ਪਥਰਾਏ ਹੰਝੂ ਤੇ ਚਾਬੀਆਂ ਦਾ ਗੁੱਛਾ (ਡਾ: ਬਲਦੇਵ ਸਿੰਘ, ਐਡਮਿੰਟਨ, ਕੈਨੇਡਾ)

Dr Baldev Singh

ਇਹ ਕਹਾਣੀ ਨਹੀਂ

ਬੜੇ ਸਾਲਾਂ ਤਕ ਜੰਗਾਲ ਲੱਗੀਆਂ ਚਾਬੀਆਂ ਦਾ ਇੱਕ ਵੱਡਾ ਸਾਰਾ ਗੁੱਛਾ ਅਸਾਂ ਬੱਚਿਆਂ ਲਈ ਖੇਡਣ ਦਾ ਸਮਾਨ ਬਣਿਆ ਰਿਹਾ ਸੀ। ਬੀਜੀ ਭਾਪਾ ਜੀ ਨੂੰ ਕਈ ਵਾਰ ਚਾਬੀਆਂ ਬਾਰੇ ਪੁੱਛਿਆ, ਪਰ ਹਰ ਵਾਰ ਟਾਲ ਮਟੋਲ ਕਰ ਦਿੰਦੇ। ਪਰ ਅੱਜ ਮੈਂ ਬੀਜੀ ਦੇ ਖਹਿੜੇ ਹੀ ਪੈ ਗਿਆ ਤਾਂ ਬੜੇ ਧੀਰਜ ਵਾਲੀ ਤੇ ਘੱਟ ਬੋਲਣ ਵਾਲੀ ਮੇਰੀ ਮਾਂ ਦੇ ਚਿਰਾਂ ਦੇ ਪਥਰਾਏ ਹੰਝੂ ਆਪ-ਮੁਹਾਰੇ ਹੀ ਛਲਕ ਪਏ। ਪੱਲੇ ਨਾਲ ਹੰਝੂ ਪੂੰਝ ਆਪਣੀ ਗੋਦੀ ਵਿੱਚ ਲੈ ਮੇਰਾ ਸਿਰ ਪਲੋਸਿਆ ਤੇ ਯਾਦਾਂ ਦੇ ਵਹਿਣ ਵਿੱਚ ਵਹਿ ਤੁਰੇ। ਬਾਤ ਲੰਮੇਰੀ ਹੁੰਦੀ ਗਈ, ਰਾਤ ਛੋਟੀ ਹੁੰਦੀ ਗਈ ……

ਅਗਸਤ 1947 ਦਾ ਉਹ ਦਿਨ ਜਿਸ ਦਿਨ ਮੇਰੇ ਮਾਪਿਆਂ ਨੇ ਆਪਣੇ ਬੱਚਿਆਂ ਤੇ ਪਿੰਡ ਦੇ ਹਿੰਦੂ ਸਿੱਖਾਂ ਸਮੇਤ ਪੰਜਾਬ ਦੇ ਦਿਲ ਤੇ ਖਿੱਚੀ ਗਈ ਲਕੀਰ ਦੇ ਦੂਜੇ ਪਾਸੇ ਵੱਲ ਕੂਚ ਕਰਨਾ ਸੀ। ਉਹਨਾਂ ਦਾ ਪਿੰਡ ਨਵੇਂ ਬਣੇ ਦੇਸ਼ ਪਾਕਿਸਤਾਨ ਵਿਚ ਆ ਗਿਆ ਸੀ, ਇਸ ਗਲ ਦਾ ਪਤਾ ਥੋੜੇ ਦਿਨ ਪਹਿਲਾਂ ਹੀ ਲੱਗਾ ਸੀ। ਇਤਿਹਾਸ ਦੀ ਸਭ ਤੋਂ ਵੱਡੀ ਅਤੇ ਖ਼ੂਨੀ ਮਨੁੱਖੀ ਅਦਲਾ-ਬਦਲੀ (migration) ਸ਼ੁਰੂ ਹੋ ਚੁੱਕੀ ਸੀ। ਨਹੁੰਆਂ ਤੋਂ ਮਾਸ ਅਲੱਗ ਹੋ ਰਿਹਾ ਸੀ ਤੇ ਮਨੁੱਖਤਾ ਦਾ ਘਾਣ ਹੋ ਰਿਹਾ ਸੀ। ਗੁਰੂ ਨਾਨਕ ਦੇ ਬੋਲ “ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥”  ਫਿਰ ਸੱਚੇ ਸਾਬਤ ਹੋ ਰਹੇ ਸਨ।

ਪਲ ਪਲ ਬਦਲਦੇ ਹਾਲਾਤਾਂ ਕਰਕੇ ਤੁਰਨ ਲਈ ਕੁਝ ਹੀ ਘੰਟਿਆਂ ਦਾ ਨੋਟਿਸ ਮਿਲਿਆ ਸੀ, ਸੋ ਥੋੜਾ ਬਹੁਤ ਜ਼ਰੂਰੀ ਸਮਾਨ ਗੁਆਂਢੀਆਂ ਦੇ ਗੱਡੇ ਵਿੱਚ ਰੱਖ ਲਿਆ। ਸਾਰੇ ਲੋਕਾਂ ਨੇ ਇਕੱਠਾ ਕਾਫਲੇ ਦੇ ਰੂਪ ਵਿੱਚ ਤੁਰਨਾ ਸੀ, ਤੇ ਅੱਗੇ ਜਾ ਕੇ ਕਈ ਪਿੰਡਾਂ ਦੇ ਵੱਡੇ ਕਾਫਲੇ ਵਿੱਚ ਰਲਣਾ ਸੀ। ਆਪਣੇ ਭਰੇ-ਭਰਾਏ ਘਰ ਨੂੰ ਆਖਰੀ ਵਾਰ ਦੇਖਿਆ, ਅੜਾਟ ਪਾ ਰਹੀਆਂ ਤੇ ਰੱਸੇ ਤੁੜਾਉਣ ਦੀ ਕੋਸ਼ਿਸ਼ ਕਰ ਰਹੀਆਂ ਗਾਵਾਂ ਦਾ ਸਿਰ ਪਲੋਸਿਆ, ਅਤੇ ਅੰਦਰਲੇ ਕਮਰਿਆਂ ਤੇ ਬਾਹਰਲੇ ਬੂਹੇ ਨੂੰ ਦੂਹਰੇ ਜਿੰਦਰੇ ਲਾ ‘ਚਾਬੀਆਂ ਸਾਂਭ ਲਈਆਂ’, ਇਸ ਧੁੰਦਲੀ ਆਸ ਵਿੱਚ ਕਿ ਬਸ ਛੇਤੀ ਹੀ ਤਾਂ ਮੁੜ ਆਉਣਾ ਹੈ। ਬੇਜ਼ਬਾਨ ਗਾਵਾਂ ਦੀਆਂ ਅੱਖਾਂ ‘ਚੋਂ ਵਗਦੇ ਅੱਥਰੂ ਬੀਜੀ ਨੇ ਆਪ ਦੇਖੇ ਸਨ, ਜਿਵੇਂ ਕਹਿ ਰਹੀਆਂ ਹੋਣ, ਰੱਬ ਦਾ ਵਾਸਤਾ ਏ ਸਾਨੂੰ ਵੀ ਨਾਲ ਲੈ ਚਲੋ, ਜ਼ਾਲਮਾਂ ਨੇ ਸਾਨੂੰ ਛੱਡਣਾ ਨਹੀਂ।

ਪਿੰਡ ਦੇ ਕੁਝ ਮੁਸਲਮਾਨ ਮਰਦ ਔਰਤਾਂ ਆਪਣੇ ਵਿਛੜ ਰਹੇ ਹਿੰਦੂ ਸਿੱਖ ਵੀਰਾਂ ਭੈਣਾਂ ਦੇ ਗਲੇ ਮਿਲ ਸਿਸਕੀਆਂ ਭਰ ਰਹੇ ਸਨ, ਤੇ ਉਨ੍ਹਾਂ ਦੇ ਘਰਾਂ ਦਾ ਖਿਆਲ ਰੱਖਣ ਦੇ ਵਾਅਦੇ ਕਰ ਰਹੇ ਸਨ। ਗਲੀਆਂ ‘ਚ ਖੜੇ ਮੁਸਲਮਾਨ ਪਰਿਵਾਰਾਂ ਦੇ ਬੱਚੇ ਆਪਣੇ ਨਾਲ ਹਰ ਰੋਜ਼ ਖੇਡਣ ਵਾਲੇ ਹਿੰਦੂ-ਸਿੱਖ ਬੱਚਿਆਂ ਨੂੰ ਗੱਡਿਆਂ ਤੇ ਬੈਠੇ ਦੇਖ ਹੈਰਾਨ ਹੋ ਰਹੇ ਸਨ। ਹੋ ਰਿਹਾ ਅਜੀਬ ਵਰਤਾਰਾ ਉਨ੍ਹਾਂ ਦੀ ਮਾਸੂਮ ਸਮਝ ਤੋਂ ਬਾਹਰ ਸੀ। ਬਹੁਤੇ ਲੋਕ ਘਰਾਂ ਅੰਦਰੋਂ ਇਸ ਵਰਤ ਰਹੀ ਹੋਣੀ ਨੂੰ ਤਕ ਰਹੇ ਸਨ। ਵਿੱਚੋਂ ਕੁਝ ਲੋਕ ਸ਼ਾਇਦ ਖੁਸ਼ ਵੀ ਹੋਣਗੇ ਕਿ ਜਾ ਰਹੇ ਲੋਕਾਂ ਦਾ ਮਾਲ-ਅਸਬਾਬ ਲੁੱਟਣ ਤੋਂ ਹੁਣ ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ।

ਬੀਜੀ ਦੀਆਂ 3-4 ਮੁਸਲਮਾਨ ਸਹੇਲੀਆਂ, ਜਿੰਨਾਂ ਨਾਲ ਇਕੱਠਾ ਉਨ੍ਹਾਂ ਕਪਾਹ ਚੁਗੀ ਸੀ, ਗੰਨੇ ਚੂਪੇ ਅਤੇ ਪੀਂਘਾਂ ਝੂਟੀਆਂ ਸਨ, ਚਰਖਾ ਕੱਤਦਿਆਂ ਤੇ ਫੁਲਕਾਰੀ ਕੱਢਦਿਆਂ ਮਾਹੀਏ ਗਾਏ ਤੇ ਸਾਰੀ ਸਾਰੀ ਰਾਤ ਜਾਗ ਦੁਖ-ਸੁਖ ਸਾਂਝਾ ਕੀਤਾ ਸੀ, ਮਿਲਣ ਆਈਆਂ। ਗਲੇ ਮਿਲ ਐਨਾ ਰੋਈਆਂ ਮਾਨੋ ਅਸਮਾਨ ਪਾਟ ਗਿਆ। ਉਨ੍ਹਾਂ ਨੂੰ ਮਸਾਂ ਈ ਵੱਖ ਕੀਤਾ ਗਿਆ। ਝੂਠੀਆਂ ਤਸੱਲੀਆਂ ਦਿੱਤੀਆਂ ਗਈਆਂ ਕਿ ਬਸ ਥੋੜੇ ਦਿਨਾਂ ਦੀ ਗੱਲ ਹੈ, ਸਭ ਕੁਝ ਠੀਕ ਹੋ ਜਾਣੈ, ਤੇ ਤੁਸਾਂ ਆਪਣੇ ਘਰਾਂ ਨੂੰ ਪਰਤ ਆਉਣੈ।

ਕਾਫਲੇ ਦੇ ਤੁਰਨ ਦੀ ਤਿਆਰੀ ਪੂਰੀ ਹੋ ਚੁੱਕੀ ਸੀ। ਤਦੇ ਪਿੰਡ ਦਾ ਇਕ ਮੁਸਲਮਾਨ ਬੰਦਾ ਬੜਾ ਘਬਰਾਇਆ ਹੋਇਆ ਕਾਹਲੀ ਕਾਹਲੀ ਆਇਆ ਤੇ ਭਾਪਾ ਜੀ, ਜੋ ਪਿੰਡ ਵਿੱਚ ਕੱਲੇ-ਕਾਰੇ ਡਾਕਟਰ ਸਨ, ਦੀ ਮਿੰਨਤ ਕਰਦਾ ਕਹਿਣ ਲੱਗਾ, “ਸਰਦਾਰ ਜੀ, ਮੇਰੇ ਨਾਲ ਚਲੋ, ਮੇਰੀ ਘਰ ਵਾਲੀ ਦੇ ਬੱਚਾ ਹੋਣ ਵਾਲਾ ਹੈ, ਉਹ ਡਾਢੀ ਤਕਲੀਫ਼ ਵਿੱਚ ਹੈ, ਤੇ ਦਾਈ ਨੇ ਹੱਥ ਖੜੇ ਕਰ ਦਿੱਤੇ ਹਨ। ਖ਼ੁਦਾ ਦਾ ਵਾਸਤਾ ਹੈ, ਤੁਸੀਂ ਚਲੋ ਨਹੀਂ ਤਾਂ ਉਹ ਬੱਚੇ ਸਮੇਤ ਮਰ ਜਾਵੇਗੀ।” ਇਹ ਕਹਿ ਉਹ ਜ਼ਮੀਨ ਤੇ ਬਹਿ ਡੁਸਕਣ ਲੱਗ ਪਿਆ।

ਭਾਪਾ ਜੀ ਨੇ ਉਸਨੂੰ ਹੌਸਲਾ ਦਿੱਤਾ, ਗੱਡੇ ਤੇ ਰੱਖੇ ਸਮਾਨ ‘ਚੋਂ ਆਪਣਾ ਮੈਡੀਕਲ ਬਾਕਸ ਕੱਢਿਆ ਤੇ ਉਸ ਬੰਦੇ ਨਾਲ ਤੁਰਨ ਲੱਗੇ। ਮਨੁੱਖੀ-ਧਰਮ ਵਿਚ ਪੱਕੇ ਅਤੇ ਆਪਣੇ ਕਿੱਤੇ ਬਾਰੇ ਵਫ਼ਾਦਾਰ ਭਾਪਾ ਜੀ ਇੱਕ ਪਲ ਲਈ ਵੀ ਨਹੀਂ ਝਿਜਕੇ। ਭਾਪਾ ਜੀ ਦੇ ਸੁਭਾਅ ਤੋਂ ਜਾਣੂ ਬੀਜੀ ਨੇ ਉਹਨਾਂ ਨੂੰ ਨਹੀਂ ਰੋਕਿਆ, ਬਸ ਕਿਹਾ ਕਿ ਕਾਫਲਾ ਕਿਸੇ ਵੇਲੇ ਵੀ ਤੁਰ ਸਕਦੈ, ਛੇਤੀ ਮੁੜਨਾ। ਨਾਲੇ ਪਿੰਡੋਂ ਬਾਹਰ ਲੁਟੇਰੇ ਹਮਲਾ ਕਰਨ ਲਈ ਤਾਕ ਲਾਈ ਬੈਠੇ ਹਨ, ਆਪਣਾ ਖਿਆਲ ਰੱਖਣਾ। ਭਾਪਾ ਜੀ ਨੇ ਬੀਜੀ ਨੂੰ ਫਿਕਰ ਨਾ ਕਰਨ ਲਈ ਕਿਹਾ ਤੇ ਉਸ ਬੰਦੇ ਨਾਲ ਟੁਰ ਗਏ।

ਗਲਾਂ ਵਿੱਚ ਪਸਤੌਲ ਪਾਈ ਤੇ ਘੋੜਿਆਂ ‘ਤੇ ਸਵਾਰ ਕਾਫਲੇ ਦੇ ਲੀਡਰ ਆਖ਼ਰੀ ਇੰਤਜ਼ਾਮ ਦੇਖ ਰਹੇ ਸਨ। ਬੀਜੀ ਨੂੰ ਫ਼ਿਕਰ ਹੋ ਰਿਹਾ ਸੀ ਕਿਉਂਕਿ ਭਾਪਾ ਜੀ ਅਜੇ ਤਕ ਨਹੀਂ ਸੀ ਮੁੜੇ। ਛੇਤੀ ਹੀ ਕਾਫਲੇ ਦਾ ਮੋਹਰਲਾ ਹਿੱਸਾ ਤੁਰ ਪਿਆ ਅਤੇ ਥੋੜੇ ਚਿਰ ਬਾਅਦ ਗੁਆਂਢੀਆਂ ਦੇ ਗੱਡਿਆਂ ਦੇ ਤੁਰਨ ਦੀ ਵਾਰੀ ਆ ਗਈ। ਬੀਜੀ ਨੇ ਥੋੜਾ ਚਿਰ ਰੁਕਣ ਲਈ ਮਿੰਨਤ ਕੀਤੀ। ਜਦ ਕੁਝ ਮਿੰਟ ਹੋਰ ਭਾਪਾ ਜੀ ਨਾ ਆਏ ਤਾਂ ਉਹਨਾਂ ਨੇ ਹੌਲੀ ਹੌਲੀ ਗੱਡੇ ਤੋਰ ਲਏ ਕਿਉਂਕਿ ਪਿਛਲੇ ਗੱਡਿਆਂ ਵਾਲੇ ਕਾਹਲੇ ਪੈ ਰਹੇ ਸਨ। ਕਾਫਲੇ ਦੇ ਆਗੂ ਪਹਿਲਾਂ ਹੀ ਖ਼ਫ਼ਾ ਸਨ ਕਿ ਭਾਪਾ ਜੀ ਇਸ ਘੋਰ ਸੰਕਟ ਮਈ ਸਮੇਂ, ਜਦੋਂ ਹਰ ਇੱਕ ਨੂੰ ਆਪਣੀ ਜਾਨ ਦੀ ਪਈ ਸੀ, ਕਾਫਲਾ ਛੱਡ ਕਿਉਂ ਚਲੇ ਗਏ, ਉਹ ਵੀ ਕਿਸੇ ਮੁਸਲਮਾਨ ਦਾ ਇਲਾਜ ਕਰਨ। ਨਾਲੇ ਇਹ ਸਾਜ਼ਿਸ਼ ਵੀ ਤਾਂ ਹੋ ਸਕਦੀ ਸੀ। ਬੱਚੇ ਰੋਣ ਲੱਗੇ, ਬੀਜੀ ਵੀ ਘਬਰਾਏ, ਪਰ ਉਸੇ ਵੇਲੇ ਦੇਖਿਆ ਕਿ ਦੂਰ ਭਾਪਾ ਜੀ ਦੌੜਦੇ ਆ ਰਹੇ ਸਨ। ਛੇਤੀ ਹੀ ਉਹ ਸਾਹੋ ਸਾਹ ਹੋਏ ਗੱਡਿਆਂ ਤਕ ਪਹੁੰਚ ਗਏ।

ਉਹਨਾਂ ਦੱਸਿਆ ਕਿ ਉਹ ਮੁਸਲਿਮ ਔਰਤ ਕਾਫ਼ੀ ਤਕਲੀਫ਼ ਵਿੱਚ ਸੀ; ਸ਼ਾਇਦ ਬੱਚਾ ਵੀ ਇਸ ਦਰਿੰਦਗੀ ਭਰੇ ਮਾਹੌਲ ਵਿੱਚ ਦੁਨੀਆਂ ਵਿੱਚ ਆਉਣੋਂ ਡਰ ਰਿਹਾ ਸੀ। ਪਰ ਰੱਬ ਦੀ ਕਿਰਪਾ ਤੇ ਦਵਾ-ਦਾਰੂ ਨਾਲ ਮਾਂ ਤੇ ਬੱਚਾ ਦੋਵੇਂ ਬਚ ਗਏ ਸਨ। ਉਹਨਾਂ ਇਹ ਵੀ ਦੱਸਿਆ ਕਿ ਉਸ ਮੁਸਲਿਮ ਪਰਿਵਾਰ ਨੇ ਸਾਡੀ ਸਲਾਮਤੀ ਲਈ ਦੁਆ ਕੀਤੀ ਸੀ ਅਤੇ ਢੇਰ ਸਾਰੀਆਂ ਅਸੀਸਾਂ ਦਿੱਤੀਆਂ ਸਨ।

ਬੀਜੀ ਨੇ ਦੱਸਿਆ ਕਿ ਉਸ ਭਿਆਨਕ ਸਮੇਂ ਤੇ ਵੀ, ਜਦੋਂ ਉਹ ਆਪਣੀ ਜਨਮ-ਭੂਮੀ ਅਤੇ ਕਰਮ-ਭੂਮੀ ਸਦਾ ਲਈ ਛੱਡ ਅਨਿਸ਼ਚਿਤ ਭਵਿੱਖ ਵਲ ਜਾ ਰਹੇ ਸਨ, ਆਪਣੀ ਜਾਨ ਖ਼ਤਰੇ ਵਿੱਚ ਪਾ ਇੱਕ ਦੁਖੀ ਪਰਿਵਾਰ ਦੀ ਮਦਦ ਕਰਕੇ ਭਾਪਾ ਜੀ ਦੇ ਚਿਹਰੇ ‘ਤੇ ਸੰਤੁਸ਼ਟੀ ਅਤੇ ਸ਼ੁਕਰਾਨੇ ਦੀ ਇਕ ਅਨੋਖੀ ਝਲਕ ਸੀ।

ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ॥”  (ਗੁਰੂ ਗ੍ਰੰਥ ਸਾਹਿਬ, ਪੰਨਾ 815)

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥”  (ਗੁਰੂ ਗ੍ਰੰਥ ਸਾਹਿਬ, ਪੰਨਾ 1299)

ਕਾਫਲੇ ਦੇ ਗੱਡੇ ਅਜੇ ਪਿੰਡ ਦੀ ਜੂਹ ‘ਚੋਂ ਮਸਾਂ ਹੀ ਬਾਹਰ ਨਿਕਲੇ  ਸਨ ਕਿ “ਅੱਲਾਹ ਹੂ ਅਕਬਰ” ਦੇ ਨਾਹਰੇ ਲਾਉਂਦੇ ਲੁਟੇਰਿਆਂ ਨੇ ਪਿੰਡ ਦੀ ਲੁੱਟ-ਮਾਰ ਸ਼ੁਰੂ ਕਰ ਦਿੱਤੀ। ਆਪਣੇ ਪੁਸ਼ਤੈਨੀ ਘਰਾਂ ਜਾਇਦਾਦਾਂ ਨੂੰ ਲੁੱਟਦਿਆਂ ਤੇ ਲਾਂਬੂ ਲਗਦਿਆਂ ਦੇਖ ਮੁੜ ਮੁੜ ਪਿੱਛੇ ਦੇਖਦੀਆਂ ਹਜ਼ਾਰਾਂ ਅੱਖਾਂ ਲਹੂ ਦੇ ਅੱਥਰੂ ਵਹਾ ਰਹੀਆਂ ਸਨ। ਸੈਂਕੜੇ ਸਾਲਾਂ ਤੋਂ ਇਹਨਾਂ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਭਾਰਤ ਦੀ ਆਜ਼ਾਦੀ ਦੀ ਬੜੀ ਮਹਿੰਗੀ ਕੀਮਤ ਚੁਕਾ ਰਹੇ ਸਨ, ਤੇ ਹੁਣ ਰਫਿਊਜੀ ਬਣ ਕਿਸੇ ਅਣਦੇਖੇ ਅਣਜਾਣੇ ਭਵਿੱਖ ਵਲ ਜਾ ਰਹੇ ਸਨ। ਸਦੀਆਂ ਦੇ ਰਿਸ਼ਤੇ ਇਸ ਤਰਾਂ ਦਿਨਾਂ ਘੰਟਿਆਂ ਵਿੱਚ ਚਕਨਾਚੂਰ ਹੋ ਜਾਣਗੇ, ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ। ‘ਰਫਿਊਜੀ’ ਹੋਣ ਦੀ ਤਖ਼ਤੀ ਗਾਹਲ ਵਾਂਗ ਉਹਨਾਂ ਦੇ ਗਲਾਂ ਵਿੱਚ ਸਦਾ ਲਈ ਲਟਕ ਜਾਵੇਗੀ, ਇਸ ਗੱਲ ਦਾ ਕਿਆਸ ਉਹਨਾਂ ਕਦੇ ਨਹੀਂ ਸੀ ਕੀਤਾ।

ਉਧਰ ਪਿੰਡ ਵਿੱਚ ਬੰਦ ਘਰਾਂ ਅੰਦਰ ਕੁਝ ਪਾਕ ਰੂਹਾਂ ਸੇਜਲ ਅੱਖਾਂ ਤੇ ਥਿੜਕਦੇ ਬੋਲਾਂ ਨਾਲ ਆਪਣੇ ਦੂਰ ਜਾ ਰਹੇ ਭੈਣਾਂ ਭਰਾਵਾਂ ਨੂੰ ਤੱਤੀ ਵਾ ਨਾ ਲੱਗਣ ਲਈ ਅੱਲਾ ਤਾਲਾ ਅੱਗੇ ਦੁਆ ਕਰ ਰਹੀਆਂ ਸਨ।

ਹੌਲੀ ਹੌਲੀ ਤੁਰਦਾ ਕਾਫਲਾ ਕੁਝ ਕੁ ਮਿੰਟਾਂ ਵਿੱਚ ਅੱਖੋਂ ਓਝਲ ਹੋ ਗਿਆ। ਚੜ੍ਹਦੇ ਵੱਲ ਨੂੰ ਜਾਂਦੇ ਕੱਚੇ ਰਸਤੇ ‘ਤੇ ਗਰਦ ਦਾ ਇੱਕ ਵੱਡਾ ਬੱਦਲ ਉੱਚਾ ਉਠ ਅੰਬਰ ਤਕ ਪੁੱਜ ਰਿਹਾ ਸੀ।

“ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ॥ ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ॥ ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ॥”  (ਗੁਰੂ ਗ੍ਰੰਥ ਸਾਹਿਬ, ਪੰਨਾ 417)

3 thoughts on “ਪਥਰਾਏ ਹੰਝੂ ਤੇ ਚਾਬੀਆਂ ਦਾ ਗੁੱਛਾ (ਡਾ: ਬਲਦੇਵ ਸਿੰਘ, ਐਡਮਿੰਟਨ, ਕੈਨੇਡਾ)

    1. Sat Sri Akal ji,
      This magazine is available in Panjabi only at the present time. The Blog section could be in any language though. My story (or true event) PATHRAE HANJHU TE CHABIAN DA GUCHHA s currently published, both in the Magazine section as well as in the Blog section, in Panjabi only. Thanks- Baldev Singh

      Like

Leave a reply to Dr. (Prof) Surjit Singh Bhatti Cancel reply