸ ਨੇ ਆਪਣੇ ਅੰਦਰ ਝਾਤੀ ਮਾਰਕੇ ਆਪਣੇ ਅੰਦਰ ਬੈਠੇ ਸੱਚ ਨੂੰ ਅਪਣਾਇਆ ਹੇ, ਉਹ ਹੀ ਮਨੁੱਖ ਪਵਿੱਤਰ ਹੋਇਆ ਹੈ ਨਾਂ ਕਿ ਕਿਸੇ ਤੀਰਥਾਂ ਤੇ ਇਸ਼ਨਾਨ ਕਰਕੇ।
ਵਿਆਕਰਣਿਕ ਰੂਪ—— ਮਾਘਿ—ਮਾਘ ਮਹੀਨੇ ਵਿਚ (ਅਧਿਕਰਨ ਕਾਰਕ), ਪੁਨੀਤ—ਪਵਿੱਤਰ (ਵਿਸ਼ੇਸ਼ਣ ਨੂੰ ਨਾਂਵ ਬਣਾ ਕੇ ਵਰਤਿਆ ਹੈ, ਕਰਮ ਕਾਰਕ, ਇਕਵਚਨ), ਭਈ—ਹੋ ਗਈ (ਭੂਤ ਕਾਲ ਦੀ ਕਿਰਿਆ ਹੈ ਪਰ ਵਰਤੀ ਅਨਿਸ਼ਚਿਤ ਪੂਰਨ ਵਰਤਮਾਨ ਕਾਲ ਵਿਚ), ਤੀਰਥੁ—ਤੀਰਥ ਨੂੰ ਅੱਖਰੀ ਅਰਥ ਹੈ ਪਰ ਅਸਲੀ ਅਰਥ ਹੈ ਅੰਦਰਲੇ ਸੱਚ ਨੂੰ ਜਾਂ ਪ੍ਰਭੂ ਨੂੰ (ਕਰਮ ਕਾਰਕ), ਅੰਤਰਿ—ਅੰਦਰ ਵਿਚ, ਸੋਚ ਵਿਚ (ਅਧਿਕਰਨ ਕਾਰਕ), ਜਾਨਿਆ—ਜਾਣ ਲਇਆ ਹੈ (ਭੂਤ ਕਾਲ ਦੀ ਕਿਰਿਆ),
ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ ॥
ਅੱਖਰੀ ਅਰਥ : –ਹੇ ਭਾਈ! ਉਹ ਹੀ ਸੱਜਨ ਅਨੰਦ ਵਿਚ ਰਹਿ ਕੇ ਮਿੱਤਰ ਪਿਆਰੇ ਨੂੰ ਮਿਲੇ ਹਨ ਜਿਨਾਂ ਦਾ ਸਰੀਰ ਗੁਣਾ ਨੂੰ ਫੜ ਕੇ ਸਰੀਰ ਵਿਚ ਸਮਾਇਆ ਹੋਇਆ ਹੈ।
ਭਾਵ ਅਰਥ : –ਹੇ ਭਾਈ! ਉਹ ਮਿੱਤਰ ਪਿਆਰੇ ਅਨੰਦ ਦੀ ਅਵਸਥਾ ਵਿਚ ਆਏ ਹਨ ਜਿਨਾਂ ਨੇ ਪ੍ਰਭੂ ਪਿਆਰੇ ਦੇ ਗੁਣਾਂ ਨੂੰ ਆਪਣੀ ਸੋਚ ਵਿਚ ਜਾਂ ਜੀਵਨ ਜਾਂਚ ਵਿਚ ਅਪਣਾਇਆ ਹੈ ਜਾਂ ਸਮਾਇਆ ਹੈ।
ਵਿਆਕਰਣਿਕ ਰੂਪ– ਸਾਜਨ—ਮਿਤਰ ਪਿਆਰੇ ਜੀ (ਆਦਰਵਾਚੀ ਨਾਂਵ ਕਰਤਾ ਕਾਰਕ, ਬਹੁਵਚਨ) ਸਹਜਿ—ਅਨੰਦ ਦੀ ਅਵਸਥਾ ਵਿਚ (ਅਧਿਕਰਨ ਕਾਰਕ) ਮਿਲੇ—ਮਿਲ ਪਏ (ਭੂਤ ਕ੍ਰਿਦੰਤ ਪਰ ਵਰਤਿਆ ਹੈ ਅਨਿਸ਼ਚਿਤ ਪੂਰਨ ਵਰਤਮਾਨ ਕਾਲ ਵਿੱਚ) ਗੁਣ—ਗੁਣਾਂ ਨੂੰ (ਕਰਮ ਕਾਰਕ) ਗਹਿ—ਫੜ ਕੇ ਭਾਵ ਅਪਣਾ ਕੇ (ਪੂਰਵ ਪੂਰਨ ਕ੍ਰਿਦੰਤ) ਅੰਕਿ — ਅੰਗ ਵਿਚ ਜਾਂ ਸਰੀਰ ਵਿਚ ਮੈਟਾਫਰ ਹੈ ਵਿਚਾਰ ਮੰਡਲ ਜਾਂ ਜੀਵਨ ਜਾਂਚ ਵਿਚ (ਅਧਿਕਰਨ ਕਾਰਕ), ਸੰਮਾਨਿਆ—ਸਮਾ ਲਇਆ (ਭੂਤ ਕਾਲ ਦੀ ਕਿਰਿਆ ਹੈ),
ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ॥
ਅੱਖਰੀ ਅਰਥ– ਹੇ ਮਿੱਤਰ ਪਿਆਰੇ ਪ੍ਰਭੂ! ਮੈਂ ਵੀ ਤੇਰੇ ਗੁਣਾਂ ਨੂੰ ਸੁਣ ਕੇ ਆਪਣੇ ਵਿਚ ਪਾ ਲਵਾ, ਤੇਰੀ ਰਜ਼ਾ ਵਿਚ ਰਹਿ ਲਵਾਂ ਤਾਂ ਮੇਰਾ ਸਰੋਵਰ ਵਿਚ ਇਸ਼ਨਾਨ ਹੋ ਜਾਵੇ।
ਭਾਵ ਅਰਥ : –ਹੇ ਪਿਅਰੇ ਮਿੱਤਰ ਪ੍ਰਭੂ! ਜੇ ਮੈਂ ਤੇਰੇ ਗੁਣਾਂ ਨੂੰ ਸੁਣ ਕੇ ਇਹਨਾਂ ਨੂੰ ਸੋਚ ਮੰਡਲ ਵਿਚ ਅਪਣਾ ਲਵਾਂ, ਮੈਂ ਤੇਰੇ ਰਜ਼ਾ ਵਿਚ ਰਹਿ ਲਵਾਂ ਤਾਂ ਮੇਰਾ ਇਹ ਹੀ ਇਸ਼ਨਾਨ ਸਰੋਵਰ ਵਿਚ ਹੋ ਜਾਵੇ।
ਵਿਆਕਰਨਿਕ ਰੂਪ : – ਪ੍ਰੀਤਮ—ਪ੍ਰੀਤਮ ਪਿਆਰੇ ਦੇ (ਸੰਬੰਧ ਕਾਰਕ), ਗੁਣ—ਪ੍ਰਭੁ ਦੇ ਗੁਣ (ਕਰਮ ਕਾਰਕ), ਅੰਕੇ—ਸਰੀਰ ਅੰਦਰ ਪਾ ਲਏ ਸ਼ਬਦੀ ਅਰਥ ਹੈ ਪਰ ਭਾਵ ਅਰਥ ਹੈ ਸੋਚ ਮੰਡਲ ਜਾਂ ਜੀਵਨ ਵਿਚ ਵਸਾ ਲਏ (ਭੂਤ ਕਾਲ ਦੀ ਕਿਰਿਆ), ਸੁਣਿ—ਸੁਣ ਕੇ (ਪੂਰਬ ਪੂਰਨ ਕ੍ਰਿਦੰਤ), ਪ੍ਰਭ—ਹੇ ਪ੍ਰਭੂ (ਸੰਬੋਧਨ ਕਾਰਕ), ਬੰਕੇ—ਪਿਆਰੇ (ਗੁਣ ਵਾਚਕ ਵਿਸ਼ੇਸ਼ਣ), ਤੁਧੁ—ਤੈਨੂੰ (ਕਰਮ ਕਾਰਕ), ਭਾਵਾ—ਭਾਵਾਂ ਭਾਵ ਤੇਰੇ ਹੁਕਮ ਨੂੰ ਮੰਨਾ ਤਾਂ ਹੀ ਤੈਨੂੰ ਚੰਗਾ ਲੱਗਾਂ (ਉਚਾਰਨ ਨਾਸਕੀ, ਸੰਭਾਵੀ ਭਵਿੱਖਤ ਕਾਲ ਉੱਤਮ ਪੁਰਖ ਦੀ ਕਿਰਿਆ) ਸਰਿ— ਸਰੋਵਰ ਵਿਚ ਅੱਖਰੀ ਅਰਥ ਹੈ ਪਰ ਭਾਵ ਅਰਥ ਹੈ ਤੇਰੇ ਨਾਮ ਦੇ ਸਰੋਵਰ ਵਿਚ (ਅਧਿਕਰਨ ਕਾਰਕ) ਨਾਵਾ—ਇਸ਼ਨਾਨ ਕਰ ਲਵਾਂ (ਉਚਾਰਨ ਨਾਸਕੀ ਸੰਭਾਵੀ ਭਵਿੱਖਤ ਕਾਲ ਉੱਤਮ ਪੁਰਖ ਦੀ ਕਿਰਿਆ)॥
ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ ॥
ਅੱਖਰੀ ਅਰਥ : –ਹੇ ਪ੍ਰਭੂ! ਇਹ ਹੀ ਮੇਰਾ ਗੰਗਾ ਜਮਨਾ ਤ੍ਰਿਬੈਣੀ ਵਿਚ ਇਸ਼ਨਾਨ ਹੈ। ਇਹ ਹੀ ਮੇਰਾ ਸੱਤਾਂ ਸਮੁੰਦਰਾ ਵਿਚ ਸਮਾਉਣਾ ਹੈ।
ਭਾਵ ਅਰਥ : –ਹੇ ਪ੍ਰਭੂ! ਤੇਰੀ ਰਜ਼ਾ ਵਿਚ ਸਮਾ ਜਾਵਾਂ ਮੇਰੇ ਲਈ ਇਹ ਹੀ ਗੰਗ ਜਮਨ ਤ੍ਰਿਬੈਣੀ ਅਤੇ ਸੱਤ ਸਮੁੰਦਰਾ ਦੀ ਥਾਂ ਤੇ ਇਸਨਾਨ ਹੈ॥
ਵਿਆਕਰਣਿਕ ਰੂਪ– ਤਹ—ਜਿੱਥੇ (ਉਚਾਰਨ ਤ੍ਹਾ, ਸਥਾਨ ਵਾਚੀ ਕਿਰਿਆ ਵਿਸ਼ੇਸ਼ਣ) ਬੇਣੀ—ਤ੍ਰਿਬੈਣੀ (ਖਾਸ ਨਾਂਵ), ਸੰਗਮ—ਜੋੜ ਜਾਂ ਮਿਲਾਪ, ਸਾਤ—ਸਤ (ਨਿਸ਼ਚਤ ਸੰਖਿਅਕ ਵਿਸ਼ੇਸ਼ਣ) ਸਮੁੰਦ—ਸਮੁੰਦਰਾਂ ਦਾ (ਆਮ ਨਾਂਵ, ਸੰਬੰਧ ਕਾਰਕ ) ਸਮਾਵਾ—ਮੈਂ ਸਮਾ ਜਾਵਾ (ਉੱਤਮ ਪੁਰਖ ਇਕ ਵਚਨ ਦੀ ਸੰਭਾਵ ਭਵਿੱਖਤ ਕਾਲ ਦੀ ਕਿਰਿਆ ),
ਪੁੰਨ ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ ॥
ਅੱਖਰੀ ਅਰਥ : –ਹੇ ਭਾਈ! ਮੇਰੇ ਲਈ ਪੂਜਾ ਅਤੇ ਪੁੰਨਦਾਨ ਇਹ ਹੀ ਹੈ ਕਿ ਮੈਂ ਪ੍ਰਮੇਸ਼ਰੁ ਨੂੰ ਹਰ ਵੇਲੇ, ਹਰ ਥਾਂ ਇਕ ਹੀ ਜਾਣ ਲਇਆ ਹੈ।
ਭਾਵ ਅਰਥ : – ਭਾਈ! -ਜਿਸ ਨੇ ਪ੍ਰਮੇਸ਼ਰ ਨੂੰ ਹਰ ਥਾਂ ਤੇ ਵਸਦਾ ਦੇਖ ਲਇਆ ਹੈ, ਉਸ ਦੇ ਲਈ ਇਹ ਪਰਮੇਸ਼ਰ ਵਾਸਤੇ ਪੁੰਨ, ਦਾਨ ਅਤੇ ਪੂਜਾ ਹੈ।
ਵਿਆਕਰਣਿਕ ਰੂਪ–ਪੁੰਨ ਦਾਨ ਪੂਜਾ—ਸਾਰੇ ਕਰਮ ਕਾਂਡ (ਕਰਤਾ ਕਾਰਕ, ਬਹੁਵਚਨ) ਪਰਮੇਸਰੁ—ਪ੍ਰਭੂ ਲਈ (ਸੰਪਰਦਾਨ ਕਾਰਕ) ਜੁਗਿ ਜੁਗਿ—ਹਰ ਸਮੇਂ ਵਿਚ (ਕਾਲ ਵਾਚੀ ਕਿਰਿਆ ਵਿਸ਼ੇਸ਼ਣ), ਏਕੋ—ਹਰ ਥਾਂ ਇਕ ਪ੍ਰਭੂ ਨੂੰ (ਕਰਮ ਕਾਰਕ) ਜਾਤਾ—ਜਾਣਿਆ ਹੈ (ਭੁਤ ਕ੍ਰਿਦੰਤ ਪਰ ਵਰਤਿਆ ਹੈ ਅਨਿਸ਼ਚਿਤ ਪੂਰਨ ਵਰਤਮਾਨ ਕਾਲ ਵਿਚ),
ਨਾਨਕ ਮਾਘਿ ਮਹਾ ਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ ॥੧੫॥ ਪੰਨਾ ੧੧੦੯
ਅੱਖਰੀ ਅਰਥ–ਹੇ ਨਾਨਕ! ਕਹੁ ਕਿ ਮਾਘ ਦੇ ਮਹੀਨੇ ਵਿਚ ਸਭ ਤੋਂ ਸੁਆਦ ਜਾਂ ਅਨੰਦ ਹੈ ਪ੍ਰਭੂ ਦੇ ਗੁਣਾ ਨੂੰ ਅਪਣਾਉਣਾ। ਮੈਂ ਤਾਂ ਇਹ ਹੀ 68 ਤੀਰਥਾ ਦਾ ਨਹਾਉਣ ਕਰ ਲਇਆ ਹੈ।
ਭਾਵ ਅਰਥ : –ਹੇ ਨਾਨਕ ! ਕਹੁ ਕਿ ਜਿਸ ਨੇ ਸਭ ਤੋਂ ਵੱਧ ਅਨੰਦ ਦੇਣ ਵਾਲੇ ਹਰੀ ਦੇ ਗੁਣਾ ਦੇ ਭੰਡਾਰ ਨਾਮ ਨੂੰ ਆਪਣੇ ਹਿਰਦੇ ਵਿਚ ਅਪਣਾ ਲਇਆ ਹੈ ਉਸ ਦੇ ਲਈ ਮਾਘ ਦੇ ਮਹੀਨੇ ਵਿਚ 68 ਤੀਰਥਾਂ ਦਾ ਇਸ਼ਨਾਨ ਹੋ ਗਇਆ ਹੈ॥ ਉਸ ਨੂੰ ਹੋਰ ਕਿਸੇ ਫਰਜ਼ੀ 68 ਤੀਰਥਾਂ ਦੇ ਇਸ਼ਨਾਨ ਦੀ ਲੋੜ ਨਹੀਂ ਹੈ।
ਵਿਆਕਰਣਿਕ ਰੂਪ-—ਮਾਘਿ—ਮਾਘ ਵਿਚ (ਅਧਿਕਰਨ ਕਾਰਕ, ਇਕ ਵਚਨ), ਮਹਾ—ਵੱਡਾ (ਪ੍ਰਮਾਣ ਵਾਚਕ ਵਿਸ਼ੇਸ਼ਣ), ਰਸੁ—ਅਨੰਦੁ (ਕਰਮ ਕਾਰਕ) ਹਰਿ—ਹਰੀ ਨੂੰ (ਸੰਪਰਦਾਨ ਕਾਰਕ), ਜਪਿ—ਜਪ ਕੇ ਭਾਵ ਅਪਣਾ ਕੇ (ਪੂਰਬ ਪੂਰਨ ਕ੍ਰਿਦੰਤ), ਅਠਸਠਿ—68 (ਨਿਸ਼ਚਿਤ ਸੰਖਿਆ ਵਾਚਕ ਵਿਸ਼ੇਸ਼ਣ), ਤੀਰਥ—ਤੀਰਥਾਂ ਦਾ (ਸੰਬੰਧ ਕਾਰਕ), ਨਾਤਾ—ਇਸ਼ਨਾਨ ਕਰ ਲਇਆ (ਭੁਤ ਕ੍ਰਿਦੰਤ ਪਰ ਵਰਤਿਆ ਹੈ ਅਨਿਸ਼ਚਿਤ ਪੂਰਨ ਵਰਤਮਾਨ ਕਾਲ ਵਿਚ),
ਤੁਖਾਰੀ ਰਾਗ ਦੇ ਬਾਰਹਮਾਹ ਦੇ ਸ਼ਬਦ ਦਾ ਭਾਵ ਅਰਥ
ਹੇ ਭਾਈ! ਜਿਸ ਮਨੁੱਖ ਨੇ ਆਪਣੇ ਅੰਦਰ ਝਾਤੀ ਮਾਰ ਲਈ ਹੈ ਉਸ ਨੇ ਮਾਘ ਦੇ ਮਹੀਨੇ ਦਾ ਇਸ਼ਨਾਨ ਕਰ ਲਇਆ ਹੈ। ਜਿਸ ਨੇ ਪ੍ਰਭੂ ਗੁਣਾ ਦਾ ਭੰਡਾਰ ਆਪਣੀ ਸੋਚ ਵਿਚ ਅਪਣਾ ਕੇ ਜੀਵਨ ਜਾਂਚ ਦਾ ਆਤਮਿਕ ਅਨੰਦ ਮਾਣ ਲਇਆ ਹੈ ਉਸ ਨੂੰ ਕਿਸੇ ਤਿਰਬੈਣੀ ਜਾਂ ਮਨੁੱਖ ਦੇ ਬਣਾਏ ਹੋਏ 68 ਤੀਰਥਾਂ ਦੀ ਦੇ ਇਸ਼ਨਾਨ ਦੀ ਲੋੜ ਨਹੀਂ ਹੈ। ਨਾ ਹੀ ਉਸ ਨੂੰ ਕਿਸੇ ਪੁੰਨ ਦਾ ਜਾਂ ਪੂਜਾ ਦੀ ਲੋੜ ਹੈ।
Central Meanings: –
O’ Brothers! One who has introspected himself, he does not need the so-called sacred bath of the Month of Magh. One who has enjoyed the sum of the Lord’s virtues “Naam” in his lifestyle, neither needs to have a sacred bath at the junction of all three rivers and manmade 68 shrine pilgrimages nor needs to give alms, or worship anybody.