The Brave General Sardar Baghel Singh

ਜਰਨੈਲ ਸਰਦਾਰ ਬਘੇਲ ਸਿੰਘ

(BY) ਡਾ. ਕਰਨਲ (ਰਿਟਾਇਰਡ) ਦਲਵਿੰਦਰ ਸਿੰਘ ਗ੍ਰੇਵਾਲ, ਲੁਧਿਆਣਾ (ਭਾਰਤ)

ਸਿੱਖ ਰਾਜ ਦੀ ਸਥਾਪਨਾ ਬਾਬਾ ਬੰਦਾ ਸਿੰਘ ਨੇ ਮਈ 1710 ਵਿਚ ਸਰਹੰਦ ਉਤੇ ਕਬਜ਼ਾ ਕਰਨ ਨਾਲ ਕਰ ਦਿਤੀ ਸੀ ਪਰ ਉਹ 1715 ਵਿਚ ਬਾਬਾ ਬੰਦਾ ਸਿੰਘ ਦੇ ਗ੍ਰਿਫਤਾਰ ਹੋਣ ਨਾਲ ਖਤਮ ਹੋ ਚੱਲੀ ਸੀ ਪਰ ਬਚੇ ਹੋਰ ਸਿੱਖਾਂ ਨੇ ਛਾਪਾ ਮਾਰ ਯੁੱਧ ਰਾਹੀਂ ਮੁਗਲਾਂ ਨੂੰ ਵਖਤ ਪਾਈ ਰੱਖਿਆ। ਮੁਗਲਾਂ ਨੇ ਸਿੱਖਾਂ ਨੂੰ ਦਬਾਉਣ ਲਈ ਅੱਤ ਦੇ ਜ਼ੁਲਮ ਕੀਤੇ ਪਰ ਸਿੱਖ ਨਾ ਝੁਕੇ। ਲਹੌਰ ਦੇ ਗਵਰਨਰ ਮੀਰ ਮੰਨੂ ਵੇਲੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ ਪਰ ਸਿੱਖ ਤਾਂ ਗਉਂਦੇ ਸਨ ” ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ। ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ”। ਇਹ 1716 ਤੋਂ ਲੈ ਕੇ 1765 ਦਾ ਦੌਰ ਸੀ ਜਿਸ ਵਿਚ ਦੋ ਘਲੂਘਾਰੇ ਹੋਏ ਜਿਨ੍ਹਾਂ ਵਿਚ 40 ਹਜ਼ਾਰ ਤੋਂ ਉਪਰ ਸਿੱਖ ਸ਼ਹੀਦ ਹੋਏ। ਇਨ੍ਹਾਂ ਜ਼ੁਲਮਾਂ ਤੋਂ ਸਿੱਖ ਘਟਣੇ ਤਾਂ ਕੀ ਸੀ ਲਗਾਤਾਰ ਵਧਦੇ ਚਲੇ ਗਏ। ਤੰਗ ਆ ਕੇ ਮੁਗਲਾਂ ਨੂੰ ਸਿੱਖਾਂ ਵੱਲ ਦੋਸਤੀ ਦਾ ਹੱਥ ਵਧਾਉਣਾ ਪਿਆ ਤੇ  ਉਨ੍ਹਾਂ ਨੇ ਸਿੱਖਾਂ ਨੂੰ ਨਵਾਬੀ ਭੇਟ ਕੀਤੀ ।

ਬਘੇਲ ਸਿੰਘ ਨੇ ਅਤਿ ਮੁਸ਼ਕਲਾਂ ਸਮੇਂ ਸਿੱਖੀ ਦੀਆਂ ਜੜ੍ਹਾਂ ਪੱਕੀਆਂ ਕਰਨ ਵਿੱਚ ਭਰਪੂਰ ਹਿੱਸਾ ਹੀ ਨਹੀਂ ਪਾਇਆ ਸਗੋਂ ਸਿੱਖਾਂ ਦਾ ਪ੍ਰਭਾਵ ਅਵਧ, ਉਤਰਾ-ਖੰਡ ਤੇ ਦਿੱਲੀ ਤੱਕ ਫੈਲਾਇਆ I ਦੁਆਬਾ, ਮਾਝਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਫੈਲਾਉਣ ਦੀ ਪਿੱਠ-ਭੂਮੀ ਬਣੇ I ਮਾਲਵਾ ਫੂਲਕੀਆਂ ਰਿਆਸਤਾਂ ਦੇ ਵਧਣ ਫੁਲਣ ਦਾ ਮੈਦਾਨ ਬਣਿਆ ਤਾਂ ਹਰਿਆਣਾ ਧੁਰਾ । ਸਰਦਾਰ ਬਘੇਲ ਸਿੰਘ ਸਦਕਾ ਸਿੱਖਾਂ ਨੇ 17 ਮਾਰਚ, 1783 ਲਾਲ ਕਿਲ੍ਹੇ ਉੱਤੇ ਸਿੱਖ ਝੰਡਾ ਜਾ ਫਹਿਰਾਇਆ। ਦਿੱਲੀ ਦੀ ਚੁੰਗੀ ਉਗਰਾਉਣ ਦਾ ਹੱਕ ਉਸ ਨੂੰ ਸਾਰੀ ਉਮਰ ਮਿਲਿਆ ਰਿਹਾ। ਅਵਧ ਤੇ ਉਤਰਾਂਚਲ ਦੇ ਪ੍ਰਬੰਧ ਸਥਾਪਿਤ ਕਰਨ ਵਿੱਚ ਉਹ ਹੀ ਮੋਹਰੀ ਸੀ। ਮਰਾਠਿਆਂ ਨਾਲ ਦਿੱਲੀ ਦੇ ਰਾਜ ਪ੍ਰਬੰਧ ਬਾਰੇ ਸਿੱਖਾਂ ਨਾਲ ਸਮਝੌਤਾ ਹੋਇਆ ਤਾਂ ਇਹ ਬਘੇਲ ਸਿੰਘ ਹੀ ਸੀ ਜਿਸ ਨੇ ਸਿੱਖਾਂ ਵਲੋਂ ਤਿੰਨ ਧਿਰੀ ਸਮਝੌਤਾ ਕੀਤਾ ਜਿਸ ਪਿਛੋਂ ਦਿੱਲੀ ਤੋਂ ਉਤਰ ਵੱਲ ਦਾ ਇਲਾਕਾ ਸਿੱਖਾਂ ਦੇ ਅਧੀਨ ਆ ਗਿਆ ਜਿਸ ਵਿੱਚ ਸਾਰਾ ਹਰਿਆਣਾ ਸ਼ਾਮਿਲ ਸੀ (1).

ਦਿੱਲੀ ਰਾਜ ਦੇ ਉਸ ਨੇ ਗੁਰਦੁਆਰਾ ਸੀਸ ਗੰਜ ਤੇ ਹੋਰ ਗੁਰਦੁਆਰਿਆਂ ਦੀ ਖੋਜ ਕੀਤੀ ਤੇ ਸਥਾਨ ਬਣਵਾਏ (2). ਬਘੇਲ ਸਿੰਘ ਦਾ ਇਹ ਇੱਕ ਸਦਾ ਯਾਦ ਰਹਿਣ ਵਾਲਾ ਯੋਗਦਾਨ ਹੈ। ਸ੍ਰ: ਬਘੇਲ ਸਿੰਘ ਦਾ ਜਨਮ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਤੇ ਪਿੰਡ ਝਬਾਲ ਵਿਖੇ ਹੋਇਆ। ਉਹ ਤਰੱਕੀ ਕਰਕੇ ਸਤਲੁਜ ਦੇ ਦੱਖਣੀ ਖੇਤਰ ਵਿੱਚ ਇੱਕ ਵੱਡੀ ਸ਼ਕਤੀ ਬਣ ਕੇ ੳਭਰਿਆ (3), ਅੰਮ੍ਰਿਤ ਛਕਿਆ ਤੇ ਦਲ ਖਾਲਸਾ ਦਾ ਮੈਂਬਰ ਬਣ ਗਿਆ ਜੋ ਉਸ ਵੇਲੇ ਸਿੱਖ ਯੋਧਿਆਂ ਦੀ ਨੁਮਾਇੰਦਾ ਜਮਾਤ ਸੀ। ਬਾਹਰੋਂ ਸਖ਼ਤ, ਅੰਦਰੋਂ ਨਰਮ, ਤੇਜ਼-ਤਰਾਰ ਦੂਰ ਦੀ ਸੂਝ ਵਾਲਾ ਦਿਮਾਗ, ਹਰ ਲੋੜਵੰਦ ਦੀ ਮਦਦ ਕਰਨ ਲਈ ਤਤਪਰ, ਮਿੱਠ ਬੋਲੜਾ ਤੇ ਆਦਰ ਦੇਣ ਵਾਲਾ ਇਹ ਯੁਵਕ ਸਭ ਤੋਂ ਇਜ਼ਤ ਖੱਟਦਾ। ਸਿੱਖੀ ਕਦਰਾਂ ਕੀਮਤਾਂ ਦਾ ਪੱਕਾ ਧਾਰਨੀ ਸੀ। ਉਸ ਉਤੇ ਹਰ ਕੋਈ ਭਰੋਸਾ ਕਰਦਾ। ਸਾਰੇ ਧਰਮਾਂ ਦੇ ਲੋਕ ਉਸ ਕੋਲ ਮਦਦ ਲਈ ਪਹੁੰਚਦੇ। ਬੇਗਮ ਸਮਰੋ ਨੇ  ਇਸ ਨੂੰ ਧਰਮ ਭਰਾ ਬਣਾ ਲਿਆ ਤੇ ਨਵਾਬ ਅਵਧ ਨੇ ਸਿੱਖੀ ਧਾਰਨ ਕਰ ਲਈ। ਜਦ ਅੰਗ੍ਰੇਜ਼ ਥਾਮਸ ਨੇ ਜੀਂਦ ਉਪਰ ਹਮਲਾ ਕਰਕੇ ਬਘੇਲ ਸਿੰਘ ਅੱਗੇ ਮਦਦ ਲਈ ਵਾਸਤੇ ਪਾਏ, ਬਘੇਲ ਸਿੰਘ ਨੇ ਮਦਦ ਕਰਕੇ ਜਿੱਤ ਦਿਵਾਈ। ਸੰਨ 1765 ਵਿੱਚ ਜਦ ਕ੍ਰੋੜਾ ਸਿੰਘ ਪੰਜਗੜ੍ਹ (ਗੁਰਦਾਸਪੁਰ) ਨਜੀਬ-ਉਦ ਦੌਲਾ ਦੀ ਸੈਨਾ ਵਿਰੁਧ ਲੜਦਾ ਮਾਰਿਆ ਗਿਆ ਤਾਂ ਬਘੇਲ ਸਿੰਘ ਨੂੰ ਸਰਬ-ਸੰਮਤੀ ਨਾਲ ਮਿਸਲ ਦਾ ਜੱਥੇਦਾਰ ਚੁਣ ਲਿਆ ਗਿਆ 4.

ਸੱਠ ਸਾਲ ਉਸ ਨੇ ਇਹ ਜੱਥੇਦਾਰੀ ਨਿਭਾਹੀ ਤੇ ਇਸ ਮਿਸਲ ਨੂੰ ਸਿੱਖਾਂ ਵਿੱਚ ਹੀ ਨਹੀਂ ਸਾਰੇ ਹਿੰਦੁਸਤਾਨ ਵਿੱਚ ਇੱਕ ਉੱਚਾ ਨਾਮ ਦਿੱਤਾ। ਆਪਣੀ ਮਿਸਲ ਨੂੰ ਉਸ ਨੇ ਵਧਾਇਆ ਤੇ ਫੈਲਾਇਆ। ਮਹਾਰਾਜਾ ਰਣਜੀਤ ਸਿੰਘ ਨਾਲ ਮਿਲ ਕੇ ਇਸ ਨੇ ਮੁਲਤਾਨ ਤੇ ਨਰੈਣਗੜ੍ਹ ਦੇ ਇਲਾਕੇ ਜਿੱਤੇ। ਜਦ ਭਰਤਪੁਰ ਦੇ ਰਾਜੇ ਨੇ ਗੁਜਾਰਿਸ਼ ਕੀਤੀ ਕਿ ਉਸ ਦੀ ਮਦਦ ਕੀਤੀ ਜਾਵੇ ਤਾਂ ਪੰਜ ਸੌ ਸਵਾਰ ਲੈ ਕੇ ਪਹੁੰਚਿਆ। ਘੁਮੇਰ ਦਾ ਰਾਜਾ ਡਰ ਗਿਆ ਤੇ ਸ੍ਰ: ਬਘੇਲ ਸਿੰਘ ਨੂੰ ਸੈਨਾ ਵਾਪਿਸ ਲੈ ਜਾਣ ਲਈ ਬਿਨੈ ਕਰਨ ਲੱਗਾ। ਜਰਨੈਲ ਬਘੇਲ ਸਿੰਘ ਪਿਘਲ ਗਿਆ ਤੇ ਵਾਪਿਸ ਪਰਤਿਆ। ਮੁੜਦੇ ਵਕਤ ਉਸ ਨੇ ਜਲੰਧਰ ਦੁਆਬ ਦੇ ਕੁਝ ਭਾਗਾਂ ਉਤੇ ਅਧਿਕਾਰ ਅਤੇ ਹੁਸ਼ਿਆਰਪੁਰ ਨੇੜੇ ਆਪਣਾ ਟਿਕਾਣਾ ਬਣਾ ਲਿਆ। ਉਸਨੇ ਆਪਣੀਆਂ ਜਿੱਤਾਂ ਸਤਲੁਜ ਦੇ ਕੰਢਿਆਂ ਤੋਂ ਦੂਰ ਜਲੰਧਰ ਦੁਆਬ ਤਕ ਫੈਲਾ ਲਈਆਂ ਤੇ ਆਪਣੀ ਪਤਨੀ ਰੂਪ ਕੌਰ ਨੂੰ ਮੁੱਖ ਪ੍ਰਬੰਧਕ ਥਾਪ ਦਿੱਤਾ। ਜਨਵਰੀ 1769 ਵਿਚ ਉਸ ਨੇ ਕਰਨਾਲ ਤੱਕ ਹਮਲਾ ਕਰਕੇ ਇਲਾਕੇ (ਜਿਨ੍ਹਾਂ ਦੀ ਸਾਲਾਨਾ ਆਮਦਨ ਤਿੰਨ ਲੱਖ ਸੀ), ਜਿੱਤ ਕੇ ਆਪਣੇ ਕਬਜ਼ੇ ਵਿੱਚ ਕਰ ਲਏ। ਇਸ ਵੇਲੇ ਤੱਕ ਉਸ ਕੋਲ 12, 000 ਘੋੜ ਸਵਾਰਾਂ ਤੋਂ ਇਲਾਵਾ ਬਹੁਤ ਵੱਡੀ ਪੈਦਲ ਫੌਜ ਸੀ (5).

ਸਾਰਾ ਪੰਜਾਬ ਮਿਸਲਾਂ ਅਧੀਨ ਹੋ ਗਿਆ ਤਾਂ ਸ੍ਰ: ਜੱਸਾ ਸਿੰਘ ਆਹਲੂਵਾਲੀਆ ਨਾਲ ਮਿਲਕੇ 40, 000 ਦੀ ਫੌਜ ਲੈ ਕੇ ਸਹਾਰਨਪੁਰ, ਮੁਜ਼ੱਫਰਪੁਰ ਤੇ ਮੇਰਠ ਦੇ ਇਲਾਕੇ ਵਿੱਚ 20 ਫਰਵਰੀ 1764 ਤੋਂ ਹੱਲਾ ਸ਼ੁਰੂ ਕਰ ਦਿੱਤਾ। ਫਿਰ ਗੰਗਾ ਪਾਰ ਕਰਕੇ ਨਜੀਬਾਬਾਦ, ਮੁਰਾਦਾਬਾਦ ਤੇ ਅਨੂਪ ਸ਼ਹਿਰ ਦੇ ਇਲਾਕਿਆਂ ਉਪਰ ਆਪਣਾ ਰਾਖੀ ਪ੍ਰਬੰਧ ਜਮਾ ਕੇ ਦੋ ਮਹੀਨਿਆਂ ਪਿਛੋਂ ਪਰਤੇ। ਸੰਨ 1775 ਵਿੱਚ ਬਿਆਸ ਦੇ ਆਸ ਪਾਸ ਦਾ ਇਲਾਕਾ ਤੇ ਸੰਨ 1792 ਵਿੱਚ ਉਸ ਨੇ ਤਰਨਤਾਰਨ, ਸਭਰਾਉਂ ਤੇ ਸਰਹਾਲੀ ਆਪਣੇ ਕਬਜ਼ੇ ਵਿੱਚ ਕੀਤੇ। ਸੰਨ 1761 ਤੋਂ 1770 ਤੱਕ ਅਵਧ ਦਾ ਨਵਾਬ ਨਜੀਬ-ਉ-ਦੌਲਾ, ਦਿੱਲੀ ਦਾ ਪ੍ਰਬੰਧ ਦੇਖ ਰਿਹਾ ਸੀ। ਜਦ ਸਿੱਖਾਂ ਨੇ ਇਸ ਦੇ ਇਲਾਕੇ ਨੂੰ ਕਬਜ਼ੇ ਵਿੱਚ ਲਿਆ ਤਾਂ ਡਰਦੇ ਨੇ ਗਿਆਰਾਂ ਲੱਖ ਸਾਲਾਨਾ ਤੈਵਾਨ ਦੇਣਾ ਮੰਨ ਕੇ ਜਾਨ ਬਖਸ਼ੀ ਕਰਵਾਈ। ਜਦ ਇੱਕ ਬ੍ਰਾਹਮਣ ਸੰਨ 1766 ਵਿੱਚ ਅੰਮ੍ਰਿਤਸਰ ਅਕਾਲ ਤਖ਼ਤ ਤੇ ਫਰਿਆਦ ਲੈ ਕੇ ਆਇਆ ਕਿ ਸਯਦ ਮੁਹੰਮਦ ਹਸਨ ਖਾਨ, ਉਸ ਦੀ ਲੜਕੀ ਨੂੰ ਡੋਲੇ ਵਿੱਚ ਪਾ ਕੇ ਲੈ ਗਿਆ ਹੈ ਤਾਂ ਜੱਥੇਦਾਰ ਬਘੇਲ ਸਿੰਘ ਦਲ ਖਾਲਸਾ ਦੇ ਹੋਰ ਜਥੇਦਾਰਾਂ ਨਾਲ ਹਸਨ ਖਾਨ ਉੱਤੇ ਚੜ੍ਹ ਪਿਆ ਤੇ ਲੜਕੀ ਨੂੰ ਛੁਡਵਾਇਆ। ਇਸ ਪਿਛੋਂ ਜਦ ਵੀ ਕੋਈ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਾਲ ਖੇਡਣ ਦੀ ਕੋਸ਼ਿਸ਼ ਕਰਦਾ, ਉਹ ਬਿਨੈ ਲੈ ਕੇ ਬਘੇਲ ਸਿੰਘ ਕੋਲ ਪਹੁੰਚ ਜਾਂਦੇ।

ਬਘੇਲ ਸਿੰਘ ਨੇ ਦੂਸਰੇ ਸਿੱਖ ਸਰਦਾਰਾਂ ਨਾਲ ਮਿਲ ਕੇ ਜਮਨਾ ਪਾਰ ਕਰਕੇ ਮਈ 1767 ਨੂੰ ਇਲਾਕੇ ਜਾ ਮੱਲੇ I ਅਹਿਮਦ ਸ਼ਾਹ ਦੁੱਰਾਨੀ ਨਾਦਿਰ ਸ਼ਾਹ ਦੀ ਮੌਤ ਤੋਂ ਬਾਅਦ ਅਫਗਾਨਿਸਤਾਨ ਦਾ ਰਾਜਾ ਬਣਿਆ। ਉਸਨੇ 1748 ਤੋਂ 1767 ਤੱਕ ਨੌਂ ਵਾਰ ਭਾਰਤ ਤੇ ਛਾਪਾ ਮਾਰਿਆ (7). ਪਹਿਲੇ ਹਮਲੇ ਵਿਚ ਉਹ ਮਨੂਪੁਰ ਵਿਖੇ ਹਾਰ ਗਿਆ (8 ਅਤੇ 9). ਉਸਨੇ ਦੂਜੀ ਵਾਰ ਛਾਪਾ ਮਾਰਿਆ ਅਤੇ ਸਿੰਧ ਦੇ ਪੱਛਮ ਦਾ ਕਬਜ਼ਾ ਲੈ ਲਿਆ । ਤੀਸਰੇ ਹਮਲੇ (1752) ਵਿਚ ਮੀਰ ਮੰਨੂ ਸੂਬੇਦਾਰ ਲਾਹੌਰ ਉੱਤੇ ਛਾਪਾ ਮਾਰ ਕੇ ਲਾਹੌਰ ਅਤੇ ਮੁਲਤਾਨ ਦਾ ਕਬਜ਼ਾ ਲੈ ਲਿਆ । ਚੌਥੇ ਹਮਲੇ (1955) ਵਿਚ ਇਹ ਸਿੱਖਾਂ ਦੁਆਰਾ ਸਬਜ਼ਵਾਰ ਦੀ ਲੜਾਈ ਵਿਚ ਹਾਰ ਗਿਆ ਪਰ 1756 ਵਿਚ ਮੀਰ ਮੰਨੂ ਦੀ ਪਤਨੀ ਮੁਗਲਾਨੀ ਬੇਗਮ ਦੇ ਸੱਦੇ ਉਤੇ ਆਪਣੇ ਬੇਟੇ ਤੈਮੂਰ ਦੇ ਨਾਲ ਦੁਬਾਰਾ ਹਮਲਾ ਕਰ ਦਿੱਤਾ ਅਤੇ ਲਾਹੌਰ, ਸਰਹਿੰਦ, ਦਿੱਲੀ, ਮਥੁਰਾ, ਵਰਿੰਦਾਵਨ ਆਗਰਾ ਨੂੰ ਲੁੱਟ ਲਿਆ। ਮਥੁਰਾ ਵਰਿੰਦਾਵਨ ਅਤੇ ਆਗਰਾ ਦੇ ਸ਼ਹਿਰਾਂ ਦੀਆਂ 17000 ਹਿੰਦੂ ਲੜਕੀਆਂ ਨੂੰ ਗੁਲਾਮ ਬਣਾਇਆ (10). ਸਿੱਖ ਫੌਜਾਂ ਹੁਸ਼ਿਆਰਪੁਰ ਵਿਖੇ ਅਫਗਾਨਾਂ ਵਿਰੁੱਧ ਲੜੀਆਂ, ਤੈਮੂਰ ਨੂੰ ਹਰਾਇਆ ਅਤੇ 20,000 ਫੌਜਾਂ ਉੱਤੇ ਕਬਜ਼ਾ ਕਰ ਲਿਆ।

ਪੰਜਾਬ ਆ ਕੇ ਬਘੇਲ ਸਿੰਘ ਨੇ  ਜੱਸਾ ਸਿੰਘ ਆਹਲੂਵਾਲੀਆ ਤੇ ਚੜ੍ਹਤ ਸਿੰਘ ਸ਼ੁਕਚੱਕੀਆਂ ਨਾਲ ਮਿਲ ਕੇ ਅਬਦਾਲੀ ਉਪਰ ਉਸ ਦੇ ਨੌਵੇਂ ਹਮਲੇ ਸਮੇਂ ਦਰਿਆ ਜਿਹਲਮ ਦੇ ਕਿਨਾਰੇ ਤੇ ਧਾਵਾ ਬੋiਲਆ । ਫਿਰ ਤਿਨਾਂ ਨੇ ਮਿਲਕੇ ਦੁਰਾਨੀ ਫੌਜਾਂ ਦਾ ਪਿੱਛਾ ਕੀਤਾ, ਉਨ੍ਹਾਂ ਨੂੰ ਹਰਾਇਆ ਅਤੇ ਪਹਿਲਾਂ ਫੜੀਆਂ ਗਈਆਂ 17000 ਲੜਕੀਆਂ ਨੂੰ ਰਿਹਾ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਹਰੇਕ ਦੇ ਘਰ ਭੇਜਣ ਦਾ ਪ੍ਰਬੰਧ ਕੀਤਾ। ਬਹੁਤ ਭਾਰੀ ਗਿਣਤੀ ਵਿੱਚ ਕੈਦ ਕੀਤੇ ਆਦਮੀ ਅਤੇ ਇਸਤਰੀਆਂ ਛੁੜਾ ਉਨ੍ਹਾਂ ਦੇ ਘਰੀਂ ਸੁਰਖਿਅਤ ਪਹੁੰਚਾਇਆ। ਬਾਦ ਵਿੱਚ ਇਸ ਥਾਂ ਸਥਾਪਿਤ ਸ਼ਹੀਦੀ ਗੁਰਦੁਆਰਾ ਫਤਹਿਸਰ ਲੜਕੀਆਂ ਦੀ ਰਿਹਾਈ ਦੀ ਲੜਾਈ ਵਿਚ ਸ਼ਹੀਦਆਂ ਦੀ ਯਾਦ ਵਿਚ ਬਣਾਇਆ ਗਿਆ। ਇਸ ਨੂੰ 1947 ਵਿਚ ਖਾਲੀ ਕਰਨਾ ਪਿਆ ਸੀ ਜਿਸ ਦੇ ਬਾਅਦ ਇਸਦੀ ਕਿਸਮਤ ਪਤਾ ਨਹੀਂ ਲਗਦੀ । ਦੁਰਾਨੀ ਨੇ ਸਿੱਖਾਂ ਉਤੇ 1762 ਵਿਚ ਬਹੁਤ ਵੱਡੀਆਂ ਫੌਜਾਂ ਨਾਲ ਹਮਲਾ ਕੀਤਾ ਅਤੇ ਘੱਲੂਘਾਰੇ ਵਿਚ 30,000 ਤੋਂ ਵੱਧ ਸਿੱਖਾਂ ਨੂੰ ਮਾਰ ਦਿੱਤਾ। ਸਿੱਖਾਂ ਨੇ ਜਦੋਂ ਦੁਰਾਨੀ ਨੂੰ ਲਾਹੌਰ ਪਾਰ ਕਰਨ ਨਹੀਂ ਦਿੱਤੀ ਅਤੇ ਉਸ ਉਤੇ ਹਮਲਾ ਕਰ ਦਿੱਤਾ ਅਤੇ ਲਾਹੌਰ ਮਾਰ ਲਿਆ ।

ਦਿੱਲੀ ਉਪਰ ਹਮਲਾ 18 ਜਨਵਰੀ, 1774 ਨੂੰ ਜਨਰਲ ਬਘੇਲ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਬਾਦਸ਼ਾਹ ਨੇ ਬਘੇਲ ਸਿੰਘ ਨੂੰ ਸਨਮਾਨ ਸਹਿਤ ਬੁਲਾਇਆ ਤੇ ਦਸ ਹਜ਼ਾਰ ਘੋੜ ਸਵਾਰਾਂ ਨਾਲ ਉਨ੍ਹਾਂ ਦੀ ਰਖਵਾਲੀ ਕਰਨ ਲਈ ਕਿਹਾ ਜਿਸ ਲਈ ਸ਼ਾਹਬਾਜ਼ਪੁਰ ਦਾ ਇਲਾਕਾ ਬਘੇਲ ਸਿੰਘ ਨੂੰ ਸੌਂਪਿਆ ਜਾਣਾ ਸੀ ਪਰ ਬਘੇਲ ਸਿੰਘ ਨੇ ਇਹ ਨਾ ਮੰਨਜ਼ੂਰ ਕਰ ਦਿੱਤਾ ਤੇ ਖਿਲਅਤ ਤੇ ਹੋਰ ਤੋਹਫੇ ਲੈ ਕੇ ਵਾਪਸ ਆ ਗਿਆ। ਬਾਦਸ਼ਾਹ ਨੇ ਬੇਗਮ ਸਮਰੋ (ਸਰਧਾਨਾ ਦੀ ਬੇਗਮ) ਜੋ ਬਘੇਲ ਸਿੰਘ ਦੀ ਧਰਮ ਭੈਣ ਬਣੀ ਹੋਈ ਸੀ ਨੂੰ ਬਿਨੈ ਕੀਤੀ ਕਿ ਉਹ ਬਘੇਲ ਸਿੰਘ ਨਾਲ ਸਮਝੌਤਾ ਕਰਵਾਵੇ। ਦਿੱਲੀ ਤੋਂ ਮੁੜਦੇ ਵੇਲੇ ਬਘੇਲ ਸਿੰਘ ਨੇ ਦਿਉਬੰਦ ਤੇ ਸਹਾਰਨਪੁਰ ਗੌਂਸਗੜ੍ਹ ਦੇ ਨਵਾਬ ਤੋਂ 50 ਹਜ਼ਾਰ ਉਗਰਾਹੇ। ਅਪ੍ਰੈਲ 1775 ਨੂੰ ਉਸ ਨੇ ਕੁੰਜਪੁਰਾ ਤੋਂ ਜਮਨਾ ਪਾਰ ਕੀਤੀ ਤੇ ਹੋਰ ਇਲਾਕੇ ਕਬਜ਼ੇ ਵਿੱਚ ਕੀਤੇ। ਨਜੀਭ ਖਾਨ ਦੇ ਪੁੱਤਰ ਖਾਨ ਰੋਹਿਲੇ ਨੇ 50 ਹਜ਼ਾਰ ਰੁਪਏ ਸਿੱਖਾਂ ਨੂੰ ਸਾਲਾਨਾ ਤੈਵਾਨ ਦੇਣਾ ਮੰਨਿਆ। (13). ਹੁਸ਼ਿਅਆਰਪੁਰ ਜਲੰਧਰ ਤੋਂ ਲੈ ਕੇ ਪੀਲੀਭੀਤ ਤਕ ਅਤੇ ਅੰਬਾਲਾ ਤੋਂ ਲੈ ਕੇ ਅਲੀਗੜ੍ਹ ਤਕ ਉਸ ਦਾ ਸਿੱਕਾ ਚਲਦਾ ਸੀ। ਉਹ ਜਮੁਨਾ ਪਾਰ ਦੇ ਇਲਾਕਿਆਂ ਤੇ ਹਮਲੇ ਕਰਨ ਵਿਚ ਰੁੱਝਿਆਂ ਰਹਿੰਦਾ ਸੀ ਤੇ ਅਪਣੇ ਸਹਿਧਰਮੀਆਂ ਵਿਰੁੱਧ ਵੀ ਲੜਾਈਆਂ ਲੜਦਾ ਰਹਿੰਦਾ ਸੀ । ਕਿਹਾ ਕਰਦਾ ਸੀ: “ਹਮ ਲਰਨੇ ਮਰਨੇ ਕਿਮ ਸੰਗੈ, ਯਹ ਹੈ ਹਮਰੀ ਨਿਤ ਖੇਲ।” (14).

ਬਘੇਲ ਸਿੰਘ ਦੀ ਯੁੱਧ ਨੀਤੀ ਬੜੀ ਹੀ ਸੁਲਝੀ ਹੋਈ ਹੁੰਦੀ ਸੀ। ਉਹ ਜਾਣਦਾ ਸੀ ਕਿ ਮੁਗਲਾਂ ਦੀ ਭਾਰੀ ਸੈਨਾ ਨਾਲ ਸਿੱਧੇ ਤੌਰ ਤੇ ਟੱਕਰ ਲੈਣ ਵਿਚ ਨੁਕਸਾਨ ਕਰਵਾਉਣਾ ਠੀਕ ਨਹੀਂ। ਉਸ ਨੇ ਸਾਰੇ ਜਰਨੈਲਾਂ ਨਾਲ ਮਿਲ ਕੇ ਇਹ ਯੋਜਨਾ ਬਣਾਈ ਕਿ ਸਰਦਾਰ ਬਘੇਲ ਸਿੰਘ ਦਿੱਲੀ ਤੋਂ ਪੰਜਾਬ ਵਲ ਚੱਲੇ ਹਮਲਾਵਰਾਂ ਨਾਲ ਮਿਲ ਜਾਵੇ ਤੇ ਫਿਰ ਜਦ ਮੁਗਲ ਫੌਜ ਸਿੱਖਾਂ ਦੀ ਸਿੱਧੀ ਮਾਰ ਵਿੱਚ ਆ ਜਾਵੇ ਤਾਂ ਉਸ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਜਾਵੇ ਤੇ ਸਮਝੌਤਾ ਅਜਿਹਾ ਹੋਵੇ ਕਿ ਫੈਸਲਾ ਸਿੱਖਾਂ ਦੇ ਹੱਕ ਵਿੱਚ ਹੋਵੇ (16). ਇਨ੍ਹਾਂ ਯੁੱਧਾਂ ਦੇ ਨਤੀਜੇ ਵੇਖੀਏ ਤਾਂ ਇਹ ਸਾਰੇ ਸਿੱਖਾਂ ਦੇ ਹੱਕ ਵਿਚ ਗਏ। ਸਿੱਖ ਵੱਸ ਨਾ ਆਉਂਦੇ ਵੇਖ ਸ਼ਾਹ ਆਲਮ ਨੇ ਆਪਣੇ ਸਾਹਿਬਜ਼ਾਦੇ ਨੂੰ ਸਿੱਖਾਂ ਉਪਰ ਹਮਲੇ ਲਈ ਪਟਿਆਲੇ ਵੱਲ ਭੇਜਿਆ। ਜਦੋਂ ਸਿੱਖਾਂ ਵਿਰੁਧ 1778-1779 ਈਂ ਵਿੱਚ 20,000 ਸਿਪਾਹੀ ਲੈ ਕੇ ਚੜ੍ਹਾਈ ਕੀਤੀ ਤਾਂ ਬਘੇਲ ਸਿੰਘ ਨੇ ਚਲਾਕੀ ਵਰਤੀ। ਅੱਗੇ ਹੋ ਕੇ ਸ਼ਾਹ ਨੂੰ ਅੱਗੇ ਵੱਧਣ ਲਈ ਪ੍ਰੇਰਿਆ। ਪਟਿਆਲਾ ਤੇ ਹੋਰ ਫੂਲਕੀਆਂ ਰਿਆਸਤਾਂ ਦੀ ਮਦਦ ਲਈ ਕਨ੍ਹਈਆਂ ਤੇ ਰਾਮਗੜ੍ਹੀਆਂ ਮਿਸਲਾਂ ਆ ਹੱਲਾ ਬੋਲ ਦਿੱਤਾ। ਜਦ ਸ਼ਾਹ ਪਿੱਛੇ ਮੁੜਣ ਲੱਗਿਆ ਤਾਂ ਪਿੱਛੋਂ ਬਘੇਲ ਸਿੰਘ ਨੇ ਘੇਰਾ ਪਾ ਲਿਆ ਤੇ ਸ਼ਾਹੀ ਫੌਜਾਂ ਦਾ ਰਾਹ ਰੋਕ ਕੇ ਸ਼ਾਹੀ ਸੈਨਾ ਦਾ ਬੁਰਾ ਹਾਲ ਹੋਇਆ।

ਸੰਨ 1779 ਈ: ਵਿਚ ਸਤਲੁਜ ਦੇ ਦੱਖਣ ਦੀਆਂ ਰਿਆਸਤਾਂ ਤੇ ਮੁਗਲ ਫੌਜਾਂ ਨੇ ਹਮਲਾ ਕੀਤਾ I ਰਾਜਾ ਅਮਰ ਸਿੰਘ ਪਟਿਆਲਾ ਨੇ ਬਘੇਲ ਸਿੰਘ ਨਾਲ ਮੁਲਾਕਾਤ ਕੀਤੀ ਤੇ। ਅਮਰ ਸਿੰਘ ਦੇ ਬੇਟੇ ਸਾਹਿਬ ਸਿੰਘ ਨੇ ਬਘੇਲ ਸਿੰਘ ਹੱਥੋਂ ਅੰਮ੍ਰਿਤਪਾਨ ਕੀਤਾ। ਬਘੇਲ ਸਿੰਘ ਨੇ ਇਸ ਸਮੇਂ ਸਿੱਖਾਂ ਦਾ ਸਾਥ ਦੇ ਕੇ ਪਾਸਾ ਪਲਟ ਦਿਤਾ ਤੇ ਮੁਗਲ ਫੌਜ ਨੇ ਭਾਰੀ ਨੁਕਸਾਨ ਉਠਾ ਕੇ ਜਾਨਾਂ ਬਚਾਈਆਂ (17). ਨਵੰਬਰ 1779 ਵਿੱਚ ਬਘੇਲ ਸਿੰਘ ਨੇ ਸ਼ਾਹੀ ਸੈਨਾ ਉੱਤੇ ਸਿੱਧੇ ਹਮਲੇ ਦੀ ਥਾਂ ਗੁਰੀਲਾ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਮੁਗਲ ਜਰਨੈਲ ਗੁਰੀਲਾ ਯੁੱਧ ਵਿੱਚ ਸਿੱਖਾਂ ਨੂੰ ਮਾਤ ਨਾ ਪਾ ਸਕਿਆ ਤੇ 12 ਜੂਨ, 1781 ਨੂੰ ਬਘੇਲ ਸਿੰਘ ਤੇ ਗੁਰਦਿੱਤ ਸਿੰਘ ਨੂੰ ਦੋਸਤੀ ਦਾ ਹੱਥ ਵਧਾਉਣ ਲਈ ਖ਼ਤ ਲਿਖਿਆ। ਬਦਲੇ ਵਿੱਚ ਰਡੌਲ, ਬਬੀਨ ਤੇ ਸ਼ਾਮਗੜ੍ਹ ਦੇਣੇ ਮੰਨੇ ਪਰ ਬਘੇਲ ਸਿੰਘ ਨੇ ਆਪਣੀਆਂ ਸ਼ਰਤਾਂ ਰੱਖੀਆਂ। ਫਰਵਰੀ 1783 ਵਿੱਚ ਜੱਸਾ ਸਿੰਘ ਆਹਲੂਵਾਲੀਆ, ਬਘੇਲ ਸਿੰਘ ਤੇ ਹੋਰ ਜਰਨੈਲ 70, 000 ਸਿਪਾਹੀ ਲੈ ਕੇ ਗਾਜ਼ੀਆਬਾਦ, ਬੁਲੰਦ ਸ਼ਹਿਰ ਤੇ ਖੁਰਜਾ ਉੱਤੇ ਜਾ ਚੜ੍ਹੇ, ਅਲੀਗੜ੍ਹ, ਟੁੰਡਲਾ, ਹਾਥਰਸ, ਸ਼ਿਕੋਹਾਬਾਦ ਤੇ ਫਰੁਖਾਬਾਦ ਜਾ ਲੁੱਟੇ। ਬਘੇਲ ਸਿੰਘ ਹੱਥ ਇੱਕ ਹੀਰਿਆਂ ਜੜ੍ਹੀ ਸੋਟੀ ਲੱਗੀ ਜੋ ਉਸ ਸਮੇਂ 33, 000 ਰੁਪਏ ਦੀ ਸੀ। ਸਿੱਖ ਹੁਣ ਦਿੱਲੀ ਉਤੇ ਭਾਰੂ ਹੋ ਗਏ ਸਨ। 8 ਮਾਰਚ, 1783 ਬਘੇਲ ਸਿੰਘ ਨੇ 40, 000 ਫੌਜ ਨਾਲ ਮਲਕ ਗੰਜ, ਸਬਜ਼ੀ ਮੰਡੀ ਤੇ ਮੁਗਲਪੁਰਾ ਤੇ ਮੈਹਤਾਬਪੁਰਾ ਜਾ ਘੇਰੇ। ਸਿੱਖ ਅਜਮੇਰੀ ਗੇਟ ਰਾਹੀਂ ਦਿੱਲੀ ਵਿੱਚ ਜਾ ਦਾਖ਼ਲ ਹੋਏ। ਏਨੇ ਨੂੰ ਜੱਸਾ ਸਿੰਘ ਰਾਮਗੜ੍ਹੀਆ ਤੇ ਜੱਸਾ ਸਿੰਘ ਆਹਲੂਵਾਲੀਆ ਹਿਸਾਰ ਵਲੋਂ 10, 000 ਫੌਜ ਲੈ ਕੇ ਪਹੁੰਚ ਗਏ। ਬਘੇਲ ਸਿੰਘ ਨੇ ਜਿਥੇ ਆਪਣੇ ਤੀਹ ਹਜ਼ਾਰ ਸਿਪਾਹੀ ਰੱਖੇ ਸਨ ਉਹ ਹੁਣ ਤੀਸ ਹਜ਼ਾਰੀ ਨਾਮ ਨਾਲ ਪ੍ਰਸਿੱਧ ਹੈ।

17 ਮਾਰਚ, 1783 ਦਾ ਉਹ ਇਤਿਹਾਸਕ ਦਿਨ ਹੈ ਜਦ ਸਿੱਖਾਂ ਨੇ ਲਾਲ ਕਿਲ੍ਹੇ ਉੱਤੇ ਸਿੱਖ ਝੰਡਾ ਜਾ ਫਹਿਰਾਇਆ। ਸ਼ਾਹ ਆਲਮ ਜਾ ਛੁਪਿਆ। ਜੱਸਾ ਸਿੰਘ ਆਹਲੂਵਾਲੀਆ ਨੂੰ ਤਖ਼ਤ ਉਤੇ ਬਿਠਾਇਆ ਗਿਆ। ਬਘੇਲ ਸਿੰਘ ਨੂੰ ਮਿਲ ਕੇ ਬੇਗਮ ਸਮਰੋ ਨੇ ਬਾਦਸ਼ਾਹ ਤੋਂ ਇਹ ਸ਼ਰਤਾਂ ਮਨਵਾਈਆਂ (18). (ੳ) ਖਾਲਸੇ ਨੂੰ ਤਿੰਨ ਲੱਖ ਇਵਜ਼ਾਨਾ ਜੁਰਮਾਨੇ ਵਜੋਂ ਦਿੱਤਾ ਜਾਵੇਗਾ। (ਅ) ਬਘੇਲ ਸਿੰਘ ਦਿੱਲੀ ਵਿੱਚ ਚਾਰ ਹਜ਼ਾਰ ਸਿਪਾਹੀ ਰੱਖ ਸਕਦਾ ਹੈ। ਉਸ ਦਾ ਦਫ਼ਤਰ ਸਬਜ਼ੀ ਮੰਡੀ ਹੋਵੇਗਾ। (ੲ) ਬਘੇਲ ਸਿੰਘ ਨੂੰ ਸਤ ਸਿੱਖ ਇਤਿਹਾਸਕ ਗੁਰਦੁਆਰੇ ਬਨਾਉਣ ਦੀ ਖੁੱਲ੍ਹ ਹੋਵੇਗੀ ਜੋ ਜਲਦੀ ਹੀ ਪੂਰਨ ਕਰਨ ਤੇ ਬਘੇਲ ਸਿੰਘ ਵਾਪਸ ਜਾਵੇਗਾ। (ਸ) ਬਘੇਲ ਸਿੰਘ ਸਾਰੀ ਦਿੱਲੀ ਦੀ ਚੁੰਗੀ ਉਗਰਾਹੇਗਾ ਤੇ ਛਿਆਨੀ (ਰੁਪੈ ਵਿੱਚੋਂ ਛੇ ਆਨੇ) ਆਪਣੇ ਖਰਚ ਲਈ ਲਵੇਗਾ, ਜਿਸ ਵਿੱਚੋਂ ਗੁਰਦੁਆਰੇ ਬਣਾਏ ਜਾਣਗੇ।(ਹ) ਦਿੱਲੀ ਵਿੱਚ ਰਹਿੰਦੇ ਹੋਏ ਸਿੱਖ ਕੋਈ ਲੁੱਟ-ਖੋਹ ਨਹੀਂ ਕਰਨਗੇ। ਡਾ: ਗੋਪਾਲ ਸਿੰਘ ਅਨੁਸਾਰ ਬਘੇਲ ਸਿੰਘ ਨੇ ਦਿੱਲੀ ਨੂੰਮਾਰਚ 1783 ਵਿੱਚ ਥੋੜੇ ਸਮੇਂ ਲਈ ਦਿੱਲੀ ਨੂੰ ਆਪਣੇ ਕਬਜ਼ੇ ਵਿੱਚ ਰੱਖਿਆ ਪਰ ਮਗਰੋਂ 3 ਲੱਖ ਨਕਦ ਲੈ ਕੇ ਤੇ ਰੁਪਏ ਵਿੱਚੋਂ ਛੇ ਆਨੇ ਚੁੰਗੀ ਵਜੋਂ ਲੈ ਕੇ ਉਸ ਦਿਲੀ ਖਾਲੀ ਕਰ ਦਿਤੀ ਤੇ 7 ਗੁਰ ਅਸਥਾਨਾ ਬਣਾਉਣ ਦਾ ਵਾਅਦਾ ਵੀ ਹੋਇਆ ਜੋ 1788 ਈ: ਵਿਚ ਪੂਰਾ ਹੋਇਆ। (19)[ਸਮਝੌਤੇ ਪਿਛੋਂ 4000 ਸਿਪਾਹੀਆਂ ਨਾਲ ਬਘੇਲ ਸਿੰਘ ਨੇ ਸਤ ਗੁਰਦੁਆਰੇ ਮਾਤਾ ਸੁੰਦਰੀ, ਮਜਨੂੰ ਟਿਲਾ, ਮੋਤੀ ਬਾਗ, ਬੰਗਲਾ ਸਾਹਿਬ, ਸੀਸ ਗੰਜ, ਰਕਾਬ ਗੰਜ, ਬਾਲਾ ਸਾਹਿਬ ਪਹਿਲ ਦੇ ਆਧਾਰ ਉਤੇ ਉਸਾਰੇ।]

ਸਭ ਤੋਂ ਪਹਿਲਾਂ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾਂ ਦੇ ਠਹਿਰਨ ਵਾਲੇ ਅਸਥਾਨ ਤੇ ਗੁਰਦੁਆਰਾ ਸਾਹਿਬ ਬਣਾਇਆ ਗਿਆ।। ਫਿਰ ਬੰਗਲਾ ਸਾਹਿਬ ਦੇ ਨਾਮ ਤੇ ਉਸ ਥਾਂ ਬਣਾਇਆ ਗਿਆ ਜਿੱਥੇ ਗੁਰੂ ਹਰਿਕਿਸ਼ਨ ਜੀ ਜੋਤੀ ਜੋਤ ਸਮਾਏ ਸਨ । ਫਿਰ ਜਮਨਾ ਦੇ ਕਿਨਾਰੇ ਸ੍ਰੀ ਗੁਰੂ ਹਰਿਕਿਸ਼ਨ ਜੀ, ਮਾਤਾ ਸੁੰਦਰੀ ਜੀ  ਤੇ ਮਾਤਾ ਸਾਹਿਬ ਦੇਵਾਂ ਦੇ ਅੰਗੀਠੇ ਦੀ ਯਾਦਗਾਰ ਕਾਇਮ ਕੀਤੀ। ਫਿਰ ਗੁਰਦੁਆਰਾ ਰਕਾਬ ਗੰਜ ਉਸ ਅਸਥਾਨ ਤੇ ਬਣਾਇਆ ਜਿੱਥੇ ਜਿਥੇ ਗੁਰੂ ਤੇਗ ਬਹਾਦੁਰ ਜੀ ਦੇ ਧੜ ਦਾ ਸਸਕਾਰ ਕੀਤਾ ਗਿਆ ਸੀ।ਫਿਰ ਇਕ ਬੁੱਢੇ ਮਾਸ਼ਕੀ ਦੀ ਤੀਵੀਂ ਦੀ ਦੱਸ ਤੇ ਬਘੇਲ ਸਿੰਘ ਨੇ ਗੁਰੂ ਸਾਹਿਬਾਨ ਨਾਲ ਸਬੰਧਿਤ 7 ਸਥਾਨਾਂ ਦੀ ਨਿਸ਼ਾਨਦੇਹੀ ਕੀਤੀ, ਉਨ੍ਹਾਂ  7 ਥਾਵਾਂ ਤੇ 7 ਮਹੀਨੇ ਦੇ ਥੋੜੇ ਸਮੇਂ ਵਿਚ ਅਪ੍ਰੈਲ ਤੋਂ ਨਵੰਬਰ 1783 ਤੱਕ ਗੁਰਦੁਆਰੇ ਬਣਵਾਏ। (22)

ਬਘੇਲ ਸਿੰਘ ਦੀ ਸਿੱਖ ਕੌਮ ਲਈ ਇਹ ਬਹੁਤ ਵੱਡੀ ਦੇਣ ਸੀ। ਬਾਦਸ਼ਾਹ ਆਲਮ ਦੂਜਾ ਬਘੇਲ ਸਿੰਘ ਨੂੰ ਮਿਲਣ ਦਾ ਇਛੁਕ ਸੀ ਪਰ ਇਸ ਲਈ ਬਘੇਲ ਸਿੰਘ ਨੇ ਸ਼ਰਤਾਂ ਰੱਖੀਆਂ ਕਿ ਉਹ ਸਿਰ ਨਹੀਂ ਝੁਕਾਏਗਾ, ਇਕੱਲਾ ਨਹੀਂ ਆਏਗਾ ਤੇ ਕਿਸੇ ਦਾ ਕੋਈ ਬੁਰਾ ਕਟਾਖ ਨਹੀਂ ਸਹੇਗਾ। ਬਾਦਸ਼ਾਹ ਦੇ ਮੰਨਣ ਉਤੇ ਸਭ ਬੁਚੜਾਂ ਦੀਆਂ ਦੁਕਾਨਾਂ ਬੰਦ ਕੀਤੀਆਂ ਗਈਆਂ। ਹਾਥੀ ਦੀ ਸਵਾਰੀ ਉੱਤੇ ਬਘੇਲ ਸਿੰਘ, ਸ਼ਾਹੀ ਦਰਬਾਰ ਸ਼ਸ਼ਤਰਧਾਰੀ ਸਿੱਖਾਂ ਸਮੇਤ ਪਹੁੰਚਿਆ, ਬਾਦਸ਼ਾਹ ਮਿਲਣ ਉੱਤੇ ਖੁਸ਼ ਹੋਇਆ ਤੇ ਤੋਹਫੇ ਦਿੱਤੇ (23,24). ਬਘੇਲ ਸਿੰਘ ਦੀ ਮੌਤ 1800 ਵਿੱਚ ਹੋਈ ਦੱਸੀ ਜਾਂਦੀ ਹੈ। ਇਸ ਤਰ੍ਹਾਂ ਸਿੱਖ ਰਾਜ ਦਾ ਇੱਕ ਉਜਲ ਸਿਤਾਰਾ ਸਿੱਖਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਲਿਜਾ ਕੇ ਰੱਬ ਨੂੰ ਪਿਆਰਾ ਹੋ ਗਿਆ।

ਹਵਾਲੇ

1. ਕਰਨਲ ਅਵਤਾਰ ਸਿੰਘ ਬਰਾੜ, ਜਰਨੈਲ ਬਘੇਲ ਸਿੰਘ, ਸਤਵੰਤ ਬੁਕ ਏਜੰਸੀ ਚਾਂਦਨੀ ਚੌਕ ਦਿਲੀ

2. ਡਾ: ਦਰਸ਼ਨ ਸਿੰਘ ਔਲਖ, ਕਰਨਲ ਅਵਤਾਰ ਸਿੰਘ ਬਰਾੜ, “ਜਰਨੈਲ ਬਘੇਲ ਸਿੰਘ” ਵਿੱਚ ਪੰਨਾ 119-127

3. “ਇਨਸਾਈਕਲੋਪੀਡੀਆ ਆਫ ਸਿਖਿਜ਼ਮ” ਪੰਜਾਬੀ ਯੂਨੀਵਰਸਿਟੀ, ਪਟਿਆਲਾ, ਭਾਗ 1, ਪੰਨਾ 249 ‘

4. ਜੇ,ਡੀ ਕਨਿੰਘਮ, “ਹਿਸਟਰੀ ਆਫ ਸਿਖਜ਼”, ਜੋਜ਼ਫ ਡੇਵੀਜ਼, ਪੰਨਾ 97.

5. ਐਸ ਐਮ ਲਤੀਫ, ਹਿਸਟਰੀ ਆਫ ਦ ਪੰਜਾਬ”  ਲਹੌਰ ਬੁੱਕ ਸ਼ਾਪ, ਪੰਨਾ 232

6. ਸੀਤਲ, ਸੋਹਣ ਸਿੰਘ, ਸਿੱਖ ਸ਼ਕਤੀ ਦਾ ਉਭਾਰ ਤੇ ਰਣਜੀਤ ਸਿੰਘ” ਪੰਨਾ 411

7. ਅਲੀਕੁਜ਼ਈ, ਹਾਮਿਦ ਵਾਹਿਦ (ਅਕਤੂਬਰ 2013), 25 ਖੰਡਾਂ ਵਿੱਚ ਅਫਗਾਨਿਸਤਾਨ ਦਾ ਸੰਖੇਪ ਇਤਿਹਾਸ, ਖੰਡ 14.

8.ਗਾਂਧੀ, ਰਾਜਮੋਹਨ (14 ਸਤੰਬਰ 2013)। ਪੰਜਾਬ: ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ

9. ਮਹਿਤਾ, ਜੇ. ਐਲ. (2005), ਆਧੁਨਿਕ ਭਾਰਤ 1707-1813 ਦੇ ਇਤਿਹਾਸ ਵਿੱਚ ਉੱਨਤ ਅਧਿਐਨ, ਸਟਰਲਿੰਗ ਪਬਲਿਸ਼ਰਜ਼ – 251.

10. ਮਹਿਤਾ, ਜਸਵੰਤ ਲਾਲ (1 ਜਨਵਰੀ 2005)। ਆਧੁਨਿਕ ਭਾਰਤ ਦੇ ਇਤਿਹਾਸ ਵਿੱਚ ਐਡਵਾਂਸਡ ਸਟੱਡੀ 1707-1813। ਸਟਰਲਿੰਗ ਪਬਲਿਸ਼ਰਜ਼.

12. ਧੰਨਾ ਸਿੰਘ ਚਾਹਲ, ਗੁਰ ਤੀਰਥ ਸਾਈਕਲ ਯਾਤਰਾ (ਪੰਜਾਬੀ), ਯੂਰਪੀਅਨ ਪੰਜਾਬੀ ਸੱਥ, ਐਡ ਚੇਤਨ ਸਿੰਘ, ਪੰਨਾ.40313. ਸੀਤਲ, ਸੋਹਣ ਸਿੰਘ, ਸਿੱਖ ਸ਼ਕਤੀ ਦਾ ਉਭਾਰ ਤੇ ਰਣਜੀਤ ਸਿੰਘ” ਪੰਨਾ 413.

14. ਇਨਸਾਈਕਲੋਪੀਡੀਆ ਆਫ ਸਿਖਿਜ਼ਮ” ਭਾਗ 1, ਪੰਨਾ 249

15. ਰਤਨ ਸਿੰਘ ਭੰਗੂ, “ਪ੍ਰਾਚੀਨ ਪੰਥ ਪ੍ਰਕਾਸ਼” ਪੰਨਾ 440

16. ਰੂਪ ਸਿੰਘ , “ਪ੍ਰਮੁਖ ਸਿੱਖ ਸ਼ਖਸ਼ੀਅਤਾਂ” ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਪੰਨਾ 149-150

17. ਗੋਕਲ ਚੰਦ ਨਾਰੰਗ “ਸਿੱਖ ਧਰਮ ਦਾ ਪਰਿਵਰਤਨ” ਪੰਨਾ 159.

18. ਡਾ: ਗੋਪਾਲ ਸਿੰਘ :”ਸਿੱਖ ਕੌਮ ਦਾ ਇਤਿਹਾਸ”, ਪੰਨਾ 432

19. ਡਾ: ਹਰੀ ਰਾਮ ਗੁਪਤਾ “ਇਨਸਾਈਕਲੋਪੀਡੀਆ ਆਫ ਸਿਖਿਜ਼ਮ” ਭਾਗ 1, ਪੰਨਾ 249 (ਐਡੀਟਰ ਡਾ: ਹਰਬੰਸ ਸਿੰਘ)

20. “ਦਿੱਲੀ ਰੋਜ਼ਨਾਮਚਾ”, ਪੰਨਾ 150-157, ਫਾਰਸਟਰ ਸਲੈਕਸ਼ਨਜ਼ ਜਿਲਦ 3 ਪੰਨਾ 1124

21. ਡਾ: ਗੋਪਾਲ ਸਿੰਘ :”ਸਿੱਖ ਕੌਮ ਦਾ ਇਤਿਹਾਸ”, ਪੰਨਾ 432

22. ਗਿਆਨੀ ਗਿਆਨ ਸਿੰਘ, “ਤਵਾਰੀਖ ਗੁਰੂ ਖਾਲਸਾ”, ਹਿੱਸਾ ਦੂਜਾ, ਪੰਨਾ 257-258

23. ਰਤਨ ਸਿੰਘ ਭੰਗੂ, ਪ੍ਰਾਚੀਨ ਪੰਥ ਪ੍ਰਕਾਸ਼” ਪੰਨਾ 448-450

24. ਡਾ: ਹਰੀ ਰਾਮ ਗੁਪਤਾ “ਇਨਸਾਈਕਲੋਪੀਡੀਆ ਆਫ ਸਿਖਿਜ਼ਮ” ਭਾਗ 1, ਪੰਨਾ 250 (ਐਡੀਟਰ ਡਾ: ਹਰਬੰਸ ਸਿੰਘ)

Importance of Multi- Linguism in Life

Ransher Raj Singh, Calgary (Canada)

Canada is a multi-cultural and multi-linguistic society where people of different ethnicities converge. April is being celebrated as a Month of Sikh Heritage. It is found that in our society, multi-linguism allows effective communication, higher academic and career success, socializing, and a better understanding of the world. It has been concluded that multilingualism provides benefits to individuals at all points along the lifespan, from the youngest infants and children to adults, and to older adults who may be facing cognitive decline1.   It is proved2 that babies do not get confused when they hear two or more languages. Instead, they develop the unique ability to understand and differentiate between the multiple languages that they hear. Their ability to learn more languages is much higher than their monolingual counterparts. 

In a study conducted at the University of Columbia and University of California, it was concluded that individuals who know multiple languages have an increased chance of academic/career success over others. This is because they have enhanced literacy skills and can communicate their thoughts in a more articulate manner. One’s cognitive abilities are strengthened, making them more open-minded and flexible to difficult tasks which sets them apart. It makes them perfect candidates for jobs since they are able to focus on various tasks simultaneously. It is an excellent differentiator and reduces the chances of communication gaps. As students that are multilingual tend to be more active.

Learning multiple languages reduces the chances of a communication gap and allows for a meaningful conversation. Studies have found that this gap increases susceptibility to mental illness such as depression and social anxiety. Their cognitive recovery rate was twice as much as monolinguals. At York University (Toronto),  Psycholinguist Ellen Bialystok found that “bilinguals showed symptoms of Alzheimer’s some four to five years after monolinguals with the same disease pathology,” suggesting that multilingualism keeps one mentally fit.

I have made many friends of all ethnicities due to my ability to communicate at the next level, which enhanced my appreciation for all cultures (which is the first step to a discrimination-free society). It helped me stay strong in my beliefs and culture. This is a great way to engage with elders and learn about one’s culture and history. In addition to my knowledge of English and French, being fluent in Punjabi, for example, has been an asset in understanding my culture, learning more about my religion, and connecting with my elders! The stories of their childhood and youth fill my imagination with wonders and also help me relate to them better. Language is truly an immense portal into different cultures.

References:

1. Bialystok E, et al: Consequences for mind and brain. Trends in Cognitive Sciences. 2012;16:240.

2. Petitto LA, et al, “Perceptual Wedge Hypothesis” for bilingual babies’, New insights from Near IR Spectrometer (NIRS) brain imaging. Brain and Language. 2012;121:130.

ਇਸਤਰੀ : ਸਮਾਜਿਕ ਵਤੀਰਾ ਤੇ ਗੁਰਮਤ ਸੇਧਾਂ

ਡਾ. ਕਾਬਲ ਸਿੰਘ,   ਡਾ. ਬਲਦੇਵ ਸਿੰਘ (ਐਡਮਿੰਟਨ, ਕੈਨੇਡਾ)

Dr. Kabal Singh Dr. Baldev Singh

ਪਿਛੋਕੜ

ਮੁਢ ਕਦੀਮ ਤੋਂ ਪਰਿਵਾਰ ਤੇ ਗ੍ਰਹਿਸਥ ਸਮਾਜ ਦੇ ਧੁਰੇ ਅਤੇ ਇਸਤਰੀ ਇਨ੍ਹਾਂ ਦਾ ਕੇਂਦਰ ਬਿੰਦੂ ਮੰਨੇ ਜਾਂਦੇ ਰਹੇ ਹਨ। ਖਾਸ ਕਰਕੇ ਭਾਰਤੀ ਸਮਾਜਿਕ ਤੇ ਧਾਰਮਿਕ ਮਾਨਤਾਵਾਂ ਵਿੱਚ ਇਸਤਰੀ ਨੂੰ ਪਵਿੱਤਰ (ਦੇਵੀ) ਗਿਣਿਆਂ ਗਿਆ ਹੈ। ਕਈ ਧਾਰਮਿਕ ਅਸਥਾਨਾਂ, ਦਰਿਆਵਾਂ ਤੇ ਪਰਬਤਾਂ ਆਦਿ ਦੇ ਨਾਂ ਇਸਤਰੀ-ਲੰਿਗ ਵਿੱਚ ਹਨ। ਧਰਮ ਦਾ ਮੁੱਖ ਸਿਧਾਂਤ ਸਾਰੀ ਮਨੁਖਤਾ ਦੇ ਆਤਮ-ਸਨਮਾਨ ਨੂੰ ਸਥਾਪਤ ਕਰਨਾ ਗਿਣਿਆ ਜਾਂਦਾ ਹੈ। ਇਸ ਦੇ ਬਾਵਜੂਦ ਇਸਤਰੀ ਨੂੰ ਆਮ ਕਰਕੇ ਸਮਾਜ ਵਿਚ ਪੁਰਸ਼ ਨਾਲੋਂ ਨੀਵਾਂ ਦਰਜ਼ਾ ਤੇ ਦੁੱਖ ਹੀ ਨਸੀਬ ਹੋਏ ਹਨ।

ਪੁਰਾਣੇਂ ਸਮੇਂ ਦੇ ਬਹੁਤੇ ਧਰਮਾਂ ਅਤੇ ਸਮਾਜਾਂ ਵਿਚ ਪੁਰਸ਼ ਲਈ ਅਜ਼ਾਦੀ ਤੇ ਹਰ ਤਰ੍ਹਾਂ ਦੀ ਖੁੱਲ ਹੋਣ ਕਰਕੇ ਉਹ ਹਰ ਖੇਤਰ ਵਿੱਚ ਤਰੱਕੀ ਕਰਦੇ ਗਏ। ਪਰ ਇਸਤਰੀ ਲਈ ਬੰਧਨਯੁਕਤ ਵਿਹਾਰ ਨਿਸ਼ਚਤ ਕੀਤਾ ਗਿਆ ਜਿਸ ਕਾਰਨ ਉਸਦੀ ਤਰੱਕੀ ਨਾਂ ਹੋ ਸਕੀ। ਨਤੀਜੇ ਵਜੋਂ ਸਮਾਜਕ ਢਾਂਚਾ ਪੁਰਸ਼ ਵਰਗ ਦੇ ਅਧੀਨ ਹੋ ਗਿਆ ਅਤੇ ਸਮਾਜ ਦਾ ਅੱਧਾ ਹਿਸਾ ਅਸੰਗਠਿਤ ਤੇ ਅਵਿਕਸਤ ਹੀ ਰਿਹਾ। ਇਸਤਰੀ ਵਲੋਂ ਜ਼ੁਲਮ ਦੇ ਵਿਰੁਧ ਉਠਾਈ ਹਰ ਅਵਾਜ਼ ਨੂੰ ਪੁਰਸ਼-ਪ੍ਰਧਾਨ ਸਮਾਜ ਨੇ ਧੱਕੇਸ਼ਾਹੀ ਨਾਲ ਕੁਚਲਿਆ। ਉਹ ਇਨ੍ਹਾਂ ਵਧੀਕੀਆਂ ਦਾ ਵਿਰੋਧ ਕਰਨ ਤੋਂ ਡਰਨ ਲਗ ਪਈ ਤੇ ਹੋਰ ਕਮਜ਼ੋਰ ਹੁੰਦੀ ਗਈ।

ਜਦੋਂ ਵੀ ਕਿਸੇ ਇਸਤਰੀ ਨੇ ਆਰਥਿਕ ਪੱਖ ਤੋਂ ਅੱਗੇ ਆਉਣ ਦੀ ਕੋਸ਼ਿਸ਼ ਕੀਤੀ ਤਾਂ ਪੁਰਸ਼-ਪਰਧਾਨ ਸਮਾਜ ਨੇ ਉਸ ਅੱਗੇ ਕਈ ਤਰ੍ਹਾਂ ਨਾਲ ਮੁਸ਼ਕਲਾਂ ਪੈਦਾ ਕੀਤੀਆਂ। ਕਈ ਧਾਰਮਿਕ ਤੇ ਸਮਾਜਕ ਲੇਖਕਾਂ ਨੇ ਇਸਤਰੀ ਦੇ ਉਲਟ ਲਿਖ ਕੇ ਉਸਦਾ ਦਰਜਾ ਘਟਾਇਆ। ਇਸਤਰੀ ਨੇ ਆਪਣੀ ਸੁੰਦਰਤਾ, ਹਾਰ-ਸ਼ਿੰਗਾਰ ਤੇ ਅੰਗ-ਪ੍ਰਦਸ਼ਨ ਰਾਹੀਂ ਸਮਾਜ ਵਿਚ ਆਪਣੀ ਥਾਂ ਬਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਪੁਰਸ਼ਾਂ ਨੇ ਇਸਤਰੀ ਦੇ ਜਜ਼ਬਾਤ ਨਾਲ ਖਿਲਵਾੜ ਕੀਤਾ ਤੇ ਅਯੋਗ ਲਾਭ ਉਠਾਇਆ।

ਵਿਦਿਆ ਤੇ ਮੀਡੀਆ ਦੇ ਪਸਾਰ ਨਾਲ ਅਤੇ ਇਸਤਰੀ ਦੀ ਸੁਰੱਖਿਆ ਲਈ ਕਈ ਕਨੂੰਨ ਬਣਨ ਕਾਰਨ ਸੁਧਾਰ ਜ਼ਰੂਰ ਹੋਏ ਹਨ, ਪਰ ਰਾਜਨੀਤੀ ਤੇ ਪ੍ਰਸਾਸ਼ਨ ਵਿਚ ਨਿਘਾਰ ਕਾਰਨ ਅਜ ਵੀ ਇਸਤਰੀ ਦੀ ਦਸ਼ਾ ਪੁਰਸ਼ ਦੇ ਬਰਾਬਰ ਨਹੀਂ ਹੈ। ਇਹ ਲੇਖ ਇਸਤਰੀ ਪ੍ਰਤੀ ਸਮਾਜਕ ਵਤੀਰੇ ਅਤੇ ਸਬੰਧਤ ਗੁਰਮਤਿ ਵਿਚਾਰਧਾਰਾ ਬਾਰੇ ਇਕ ਨਿਮਾਣੀ ਜਿਹੀ ਕੋਸ਼ਿਸ਼ ਹੈ।

ਇਸਤਰੀ ਪ੍ਰਤੀ ਤਾਰੀਖੀ ਸਮਾਜਕ ਵਤੀਰਾ

ਆਰੀਅਨ ਸਮਾਜ

ਆਰੀਅਨ ਸਮਾਜ ਵਿਚ ਆਮ ਕਰਕੇ ਮਾਪਿਆਂ ਦੀ ਜਾਇਦਾਦ ਵੱਡੇ ਲੜਕੇ ਜਾਂ ਲੜਕਿਆਂ ਨੂੰ ਹੀ ਮਿਲਦੀ ਸੀ। ਇਸ ਨਾਲ ਪੁਰਸ਼-ਪ੍ਰਧਾਨ ਸਮਾਜ ਦਾ ਨਿਰਮਾਣ ਹੋਇਆ ਤੇ ਉਹ ਜੀਵਨ ਦੇ ਸਾਰੇ ਖੇਤਰਾਂ ਵਿਚ ਵਿਕਾਸ ਕਰਕੇ ਅਗੇ ਵਧਦੇ ਰਹੇ। ਇਸ ਕਾਣੀਂ ਵੰਡ ਕਰਕੇ ਇਸਤਰੀ ਹਮੇਸ਼ਾਂ ਆਰਥਿਕ ਪੱਖੋਂ ਪੁਰਸ਼ ਉਪਰ ਨਿਰਭਰ ਰਹੀ ਅਤੇ ਘਰ ਦੀ ਚਾਰ ਦੀਵਾਰੀ ਵਿਚ ਰਹਿ ਕੇ ਪਰਵਾਰ ਤੇ ਸਮਾਜ ਦੀ ਸੇਵਾ ਕਰਨ ਤੇ ਮਜਬੂਰ ਹੋਈ। ਪੁਰਸ਼-ਪ੍ਰਧਾਨ ਸਮਾਜ ਵਲੋਂ ਬੇਪੱਤੀ, ਵਾਸ਼ਨਾ, ਮਾਰ-ਕੁਟ ਅਤੇ ਹਰ ਤਰਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋਣ ਕਾਰਨ ਇਸਤਰੀ ਦੇ ਮਨ ਵਿਚ ਡਰ ਤੇ ਅਸੁਰੱਖਿਅਤਾ ਦੀ ਭਾਵਨਾ ਘਰ ਕਰ ਗਈ। ਆਰੀਅਨ ਸਮਾਜ ਨਾਲ ਸਬੰਧਤ ਕੁਝ ਉਦਾਹਰਣਾਂ ਹੇਠ ਲਿਖੀਆਂ ਹਨ।

ਹਿੰਦੂ ਧਰਮ: ਲੜਕੀ ਨੂੰ ਗੋਦ ਲੈਣ ਦੀ ਰੀਤੀ ਨਹੀਂ ਸੀ। ਪਿਤਾ ਲੜਕੀ ਦੇ ਘਰ ਖਾਣਾ-ਪਾਣੀ ਨਹੀਂ ਸੀ ਪ੍ਰਵਾਨਦਾ। ਕਈ ਮੰਦਰਾਂ ਵਿਚ ਇਸਤਰੀ ਨੂੰ ਅੰਦਰ ਜਾਣ ਦੀ ਮਨਾਹੀ ਅਜੇ ਤਕ ਹੈ।

ਲੰਮੇਂ ਸਮੇਂ ਲਈ ਪੁਰਸ਼-ਪ੍ਰਧਾਨ ਸਮਾਜ ਤੇ ਧਾਰਮਿਕ ਅਦਾਰਿਆਂ ਵਲੋਂ ਇਸਤਰੀ ਨੂੰ ਦਬਾ ਕੇ ਰੱਖਣ ਦੇ ਵਤੀਰੇ, ਸਮਾਜਕ ਗਿਰਾਵਟ, ਧਾਰਮਿਕ ਨਿਘਾਰ, ਆਰਥਿਕ ਕੰਗਾਲੀ ਤੇ ਗੁਲਾਮ ਸੋਚਣੀ ਕਾਰਨ ਇਸਤਰੀ ਦੀ ਹਾਲਤ ਤਰਸ ਯੋਗ ਬਣੀ। ਨਤੀਜੇ ਵਜੋਂ ਪਰਵਾਰ ਵਿਚ ਪੁਤਰ ਦਾ ਹੋਣਾ ਜ਼ਰੂਰੀ ਸਮਝਿਆ ਗਿਆ, ਧੀ ਬੋਝ ਬਣ ਗਈ, ਅਤੇ ਧੀ ਮਾਰਨ ਦੀ ਕੁਰੀਤ ਪੈ ਗਈ, ਜੋ ਕੁਝ ਹਦ ਤਕ ਅਜ ਵੀ ਚਲ ਰਹੀ ਹੈ।

ਪੁਨਰ-ਵਿਆਹ ਦੀ ਮਨਾਹੀ ਕਰਕੇ ਪਤੀ ਦੀ ਮੌਤ ਤੋਂ ਬਾਦ ਇਸਤਰੀ ਦੇਵਦਾਸੀ ਦੇ ਰੂਪ ਵਿਚ ਪ੍ਰੋਹਤ ਸ਼ਰੇਣੀ ਦੀ ਹਵਸ, ਰਾਜਿਆਂ ਦੀਆਂ ਇਸਤਰੀ ਵਿਰੋਧੀ ਨੀਤੀਆਂ, ਤੇ ਮਾੜੀ ਨੀਅਤ ਵਾਲੇ ਮਰਦਾਂ ਦੀ ਭੈੜੀ ਨਜ਼ਰ ਦਾ ਸ਼ਿਕਾਰ ਹੋਈ। ਉਹ ਬੇਇਜ਼ਤ ਜੀਵਨ ਜੀਉਣ ਜਾਂ ਸਤੀ ਹੋਣ ਲਈ ਮਜ਼ਬੂਰ ਕੀਤੀ ਗਈ। ਇਸ ਧਰਮ ਨਾਲ ਸਬੰਧਤ ਕੁਝ ਵਿਚਾਰਧਾਰਾਵਾਂ ਦਾ ਹੇਠਾਂ ਵਰਨਣ ਹੈ।

ਚਾਣਕੀਆ ਨੀਤੀ ਅਨੁਸਾਰ, “ਸੁਭਾਵਕ ਤੌਰ ਤੇ ਇਸਤਰੀ ਵਿਚ ਸੱਚੀ ਗੱਲ ਲੁਕਾਉਣੀ, ਬਿਨਾ ਵਿਚਾਰ ਕੀਤੇ ਕੋਈ ਫੈਸਲਾ ਕਰਨਾ, ਮੂਰਖਤਾ ਕਰਨੀ, ਲਾਲਚੀ ਹੋਣਾ, ਨਿਰਦਈ ਹੋਣਾ, ਸਫਾਈ ਨਾ ਰੱਖਣੀ, ਆਦਿ, ਦੋਸ਼ ਹੁੰਦੇ ਹਨ। ਇਨ੍ਹਾਂ ਵਿਚੋਂ ਕੋਈ ਨਾ ਕੋਈ ਦੋਸ਼ ਹਰ ਇਸਤਰੀ ਵਿਚ ਹੁੰਦਾ ਹੈ।” ਮੰਨੂ ਸਿਮ੍ਰਤੀ ਅਨੁਸਾਰ, “ਇਸਤਰੀਆਂ ਦੇ ਸੰਸਕਾਰ ਵੇਦ ਮੰਤ੍ਰਾਂ ਨਾਲ ਨਹੀਂ ਕਰੇ ਜਾਂਦੇ, ਇਹ ਧਰਮ ਦਾ ਫੈਸਲਾ ਹੈ। ਇਸਤਰੀਆਂ ਅਗਿਆਨਣਾਂ, ਵੇਦ ਮੰਤ੍ਰਾਂ ਦੇ ਅਧਿਕਾਰ ਤੋਂ ਵਾਂਝੀਆਂ ਅਤੇ ਝੂਠ ਦੀ ਮੂਰਤ ਹਨ।” (ਮੰਨੂੰ ਸਿਮ੍ਰਤੀ ਅ:ਪ: ਸ਼ਲੋਕ 24-248)

ਇਸਤਰੀ ਨੂੰ ਸਮਾਜ ਵਿਚ ਸ਼ੂਦਰ ਦੇ ਬਰਾਬਰ ਮੰਨਿਆ ਗਿਆ। ਕੁਲਛਨੀ ਤੇ ਕੁਲਟਾ ਆਦਿ ਨਾਮ ਦਿੱਤੇ ਗਏ। ਇਹ ਵੀ ਕਿਹਾ ਗਿਆ ਕਿ ਇਸਤਰੀ ਸਦਾ ਮਰਦ ਦੇ ਆਸਰੇ ਤੇ ਰਹਿੰਦੀ ਹੈ। ਉਸ ਦੀ ਰੱਖਿਆ ਬਚਪਨ ਵਿਚ ਆਸਰੇ ਤੇ ਰਹਿੰਦੀ ਹੈ। ਉਸ ਦੀ ਰੱਖਿਆ ਬਚਪਨ ਵਿਚ ਪਿਤਾ, ਜੁਆਨੀ ਵਿਚ ਪਤੀ, ਤੇ ਬੁਢਾਪੇ ਵਿਚ ਪੱੁਤਰ ਕਰਦੇ ਹਨ। ਮਹਾਂਭਾਰਤ ਅਨੁਸਾਰ, “ਕਿਤਨਾ ਬਾਲਣ ਪਾਓ, ਅੱਗ ਕਦੇ ਨਹੀਂ ਰਜਦੀ। ਕਿੰਨਾ ਵੀ ਪਾਣੀ ਪਾਓ, ਸਮੁੰਦਰ ਕਦੇ ਨਹੀਂ ਭਰਦਾ। ਕਿੰਨੇ ਵੀ ਖੂਨ ਕਰ ਲਵੇ, ਪਰ ਖੂਨੀ ਦੀ ਤ੍ਰੇਹ ਕਦੇ ਨਹੀਂ ਮਿਟਦੀ। ਇਸਤਰੀ ਨੂੰ ਕਿਸੇ ਵੀ ਮਰਦ ਕੋਲੋਂ ਕਦੇ ਰੱਜ ਨਹੀਂ ਆੳਂੁਦਾ।” ਦ੍ਰੋਪਤੀ ਦੀ ਭਰੀ ਸਭਾ ਵਿਚ ਦ੍ਰਯੋਧਨ ਰਾਹੀਂ ਬੇਪਤੀ ਵੇਲੇ ਸਭ ਪੁਰਸ਼ (ਬਜ਼ੁਰਗ, ਗੁਰੂ, ਯੋਧੇ, ਰਾਜੇ) ਚੁੱਪ ਰਹੇ।

ਰਮਾਇਣ ਵਿਚ ਲਿਖਿਆ ਹੈ, “ਇਸਤਰੀਆਂ ਦੇ ਮੂੰਹ ਫੁੱਲਾਂ ਵਰਗੇ, ਉਨ੍ਹਾਂ ਦੇ ਬੋਲ ਸ਼ਹਿਦ ਦੀਆਂ ਬੂੰਦਾਂ ਵਰਗੇ, ਪਰ ਉਨ੍ਹਾਂ ਦੇ ਦਿਲ ਤਲਵਾਰ ਦੀ ਧਾਰ ਵਰਗੇ। ਦਿਲ ਵਿਚ ਹੋਰ ਕੀ ਹੁੰਦਾ ਹੈ, ਇਸ ਨੂੰ ਕੋਈ ਨਹੀਂ ਜਾਣਦਾ।” ਲਛਮਣ ਰਾਹੀਂ ਸਰੂਪਨਖਾ ਦਾ ਨੱਕ ਵਢਣਾ, ਰਾਵਣ ਰਾਹੀਂ ਸੀਤਾ ਦਾ ਹਰਨ, ਤੇ ਰਾਮ ਚੰਦਰ ਰਾਹੀਂ ਬੇਕਸੂਰ ਸੀਤਾ ਨੂੰ ਘਰੋਂ ਕੱਢਣਾ, ਉਸ ਸਮੇਂ ਇਸਤਰੀ ਦੀ ਦੁਰਦਸ਼ਾ ਦੇ ਪ੍ਰਤੀਕ ਹਨ I

 ਬੁੱਧ ਤੇ ਜੈਨ ਧਰਮਾਂ ਅਨੁਸਾਰ, ‘ਭਿਕਸ਼ੂਆਂ ਤੇ ਮੁਨੀਆਂ ਲਈ ਇਸਤਰੀ ਦਾ ਤਿਆਗ ਜ਼ਰੂਰੀ ਹੈ, ਨਹੀਂ ਤਾਂ ਉਹ ਭਗਤੀ ਵਿਚ ਲੀਨ ਨਹੀਂ ਹੋ ਸਕਦੇ।’ ਜੈਨ ਧਰਮ ਦੇ ਸਾਹਿਤ ਵਿਚ ਬ੍ਰਹਮਚਰਯ ਜਾਂ ਗ੍ਰਹਿਸਥੀ ਲਈ ਪਵਿਤਰ ਦੰਪਤੀ-ਜੀਵਨ ਉਪਰ ਜ਼ੋਰ ਹੈ। ਦਿਗੰਬਰ ਜੈਨ ਮੰਨਦੇ ਹਨ ਕਿ ‘ਇਸਤਰੀ ਨੂੰ ਮੋਕਸ਼ (ਮੁਕਤੀ) ਲਈ ਪੁਰਸ਼ ਦਾ ਜਨਮ ਧਾਰਨਾ ਪੈਂਦਾ ਹੈ।’

ਨਾਥ ਤੇ ਜੋਗੀ ਸਿਧਾਂਤਾਂ ਨੇ ਇਸਤਰੀ ਤੋਂ ਪੁਰਸ਼ ਨੂੰ ਦੂਰ ਰਹਿਣ ਦੀ ਪ੍ਰੇਰਨਾ ਦਿਤੀ, ਕਿਉਂਕਿ ‘ਉਹ ਪੁਰਸ਼ ਨੂੰ ਨਰਕ ਦਾ ਅਧਿਕਾਰੀ ਬਣਾਉਂਦੀ ਹੈ।’ ਔਰਤ ਨੂੰ ਬਘਿਆੜੀ ਤਕ ਕਿਹਾ ਗਿਆ, “ਦਾਮ ਕਾਢ ਬਾਘਣਿ ਲੈ ਅਇਆ। ਮਾਉ ਕਹੈ ਮੈ ਪੂਤ ਵਿਆਹਿਆ।”

ਸਨਾਤਨ ਵਿਚਾਰਧਾਰਾ ਅਨੁਸਾਰ ਗੋਸਵਾਮੀ ਤੁਲਸੀ ਦਾਸ ਦਾ ਇਹ ਕਥਨ ਬੇਇਨਸਾਫ਼ੀ ਦੀ ਹੱਦ ਹੈ, “ਢੋਲ ਗਵਾਰ ਸ਼ੂਦਰ ਪਸ਼ੂ ਔਰ ਨਾਰੀ, ਯਹ ਸਭ ਤਾੜਨ ਕੇ ਅਧਿਕਾਰੀ।”

ਦਰਾਵੜ ਸਮਾਜ

ਇਹ ਇਸਤਰੀ-ਪ੍ਰਧਾਨ ਸਮਾਜ ਸੀ। ਦਰਾਵੜ ਸਮਾਜ ਵਿਚ ਇਸਤਰੀ ਦਾ ਬਹੁਤ ਸਨਮਾਨ ਰਿਹਾ ਹੈ। ਸ਼ਿਵ ਜੀ ਤੇ ਪਾਰਬਤੀ ਦੀ ਪੂਜਾ ਬਰਾਬਰ ਹੰੁਦੀ ਹੈ। ਅਜੇ ਵੀ ਦੱਖਣੀ ਭਾਰਤ ਵਿਚ ਇਸਤਰੀ ਦਾ ਸਨਮਾਨ ਬਾਕੀ ਹਿਸਿਆਂ ਨਾਲੋਂ ਜ਼ਿਆਦਾ ਹੈ। ਹੈਦਰਾਬਾਦ ਰਹਿਣ ਸਮੇਂ ਦਾਸ (ਕਾਬਲ ਸਿੰਘ) ਨੇ ਵੇਖਿਆ ਕਿ ਲੜਕੀਆਂ ਨੂੰ “ਅੰਮਾਂ” ਕਹਿਕੇ ਸੰਬੋਧਨ ਕੀਤਾ ਜਾਂਦਾ ਹੈ। ਪੁਰਸ਼ ਗ਼ਲਤੀ ਨਾਲ ਇਸਤਰੀ ਨੂੰ ਛੂਹ ਲਵੇ ਤਾਂ ਉਸਦੇ ਪੈਰ ਛੂੰਹਦਾ ਹੈ। ਬੱਸਾਂ ਦੇ ਅਗਲੇ ਦਰਵਾਜ਼ੇ ਇਸਤਰੀਆਂ ਲਈ ਰਾਖਵੇਂ ਹਨ। ਬਸ ਵਿਚ ਇਸਤਰੀ ਖੜੀ ਹੋਵੇ ਤਾਂ ਪੁਰਸ਼ ਸੀਟ ਛੱਡ ਦੇਵੇਗਾ।

ਹੋਰ ਧਰਮਾਂ ਅਤੇ ਸਮਾਜਾਂ ਵਿਚੋਂ ਉਦਾਹਰਣਾਂ

ਇਸਲਾਮ: ਇਸਤਰੀ ਨੂੰ ਮਰਦ ਦੇ ਬਰਾਬਰ ਨਾ ਸਮਝਣ ਦੀਆਂ ਕੁਝ ਉਦਾਹਰਣਾਂ –

ਪੁਰਸ਼ਾਂ ਲਈ ਬਹੁ-ਵਿਆਹ ਦੀ ਮਾਨਤਾ; ਔਰਤ ਦਾ ਪਰਦਾਨਸ਼ੀਂ ਹੋ ਕੇ ਬੁਰਕੇ ਵਿਚ ਰਹਿਣਾ; ਆਮ ਕਰਕੇ ਔਰਤਾਂ ਨੂੰ ਮਸੀਤ ਜਾਣ ਦੀ ਮਨਾਹੀ; ਗਵਾਹੀ ਲਈ ਇਕ ਮਰਦ ਦੀ ਪੂਰਤੀ ਦੋ ਇਸਤਰੀਆਂ ਨਾਲ, ਆਦਿ। ਜਿਦ ਵਿਚ ਇਸਤਰੀਆਂ ਮਰਦਾਂ ਦੇ ਸਾਹਮਣੇ ਬੈਠਣ ਦੀ ਮਨਾਹੀ ਕਰਕੇ ਵਖਰੇ ਕਮਰੇ ਵਿਚ ਜਾਂ ਪਰਦੇ ਪਿੱਛੇ ਬੈਠਦੀਆਂ ਹਨ। ਸੂਰਤ ਅਨ-ਨਿਸਾ ਵਿਚ ਦਸਿਆ ਹੈ, “ਜੇ ਤੁਹਾਨੂੰ ਡਰ ਹੋਵੇ ਕਿ ਯਤੀਮਾਂ ਨਾਲ ਇਨਸਾਫ ਨਹੀਂ ਕਰ ਸਕੋਗੇ, ਤਾਂ ਜੋ ਇਸਤਰੀਆਂ ਤੁਹਾਡੇ ਕਬਜ਼ੇ ਵਿਚ ਆਈਆਂ ਹਨ ਇਨ੍ਹਾਂ ਵਿਚੋਂ ਜਿਹੜੀਆਂ ਇਸਤਰੀਆਂ ਤੁਹਾਨੂੰ ਪਸੰਦ ਹੋਣ ਉਨ੍ਹਾਂ ਵਿਚੋਂ ਦੋ, ਤਿੰਨ, ਚਾਰ ਨਾਲ ਨਿਕਾਹ ਕਰਾ ਲਓ। ਪਰ ਜੇ ਸ਼ੰਕਾ ਹੋਵੇ ਕਿ ਉਨ੍ਹਾਂ ਨਾਲ ਨਿਆਂ ਨਹੀਂ ਕਰ ਸਕੋਗੇ ਤਾਂ ਫਿਰ ਇਕੋ ਪਤਨੀ ਰਖੋ।”

ਫਾਰਸ਼ੀ ਵਿਚ ‘ਅਉਰਤ’ ਸ਼ਬਦ ਦੇ ਅਰਥ, “ਉਹ ਚੀਜ਼ ਜੋ ਛੁਪਾਉਣ ਲਾਇਕ ਹੋਵੇ।”

ਈਸਾਈ ਮੱਤ: ਆਦਮ ਤੇ ਹਵਾ ਦੀ ਕਥਾ ਅਨੁਸਾਰ ਆਦਮੀ (ਨਰ) ਨੂੰ ਰਬ ਨੇ ਆਪਣੇ ਬਿੰਬ ਜਾਂ ਸ਼ਕਲ-ਸੂਰਤ ਵਰਗਾ ਬਣਾਇਆ। ਰਬ ਨੇ ਬਾਦ ਵਿਚ ਆਦਮੀ ਦੀ ਪਸਲੀ ਕਢ ਕੇ ਇਸਤਰੀ (ਨਾਰੀ) ਬਣਾਈ। ਵਰਜਿਤ ਫਲ ਖਾਣ ਦੀ ਸਜ਼ਾ ਵਜੋਂ ਨਾਰੀ ਨੂੰ ਰਬ ਤੋਂ ਸਰਾਪ ਮਿਲਿਆ, “ਮੈਂ ਤੇਰੇ ਗਰਭ ਦੀ ਪੀੜ ਬਹੁਤ ਵਧਾਵਾਂਗਾ। ਪੀੜ ਨਾਲ ਤੂੰ ਬੱਚੇ ਜਣੇਂਗੀ। ਤੇਰੇ ਪਤੀ ਵੱਲ ਤੇਰੀ ਚਾਹ ਹੋਵੇਗੀ ਅਤੇ ਉਹ ਤੇਰੇ ਉਤੇ ਹੁਕਮ ਚਲਾਵੇਗਾ।”

ਯਹੂਦੀ ਅਰਦਾਸ: “ਹੇ ਪ੍ਰਮਾਤਮਾ! ਸਾਡੇ ਤੇ ਕਿਰਪਾ ਕਰੋ। ਤੁਸੀਂ ਬ੍ਰਹਿਮੰਡ ਦੇ ਬਾਦਸ਼ਾਹ ਹੋ। ਸਾਨੂੰ ਅਗਲੇ ਜਨਮ ਵਿਚ ਔਰਤ ਨਾ ਬਨਾਉਣਾ।”

ਰੋਮਨ: ਵਸਤੂਆਂ ਦੀ ਤਰ੍ਹਾਂ ਔਰਤ ਨਿਜੀ ਸੰਪਤੀ ਸੀ। ਖਰੀਦ-ਵੇਚ ਆਮ ਸੀ। ਪਤੀ ਨੂੰ ਪਤਨੀ ਮਾਰਨ ਦਾ ਕਨੂੰਨੀ ਹੱਕ ਸੀ।

ਚੀਨ: ਪਤੀ ਨੂੰ ਸਲਾਹ, “ਆਪਣੀ ਪਤਨੀ ਦੀ ਗੱਲ ਸੁਣੋ, ਪਰ ਕੰਮ ਉਸ ਦੇ ਉਲਟ ਕਰੋ

ਰੂਸ: ਪੁਰਾਨੀ ਕਹਾਵਤ, “ਦਸ ਔਰਤਾਂ ਵਿਚ ਇੱਕ ਆਤਮਾ ਹੁੰਦੀ ਹੈ।”

ਸਪੇਨ: ਧਾਰਨਾ, “ਸਾਨੂੰ ਔਰਤਾਂ ਤੋਂ ਆਪਣਾ ਬਚਾਉ ਕਰਨਾ ਚਾਹੀਦਾ ਹੈ।”

ਇਟਲੀ: “ਜਿਵੇਂ ਘੋੜਾ ਚੰਗਾ ਹੋਵੇ ਜਾਂ ਬੁਰਾ, ਉਸ ਦੀ ਖਿਚਾਈ ਜ਼ਰੂਰੀ ਹੈ, ਉਸੇ ਤਰਾਂ ਔਰਤ ਚੰਗੀ ਹੋਵੇ ਜਾਂ ਬੁਰੀ, ਉਸਦੀ ਖਿਚਾਈ ਕੀਤੀ ਜਾਣੀ ਚਾਹੀਦੀ ਹੈ।”

ਜਪਾਨ: “ਔਰਤਾਂ ਨੂੰ ਧਰਮ ਵਿਚ ਹਿਸਾ ਲੈਣ ਦੀ ਪ੍ਰਵਾਨਗੀ ਨਹੀਂ ਹੈ।”

ਅਰਬ ਸਮਾਜ: ਲੜਕੀ ਨੂੰ ਜ਼ਿੰਦਾ ਸਾੜਨ ਦਾ ਰਿਵਾਜ ਸੀ। ਕਿਹਾ ਜਾਂਦਾ ਸੀ, “ਲੜਕੀ ਦਾ ਜਨਮ ਸਭ ਤੋਂ ਵਡੀ ਬਦਕਿਸਮਤੀ ਅਤੇ ਮੌਤ ਸਭ ਤੋਂ ਵਡੀ ਖੁਸ਼ਕਿਸਮਤੀ ਹੈ।”

ਸਮੇਂ ਨਾਲ ਬਹੁਤ ਸਾਰੀਆਂ ਔਰਤ-ਵਿਰੋਧੀ ਧਾਰਨਾਵਾਂ ਖ਼ਤਮ ਹੋ ਗਈਆਂ ਗਈਆਂ ਹਨ, ਪਰ ਕੁਝ ਕੁ ਕਿਸੇ ਨਾ ਕਿਸੇ ਰੂਪ ਵਿੱਚ ਅਜੇ ਵੀ ਚਾਲੂ ਹਨ। ਸਾਹਿਤ ਵਿਚੋਂ ਇਸਤਰੀ ਬਾਰੇ ਉਦਾਹਰਣਾਂ ।

ਇਸਤਰੀ-ਵਿਰੋਧੀ ਉਦਾਹਰਣਾਂ

Aristotle : ਇਸਤਰੀ ਬਾਰੇ ਕਥਨ, “ Erroneous & Incomplete Development”    ਇਕ ਗਲਤ ਤੇ ਅਧੂਰੀ ਬਣਤਰ.

Shakespeare: “Frailty, Thy Name is Woman”  ਕਮਜ਼ੋਰੀ, ਤੇਰਾ ਨਾਮ ਇਸਤਰੀ ਹੈ (ਹੈਮਲੈਟ).

Sigmund Freud: “ਜਿਹੜੇ ਸਵਾਲ ਦਾ ਕਦੇ ਕਿਸੇ ਨੇ ਜਵਾਬ ਨਹੀਂ ਦਿਤਾ, ਅਤੇ ਮੈਂ ਵੀ ਅਜੇ ਇਸ ਦਾ ਜਵਾਬ ਨਹੀਂ ਦੇ ਸਕਿਆ, ਭਾਵੇਂ ਮੈਨੂੰ 30 ਵਰ੍ਹੇ ਸੋਚਦਿਆਂ ਹੋ ਗਏ ਹਨ, ਉਹ ਸਵਾਲ ਹੈ ਕਿ- ਇਸਤਰੀ ਚਾਹੁੰਦੀ ਕੀ ਹੈ ?”

ਵਾਰਿਸ: “ਵਾਰਿਸ ਰੰਨ ਫਕੀਰ ਤਲਵਾਰ ਘੋੜਾ, ਚਾਰੇ ਥੋਕ ਨ ਕਿਸੇ ਦੇ ਯਾਰ ਮੀਆਂ ।” (ਹੀਰ)

ਪੀਲੂ: “ਚੜਦੇ ਮਿਰਜ਼ੇ ਖਾਨ ਨੂੰ, ਜਟ ਵੰਝਲ ਦੇਂਦਾ ਮੱਤ। ਭੱਠ ਰੰਨਾਂ ਦੀ ਦੋਸਤੀ, ਖੁਰੀ ਜਿਨ੍ਹਾਂ ਦੀ ਮੱਤ। ਉਹ ਹੱਸ ਹੱਸ ਲਾਉਂਦੀਆਂ ਯਾਰੀਆਂ, ਰੋ ਰੋ ਦਿੰਦੀਆਂ ਦੱਸ ।”          (ਮਿਰਜ਼ਾ ਸਹਿਬਾਂ)

ਕਾਦਰ ਯਾਰ: “ਮੱਖੀ ਮੱਛੀ ਇਸਤਰੀ ਤਿਨੈ ਜਾਤ ਕੁਜਾਤ ”                         (ਪੂਰਨ)

“ਹੁੰਦੇ ਆਏ ਨੀ ਰੰਨਾਂ ਦੇ ਧੁਰੋਂ ਕਾਰੇ, ਰਾਵਣ ਲੰਕਾ ਦੇ ਵਿਚ ਖੁਹਾਏ ਦਿਤਾ। ਰਾਜੇ ਭੋਜ ਤੇ ਚੜ੍ਹ ਅਸਵਾਰ ਹੋਈਆਂ, ਮਾਰ ਅੱਡੀਆਂ ਹੋਸ਼ ਭੁਲਾਇ ਦਿੱਤਾ। ਕਾਦਰ ਯਾਰ ਤ੍ਰਿਮਤਾਂ ਜਾਤ ਡਾਢੀ, ਵਡਿਆਂ ਵਡਿਆਂ ਨੂੰ ਇਨ੍ਹਾਂ ਨਿਵਾਇ ਦਿਤਾ।”      (ਪੂਰਨ)       

ਸ਼ਾਹ ਮੁਹੰਮਦ: “ਸ਼ਾਹ ਮੁਹੰਮਦਾ ਏਸ ਰਾਣੀ ਜਿੰਦ ਕੌਰਾਂ, ਸਾਰੇ ਦੇਸ਼ ਦਾ ਫਰਸ਼ ਉਠਾਇ ਦਿਤਾ ।” (ਜੰਗਨਾਮਾਂ)

ਭਗਤ ਛੱਜੂ: “ਇਸਤਰੀ ਕਾਗਜ਼ ਦੀ ਵੀ ਬਣੀ ਹੋਵੇ ਤਾਂ ਵੀ ਉਸ ਤੋਂ ਦੂਰ ਰਹੋ ।”

ਆਚਾਰੀਆ ਅਲ-ਗਜ਼ਾਲੀ: “ਔਰਤਾਂ ਤੋਂ ਰਾਇ ਲੈਣਾ ਠੀਕ ਹੈ, ਪਰੰਤੂ ਆਚਰਣ ਉਸਦੇ ਉਲਟ ਕਰਨਾ ਚਾਹੀਦਾ ਹੈ ।”

ਇਸਤਰੀਪੱਖੀ ਉਦਾਹਰਣਾਂ

ਪੋ੍. ਪੂਰਨ ਸਿੰਘ: “ਮਾਂ ਵਰਗਾ ਘਣ ਛਾਵਾਂ ਬੂਟਾ, ਮੈਨੂੰ ਨਜ਼ਰ ਨਾ ਆਏ। ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸੁਰਗ ਬਣਾਏ। ਬਾਕੀ ਕੁਲ ਦੁਨੀਆਂ ਦੇ ਬੂਟੇ, ਜੜ੍ਹ ਸੁਕਿਆਂ ਮੁਰਝਾਂਦੇ। ਐਪਰ ਫੁੱਲਾਂ ਦੇ ਮੁਰਝਾਇਆਂ, ਇਹ ਬੂਟਾ ਸੁਕ ਜਾਏ ।”  (ਸਾਵੇ ਪੱਤਰ)

ਸ਼ਿਵ ਕੁਮਾਰ ਬਟਾਲਵੀ: “ਨਾਰੀ ਨਾਂ ਹੀ ਅੰਧ ਵਿਸ਼ਵਾਸ਼ ਦਾ ਹੈ, ਸਦਾ ਅਨਿਆਂ ਵਿਚੋਂ ਜਨਮ ਲੈਂਦੀ। ਨਾਰੀ ਨਾਂ ਇਕ ਐਸੇ ਵਿਸ਼ਵਾਸ਼ ਦਾ ਹੈ, ਜਿਵੇਂ ਜ਼ਖਮਾਂ ‘ਚ ਪੀੜ ਹੈ ਘੁਲੀ ਰਹਿੰਦੀ ।”   (ਲੂਣਾ)

ਨਾਨਕ ਸਿੰਘ: “ਇਸਤਰੀ ਨੂੰ ਕਟੀ ਹੋਈ ਪਤੰਗ ਵਾਂਗ ਸਮਝਿਆ ਜਾਂਦਾ ਹੈ, ਇਸ ਦੀ ਡੋਰ ਲੁੱਟਣ ਲਈ ਹਰ ਮਰਦ ਤਿਆਰ ਬਰ ਤਿਆਰ ਹੈ ।” (ਕਟੀ ਹੋਈ ਪਤੰਗ)

ਅੰਮ੍ਰਿਤਾ ਪ੍ਰੀਤਮ: “ਨਾ-ਬਰਾਬਰੀ ਦੀ ਇਸ ਬਣਤਰ ਵਿਚ ਅਜੇ ਤੱਕ ਇਸਤਰੀ ਲਈ ਬੇਬਸੀ ਦਾ ਲਫਜ਼ ਇਹੋ ਜਿਹਾ ਏ, ਜਿਸ ਦੇ ਅਰਥ ਉਸ ਨੂੰ ਹਮੇਸ਼ਾਂ ਡਿਕਸ਼ਨਰੀ ਵਿਚ ਦੇਖਣੇ ਪੈਂਦੇ ਨੇ ।”

Abraham Lincoln : “ਜੋ ਕੁਝ ਮੈ ਹਾਂ, ਜਾਂ ਹੋਣ ਦੀ ਆਸ ਰਖਦਾ ਹਾਂ, ਆਪਣੀ ਫਰਿਸ਼ਤਿਆਂ ਵਰਗੀ ਮਾਂ ਦਾ ਸਦਕਾ ਹਾਂ ।”

ਲੈਨਿਨ: “ਜਦ ਤੱਕ ਇਸਤਰੀ ਨੂੰ ਰਸੋਈ ਦੀ ਗੁਲਾਮੀ ਤੋਂ ਅਜ਼ਾਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਸ ਦੀ ਅਜ਼ਾਦੀ ਅਧੂਰੀ ਹੈ।”

ਸਾਇਮਨ ਡੀ. ਬੀਵਾਇਰ : (Simon D. Beyer): “ਸਮਾਜ ਜਨਮ ਤੋਂ ਹੀ ਪੁਰਸ਼ ਨੂੰ ਆਪਣੀ ਰੱਖਿਆ ਤੇ ਸੁਤੰਤਰਤਾ ਲਈ ਤਿਆਰ ਕਰਨਾ ਸ਼ੁਰੂ ਕਰ ਦਿੰਦਾ ਹੈ। ਪਰ ਇਸਤਰੀ ਨੂੰ ਆਪਣੀ ਰੱਖਿਆ ਤੇ ਸੁਤੰਤਰਤਾ ਲਈ ਤਿਆਰ ਨਹੀਂ ਕੀਤਾ ਜਾਂਦਾ। ਇਸ ਲਈ ਇਸਤਰੀ ਸਦੀਵੀ ਗੁਲਾਮੀ ਤੇ ਬੇਵਿਸ਼ਵਾਸ਼ੀ ਦੀ ਜ਼ਿੰਦਗੀ ਬਤੀਤ ਕਰਦੀ ਹੈ ।”

ਨੈਪੋਲੀਅਨ (Napoleon): “ਮੈਨੂੰ ਚੰਗੀਆਂ ਮਾਵਾਂ ਦਿਓ, ਮੈਂ ਤੁਹਾਨੂੰ ਚੰਗੀ ਕੌਮ ਦਿਆਂਗਾ ।”

William Makepeace Thackeray: “ਮਾਂ ਰੱਬ ਦਾ ਹੀ ਦੂਸਰਾ ਨਾਮ ਹੈ ਜਿਹੜਾ ਛੋਟੇ-ਛੋਟੇ ਬੱਚਿਆਂ ਦੇ ਬੁੱਲਾਂ ਅਤੇ ਦਿਲਾਂ ਵਿਚੋਂ ਨਿਕਲਦਾ ਹੈ।”

ਉਪਰ ਲਿਖੀਆਂ ਉਦਾਹਰਣਾਂ ਤੋਂ ਸਾਫ਼ ਹੈ ਕਿ ਕਈ ਮਸ਼ਹੂਰ ਹਸਤੀਆਂ ਨੇ ਵੀ ਇਸਤਰੀ ਦੇ ਉਲਟ ਹੀ ਲਿਖਿਆ ਹੈ। ਪਰ ਚੰਗੇ ਲੋਕਾਂ ਦੀ ਵੀ ਕਮੀ ਨਹੀਂ।

ਇਸਤਰੀ ਅਤੇ ਗੁਰਮਤਿ

ਇਸਤਰੀ ਨੂੰ ਸਮਾਜ ਵਿਚ ਯੋਗ ਦਰਜਾ ਦਿਵਾਉਣ ਲਈ ਗੁਰਮਤਿ ਵਿਚਾਰਧਾਰਾ ਅਨੁਸਾਰ ਵਿਉਂਤਬੱਧ ਤੇ ਤਰਕਸ਼ੀਲ ਤਰੀਕੇ ਨਾਲ ਕ੍ਰਾਂਤੀਕਾਰੀ ਕਾਰਜ ਹੋਇਆ। ਇਸਤਰੀ ਪ੍ਰਤੀ ਸਤਿਕਾਰ ਦੀ ਡੂੰਘੀ ਭਾਵਨਾ ਅਤੇ ਪੁਰਸ਼ ਦੇ ਬਰਾਬਰ ਜਾਂ ਉਸ ਤੋਂ ਉਤਮ ਹੋਣ ਬਾਰੇ ਗੁਰਬਾਣੀ, ਗੁਰੂ ਸਾਹਿਬਾਨਾਂ ਅਤੇ ਸਿੱਖ ਵਿਦਵਾਨਾਂ ਦੀਆਂ ਲਿਖਤਾਂ ਵਿਚੋਂ ਕੁਝ ਉਦਾਹਰਣਾਂ ਹੇਠਾਂ ਦਿਤੀਆਂ ਹਨ।

ਗੁਰਬਾਣੀ ਵਿੱਚ ਫੁਰਮਾਨ

ਇਸਤਰੀ ਨੂੰ ਘਰ ਵਿਚ ਸੱਖ, ਸ਼ਾਂਤੀ, ਖੁਸ਼ਹਾਲੀ ਤੇ ਖੇੜਾ ਪ੍ਰਦਾਨ ਕਰਨ ਵਾਲੀ ਸੰਬੋਧਨ ਕਰ ਕੇ ਸਨਮਾਨਿਆਂ ਹੈ,

“ਨਿਜ ਭਗਤੀ ਸੀਲਵੰਤੀ ਨਾਰਿ॥ ਰੂਪਿ ਅਨੂਪ ਪੂਰੀ ਆਚਾਰਿ॥

ਜਿਤ ਗ੍ਰਿਹਿ ਵਸੈ ਸੋਭਾਵੰਤਾ॥ ਗੁਰਮੁਖਿ ਪਾਈ ਕਿਨੈ ਵਿਰਲੈ ਜੰਤਾ ॥”        (ਅੰਗ 370)

“ਬਤੀਹ ਸੁਲਖਣੀ ਸਚੁ ਸੰਤਤਿ ਪੂਤ॥ ਆਗਿਆਕਾਰੀ ਸੁਘੜ ਸਰੂਪ॥

 ਇਛ ਪੂਰੇ ਮਨ ਕੰਤ ਸੁਆਮੀ॥ ਸਗਲ ਸੰਤੋਖੀ ਦੇਰ ਜਠਾਨੀ॥

ਸਭ ਪਰਵਾਰੈ ਮਾਹਿ ਸਰੇਸਟ॥ ਮਤੀ ਦੇਵੀ ਦੇਵਰ ਜੇਸਟ॥

ਧੰਨੁ ਸੁ ਗ੍ਰਿਹੁ ਜਿਤ ਪ੍ਰਗਟੀ ਅਇ॥ ਜਨ ਨਾਨਕ ਸੁਖੇ ਸੁਖਿ ਵਿਹਾਇ ॥”       (ਅੰਗ 371)

ਗੁਰੂਆਂ, ਪੀਰਾਂ, ਰਾਜਿਆਂ, ਯੋਧਿਆਂ, ਵਿਦਵਾਨਾਂ ਨੂੰ ਜਨਮ ਦੇਣ ਵਾਲੀ ਇਸਤਰੀ ਨੀਵੀਂ ਕਿਵੇਂ ਹੋ ਸਕਦੀ ਹੈ,

“ਭੰਡਿ ਜੰਮੀਐ ਭੰਡ ਨਿੰਮੀਐ ਭੰਡਿ ਮੰਗਣੁ ਵੀਆਹ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹ॥

 ਭੰਡ ਮੁਆ ਭੰਡਿ ਭਾਲੀਐ ਭੰਡਿ ਹੋਵੈ ਬੰਧਾਨ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥

 ਭੰਡਹੁ ਹੀ ਭੰਡੁ ਉਪਜੈ ਭੰਡੈ ਬਾਝੁ ਨ ਕੋਇ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ II (ਅੰਗ 473)

ਸਭ ਜੀਵ-ਆਤਮਾਵਾਂ (ਇਸਤਰੀ ਤੇ ਪੁਰਸ਼) ਬਰਾਬਰ ਹਨ, ਸਭ ਦਾ ਇਕੋ ਖ਼ਸਮ ਪ੍ਰਮਾਤਮਾ ਹੈ ॥

“ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥    (ਅੰਗ 591)

“ਪੁਰਖ ਮਹਿ ਨਾਰ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥”   (ਅੰਗ 879)

ਮਰਦ ਦਾ ਇਸਤਰੀ ਦੀ ਕੁੱਖ ਤੋਂ ਜਨਮ ਲੈਣਾ ਪ੍ਰਮਾਣ ਹੈ ਕਿ ਇਸਤਰੀ ਮਰਦ ਦੀ ਪਸਲੀ ਤੋਂ ਨਹੀਂ ਜਨਮੀ,

“ਨਾਰ ਪੁਰਖ ਨਹੀ ਜਾਤ ਨਾਂ ਜਨਮਾਂ ਨਾਂ ਕੋ ਦੁਖ ਸੁਖ ਪਾਇਦਾ ॥”  (ਅੰਗ 1035)

“ਗ੍ਰਹਿਸਥ ਉਤਮ ਪੰਥ” ਬਾਰੇ ਫ਼ੁਰਮਾਨ ਹੈ,

“ਵਿਚੇ ਗ੍ਰਿਹ ਸਦਾ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹੇ ॥”      (ਅੰਗ 1070)

“ਨਾਨਕ ਸਤਿਗੁਰ ਭੇਟੀਐ ਪੂਰੀ ਹੋਵੈ ਜੁਗਤਿ॥  

ਹਸੰਦਿਆ ਕੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥”  (ਅੰਗ 522)

ਗ੍ਰਹਿਸਥ ਤੋਂ ਭੱਜਣ ਵਾਲਿਆਂ ਬਾਰੇ ਫ਼ੁਰਮਾਨ,

“ਹਾਥ ਕਮੰਡਲ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ॥

 ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ ॥”  (ਅੰਗ 1013)

ਪਤੀ-ਪਤਨੀ ਏਕ-ਜੋਤ ਹਨ,

“ਧਨ ਪਿਰ ਇਹ ਨ ਆਖਿਅਨ ਬਹਿ ਇਕਠੇ ਹੋਇ॥

ਏਕ ਜੋਤਿ ਦੋਇ ਮੂਰਤੀ ਧਨ ਪਿਰ ਕਹੀਐ ਹੋਇ ॥”  (ਅੰਗ 788)

ਵਿਆਹ ਸਮੇਂ ਲੜਕੀ ਵਾਲਿਆਂ ਤੋਂ ਦਾਜ ਲੈਣ ਦੀ ਨਿੰਦਾ,

“ਸਸੈ ਸੰਜਮੁ ਗਇਓ ਮੂੜੇ ਏਕੁ ਦਾਨ ਤੁਧੁ ਕੁਥਾਇ ਲਇਆ॥

ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ ਏਤ ਧਾਨਿ ਖਾਧੈ ਤੇਰਾ ਜਨਮੁ ਗਇਆ” (ਅੰਗ 435)

ਅਸਲ ਦਾਜ (ਹਰੀ-ਨਾਮ) ਬਾਰੇ ਗੁਰਬਾਣੀ ਸਿਖਿਆ,

“ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ॥

ਹਰਿ ਕਪੜੋ ਹਰਿ ਸੋਭਾ ਦੇਵਹੁ ਸਵਰੈ ਮੇਰਾ ਕਾਜੋ।

ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨ ਦਿਵਾਇਆ॥

ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨ ਨ ਰਲੈ ਰਲਾਇਆ॥

ਹੋਰਿ ਮਨਮੁਖ ਦਾਜ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰ ਕਚੁ ਪਾਜੋ॥

ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਮੈ ਦਾਜੋ ॥” (ਅੰਗ 78)

ਪੁਰਸ਼ਾਂ ਨੂੰ ਗ੍ਰਹਿਸਥ ਦੇ ਬਾਹਰ ਸਰੀਰਕ ਸਬੰਧਾਂ ਬਾਰੇ ਚਿਤਾਵਣੀ,

“ਹਾਥ ਕਮੰਡਲ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ॥

ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ ॥”   (ਅੰਗ 1013)

“ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥”     (ਅੰਗ 274)

“ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ॥

ਸੰਨੀ ਦੇਨਿ ਵਿਖੰਮ ਥਾਇ ਮਿਠਾ ਮਦੁ ਮਾਣੀ॥

 ਕਰਮੀ ਆਪੋ ਆਪਣੀ ਆਪੇ ਪਛੁਤਾਣੀ॥

ਅਜਰਾਈਲ ਫਰੇਸਤਾ ਤਿਲ ਪੀੜੇ ਘਾਣੀ ॥”  (ਅੰਗ 315)

“ਜੈਸਾ ਸੰਗ ਬਿਸਿਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ ॥”  (ਅੰਗ 403)

ਕੰਨਿਆਂ ਮਾਰਨਾ ਮਹਾਂ-ਪਾਪ ਹੈ,

“ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ॥

ਫਿਟਕੁ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨ ॥”  (ਅੰਗ 1413)

ਪੁਰਾਤਨ ਰਹਿਤਨਾਮੇ ਅਨੁਸਾਰ,

“ਕੁੜੀ ਮਾਰ ਆਦਿਕ ਹੈ ਜੇਤੇ। ਮਨ ਤੇ ਦੂਰ ਤਿਆਗੋ ਤੇਤੇ ।”

ਸਤੀ-ਪ੍ਰਥਾ ਦੀ ਨਿਖੇਧੀ,

ਅਸਲ ‘ਸਤੀ’ ਉਹ ਹੈ ਜੋ ਪਤੀ ਤੋਂ ਬਾਦ ਸੀਲ-ਸੰਤੋਖ ਵਿਚ ਰਹੇ-

“ਸਤੀਆਂ ਏਹਿ ਨ ਆਂਖਿਅਨ ਜੋ ਮੜਿਆ ਲਗਿ ਜਲੰਨਿ॥

ਨਾਨਕ ਸਤੀਆ ਜਾਣਿਅਨਿ ਜਿ ਬਿਰਹੇ ਚੋਟ ਮਰੰਨਿ॥

ਭੀ ਸੋ ਸਤੀਆ ਜਾਣਿਅਨਿ ਸੀਲ ਸੰਤੋਖਿ ਰਹੰਨਿ॥

ਸੇਵਨਿ ਸਾਈ ਆਪਣਾ ਨਿਤ ਉਠਿ ਸੰਮਾਲੰਨਿ॥”  (ਅੰਗ 787)

ਗੁਰੂ ਸਾਹਿਬਾਨਾਂ ਦੇ ਹੋਰ ਉਪਰਾਲੇ

ਜਨੇਊ ਦੀ ਰਸਮ ਵੇਲੇ (ਬਾਲ) ਗੁਰੂ ਨਾਨਕ ਜੀ ਨੇ ਪੰਡਿਤ ਤੋਂ ਪੁੱਛਿਆ ਕਿ ਭੈਣ ਨਾਨਕੀ ਜੀ ਦੇ ਜਨੇਊ ਕਿਉਂ ਨਹੀਂ ਪਾਇਆ।

ਗੁਰੂ ਅੰਗਦ ਦੇਵ ਜੀ ਨੇ ਸਤੀ ਦੀ ਪ੍ਰਥਾ ਬੰਦ ਕਰਨ ਅਤੇ ਵਿਧਵਾ-ਵਿਆਹ ਬਾਰੇ ਅਕਬਰ ਬਾਦਸ਼ਾਹ ਤੋਂ ਕਨੂੰਨ ਬਣਵਾਏ। ਮਾਤਾ ਖੀਵੀ ਜੀ ਨੂੰ ਲੰਗਰ ਦੀ ਸੇਵਾ ਦੇ ਇੰਚਾਰਜ ਬਣਾਇਆ।   ਸਿੱਖੀ-ਪ੍ਰਚਾਰ ਲਈ ਬੀਬੀਆਂ ਨੂੰ ਵੀ ‘ਮੰਜੀਆਂ’ ਸੌਂਪੀਆਂ।

ਗੁਰੂ ਅਮਰਦਾਸ ਜੀ ਦੇ ਦਰਬਾਰ ਵਿਚ ਇਸਤਰੀਆਂ ਨੂੰ ਪਰਦਾ ਕਰਨ ਦੀ ਮਨਾਹੀ ਸੀ।

ਗੁਰੂ ਰਾਮਦਾਸ ਜੀ ਵੇਲੇ ਸਿੱਖੀ-ਪ੍ਰਚਾਰਕਾਂ ਵਿਚ 94 ਪੁਰਸ਼ ਤੇ 52 ਇਸਤਰੀਆਂ ਸਨ।

ਗੁਰੂ ਹਰਗੋਬਿੰਦ ਜੀ ਵਲੋਂ ਗ੍ਰਹਿਸਥ ਬਾਰੇ ਫ਼ੁਰਮਾਨ, “ਇਸਤਰੀ ਈਮਾਨ ਹੈ, ਦੌਲਤ ਗੁਜਰਾਨ ਹੈ, ਪੁਤਰ ਨਿਸ਼ਾਨ ਹੈ।”

ਗੁਰੂ ਹਰਿਕ੍ਰਿਸ਼ਨ ਜੀ ਵਲੋਂ ‘ਕੁੜੀ ਮਾਰ’ ਨੂੰ ਸੰਗਤ ਵਿੱਚ ਜੁੜਨ ਦੀ ਮਨਾਹੀ ਸੀ।

ਗੁਰੂ ਗੋਬਿੰਦ ਸਿੱਘ ਜੀ: ਦਸਮ ਗ੍ਰੰਥ ਵਿਚ ਫੁਰਮਾਨ,

 “ਨਿਜ ਨਾਰੀ ਸੰਗਿ ਨੇਹੁ ਤੁਮ ਨਿਤ ਬਢਈਓ। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂ ਨ ਜਾਈਓ।”

 ਖਾਲਸਾ ਸਿਰਜਨਾ ਦੇ ਅੰਮ੍ਰਿਤ-ਸੰਚਾਰ ਵੇਲੇ ਮਾਤਾ ਗੁਜਰੀ ਜੀ ਤੋਂ ਪਤਾਸੇ ਪਵਾ ਕੇ ਅੰਮ੍ਰਿਤ ਨੂੰ ਅਦੁੱਤੀ ਬਣਾ ਦਿੱਤਾ। ਮਾਤਾ ਸਾਹਿਬ ਕੌਰ ਨੂੰ ‘ਖਾਲਸੇ ਦੀ ਮਾਤਾ’ ਦਾ ਰੁਤਬਾ ਦਿਤਾI  ਮਾਈ ਭਾਗ ਕੌਰ ਦੇ ਸਿਰ ਆਪ ਦਸਤਾਰ ਸਜਾਈ। ਇਸਤਰੀਆਂ ਨੂੰ “ਕੌਰ” (ਰਾਜਕੁਮਾਰੀ, ਸ਼ੇਰਨੀ) ਨਾਮ ਨਾਲ ਸਨਮਾਨ ਬਖਸ਼ਿਆ। ‘ਚੰਡੀ ਦੀ ਵਾਰ’ ਵਿਚ ਇਸਤਰੀ ਨੂੰ ਵੱਡੇ ਵੱਡੇ ਰਾਖਸ਼ਾਂ ਨੂੰ ਮਾਰਨ ਵਾਲੀ ਬਹਾਦਰ ਨਾਇਕਾ ਕਹਿਕੇ ਸਨਮਾਨ ਦਿਤਾ।

ਖਾਲਸੇ ਵਲੋਂ ਉਪਰਾਲੇ

ਸਾਹਿਬਜ਼ਾਦਾ ਅਜੀਤ ਸਿੰਘ ਨੇ 14 ਸਾਲ ਦੀ ਉਮਰ ਵਿਚ ਪੰਡਤ ਦੇਵ ਦਾਸ ਦੀ ਬੇਟੀ ਨੂੰ ਮੁਗਲਾਂ ਹਥੋਂ ਛੁਡਾਇਆ। ਖਾਲਸੇ ਨੇ ਜੰਗਾਂ ਜਿਤਣ ਬਾਦ ਵਿਰੋਧੀਆਂ ਦੀਆਂ ਔਰਤਾਂ ਦਾ ਪੂਰਾ ਸਤਿਕਾਰ ਕੀਤਾ। ਹਜ਼ਾਰਾਂ ਮਜ਼ਲੂਮ ਇਸਤਰੀਆਂ ਨੂੰ ਹਮਲਾਵਰਾਂ ਤੋਂ ਛੁਡਾ ਕੇ ਘਰੋ-ਘਰੀਂ ਪਹੁੰਚਾਇਆ।

ਅਕਾਲ ਤਖਤ ਤੋਂ ਭਰੂਣ ਹੱਤਿਆ ਵਿਰੁਧ ਹੁਕਮਨਾਮਾ ਜਾਰੀ ਹੋਇਆ ਸੀ।

ਸਿੱਖ ਵਿਦਵਾਨਾਂ ਦੇ ਵਿਚਾਰ

ਭਾਈ ਗੁਰਦਾਸ ਜੀ, ਗ੍ਰਹਿਸਥ-ਧਰਮ ਦੀ ਉੱਚਤਾ ‘ਤੇ ਗ੍ਰਹਿਸਥ ਤਿਆਗਣ ਵਾਲੇ ਜੋਗੀਆਂ ਤੇ ਸੰਨਿਆਸੀਆਂ ਬਾਰੇ ਫੁਰਮਾਨ ਕਰਦੇ ਹਨ,

“ਹੋਇ ਅਤੀਤੁ ਗ੍ਰਿਹਸਥ ਤਜਿ ਫਿਰਿ ਉਨਹੁ ਕੈ ਘਰਿ ਮੰਗਣਿ ਜਾਈ ।” (ਵਾਰ 1, ਪਉੜੀ 40)

ਮਨੁਖ ਦੀ ਮੁਕਤੀ ਪਤੀਬ੍ਰਤਾ ਇਸਤਰੀ ਦੇ ਸੰਗ ਕਰਕੇ ਹੀ ਹੁੰਦੀ ਹੈ,

 “ਲੋਕ ਵੇਦ ਗੁਣੁ ਗਿਆਨ ਅਰਧ ਸਰੀਰੀ ਮੋਖ ਦੁਆਰੀ ।”               (ਵਾਰ 5, ਪਉੜੀ 16)

ਇਸਤਰੀ ਦਾ ਸਤਿਕਾਰ ਜ਼ਰੂਰੀ, ਪਰਾਈ ਇਸਤਰੀ ਵਲ ਮਾੜੀ ਨਜ਼ਰ ਤੋਂ ਮਨ੍ਹਾਂ ਕੀਤਾ,

“ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ।”                      (ਵਾਰ 29, ਪਉੜੀ 11)

“ਏਕਾ ਨਾਰੀ ਜਤੀ ਹੋਇ, ਪਰ ਨਾਰੀ ਧੀ ਭੈਣ ਵਖਾਣੈ।”                         (ਵਾਰ 6, ਪਉੜੀ 8)

“ਧ੍ਰਿਗੁ ਲੋਇਣਿ ਗੁਰ ਦਰਸ ਵਿਣੁ ਵੇਖੈ ਪਰ ਤਰਣੀ।”                        (ਵਾਰ 27, ਪਉੜੀ 10)

ਭਾਈ ਨੰਦ ਲਾਲ ਜੀ ਦਸਮ ਪਾਤਿਸ਼ਾਹ ਦੀਆਂ ਹਦਾਇਤਾਂ ਬਾਰੇ ਲਿਖਦੇ ਹਨ,

“ਮਾਇ ਭੈਣ ਜੇ ਆਵੈ ਸੰਗਤਿ। ਦ੍ਰਿਸਟਿ ਬੁਰੀ ਦੇਖੈ ਤਿਸੁ ਪੰਗਤਿ।

 ਸਿਖ ਹੋਇ ਜੋ ਕਰੇ ਕਰੋਧ। ਕੰਨਿਆ ਮੂਲ ਨ ਦੇਵੈ ਸੋਧ।

ਧੀਅ ਭੈਣ ਕਾ ਪੈਸਾ ਖਾਇ ਗੋਬਿੰਦ ਸਿੰਘ ਧੱਕੇ ਯਮ ਖਾਇ।”

“ਪਰ ਇਸਤਰੀ ਸਿਉ ਨੇਹੁ ਲਗਾਵਹਿ। ਗੋਬਿੰਦ ਸਿੰਘ ਵਹੁ ਸਿਖ ਨ ਭਾਵਹਿ।”

ਭਾਈ ਦੇਸਾ ਸਿੰਘ ਜੀ,

“ਪਰ ਨਾਰੀ ਜੂਆ ਅਸਤ ਚੋਰੀ ਮਦਰਾ ਜਾਨ। ਪੰਚ ਐਬ ਯੇ ਜਗਤ ਮੇਂ ਤਜੈ ਸੁ ਸਿੰਘ ਸੁਜਾਨ ।”

ਸਿੱਖ ਇਸਤਰੀਆਂ ਦਾ ਇਤਿਹਾਸਕ ਯੋਗਦਾਨ

ਬੇਬੇ ਨਾਨਕੀ ਜੀ ਨੇ ਆਪਣੇ ਛੋਟੇ ਵੀਰ ਗੁਰੂ ਨਾਨਕ ਦੇਵ ਜੀ ਦੀ ਸਹੀ ਪਹਿਚਾਣ ਕਰਕੇ ਉਨ੍ਹਾਂ ਬਾਰੇ ਸੰਸਾਰ ਨੂੰ ਸਮਝਾਇਆ। ਉਦਾਸੀਆਂ ਵੇਲੇ ਗੁਰੂ ਜੀ ਦੇ ਪਰਿਵਾਰ ਦੀ ਸੰਭਾਲ ਕੀਤੀ। ਉਨ੍ਹਾਂ ਨੂੰ ਪਹਿਲੇ ਸਿੱਖ ਵਜੋਂ ਜਾਣਿਆ ਜਾਂਦਾ ਹੈ।

ਮਾਤਾ ਖੀਵੀ ਜੀ (ਗੁਰੂ ਅੰਗਦ ਜੀ ਦੀ ਸੁਪਤਨੀ) ਦੀ ਯੋਗਤਾ ਤੇ ਲੰਗਰ ਦੀ ਸਫ਼ਲਤਾ ਬਾਰੇ ਫੁਰਮਾਨ ਹੈ,

“ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤ੍ਰਾਲੀ॥ ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰ ਘਿਆਲੀ॥”                                   (ਅੰਗ 967)

ਬੀਬੀ ਭਾਨੀ ਜੀ (ਗੁਰੂ ਰਾਮਦਾਸ ਜੀ ਦੀ ਸੁਪਤਨੀ ਅਤੇ ਗੁਰੂ ਅਰਜਨ ਦੇਵ ਜੀ ਦੀ ਮਾਤਾ) ਨੇ ਪਿਤਾ-ਗੁਰੂ  ਅਮਰਦਾਸ ਜੀ ਦੀ ਅਣਥੱਕ ਸੇਵਾ ਕੀਤੀ। ਗੁਰਗੱਦੀ ਪ੍ਰਵਾਰ ਵਿਚ ਆਉਣ ਤੋਂ ਬਾਦ ਵੀ ਸਿੱਖੀ ਦੀ ਅਣਥੱਕ ਸੇਵਾ ਕਰਦੇ ਰਹੇ।

ਮਾਤਾ ਗੁਜਰ ਕੌਰ (ਗੁਜਰੀ) ਜੀ (ਗੁਰੂ ਤੇਗ ਬਹਾਦਰ ਜੀ ਦੀ ਸੁਪਤਨੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ) ਨੇ ਪਵਿੱਤਰ ਅੰਮ੍ਰਿਤ ਵਿਚ ਪਤਾਸੇ ਪਾ ਕੇ ਖਾਲਸਾ ਪੰਥ ਵਿਚ ਨਿਮਰਤਾ ਤੇ ਮਿਠਾਸ ਭਰ ਦਿਤੀ। ਕੁਰਬਾਨੀ ਦੇ ਪੁੰਜ ਸਨ ਉਹ। ਮੁਸ਼ਕਲਾਂ ਦਾ ਡਟ ਕੇ ਮੁਕਾਬਲਾ ਕੀਤਾ। ਆਪਣੇ ਪਤੀ ਅਤੇ ਪੋਤਰੇ ਵਾਰਣ ਤੋਂ ਬਾਦ ਉਹ ਪਹਿਲੀ ਸ਼ਹੀਦ ਸਿੱਖ ਇਸਤਰੀ ਬਣੇ। ਮਾਤਾ ਅਜੀਤ ਕੌਰ (ਜੀਤੋ) ਜੀ (ਗੁਰੂ ਗੋਬਿੰਦ ਸਿੰਘ ਜੀ ਦੀ ਸੁਪਤਨੀ) ਨੇ ਦਸਵੇਂ ਪਾਤਿਸ਼ਾਹ ਤੋਂ ਬਾਦ ਸਿੱਖ ਫ਼ੌਜ ਦੀ ਅਗਵਾਈ ਕੀਤੀ।

ਮਾਈ ਭਾਗ ਕੌਰ (ਭਾਗੋ) ਜੀ ਨੇ ਬੇਦਾਵੀਆਂ ਅਤੇ ਹੋਰ ਸਿੰਘਾਂ ਨੂੰ ਜਥੇਬੰਦ ਕਰਕੇ ਤੇ ਮੁੜ ਗੁਰੂ ਜੀ ਦੇ ਲੜ ਲਵਾ ਕੇ 40 ਮੁਕਤਿਆਂ ਦਾ ਵਰਦਾਨ ਦਵਾਇਆ। ਜੰਗਾਂ ਵਿਚ ਹਿਸਾ ਲੈ ਕੇ ਪਹਿਲੀ ਔਰਤ ਜਥੇਦਾਰ ਹੋਣ ਦਾ ਮਾਨ ਪਰਾਪਤ ਕੀਤਾ। ਮੁਕਤਸਰ ਸਾਹਿਬ ਦੇ ਜੰਗ ਤੋਂ ਬਾਦ ਵੀ ਗੁਰੂ ਜੀ ਦੀ ਸੇਵਾ ਵਿਚ ਰਹੇ। ਕਿਹਾ ਜਾਂਦਾ ਹੈ ਕਿ ਮਾਤਾ ਭਾਗ ਕੌਰ ਗੁਰੂ ਗੋਬਿੰਦ ਸਿੰਘ ਜੀ ਦੀ ਮੁਖ ਅੰਗ-ਰਖਿਅਕ ਸੀ। ਗੁਰੂ ਜੀ ਨੇ ਆਪ ਉਨ੍ਹਾਂ ਦੇ ਸਿਰ ਤੇ ਦਸਤਾਰ ਸਜਾ ਕੇ ਮਾਣ ਬਖਸ਼ਿਆ।

ਅਣਗਿਣਤ ਸਿੱਖ ਬੀਬੀਆਂ ਨੇ ਸਖ਼ਤ ਕੈਦ ਕੱਟੀ, ਚੱਕੀਆਂ ਪੀਸੀਆਂ ਅਤੇ ਸ਼ਹੀਦ ਹੋਈਆਂ।

ਅਨੇਕਾਂ ਸਿੱਖ ਮਾਵਾਂ ਨੇ ਜੇਹਲਾਂ ਵਿਚ ਆਪਣੇ ਬੱਚਿਆਂ ਦੇ ਟੁਕੜਿਆਂ ਦੇ ਹਾਰ ਗਲਾਂ ਵਿਚ ਪਵਾਏ, ਪਰ ਸਿਦਕ ਨਹੀਂ ਹਾਰਿਆ।

 ਔਰਤਵਿਰੋਧੀ ਵਰਤਮਾਨ ਸਮਾਜਿਕ ਬੁਰਾਈਆਂ

ਇਸਤਰੀਆਂ ਪੜ੍ਹਾਈ ਤੇ ਮਿਹਨਤ ਕਰ ਕੇ ਅੱਗੇ ਨਿਕਲ ਰਹੀਆਂ ਹਨ। ਪਰ ਸਮਾਜ ਦਾ ਕੁਝ ਹਿੱਸਾ, ਸਿੱਧੇ ਜਾਂ ਅਸਿੱਧੇ ਤੌਰ ਤੇ, ਇਸਤਰੀਆਂ ਨੂੰ ਪੂਰਨ ਬਰਾਬਰੀ ਦੇਣ ਲਈ ਸਹਿਮਤ ਨਹੀਂ। ਇਸਤਰੀ ਕਲਾਕਾਰ ਨੂੰ ਜ਼ਲੀਲ ਕਰਨ ਲਈ ਅਸ਼ਲੀਲ ਫਿਲਮਾਂ, ਗੀਤਾਂ ਅਤੇ ਵਿਚਾਰਾਂ ਰਾਹੀਂ ਖੇਡਣ ਤੇ ਮਨੋਰੰਜਨ ਦੀ ਚੀਜ਼ ਬਣਾ ਕੇ ਉਸਦੀ ਇਜ਼ਤ ਨੂੰ ਰੋਲਿਆ ਜਾਂਦਾ ਹੈ।

ਇਸਤਰੀਆਂ ਦੇ ਬਲਾਤਕਾਰ ਤੇ ਹਤਿਆਵਾਂ ਦੇ ਕੇਸ ਅਕਸਰ ਸਾਹਮਣੇ ਆਉਂਦੇ ਹਨ। ਦਾਜ ਨੂੰ ਰੋਕਣ ਲਈ ਕਨੂੰਨ ਹੈ, ਪਰ ਉਸਤੇ ਅਮਲ ਬਹੁਤ ਘੱਟ ਹੈ। ਇਕੋ ਜਿਹੇ ਕੰਮ ਲਈ ਕਈ ਵਾਰ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਘੱਟ ਉਜਰਤ ਦਿਤੀ ਜਾਂਦੀ ਹੈ। ਸਮਾਜ, ਕਨੂੰਨ ਤੇ ਰਾਜਨੀਤਕ ਲੋਕ ਸਖਤ ਵਿਰੋਧ ਨਾ ਕਰਕੇ ਮੂਕ ਪ੍ਰਵਾਨਗੀ ਦਿੰਦੇ ਆ ਰਹੇ ਹਨ।

ਭਰੂਣ ਹੱਤਿਆ ਤੇ ਧੀ ਮਾਰਨ ਵਰਗੇ ਕੁਕਰਮਾਂ ਦੀ ਇਕ ਜੜ੍ਹ ਹਮਲਾਵਰਾਂ, ਲਾਲਚੀ ਰਾਜ-ਸੱਤਾ ਵਾਲਿਆਂ ਅਤੇ ਸਮਾਜ ਵਿਚਲੇ ਗ਼ਲਤ ਪੁਰਸ਼ਾਂ ਵਲੋਂ ਇਸਤਰੀਆਂ ਦੇ ਅਪਹਰਣ ਤੇ ਸ਼ੋਸ਼ਣ ਦੇ ਡਰ ਕਰਕੇ ਮਾਵਾਂ, ਪਤਨੀਆਂ, ਭੈਣਾਂ, ਧੀਆਂ ਦੀ ਅਸੁਰੱਖਿਅਤਾ ਦੀ ਭਾਵਨਾ ਨਾਲ ਜੁੜਦੀ ਹੈ। ਦੂਸਰੀ ਜੜ੍ਹ ਦਾਜ ਵਰਗੀ ਲਾਹਣਤ ਨਾਲ ਜੁੜਦੀ ਹੈ।

ਸਾਡੇ ਖਿਆਲ ਅਨੁਸਾਰ, ਅਚੱਲ ਜਾਇਦਾਦ (ਜ਼ਮੀਨ ਜਾਂ ਮਕਾਨ) ‘ਚ ਧੀ ਦਾ ਹਿੱਸਾ ਉਸ ਦੇ ਸਹੁਰੇ ਭੇਜਣਾ ਸੰਭਵ ਨਹੀਂ ਸੀ। ਹੋ ਸਕਦਾ ਹੈ ਕਿ ਇਸ ਕਰਕੇ ਆਰੀਅਨ ਸਮਾਜ ਨੇ ਇਸਤਰੀ ਨੂੰ ਵਿਆਹ ਵੇਲੇ ਦਾਜ ‘ਤੇ ਬਾਅਦ ਵਿੱਚ ਹੋਰ ਤੋਹਫਿਆਂ ਰਾਹੀਂ ਜਾਇਦਾਦ ਵਿਚੋਂ ਹਿਸਾ ਜਾਂ ਮੁਆਵਜ਼ਾ  ਦੇਣ ਦਾ ਇਹ ਤਰੀਕਾ ਸੋਚਿਆ ਹੋਵੇ। ਇਸ ਲਈ ਘਰ ਵਿਚ ਵਰਤਣ ਵਾਲਾ ਸਮਾਨ, ਗਹਿਣੇ, ਮਾਲ ਡੰਗਰ, ਜਿਨਸ, ਧਨ, ਅਤੇ ਹੋਰ ਤੋਹਫੇ ਆਦਿ ਦੇ ਕੇ ਮਾਪੇ ‘ਧੀ ਦਾ ਹਿੱਸਾ’ ਚੁਕਾ ਦਿੰਦੇ ਸਨ ਅਤੇ ਆਪਣੇ ਆਪ ਨੂੰ ਸੁਰਖ਼ਰੂ ਹੋਇਆ ਸਮਝਦੇ ਸਨ। ਇਸ ਨਾਲ ਨਵੀਂ ਗ੍ਰਹਿਸਥੀ ਲਈ ਆਮਦਨ ਦਾ ਸਾਧਨ ਲੜਕੇ ਵਲੋਂ ਤੇ ਜ਼ਰੂਰੀ ਸਮਾਨ ਲੜਕੀ ਵਲੋਂ ਹੋ ਜਾਂਦਾ ਸੀ।

ਸਮੇਂ ਨਾਲ ਕੁਝ ਲੋਕਾਂ ਦੇ ਘੋਰ ਲਾਲਚ ਕਾਰਨ ਦਾਜ ਦੀ ਪ੍ਰਥਾ ਵਿਚ ਡੂੰਘਾ ਨਿਘਾਰ ਆਉਂਦਾ ਗਿਆ। ਜਿਵੇਂ ਕਿ ਰਿਸ਼ਤੇ ਨਾਲੋਂ ਧਨ-ਵਸਤ ਨੂੰ ਪਹਿਲ, ਮੁੰਡੇ ਵਾਲਿਆਂ ਵਲੋਂ ਬੇਸ਼ਰਮੀ ਭਰੀਆਂ ਨਜਾਇਜ਼ ਮੰਗਾਂ, ਬਹੁਤ ਹੀ ਖਰਚੀਲੇ ਵਿਆਹ, ਦਿਖਾਵਾ, ਆਦਿ। ਪੜ੍ਹੀਆਂ-ਲਿਖੀਆਂ ਅਤੇ ਕਮਾਊ ਧੀਆਂ ਦੇ ਵਿਆਹ ਕਰਨੇ ਵੀ ਆਮ ਲੋਕਾਂ ਲਈ ਔਖੇ ਹੋ ਗਏ। ਧੀ ਨੂੰ ਸੁਖੀ ਦੇਖਣ ਲਈ ਲੋਕਾਂ ਨੇ ਜ਼ਮੀਨਾਂ ਵੇਚ ਕੇ ਅਤੇ ਕਰਜ਼ੇ ਚੁੱਕ ਕੇ ਮੁੰਡੇ ਵਾਲਿਆਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ। ਪਰ ਕਈ ਵਾਰ ਦੇਖਿਆ ਗਿਆ ਕਿ ਮੁੰਡੇ ਵਾਲਿਆਂ ਦੀ ਭੁੱਖ ਹੋਰ ਵਧਦੀ ਗਈ ਤੇ ਧੀ ਫਿਰ ਵੀ ਸੁਖੀ ਨਾ ਵੱਸ ਸਕੀ। ਬੜੀਆਂ ਕੁੜੀਆਂ ਨੂੰ ਦਾਜ ਦੀ ਬਲੀ ਚੜ੍ਹਨਾ ਪਿਆ। ਇਨ੍ਹਾਂ ਕਾਰਨਾਂ ਕਰਕੇ ਧੀ ਮਾਪਿਆਂ ਲਈ ਬੋਝ ਲਗਣ ਲਗੀ ਅਤੇ ਕੁਝ ਮਜਬੂਰ ਮਾਪੇ ਭਰੂਣ-ਹੱਤਿਆ ਤੇ ਜੰਮਦੀ ਧੀ ਮਾਰਨ ਜਿਹੇ ਘਿਨਾਉਣੇ ਅਪਰਾਧਾਂ ਵਲ ਖਿੱਚੇ ਗਏ।

ਸਿਧਾਂਤਿਕ ਤੌਰ ਤੇ ਔਰਤ ਦਾ ਸਤਿਕਾਰ ਕਰਨ ਵਾਲਾ ਅਤੇ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਦਾ ਹੋਕਾ ਦੇਣ ਵਾਲਾ ਸਿੱਖ ਪੰਥ ਵੀ ਅਜਿਹੇ ਅਪਰਾਧਾਂ ਤੋਂ ਬਚ ਨਹੀਂ ਸਕਿਆ। ਬਹੁਤੀ ਵਾਰ ਦੇਖਿਆ ਗਿਆ ਕਿ ਅਜੇਹੇ ਮਾਮਲਿਆਂ ਵਿੱਚ ਇਸਤਰੀ ਹੀ ਇਸਤਰੀ ਦੀ ਦੁਸ਼ਮਨ ਬਣਦੀ ਰਹੀ ਹੈ। ਟੈਸਟ ਕੇਂਦਰਾਂ ਦੀ ਭਰਮਾਰ ਅਤੇ ਲਾਲਚ ਨੇ ਇਸ ਮਨੁਖਤਾ-ਵਿਰੋਧੀ ਕੁਕਰਮ ਨੂੰ ਵਧਾਉਣ ਵਿੱਚ ਸ਼ਰਮਨਾਕ ਰੋਲ ਅਦਾ ਕੀਤਾ। ਸਿੱਟੇ ਵਜੋਂ ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਦੀ ਗਿਣਤੀ ਕਾਫੀ ਘਟ ਗਈ ਹੈ, ਖਾਸ ਕਰਕੇ ਪੰਜਾਬ ਵਿੱਚ। ਲੰਿਗ-ਸੰਤੁਲਨ ਵਿਚ ਵਿਘਣ ਪੈਣ ਕਾਰਨ ਕਈ ਸਮਾਜਿਕ ਮੁਸ਼ਕਲਾਂ ਪੈਦਾ ਹੋਈਆਂ ਜਾਂ ਵਧ ਗਈਆਂ ਹਨ।

ਦਾਜ ਦੀ ਲਾਹਣਤ, ਗੈਰ-ਕਨੂੰਨੀ ਲੰਿਗ ਟੈਸਟ ਅਤੇ ਭਰੂਣ-ਹਤਿਆ ਨੂੰ ਰੋਕਣ ਲਈ ਕਨੂੰਨ ਤਾਂ ਬਣਾਏ ਗਏ ਹਨ, ਪਰ ਉਨ੍ਹਾਂ ਤੇ ਅਮਲ ਬਹੁਤ ਘੱਟ ਹੋ ਰਿਹਾ ਹੈ। ਕਨੂੰਨ ਬਨਾਉਣ ਵਾਲੇ ਹੀ ਇਨ੍ਹਾਂ ਕਨੂੰਨਾਂ ਦੀਆਂ ਧੱਜੀਆਂ ਉਡਾਉਂਦੇ ਅਕਸਰ ਦੇਖੇ ਜਾਂਦੇ ਹਨ। ਕੁੜੀਆਂ ਨੂੰ ਨਾ ਪੜ੍ਹਾਉਣਾ ਜਾਂ ਘਟ ਪੜ੍ਹਾਉਣਾ ਉਨ੍ਹਾਂ ਦੇ ਸਮਾਜਿਕ ਸੋਸ਼ਨ ਅਤੇ ਮੁੰਡਿਆਂ ਤੋਂ ਪਿਛੇ ਰਹਿ ਜਾਣ ਦਾ ਵੱਡਾ ਕਾਰਨ ਰਿਹਾ ਹੈ। ਭਾਵੇਂ ਅਜੋਕੇ ਸਮੇਂ ਵਿੱਚ ਕਾਫੀ ਤਬਦੀਲੀ ਆਈ ਹੈ, ਕੁੜੀਆਂ ਹਰ ਖੇਤਰ ਵਿੱਚ ਅੱਗੇ ਆ ਰਹੀਆਂ ਹਨ, ਫਿਰ ਵੀ ਹੋਰ ਹੰਭਲੇ ਮਾਰਨ ਦੀ ਲੋੜ ਹੈ, ਖਾਸ ਕਰਕੇ ਗਰੀਬ ਘਰਾਂ ਦੀਆਂ ਲੜਕੀਆਂ ਨੂੰ ਪੜ੍ਹਾਉਣ ਲਈ।

ਕੁਝ ਹੋਰ ਵਿਚਾਰ

ਇਹ ਗੰਭੀਰਤਾ ਨਾਲ ਵਿਚਾਰਨ ਵਾਲੀ ਗੱਲ ਹੈ ਕਿ ਇਸਤਰੀ ਤੇ ਮਰਦ ਦੇ ਅਧਿਕਾਰਾਂ ਦੀ ਬਰਾਬਰਤਾ ਲਈ ਹੋਰ ਕੀ ਤਰੀਕੇ ਅਪਣਾਏ ਜਾਣ।

ਕੁਝ ਸੁਝਾਅ,

ਜਾਇਦਾਦ ਵਿਚ ਬਰਾਬਰ ਹਿੱਸਾ ਤੇ ਦਾਜ ਦੀ ਪ੍ਰਥਾ: ਹੁਣ ਭਾਰਤ ਵਿਚ ਲੜਕੇ ਤੇ ਲੜਕੀ ਦਾ ਮਾਤਾ-ਪਿਤਾ ਦੀ ਜਾਇਦਾਦ ਵਿਚ ਬਰਾਬਰ ਹਿੱਸੇ ਲਈ ਕਨੂੰਨ ਹੈੈ। ਪਰ ਪਤਨੀ ਦਾ ਆਪਣੇ ਪਤੀ ਅਤੇ ਉਸਦੀ ਜੱਦੀ (ਮਾਤਾ-ਪਿਤਾ ਦੀ) ਜਾਇਦਾਦ ਵਿਚ ਹਿੱਸਾ ਨਹੀਂ ਮੰਨਿਆ ਜਾਂਦਾ। ਇਹ ਸੁਧਾਰ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਦਾਜ-ਵਿਰੋਧੀ ਕਨੂੰਨ ਨੂੰ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ।

ਵਿਆਹ ਤੋਂ ਬਾਦ ਨਾਮ ਬਦਲਣਾ: ਪੁਰਾਣੇ ਵੇਲੇ ਕਈ ਵਾਰ ਵਿਆਹ ਤੋਂ ਬਾਦ ਇਸਤਰੀ ਦਾ ਪਹਿਲਾ ਨਾਮ ਤਕ ਬਦਲ ਦਿੱਤਾ ਜਾਂਦਾ ਸੀ। ਸਾਡੇ ਖਿਆਲ ਵਿਚ ਅਜੇਹਾ ਮਰਦ-ਪ੍ਰਧਾਨ ਸਮਾਜ ਵਲੋਂ ਔਰਤ ਨੂੰ ਪੁਰਸ਼ ਦੇ ਅਧੀਨ ਰੱਖਣ ਅਤੇ ਨਾਚੀਜ਼ ਦਰਸਾਉਣ ਲਈ ਕੀਤਾ ਜਾਂਦਾ ਸੀ। ਇਹ ਰਿਵਾਜ ਅਜ ਕਲ ਕਾਫੀ ਘਟ ਗਿਆ ਹੈ। ਪ੍ਰੰਤੂ ਅਜ ਵੀ ਆਮ ਕਰਕੇ ਵਿਆਹ ਤੋਂ ਬਾਦ ਇਸਤਰੀ ਸਹੁਰੇ ਘਰ ਦੀ ਗੋਤ ਨਾਲ ਜਾਣੀ ਜਾਂਦੀ ਹੈ। ਵੈਸੇ ਤਾਂ ਸਿੱਖੀ ਵਿਚ ਜਾਤ-ਪਾਤ ਦਾ ਵਖਰੇਵਾਂ ਦੂਰ ਕਰਨ ਲਈ ਗੋਤ ਲਿਖਣ ਤੋਂ ਮਨ੍ਹਾ ਕੀਤਾ ਗਿਆ ਹੈ, ਪਰ ਜੇਕਰ ਕਿਸੇ ਕਾਰਨ ਲੋੜ ਪਵੇ ਤਾਂ ਸਾਡੇ ਖਿਆਲ ਵਿੱਚ ਪੇਕਿਆਂ ਵਾਲੀ ਗੋਤ ਹੀ ਲਿਖੀ ਜਾਣੀ ਚਾਹੀਦੀ ਹੈ। ਇਸ ਨਾਲ ਇਸਤਰੀ ਵਿੱਚ ਸਵੈਮਾਨ ਅਤੇ ਆਤਮ-ਵਿਸ਼ਵਾਸ ਦੀ ਭਾਵਨਾ ਵਧੇਗੀ।

ਬੱਚਿਆਂ ਦੇ ਨਾਮ ਨਾਲ ਗੋਤ ਲਿਖਣਾ: ਸੁਝਾਅ ਹੈ ਕਿ ਜਨਮ ਵੇਲੇ ਬੱਚੇ ਦੇ ਨਾਂ ਨਾਲ ਗੋਤ ਨਾ ਲਿਖੀ ਜਾਵੇ ਤਾਂ ਕਿ ਵੱਡੇ ਹੋ ਕੇ ਬੱਚੇ ਆਪਣੀ ਮਰਜ਼ੀ ਨਾਲ ਮਾਤਾ ਜਾਂ ਪਿਤਾ ਦੀ ਗੋਤ ਲਿਖ ਸਕਣ, ਅਤੇ ਜੇ ਉਹ ਚਾਹੁਣ ਤਾਂ ਕੋਈ ਗੋਤ ਨਾ ਲਿਖਣ। ਜੇਕਰ ਜਨਮ ਵੇਲੇ ਗੋਤ ਲਿਖਣ ਦੀ ਬਹੁਤ ਲੋੜ ਹੋਵੇ ਤਾਂ ਪਿਤਾ ਜਾਂ ਮਾਤਾ ਵਿਚੋਂ ਕਿਸੇ ਦੀ ਵੀ ਗੋਤ ਲਿਖਣ ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਅਮਲੀ ਰੂਪ ਵਿੱਚ ਔਰਤ ਤੇ ਮਰਦ ਦੀ ਬਰਾਬਰਤਾ ਤਾਂ ਹੀ ਮੰਨੀ ਜਾ ਸਕਦੀ ਹੈ।

ਸਾਰਅੰਸ਼

ਗੁਰਮਤਿ ਅਨੁਸਾਰ ਇਸਤਰੀ ਤੇ ਪੁਰਸ਼ ਇਕ ਦੂਜੇ ਦੇ ਪੂਰਕ ( complementary ) ਹਨ। ਸਮਾਜ ਦੇ ਵਿਪੂਰਕ ਹਨ। ਸਮਾਜ ਦੇ ਵਿਕਾਸ ਤੇ ਖੁਸ਼ਹਾਲੀ ਲਈ ਦੋਹਾਂ ਦਾ ਸੰਤੁਲਨ, ਸਤਿਕਾਰ ਅਤੇ ਸਹਿਯੋਗ ਬਹੁਤ ਜ਼ਰੂਰੀ ਹੈ। ਇਸਤਰੀ ਗ੍ਰਹਿਸਥ ਦਾ ਕੇਂਦਰ ਬਿੰਦੂ ਹੈ ਅਤੇ ਪਰਿਵਾਰ ਸਮੱੁਚੇ ਸਮਾਜ ਦਾ ਧੁਰਾ ਹੈ। ਖੁਸ਼ਹਾਲ ਜੀਵਨ ਅਤੇ ਨਰੋਏ ਸਮਾਜ ਲਈ ਇਸਤਰੀ ਅੰਮ੍ਰਿਤਧਾਰਾ, ਦੱੁਖਾਂ ਦੀ ਦਾਰੂ ਤੇ ਸੁੱਖਾਂ ਦੀ ਖਾਣ ਹੈ। ਮਹਿਲਾ ਸਸ਼ਕਤੀਕਰਨ (Women Empowerment) ਸਮੇਂ ਦੀ ਲੋੜ ਹੈ। ਇਸ ਕਾਰਜ ਵਿਚ ਗੁਰਮਤਿ-ਸਿਧਾਂਤਾਂ ਦੀ ਸੇਧ ਬੜੀ ਮਹੱਤਵ-ਪੂਰਨ ਸਿਧ ਹੋ ਸਕਦੀ ਹੈ।

ਸਰੋਤ

ਗੁਰਮਤਿ ਵਿਚ ਇਸਤਰੀ ਦਾ ਮਹੱਤਵ, 2015

ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

ਸਿੱਖ ਧਰਮ ਵਿਚ ਔਰਤ ਦਾ ਸਥਾਨ, 22 ਨਵੰਬਰ 2018, ਗੁਰਦੀਸ਼ ਕੌਰ ਗਰੇਵਾਲ, ਕੌਮੀ ਏਕਤਾ।

ਸਿੱਖ ਧਰਮ ਵਿਚ ਔਰਤ ਦਾ ਸਥਾਨ, ਬੀਬੀ ਸੋਨਦੀਪ ਕੌਰ। Panthic.(www.panthic.org)

ਗੁਰਮਤਿ ਤੇ ਔਰਤ, ਖਾਲਸਾ ਅਖਬਾਰ (6), ਸਿੰਘ ਸਭਾ ਕੈਨੇਡਾ www.signhsabhacanada.com

ਗੁਰੁਸ਼ਬਦ ਰਤਨਾਗਰ – ਮਹਾਨ ਕੋਸ਼, 1930 (2012 ਐਡੀਸ਼ਨ), ਭਾਈ ਕਾਨ੍ਹ ਸਿੰਘ ਨਾਭਾ, ਨੈਸ਼ਨਲ ਬੁਕ ਸ਼ਾਪ, ਚਾਂਦਨੀ ਚੌਕ, ਦਿੱਲੀ।

Women under different social and religious laws

(Budhism, Judaism, Christianity, Islam), 1976.

Kidwai, M.H., Seikh, Seema Publication, New Delhi, pp 7-8.

ਬੇਨਤੀ: ਜੇਕਰ ਇਹ ਵਿਚਾਰ ਚੰਗੇ ਲੱਗੇ ਹੋਣ ਤਾਂ ਆਪਣੇ ਪਿਆਰਿਆਂ ਨਾਲ ਲੇਖ ਸਾਂਝਾ ਕਰਨ ਦੀ ਕ੍ਰਿਪਾ ਕਰਨੀ ਜੀ।

ਖੇਤਾਂ ਵਿਚ ਪਰਾਲੀ ਸਾੜਨ ਨੂੰ ਬਹੁ-ਪੱਖੀ ਢੰਗਾਂ ਅਤੇ ਸਬਸਿਡੀ ਨਾਲ ਨਜਿਠੀਏ

ਮਸ਼ੀਨੀ ਖੇਤੀ ਅਤੇ ਸਿੰਚਾਈ ਦੇ ਨਾਲ ਉੱਤਰ-ਪੱਛਮੀ ਭਾਰਤ ਦੇ ਕਿਸਾਨ ਪ੍ਰਤੀ ਸਾਲ 2-3 ਫਸਲਾਂ ਉਗਾਉਂਦੇ ਹਨ। ਝੋਂਨਾ (ਗਰਮੀ)-ਕਣਕ (ਸਰਦੀ) ਪ੍ਰਮੁੱਖ ਫਸਲੀ ਚਕਰ ਹੈ। ਅਨਾਜ ਉਤਪਾਦਨ 520 ਲੱਖ ਟਨ (1951-52) ਤੋਂ ਵਧ ਕੇ 3100 ਲੱਖ ਟਨ (2020-21) ਹੋ ਗਿਆ ਹੈ। ਫਸਲਾਂ ਦੀ ਉਪਜ ਦਾ ਅੱਧੇ ਤੋਂ ਵੱਧ ਹਿਸਾ ਮਨੁੱਖਾਂ ਲਈ ਖਾਣ ਯੋਗ ਨਹੀਂ ਹੁੰਦਾ ਤੇ ਰਹਿੰਦ-ਖੂੰਹਦ (ਪਰਾਲੀ, ਤੂੜੀ, ਆਦਿ) ਦੇ ਰੂਪ ਵਿੱਚ ਖੇਤਾਂ ਵਿੱਚ ਰਹਿ ਜਾਂਦਾ ਹੈ। ਪੰਜਾਬ ਵਿੱਚ ਕਣਕ ਦੇ 80-90% ਨਾੜ ਦੀ ਡੰਗਰਾਂ ਲਈ ਤੂੜੀ ਬਣਾ ਲਈ ਜਾਂਦੀ ਹੈ। ਪਰ ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਦਾ ਬਹੁਤਾ ਹਿਸਾ ਖੇਤਾਂ ਵਿੱਚ ਸਾੜ ਦਿੱਤਾ ਜਾਂਦਾ ਹੈ (ਸਾਰਨੀ-1), ਕਿਉਂਕਿ ਇਸ ਵਿਚ ਸਿਲਿਕਾ ਅਤੇ ਆਗਜ਼ੀਲੇਟ ਤੱਤ ਜ਼ਿਆਦਾ ਹੋਣ ਕਰਕੇ ਇਹ ਪਸ਼ੂਆਂ ਲਈ ਘੱਟ ਪਚਣਯੋਗ ਹੈ। ਨਾਲ ਹੀ, ਨੈਸ਼ਨਲ ਗ੍ਰੀਂਨ ਟ੍ਰਿਬਿਊਨਲ ਨੇ ਖੁਲੇ ਵਿਚ ਰਹਿੰਦ-ਖੰੂਹਦ ਸਾੜਨ ਤੇ ਪੁਰੀ ਤਰਾਂ ਪਾਬੰਦੀ ਲਾ ਦਿਤੀ ਹੈ, ਅਤੇ ਜੁਰਮਾਨਾ ਵੀ ਨਿਰਧਾਰਤ ਕੀਤਾ ਹੈ।

ਪਰਾਲੀ ਸਾੜਨ ਦੇ ਕਾਰਨ: ਕਿਸਾਨਾਂ ਨੂੰ ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਨਾਲ ਨਜਿੱਠਣ ਵਿੱਚ ਮੁਸ਼ਕਲਾਂ ਆਉਂਦੀਆਂ ਹਨ। ਪਰਾਲੀ ਦੀ ਬਹੁਤ ਜ਼ਿਆਦਾ ਮਾਤਰਾ (40-50 ਕਵਿੰਟਲ ਪ੍ਰਤੀ ਏਕੜ) ਹੋਣ ਕਰਕੇ, ਇਸ ਨੂੰ ਖੇਤ ਵਿੱਚ ਵਾਹੁਣ ਜਾਂ ਖੇਤ ਤੋਂ ਬਾਹਰ ਕੱਢਣ ਲਈ ਬਹੁਤ ਕੰੰਮ ਅਤੇ ਖਰਚਾ ਹੰੁਦਾ ਹੈ। ਝੋਨੇ ਦੀ ਵਾਢੀ ਤੋਂ ਬਾਅਦ ਕਿਸਾਨ 2-4 ਹਫ਼ਤਿਆਂ ਵਿਚ ਖੇਤ ਤਿਆਰ ਕਰਕੇ ਸਮੇਂ ਸਿਰ ਕਣਕ ਦੀ ਬਿਜਾਈ ਕਰਨ ਵਿੱਚ ਅਸਮਰੱਥ ਹੋ ਜਾਂਦੇ ਹਨ। ਉਹ ਜ਼ਮੀਨ ਵਿੱਚਲੇ ਕੀੜੇ-ਮਕੌੜੇ ’ਤੇ ਬਿਮਾਰੀਆਂ, ਅਤੇ ਪਰਾਲੀ ਵਿਚ ਲੁੱਕ ਕੇ ਪਲਦੇ ਚੂਹਿਆਂ ਆਦਿ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਨਾਲ ਹੀ ਪਰਾਲੀ ਰਾਹੀ ਉਤਪਨ ਪੌਸ਼ਟਿਕ ਤੱਤਾਂ ਦੀ ਘਾਟ ਅਤੇ ਨਦੀਨ ਕਾਰਣ ਕਣਕ ਦਾ ਝਾੜ ਘਟਣ ਤੋਂ ਬਚਣਾ ਚਾਹੁੰਦੇ ਹਨ। ਛੋਟੇ ਕਿਸਾਨ 3,000 ਰੁਪਏ ਪ੍ਰਤੀ ਏਕੜ ਤੋਂ ਵੱਧ ਖਰਚ ਕਰਕੇ ਪਰਾਲੀ ਜ਼ਮੀਨ ਵਿਚ ਵਾਹੁਣ ਜਾਂ ਖੇਤ ਵਿਚੋਂ ਬਾਹਰ ਕੱਢਣ ਵਿੱਚ ਅਸਮਰੱਥ ਹਨ, ਅਤੇ ਇਸ ਲਈ ਪਰਾਲੀ ਸਾੜ ਦੇਂਦੇ ਹਨ।

ਪਰਾਲੀ ਸਾੜਨ ਨਾਲ ਆਰਥਕ ਨੁਕਸਾਨ: ਖੇਤ ਵਿੱਚ ਵਾਹੀ ਜਾਣ ਤੋਂ ਕੁਝ ਸਮੇਂ ਬਾਅਦ, ਪਰਾਲੀ ਜੈਵਿਕ ਪਦਾਰਥ ਬਣਕੇ ਫਸਲਾਂ ਦੇ ਪੌਸ਼ਟਿਕ ਤੱਤਾਂ ਦਾ ਸਰੋਤ ਬਣਦੀ ਹੈ, ਜ਼ਮੀਨ ਦੀ ਸਿਹਤ ਸੁਧਾਰਦੀ ਹੈ ਅਤੇ ਪੌਸ਼ਟਿਕ ਤੱਤਾਂ ਨੂੰ ਪਾਣੀ ਨਾਲ ਹੇਠਾਂ ਡੁੰਘਾਈ ਵੱਲ ਜਾਣ ਤੋਂ ਰੋਕਦੀ ਹੈ। ਜ਼ਮੀਨ ਵਿਚ ਜੈਵਿਕ ਪਦਾਰਥ ਫਸਲਾਂ ਲਈ ਪੌਸ਼ਟਿਕ ਤੱਤਾਂ, ਜਿਵੇਂ ਕਿ ਸਾਡੇ ਮਿਹਦੇ ਵਿਚ ਖੁਰਾਕ, ਦਾ ਸੋਮਾਂ ਬਣਦਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਰਾਹੀਂ ਲਭਿਆ ਗਿਆ ਕਿ ਪਰਾਲੀ ਦਾ 21% ਹਿਸਾ ਜ਼ਮੀਨ ਵਿਚ ਜੈਵਿਕ ਪਦਾਰਥ ਬਣ ਜਾਂਦਾ ਹੈ। ਭਾਰਤ ਵਿੱਚ ਫਸਲਾਂ ਰਾਹੀਂ ਤਕਰੀਬਨ 175 ਲੱਖ ਟੱਨ ਨਾਈਟ੍ਰੋਜਨ ਅਤੇ 82 ਲੱਖ ਟੱਨ ਫਾਸਫੋਰਸ ਤੱਤ ਲਏ ਜਾਂਦੇ ਹਨ, ਜਿਨ੍ਹਾ ਦਾ ਤਕਰੀਬਨ ਤੀਜਾ ਹਿਸਾ ਰਹਿੰਦ-ਖੂੰਦ ਵਿਚ ਹੰੁਦਾ ਹੈ। ਸਾਰੀ ਪਰਾਲੀ ਜ਼ਮੀਨ ਵਿੱਚ ਰਲਾਉਣ ਨਾਲ 30-50% ਤਕ ਰਸਾਇਣਕ ਖਾਦਾਂ ਦੀ ਪੂਰਤੀ ਹੋ ਸਕਦੀ ਹੈ। ਪਰਾਲੀ ਨੂੰ ਸਾੜਨ ਨਾਲ ਸਾਰਾ ਜੈਵਿਕ ਪਦਾਰਥ, ਸਾਰੀ ਨਾਈਟ੍ਰੋਜਨ ਅਤੇ ਕੁਝ ਹੋਰ ਪੌਸ਼ਟਿਕ ਤੱਤ ਹਵਾ ਵਿਚ ਉਡ ਜਾਂਦੇ ਹਨ, ਦੋਸਤ ਕੀੜੇ ‘ਤੇ ਸੂਖਮ ਜੀਵਾਣੂ ਮਰ ਜਾਂਦੇ ਹਨ, ਅਤੇ ਜ਼ਮੀਨ ਦੀ ਸਿਹਤ ਵਿਗੜ ਜਾਂਦੀ ਹੈ।

ਪਰਾਲੀ ਸਾੜਨ ਨਾਲ ਵਾਤਾਵਰਣ ਦੇ ਨੁਕਸਾਨ: ਭਾਰਤ ਵਿੱਚ ਖੇਤੀਬਾੜੀ ਰਾਹੀਂ ਕੁਲ ਕਾਰਬਨ ਡਾਈਆਕਸਾਈਡ ਦੇ ਉਤਪਾਦਨ ਦਾ ਲਗਭਗ 90% ਹਿਸਾ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨ ਕਾਰਨ ਹੁੰਦਾ ਹੈ। ਜ਼ਹਿਰੀਲੀਆਂ ਗੈਸਾਂ (ਮੀਥੇਨ, ਕਾਰਬਨ ਮੌਨੋਔਕਸਾਈਡ, ਕਾਰਬਨ ਡਾਈਔਕਸਾਈਡ ਅਤੇ ਨਾਇਟਰਸ ਔਕਸਾਈਡ, ਆਦਿ) ਅਤੇ ਧੂਏਂ ਕਾਰਨ ਮਨੁਖਾਂ, ਜਾਨਵਰਾਂ, ਅਤੇ ਵਾਤਾਵਰਣ ਦੀ ਸਿਹਤ ਖਰਾਬ ਹੰੁਦੀ ਹੈ। ਬਹੁਤ ਜ਼ਿਆਦਾ ਰਕਬੇ ਵਿਚ ਪਰਾਲੀ ਸਾੜਨ ਕਾਰਨ ਨਵੰਬਰ-ਦਸੰਬਰ ਦੇ 2-4 ਹਫਤਿਆਂ ਵਿਚ ਬਹੁਤ ਸੰਘਣੇ ਧੂਏਂ ਨਾਲ ਖਰਾਬ ਹਵਾ ਕਰਕੇ ਦਮਾਂ ਤੇ ਫੇਫੜਿਆ ਅਤੇ ਦਿਲ ਦੀਆਂ ਬੀਮਾਰੀਆਂ ਵਧਦੀਆਂ ਹਨ। ਸੜਕਾਂ ਤੇ ਹਾਦਸੇ ਵੀ ਵਧਦੇ ਹਨ।

ਖੇਤ ਵਿਚ ਪਰਾਲੀ ਦੀ ਸੰਭਾਲ ਲਈ ਵਾਤਾਵਰਣ-ਅਨੁਕੂਲ ਤਰੀਕੇ: ਉੱਤਰੀ ਅਮਰੀਕਾ ਅਤੇ ਯੂਰਪ ਵਿੱਚ, ਜਿਆਦਾ ਕਰਕੇ ਸੰਭਾਲ-ਖੇਤੀ (ਚੋਨਸੲਰਵੳਟੋਿਨ ਟਲਿਲੳਗੲ) ਨੇ ਰਵਾਇਤੀ-ਖੇਤੀ (ਚੋਨਵੲਨਟੋਿਨੳਲ ਟਲਿਲੳਗੲ) ਦੀ ਥਾਂ ਲੈ ਲਈ ਹੈ। ਭਾਰਤੀ ਖੇਤੀ-ਵਿਗਿਆਨੀਆਂ ਨੇ ਝੋਨੇ ਦੀ ਪਰਾਲੀ ਲਈ ਖੇਤਾਂ ਵਿਚ ਵਰਤਣ ਲਈ ਵਾਤਾਵਰਣ-ਅਨੁਕੂਲ ਕਈ ਤਰੀਕੇ ਲੱਭੇ ਹਨ। ਪੀ.ਏ.ਯੂ ਦੇ ਵਿਗਿਆਨੀਆਂ ਨੇ ਲੱਭਿਆ ਕਿ ਗਰਮ ਅਤੇ ਖੁਸ਼ਕ ਮੌਸਮ ਵਿਚ ਮੱਕੀ ਅਤੇ ਕਈ ਹੋਰ ਫਸਲਾਂ ਦੇ ਉਤਪਾਦਨ ਵਿੱਚ ਝੋਨੇ ਦੀ ਪਰਾਲੀ ਜ਼ਮੀਨ ਉਪਰ ਖਲਾਰਨ ਨਾਲ ਝਾੜ ਵਧਦਾ ਹੈ। ਫਸਲ ਵੱਢਣ ਵਾਲੀ ਕੰਬਾਈਨ ਹਾਰਵੇਸਟਰ ਨਾਲ ਨਾੜ ਕੁਤਰਨ ਤੇ ਖਲਾਰਨ ਵਾਲਾ ਯੰਤਰ (ਸਟਰਾ ਮੈਨੇਜਮੈਟ ਸਿਸਟਮ) ਲਾ ਕੇ ਬਾਅਦ ਵਿਚ ਪਰਾਲੀ ਜ਼ਮੀਨ ਵਿਚ ਸੌਖੀ ਵਾਹੀ ਜਾ ਸਕਦੀ ਹੈ। ਫਿਰ, ਹੈਪੀ-ਸੀਡਰ ਜਾਂ ਜ਼ੀਰੋ-ਟਿਲ ਡਰਿੱਲ ਨਾਲ ਕਣਕ ਬੀਜੀ ਜਾ ਸਕਦੀ ਹੈ। ਭਾਵੇਂ ਕਿ ਕਈ ਵਾਰ ਕਣਕ ਘਟ ਉਗਣ ਕਰਕੇ ਅਤੇ ਚੂਹਿਆਂ ਜਾਂ ਨਦੀਨਾਂ ਆਦਿ ਕਾਰਨ ਝਾੜ ਘੱਟ ਜਾਂਦਾ ਹੈ।
ਸੁਪਰ-ਸੀਡਰ, ਝੋਨੇ ਦੀ ਵਾਢੀ, ਪਰਾਲੀ ਕੁਤਰਣ, ਖਲਾਰਣ ਅਤੇ ਜ਼ਮੀਨ ਵਿੱਚ ਵਾਹੁਣ ਦੇ ਨਾਲ-ਨਾਲ ਖਾਦ ਪਾਉਂਦਾ ਅਤੇ ਕਣਕ ਦੀ ਬਿਜਾਈ ਵੀ ਕਰਦਾ ਹੈ। ਇਹ ਇੱਕ ਚੰਗਾ ਸਫਲ ਢੰਗ ਹੈ। ਫਸਲ ਵਧੀਆ ਉਗਦੀ ਹੈ ਅਤੇ ਕੀੜਿਆਂ, ਬਿਮਾਰੀਆਂ, ਨਦੀਨਾਂ ਆਦਿ ਕਾਰਨ ਨੁਕਸਾਨ ਵੀ ਘੱਟ ਹੰਦਾ ਹੈ (ਵੇਖੋ ਤਸਵੀਰਾਂ)। ਕਿਸਾਨ ਆਮ ਤੌਰ ‘ਤੇ 20-35 ਹਾਰਸ-ਪਾਵਰ ਟਰੈਕਟਰ ਵਰਤਦੇ ਹਨ, ਪਰ ਸੁਪਰ-ਸੀਡਰ ਨੂੰ 60-70 ਹਾਰਸ-ਪਾਵਰ ਟਰੈਕਟਰ ਲੋੜੀਂਦਾ ਹੈ। ਜਿਆਦਾ ਰਕਬੇ ਵਾਲੇ ਕਿਸਾਨ ਹੀ 10 ਲੱਖ ਰੁਪਏ ਤੋਂ ਵੱਧ ਟਰੈਕਟਰ, 3 ਲੱਖ ਰੁਪਏ ਸੁਪਰ-ਸੀਡਰ, ਅਤੇ ਲਗਭਗ 1,500 ਰੁਪਏ ਪ੍ਰਤੀ ਏਕੜ ਇਸ ਨੂੰ ਚਲਾਉਣ ਦਾ ਖਰਚਾ ਕਰ ਸਕਦੇ ਹਨ। ਇਸ ਲਈ, ਛੋਟੇ ਕਿਸਾਨਾਂ (86%) ਲਈ ਕਿਰਾਏ ਦੀਆਂ ਇਕਾਈਆਂ ਉਪਲਬਦ ਹੋਣੀਆਂ ਜਰੂਰੀ ਹਨ।

ਖੇਤ ਵਿਚੋਂ ਬਾਹਰ ਕੱਢਕੇ ਪਰਾਲੀ ਵਰਤਣ ਲਈ ਵਾਤਾਵਰਣ-ਅਨੁਕੂਲ ਤਰੀਕੇ: ਝੋਨੇ ਦੀ ਪਰਾਲੀ ਨੂੰ ਬਾਹਰ ਕੱਢ ਕੇ ਕਈ ਤਰਾਂ ਵਰਤਿਆ ਜਾ ਸਕਦਾ ਹੈ। ਬਿਜਲੀ, ਗੱਤੇ ਅਤੇ ਕਾਗਜ਼ ਬਣਾਉਣ ਲਈ ਪਰਾਲੀ ਵਰਤੀ ਜਾਂਦੀ ਹੈ। ਪਰ ਪਰਾਲੀ ਨੂੰ ਖੇਤ ਵਿਚੋਂ ਇਕੱਠੀ ਕਰਨ, ਪੰਡਾਂ ਬਨਾਉਣ, ਅਤੇ ਢੋਆ-ਢੁਆਈ ਆਦਿ ਦੇ ਬਹੁਤੇ ਖਰਚੇ ਕਾਰਨ ਇਹ ਢੰਗ ਆਰਥਕ ਪਖੋਂ ਲਾਭਵੰਦ ਨਹੀ ਹੁੰਦੇ।ਦੁਨੀਆਂ ਦੇ ਸਭ ਤੋਂ ਵੱਧ ਪਸ਼ੂ ਭਾਰਤ ਵਿਚ ਹਨ। ਬਦਕਿਸਮਤੀ ਨਾਲ, ਇਨ੍ਹਾਂ ਦੇ ਗੋਬਰ ਦਾ ਕੁਝ ਹਿਸਾ ‘ਤੇ ਲੱਗਭੱਗ ਸਾਰਾ ਪਿਸ਼ਾਬ ਵਿਅਰਥ ਜਾਂਦੇ ਹਨ ਅਤੇ ਵਾਤਾਵਰਣ ਪ੍ਰਦੂਸ਼ਣ ਕਰਦੇ ਹਨ। ਡੰਗਰਾਂ ਦੁਆਰਾ ਲਏ ਜਾਣ ਵਾਲੇ ਪੌਸ਼ਟਿਕ ਤੱਤਾਂ ਦਾ ਲਗਭਗ 90% ਹਿਸਾ ਪਿਸ਼ਾਬ (ਲਗਭਗ ਸਾਰੀ ਨਾਈਟਰੋਜਨ) ਅਤੇ ਗੋਬਰ (ਜ਼ਿਆਦਾਤਰ ਫਾਸਫੋਰਸ, ਪੋਟਾਸ਼ੀਅਮ ਅਤੇ ਹੋਰ ਪੌਸ਼ਟਿਕ ਤੱਤ) ਦੇ ਰੂਪ ਵਿੱਚ ਬਾਹਰ ਨਿਕਲ ਜਾਂਦਾ ਹੈ। ਇਨ੍ਹਾਂ ਨੂੰ ਪਰਾਲੀ ਦੀ ਵਰਤੋਂ ਨਾਲ ਰੂੜੀ ਬਣਾਕੇ ਖੇਤਾਂ ਵਿਚ ਪਾਉਣ ਨਾਲ ਪ੍ਰਦੂਸ਼ਣ ਅਤੇ ਫਸਲਾਂ ਲਈ ਰਸਾਇਣਕ ਖਾਦ ਦੀ ਲੋੜ ਬਹੁਤ ਘਟਾਈ ਜਾ ਸਕਦੀ ਹੈ।

ਇਹ ਤਰੀਕਾ ਕਈ ਦੇਸ਼ਾਂ ਵਿੱਚ ਸਫਲ ਸਿੱਧ ਹੋਿੲਆ ਹੈ। ਉਦਾਹਰਣ ਵਜੋਂ, ਜਾਪਾਨ ਫੇਰੀ ਸਮੇਂ ਇਕ 200 ਏਕੜ ਵਾਲੇ ਕਿਸਾਨ ਨੇ ਦੱਸਿਆ ਕਿ ਉਸਦੇ ਨੇੜਲੇ ਡੇਰੀ ਫਾਰਮ ਵਾਲੇ ਕਿਸਾਨ ਉਸਦੇ ਖੇਤਾਂ ਵਿੱਚੋਂ ਝੋਨੇ ਦੀ ਪਰਾਲੀ ਚੁੱਕਦੇ ਅਤੇ ਡੰਗਰਾਂ ਦੇ ਬੈਠਣ ਵਾਲੀ ਥਾਂ ਵਿਛਾ ਦੇਂਦੇ ਹਨ। ਕੁਝ ਹਫ਼ਤਿਆਂ ਬਾਅਦ ਉਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਪਰਾਲੀ ਤੋਂ ਬਣੀ ਰੂੜੀ ਨੂੰ ਵਾਪਸ ਲਿਆ ਕੇ ਆਪਣੇ ਖੇਤਾਂ ਵਿੱਚ ਪਾਉਂਦਾ ਹੈ। ਇਸ ਤਰਾਂ ਉਹ ਸਾਲਾਨਾ ਝੋਨੇ ਦੀਆਂ ਦੋ ਫਸਲਾਂ ਰਸਇਣਕ ਖਾਦ ਵਰਤੇ ਬਿਨਾਂ ਲੈਂਦਾ ਹੈ। ਇਹਨਾਂ ਕਿਸਾਨਾਂ ਨੇ ਆਪਣੇ ਅਤੇ ਵਾਤਾਵਰਣ ਲਈ ਇੱਕ ਟਿਕਾਊ ਅਤੇ ਜਿੱਤ-ਜਿੱਤ ਪ੍ਰਣਾਲੀ ਬਣਾਈ ਹੈ। ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਵੀ ਦੱੁਧ ਅਤੇ ਮੀਟ ਵਾਲੇ ਪਸ਼ੂ-ਪਾਲਕ ਅਕਸਰ ਆਪਣੇ ਖੇਤਾਂ ਵਿਚੋਂ ਜਾਂ ਨੇੜਲੇ ਕਿਸਾਨਾਂ ਤੋਂ ਖਰੀਦ ਕੇ ਫਸਲਾਂ ਦੇ ਰਹਿੰਦ-ਖੰੂਦ ਨੂੰ ਡੰਗਰਾਂ ਹੇਠ ਵਿਛਾੳਂੁਣ ਲਈ ਵਰਤਦੇ ਹਨ। ਭਾਰਤੀ ਕਿਸਾਨ ਕਈ ਵਾਰ ਡੰਗਰਾਂ ਹੇਠ ਗੋਹੇ-ਪਿਸ਼ਾਬ ਰਾਹੀਂ ਚਿੱਕੜ ਘਟਾਉਣ ਲਈ ਸੁਕ ਪਾੳਂੂਦੇ ਹਨ। ਫੇਰ ਵੀ ਤਕਰੀਬਨ ਸਾਰਾ ਪਿਸ਼ਾਬ ਰੁੜਦਾ ਹੈ ਜਾਂ ਜ਼ਮੀਨ ਵਿਚ ਜੀਰ ਜਾਂਦਾ ਹੈ। ਡੰਗਰਾਂ ਦੀ ਹਰੇਕ ਬੰਨਣ ਵਾਲੀ ਜਗਾ ਤੇ ਪਰਾਲੀ ਵਿਛਾ ਕੇ ਰੂੜੀ ਬਣਾਈ ਜਾ ਸਕਦੀ ਹੈ। ਪਰ ਪਰਾਲੀ ਖੇਤ ਵਿਚੋਂ ਕੱਢਣ, ਸੁਕ ਵਿਛਾਉਣ, ਰੂੜੀ ਬਣਾਉਣ ਅਤੇ ਵਾਪਸ ਖੇਤ ਵਿਚ ਲਿਜਾਣ ਤੇ ਖਲਾਰਨ ਦਾ ਬਹੁਤ ਕੰੰਮ ਅਤੇ ਖਰਚਾ ਹੈ।

ਆਰਥਕ ਸਹਾਇਤਾ ਦੀ ਲੋੜ: ਹਰੇਕ ਵਾਤਾਵਰਣ-ਅਨੁਕੂਲ ਅਤੇ ਲਾਭਵੰਦ ਤਰੀਕੇ ਵਿੱਚ ਗੰਭੀਰ ਆਰਥਿਕ ਰੁਕਾਵਟਾਂ ਹਨ। ਪਹਿਲਾਂ ਹੀ ਭਾਰੀ ਕਰਜ਼ਿਆਂ ਹੇਠ ਦੱਬੇ ਕਿਸਾਨਾਂ ਤੇ ਹੋਰ ਬੋਝ ਪਾਉਣ ਨਾਲੋਂ, ਪਰਾਲੀ ਸਾੜਨ ਨੂੰ ਘੱਟ ਕਰਨ ਲਈ ਉਨ੍ਹਾਂ ਨੂੰ ਲੋੜੀਂਦੀਆਂ ਮਸ਼ੀਨਾਂ ਅਤੇ/ਜਾਂ ਖਰਚੇ ਵਿਚ ਅਰਥਪੂਰਨ ਆਰਥਿਕ ਸਹਾਇਤਾ ਮਿਲਣੀ ਚਾਹੀਦੀ ਹੈ। ਉਦਾਹਰਣ ਵਜੋਂ ਸਹਿਕਾਰੀ ਤੇ ਸਰਕਾਰੀ ਮਸ਼ੀਨਾਂ ਘੱਟ ਕਿਰਾਏ ‘ਤੇ ਵਰਤਣ ਲਈ ਉਪਲਬਦ ਕਰਾੳੇੁਣੀਆਂ ਜਾਂ ਖਰੀਦਣ ਲਈ ਮੱੁਲ ਵਿਚ ਛੋਟ ਦੇਣੀ। ਕੇਂਦਰੀ ਬਜਟ 2022-23 ਵਿੱਚ ਫਸਲਾਂ ਦੇ ਰਹਿੰਦ-ਖੂੰਦ ਨੂੰ ਬਿਜਲ਼ੀ ਪੈਦਾ ਕਰਨ ਲ਼ਈ ਵਰਤਣ ਦਾ ਆਦੇਸ਼, ਅਤੇ ਰਸਾਇਣਕ ਖਾਦ-ਮੁਕਤ ਕੁਦਰਤੀ ਅਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਦਾ ਪ੍ਰਸਤਾਵ ਹੈ। ਬਜਟ ਵਿਚ ਢੁਕਵੇਂ ਉਤਸ਼ਾਹ ਅਤੇ ਆਰਥਿਕ ਸਹਾਇਤਾ ਲਈ ਲੋੜੀਂਦਾ ਧਨ ਰੱਖਣ ਦੀ ਬਹੁਤ ਲੋੜ ਹੈ।

ਸਾਰਅੰਸ਼: ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਛੁਟਕਾਰਾ ਪਾਉਣ ਲਈ ਤੁਰੰਤ ਬਹੁ-ਪੱਖੀ, ਵਾਤਾਵਰਣ-ਅਨੂਕੂਲ ਤਰੀਕੇ ਵਰਤਣ ਦੀ ਲੋੜ ਹੈ। ਇਸ ਸਮੱਸਿਆ ਦਾ ਕੋਈ ਇੱਕ ਹੱਲ ਨਹੀਂ ਹੈ। ਖੇਤਾਂ ਵਿਚ ਅਤੇ ਬਾਹਰ ਕੱਢ ਕੇ ਵਰਤਣ ਦੇ ਸਾਰੇ ਢੰਗਾਂ ਦੀਆਂ ਸੀਮਾਵਾਂ ਹਨ। ਪਰਾਲੀ ਖੇਤ ਵਿਚ ਵਾਹੂਣ ਨਾਲ ਜ਼ਮੀਨ ਦੀ ਸਿਹਤ, ਅਨਾਜ ਉਤਪਾਦਨ ਅਤੇ ਰਸਾਇਣਕ ਖਾਦ ਦੀ ਕੁਸ਼ਲਤਾ ਵਿੱਚ ਸੁਧਾਰ ਦੇ ਨਾਲ ਰਸਾਇਣਕ ਖਾਦ ਦੀ ਲੋੜ ਅਤੇ ਪ੍ਰਦੂਸ਼ਣ ਵੀ ਘਟਣਗੇ। ਖੇਤੀ-ਸਥਿਰਤਾ ਨੂੰ ਯਕੀਨੀ ਬਣਾਉਣ ਵਿਚ ਸਹਾਇਤਾ ਮਿਲੇਗੀ। ਹੋਰ ਤਕਨੀਕੀ ਸੁਧਾਰ ਲਭਣੇ ਜਾਰੀ ਰਹਿਣ ਦੇ ਨਾਲ ਨਾਲ ਵਾਤਾਵਰਣ-ਅਨੁਕੂਲ ਤਰੀਕਿਆਂ ਨੂੰ ਆਰਥਿਕ ਤੌਰ ‘ਤੇ ਲਾਭਵੰਦ ਬਣਾਉਣ ਲਈ, ਖਾਸ ਕਰਕੇ ਛੋਟੇ ਕਿਸਾਨਾਂ ਲਈ, ਠੋਸ ਆਰਥਿਕ ਸਹਾਇਤਾ ਦੀ ਲੋੜ ਹੈ। ਕੁੱਲ ਮਿਲਾਕੇ, ਆਰਥਿਕਤਾ ਨੂੰ ਲਾਭ ਪਹੁੰਚਾਉਣ ਲਈ ਪਰਾਲੀ ਸਾੜਨ ਦੇ ਖਤਰਨਾਕ ਰੁਝਾਨ ਨੂੰ ਠੱਲ ਪਾਕੇ ਵਾਤਾਵਰਣ- ਅਤੇ ਕਿਸਾਨ-ਅਨੁਕੂਲ ਬਹੁ ਪੱਖੀ ਤਰੀਕਿਆਂ ਨੂੰ ਵੱਡੇ ਪਧਰ ਤੇ ਅਪਨਾਉਣਾ ਅਤੇ ਢੁਕਵੀ ਆਰਥਿਕ ਸਹਾਇਤਾ ਬਹੁਤ ਜ਼ਰੂਰੀ ਹਨ।

ਮਾਰਚ 2022 ਦਾ ਮੈਗਜ਼ੀਨ ਪ੍ਰਕਾਸ਼ਿਤ …..March 2022 Issue is Published

ਪਿਆਰੇ ਪੰਜਾਬੀ ਪ੍ਰੇਮੀਓ, ਤੁਹਾਨੂੰ ਇਹ ਨੋਟ ਕਰਕੇ ਖੁਸ਼ੀ ਹੋਵੇਗੀ ਕਿ ਮੈਗਜ਼ੀਨ "ਸਾਂਝੀ ਵਿਰਾਸਤ" ਦਾ ਮਾਰਚ ਅੰਕ ਹੁਣ ਪ੍ਰਕਾਸ਼ਿਤ ਹੋ ਚੁੱਕਾ ਹੈ ਅਤੇ ਤੁਹਾਡੇ ਪੜ੍ਹਨ ਲਈ ਉਪਲਬਧ ਹੈ।

ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਮੈਗਜ਼ੀਨ ਪੜ੍ਹ ਸਕਦੇ ਹੋ


Dear lovers of Punjabi, you will be pleased to note that the March issue of the magazine "Sanjhi Virasat" has now been published and available for you to read. 

You may read the Magazine at the link below: 

Welcome to Sanjhi Virasat

Panjabi is the Mother Tongue of over 150 million people of different faiths, living in many countries. Written using different alphabets, the spoken language remains the same and continues to prosper in different dialects. It has a history of over 1000 years and rich literature that spans the compositions of  Sheikh Farid, Sikh Guru sahiban, Baba Bulley Shah, Shah Hussein, Warris Shah, Dhani Ram Chatrik,  Bhai Vir Singh, Professor Puran Singh, and many other esteemed writers. Our common legacy emerges from this heritage. 

ਪੰਜਾਬੀ ਬਹੁਤ ਸਾਰੇ ਦੇਸ਼ਾਂ ਵਿੱਚ ਰਹਿੰਦੇ ਵੱਖ-ਵੱਖ ਧਰਮਾਂ ਦੇ 150 ਮਿਲੀਅਨ ਤੋਂ ਵੱਧ ਲੋਕਾਂ ਦੀ ਮਾਂ-ਬੋਲੀ ਹੈ। ਵੱਖ-ਵੱਖ ਅੱਖਰਾਂ ਦੀ ਵਰਤੋਂ ਕਰਕੇ ਲਿਖੀ ਗਈ, ਬੋਲੀ ਜਾਣ ਵਾਲੀ ਭਾਸ਼ਾ ਇੱਕੋ ਜਿਹੀ ਰਹਿੰਦੀ ਹੈ ਅਤੇ ਵੱਖ-ਵੱਖ ਉਪਭਾਸ਼ਾਵਾਂ ਵਿੱਚ ਖੁਸ਼ਹਾਲ ਹੁੰਦੀ ਰਹਿੰਦੀ ਹੈ। ਇਸਦਾ 1000 ਸਾਲਾਂ ਤੋਂ ਵੱਧ ਦਾ ਇਤਿਹਾਸ ਅਤੇ ਅਮੀਰ ਸਾਹਿਤ ਹੈ ਜੋ ਸ਼ੇਖ ਫਰੀਦ, ਸਿੱਖ ਗੁਰੂ ਸਾਹਿਬਾਨ, ਬਾਬਾ ਬੁੱਲੇ ਸ਼ਾਹ, ਸ਼ਾਹ ਹੁਸੈਨ, ਵਾਰਿਸ ਸ਼ਾਹ, ਧਨੀ ਰਾਮ ਚਾਤ੍ਰਿਕ, ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਅਤੇ ਹੋਰ ਬਹੁਤ ਸਾਰੇ ਸਤਿਕਾਰਤ ਲੇਖਕਾਂ ਦੀਆਂ ਰਚਨਾਵਾਂ ਨੂੰ ਫੈਲਾਉਂਦਾ ਹੈ। ਸਾਡੀ ਸਾਂਝੀ ਵਿਰਾਸਤ ਇਸ ਵਿਰਾਸਤ ਤੋਂ ਉੱਭਰਦੀ ਹੈ।


Punjabis across the Diaspora have come together to recognize, compile and promote compositions in Punjabi through a unique Punjabi magazine and website. This is a non-political and non-partisan endeavour to promote Punjabi language, literature, and culture in the diaspora. 

ਡਾਇਸਪੋਰਾ ਦੇ ਪੰਜਾਬੀਆਂ ਨੇ ਇੱਕ ਵਿਲੱਖਣ ਪੰਜਾਬੀ ਮੈਗਜ਼ੀਨ ਅਤੇ ਵੈੱਬਸਾਈਟ ਰਾਹੀਂ ਪੰਜਾਬੀ ਵਿੱਚ ਰਚਨਾਵਾਂ ਨੂੰ ਪਛਾਣਨ, ਸੰਕਲਿਤ ਕਰਨ ਅਤੇ ਉਤਸ਼ਾਹਿਤ ਕਰਨ ਲਈ ਇਕੱਠੇ ਹੋਏ ਹਨ। ਪਰਵਾਸੀਆਂ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦਾ ਇਹ ਇੱਕ ਗੈਰ-ਸਿਆਸੀ ਅਤੇ ਨਿਰਪੱਖ ਯਤਨ ਹੈ।

https://sanjhivirasat.org/

Please Follow/Subscribe and also contribute your original compositions to this magazine and website. Also please share this email with your friends and family for them to read (and contribute to) the magazine.