How and Why Online Falsehoods Spread so Fast (Dr. Harshinder Kaur, Patiala)

ਓਨਲਾਈਨ ਝੂਠ ਤੇਜ਼ੀ ਨਾਲ ਕਿਉਂ ਫੈਲਦੇ ਹਨ ?


ਡਾ. ਹਰਸ਼ਿੰਦਰ ਕੌਰ, ਪਟਿਆਲਾ (ਭਾਰਤ), ਫੋਨ ਨੰ: 0175-2216783

ਖ਼ਬਰਾਂ ਅਨੁਸਾਰ ਸੰਨ 2006 ਤੋਂ ਸੰਨ 2017 ਤਕ ਟਵਿਟਰ ਉੱਤੇ 30 ਲਖ ਲੋਕਾਂ ਨੇ ਇਕ ਲਖ ਛਬੀ ਹਜ਼ਾਰ ਝੂਠ ਫੈਲਾਏ। ਚੋਟੀ ਦੀਆਂ ਝੂਠੀਆਂ ਇਕ ਫੀਸਦੀ ਖ਼ਬਰਾਂ ਨੇ ਇਕ ਲਖ ਲੋਕਾਂ ਤਕ ਪਹੁੰਚ ਕੀਤੀ ਤੇ ਹਰੇਕ ਨੇ 40 ਤੋਂ 100 ਵਾਰ ਅਗੇ ਸ਼ੇਅਰ ਕੀਤੀ। ਸਚੀ ਖ਼ਬਰ ਇਕ ਹਜ਼ਾਰ ਲੋਕਾਂ ਨੇ ਟਵੀਟ ਕੀਤੀ। ਮਸਾਲੇਦਾਰ ਖਬਰਾਂ 45 ਲਖ ਵਾਰ ਟਵੀਟ ਹੋਈਆਂ। ਇਹ ਖ਼ਬਰਾਂ ਵਧਾ ਚੜ੍ਹਾ ਕੇ ਸਚ ਨੂੰ ਵਿਗਾੜ ਕੇ ਜਾਂ ਨਿਰੇ ਝੂਠ ਦੇ ਆਧਾਰ ਉੱਤੇ ਸਨ। ਸਿਆਸਤ ਨਾਲ ਸਬੰਧਤ ਝੂਠੀਆਂ ਖ਼ਬਰਾਂ ਅਗ ਵਾਂਗ ਫੈਲਦੀਆਂ ਹਨ। ਫਿਰ ਝੂਠੇ ਅੱਤਵਾਦ ਨਾਲ ਸੰਬੰਧਤ, ਕੁਦਰਤੀ ਆਫਤਾਂ, ਸਾਇੰਸ ਵਿਚਲਾ ਝੂਠ ਤੇ ਫਿਰ ਗਲੀ ਮੁਹਲੇ ਜਾਂ ਵਿਤੀ ਸੰਕਟ ਦੀਆਂ ਝੂਠੀਆਂ ਖਬਰਾਂ।

ਝੂਠੀਆਂ ਖਬਰਾਂ ਕਹਾਣੀਆਂ ਵਾਂਗ ਸਾਡਾ ਧਿਆਨ ਖਿਚਦੀਆਂ ਹਨ ਕਿਉਂਕਿ ਉਸ ਵਿਚ ਡਰ, ਪਿਆਰ, ਤਣਾਓ, ਗੁਸਾ, ਘਬਰਾਹਟ, ਖੁਸ਼ੀ ਆਦਿ, ਸਭ ਦਾ ਮਿਸ਼ਰਨ ਮਿਲ ਜਾਂਦਾ ਹੈ। ਸਿਆਸੀ ਖਬਰਾਂ ਦੇ ਪਾਤਰ ਸਾਡੇ ਤੋਂ ਕਾਫੀ ਅਗਾਂਹ ਹੁੰਦੇ ਹਨ ਤੇ ਉਨ੍ਹਾਂ ਨੂੰ ਢਾਅ ਲਗਦੀ ਸਕੂਨ ਪਹੁੰਚਾਉਂਦੀ ਹੈ। ਆਪਣੇ ਪੂੰਜੀ ਨਿਵੇਸ਼, ਨੌਕਰੀ, ਤਰੱਕੀ, ਵਪਾਰ ਆਦਿ ਦੀਆਂ ਖ਼ਬਰਾਂ ਵਲ ਛੇਤੀ ਧਿਆਨ ਖਿਚਦਾ ਹੈ।


ਝੂਠੀਆਂ ਖ਼ਬਰਾਂ ਹੋਰ ਪਾਸੇ ਧਿਆਨ ਕੇਂਦ੍ਰਿਤ ਕਰਦੀਆਂ ਹਨ ਤੇੱ ਅਸਲ ਮੁਦਿਆਂ ਤੋਂ ਲੋਕ ਭਟਕ ਜਾਂਦੇ ਹਨ। ਘਟ ਤਨਖਾਹ ਤੇ ਦੋ ਵੇਲੇ ਦੀ ਰੋਟੀ ਨਾ ਮਿਲਣ ਤੋਂ ਦੁਖੀ ਜਨਤਾ ਨੂੰ ਭਟਕਾਉਣ ਲਈ ਕਿਸੇ ਨੇਤਾ ਦੇ ਇਸ਼ਕ ਬਾਰੇ ਖ਼ਬਰ ਪਰੋਸੀ ਜਾਂਦੀ ਹੈ। ਝੂਠੀਆਂ ਖ਼ਬਰਾਂ ਨਾਲ ਸਟੌਕ ਮਾਰਕਿਟ ਵੀ ਖ਼ਰਬਾਂ ਦਾ ਘਾਟਾ ਸਹਿਣ ਲਈ ਮਜਬੂਰ ਹੋ ਜਾਂਦੀ ਹੈ। ਝੂਠੇ ਬੰਬ ਦੀ ਖ਼ਬਰ, ਅੱਤਵਾਦੀ ਹਮਲੇ, ਪ੍ਰਧਾਨ ਮੰਤਰੀ ਦੇ ਝੂਠੇ ਐਕਸੀਡੈਂਟ ਤੋਂ ਲੈ ਕੇ ਕਿਸੇ ਮਹਾਂਮਾਰੀ ਬਾਰੇ ਝੂਠੀਆਂ ਖ਼ਬਰਾਂ ਦੇ ਅੰਬਾਰ ਲਗਾ ਦਿੱਤੇ ਜਾਂਦੇ ਹਨ। ਇਸ ਵਾਸਤੇ ਅਨੇਕ ਬੰਦੇ ਨੌਕਰੀ ਉਤੇ ਲਾਏ ਜਾਂਦੇ ਹਨ, ਜੋ ਝੂਠੀਆਂ ਤੇ ਮਸਾਲੇਦਾਰ ਖ਼ਬਰਾਂ ਬਣਾ ਕੇ ਫੈਲਾਉਂਦੇ ਰਹਿੰਦੇ ਹਨ। ਖੋਜੀਆਂ ਨੇ ਵਿਗਿਆਨ ਅਤੇ ਕਿਸੇ ਸ਼ਖ਼ਸੀਅਤ ਨੂੰ ਢਾਅ ਲਾਉਣ ਲਈ ਫੈਲਾਏ ਝੂਠ ਦੀਆਂ 4000 ਝੂਠੀਆਂ ਖ਼ਬਰਾਂ ਉਤੇ ਖੋਜ ਕੀਤੀ ਜਿਹੜੀਆਂ ਫੇਸਬੁਕ ਰਾਹੀਂ ਫੈਲਾਈਆਂ ਗਈਆਂ ਸਨ।

ਮਨੁਖੀ ਦਿਮਾਗ਼ ਵਾਰ ਵਾਰ ਸੁਣੇ ਝੂਠ ਨੂੰ ਸਚ ਮੰਨ ਕੇ ਇਸੇ ਨੂੰ ਆਧਾਰ ਬਣਾ ਕੇ ਅਤੇ ਕਿਸੇ ਕੋਰਟ ਕੇਸ ਤੋਂ ਬਚਣ ਲਈ -‘‘ਸੂਤਰਾਂ ਤੋਂ ਪਤਾ ਲਗਿਆ ਹੈ’’, ‘‘ਸੂਹ ਮਿਲੀ ਹੈ’’, ਵਰਗੀਆਂ ਸਤਰਾਂ ਨੂੰ ਝੂਠੀ ਖ਼ਬਰ ਤੋਂ ਪਹਿਲਾਂ ਜੋੜ ਲਿਆ ਜਾਂਦਾ ਹੈ। ਅਸਲ ਫੋਟੋ ਵਿਚ ਕੰਪਿਊਟਰ ਰਾਹੀਂ ਥੋੜਾ ਬਹੁਤ ਜੋੜ-ਤੋੜ ਕਰਕੇ ਸੌਖਿਆਂ ਹੀ ਹੋਰਨਾਂ ਨੂੰ ਭਰਮਾਇਆ ਜਾਂਦਾ ਹੈ। ਝੂਠੀ ਖ਼ਬਰ ਫੈਲਾਉਣ ਦੇ ਵੀ ਵਖੋ ਵਖ ਢੰਗ ਹੁੰਦੇ ਹਨ:-


1) ਰਿਊਮਰ ਡਿਫਿਊਜ਼ਨ : ਕਿਸੇ ਝੂਠੀ ਖ਼ਬਰ ਨੂੰ ਇਕ ਬੰਦੇ ਤੋਂ ਸ਼ੁਰੂ ਕਰ ਕੇ ਫਿਰ ਉਸੇ ਨੂੰ 200 ਬੰਦਿਆਂ ਵਲੋਂ ‘ਰੀ-ਟਵੀਟ’ ਕੀਤਾ ਜਾਂਦਾ ਹੈ। ਫਿਰ ਲੋਕ ਆਪੇ ਅਗੋਂ ਟਵੀਟ ਕਰਨ ਲਗ ਪੈਂਦੇ ਹਨ।
2) ਰਿਊਮਰ ਕੈਸਕੇਡ : ਇਕੋ ਝੂਠੀ ਕਹਾਣੀ ਨੂੰ ਥੋੜਾ ਜਿੰਨਾ ਬਦਲ ਕੇ ਕਿਸੇ ਹੋਰ ਵਲੋਂ ਟਵੀਟ ਕਰਵਾਇਆ ਜਾਂਦਾ ਹੈ। ਕਹਾਣੀ ਦਾ ਅਸਲ ਨੁਕਤਾ ਉਹੀ ਰਖ ਕੇ ਮਸਾਲੇ ਲਾ ਦਿਤੇ ਜਾਂਦੇ ਹਨ। ਇਹੋ ਜਿਹੇ ਟਵੀਟ ਝੂਠੀ ਖ਼ਬਰ ਨੂੰ ਹੋਰ ਪੱਕਾ ਕਰ ਦਿੰਦੇ ਹਨ। ਹਰ ਵਖਰਾ ਟਵੀਟ 200 ਬੰਦਿਆਂ ਤੋਂ ਰੀ-ਟਵੀਟ ਕਰਵਾ ਕੇ ਲਖਾਂ ਲੋਕਾਂ ਤਕ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਦੇ ਟਵੀਟ ਨੂੰ ‘ਵਾਇਰਲ’ ਕਹਿ ਕੇ ਅੰਤਰਰਾਸ਼ਟਰੀ ਖ਼ਬਰ ਬਣਾ ਦਿਤਾ ਜਾਂਦਾ ਹੈ। ਅਜਿਹੇ ਟਵੀਟ ਪੁਸ਼ਤਾਂ ਤਕ ਝੂਠ ਤੋਂ ਸੱਚ ਵਿਚ ਤਬਦੀਲ ਹੋ ਜਾਂਦੇ ਹਨ।

ਰਿਊਮਰ ਕੈਸਕੇਡ ਆਮ ਤੌਰ ’ਤੇ 1000 ਬੰਦਿਆਂ ਤੋਂ ਇਕ ਅਧੇ ਦਿਨ ਦੇ ਫ਼ਾਸਲੇ ’ਤੇ ਸ਼ੁਰੂ ਕਰਵਾਏ ਜਾਂਦੇ ਹਨ। ਕਿਸੇ ਨੂੰ ‘ਪਪੂ’ ਸਾਬਤ ਕਰਨ ਲਈ ਉਸ ਬਾਰੇ ਝੂਠੇ, ਮੂਰਖਤਾ ਵਾਲੇ ਟਵੀਟ ਜਾਂ ਟਕਲਿਆਂ ਤੋਂ ਸ਼ੁਰੂ ਕਰਕੇ, ਉਸਦੇ ਸ਼ਬਦਾਂ ਵਿਚ ਰਤਾ ਹੇਰ ਫ਼ੇਰ ਕਰਕੇ ਉਸ ਨੂੰ ਮਜ਼ਾਕ ਦਾ ਪਾਤਰ ਬਣਾ ਦਿਤਾ ਜਾਂਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵੇਲੇ ਸਿਆਸੀ ਖ਼ਬਰਾਂ ਦਾ ਜੋੜ-ਤੋੜ ਸਿਖਰਾਂ ਉੱਤੇ ਸੀ। ਇਹ 2013 ਤੋਂ 2015 ਤਕ ਪੂਰਾ ਜ਼ੋਰ ਫੜ ਗਿਆ। ਡਿਫਿਊਜ਼ਨ ਵਧ ਕੇ 45,000 ਕੈਸਕੇਡ ਹੋ ਗਏ। ਜੋ ਲੋਕ ਸਚ ਝੂਠ ਵਿਚ ਫਰਕ ਨਾ ਕਰ ਸਕਣ, ਉਲਝਦੇ ਤੁਰੀ ਜਾਣ। ਇਸ ਤੋਂ ਬਾਅਦ 2007 ਤੋਂ ਇਕੋ ਥਾਂ ਤੋਂ ‘ਪੂਰਨ ਸਚ’, ‘ਅਧਾ ਸਚ’, ਅਧਾ ਝੂਠ’ ਤੇ ‘ਕੋਰਾ ਝੂਠ’ ਟਵੀਟ ਕਰਵਾਇਆ ਗਿਆ। ਇਸ ਤਰ੍ਹਾਂ ਦੇ ਰਲਗਡ ਟਵੀਟਾਂ ਵਿਚ ਲੋਕ ਪੂਰੀ ਤਰ੍ਹਾਂ ਉਲਝ ਜਾਂਦੇ ਹਨ ਤੇ ਕਦੇ ਵੀ ਪੂਰਾ ਝੂਠ ਫੜ ਨਹੀਂ ਸਕਦ। ਲੋਕਾਂ ਵਲੋਂ ‘ਨਿਰੇ ਝੂਠ’ ਨੂੰ ਬਾਕੀਆਂ ਨਾਲੋਂ 19 ਗੁਣਾ ਵਧ ਟਵੀਟ ਕੀਤਾ ਗਿਆ ਤੇ ਘੰਟਿਆਂ ਵਿਚ ਹੀ ਲਖਾਂ ਲੋਕਾਂ ਤਕ ਪਹੁੰਚ ਗਿਆ। ਟੀ. ਵੀ. ਜਾਂ ਅਖ਼ਬਾਰਾਂ ਨਾਲੋਂ ਵੀ ਵਧ ਝੂਠੇ ਟਵੀਟ ਦੀ ਪਹੁੰਚ ਵੇਖੀ ਗਈ। ਸੱਚੀ ਖ਼ਬਰ ਛੇ ਗੁਣਾਂ ਵਧ ਸਮੇਂ ਬਾਅਦ ਵੀ ਸਿਰਫ 1500 ਲੋਕਾਂ ਤਕ ਪਹੁੰਚੀ ਦਿਸ। ਇਕੋ ਖ਼ਬਰ ਦੇ ਸੱਚੇ ਤੇ ਝੂਠੇ ਪਹਿਲੂ ਟਵੀਟ ਕਰਵਾਏ ਗਏ ਤਾਂ ਇਹ 1:10 ਦੇ ਹਿਸਾਬ ਨਾਲ ਫੈਲੀਆਂ। ਯਾਨਿ ਲੋਕਾਂ ਨੇ ਝੂਠ ਨੂੰ ਵਧ ਸ਼ੌਂਕ ਨਾਲ ਪੜ੍ਹਿਆ ਤੇ 1000 ਗੁਣਾਂ ਵਧ ਲੋਕਾਂ ਤਕ ਪਹੁੰਚਾ ਦਿਤਾ।


ਕਿਸੇ ਦੀ ਉਮਰ ਭਰ ਦੀ ਕਮਾਈ ਸ਼ੋਹਰਤ ਨੂੰ ਪਲਾਂ ਵਿਚ ਹੀ ਢਾਹਿਆ ਜਾ ਸਕਦਾ ਹੈ। ਜਦੋਂ ਝੂਠ ਫੜਿਆ ਜਾਵੇ ਤਾਂ ਇਹ ਵੇਖਣ ਵਿਚ ਆਇਆ ਕਿ ਲੋਕ ਉਸ ਵਲੋਂ ਕੀਤੇ ਇਕ ਅਧ ਸਚੇ ਟਵੀਟ ਵੀ ਮੰਨਣੋਂ ਹਟ ਜਾਂਦੇ ਹਨ। ਇਸੇ ਲਈ ਝੂਠ ਫੈਲਾਉਣ ਵਾਲੇ ਲਗਾਤਾਰ ਕੁਝ ਸਚ ਤੇ ਬਾਕੀ ਸਾਰਾ ਝੂਠ ਰਲਾ ਕੇ ਝਮੇਲਾ ਪਾ ਦਿੰਦੇ ਹਨ। ਅਜਿਹੇ ਝੂਠ ਸਚ ਦਾ ਮਿਸ਼ਰਨ ਲੋਕ ਰਾਇ ਤਬਦੀਲ ਕਰਨ, ਸਿਆਸੀ ਲਾਹਾ ਲੈਣ ਜਾਂ ਵਪਾਰ ਵਧਾਉਣ ਲਈ ਕੀਤਾ ਜਾ ਰਿਹਾ ਹੈ। ਇਹੋ ਜਿਹਾ ਇਸ਼ਤਿਹਾਰ, “ਇਹ ਫੈਸ਼ਨ ਤਾਂ ਟਰੈਂਡਿੰਗ ਵਿਚ ਹੈ! ਤੈਨੂੰ ਪਤਾ ਹੀ ਨਹੀਂ ?” ਕੋਰਾ ਝੂਠ ਹੋਣ ਦੇ ਬਾਵਜੂਦ ਅਣਗਿਣਤ ਲੋਕਾਂ ਨੂੰ ਉਸ ਪਾਸੇ ਖਿਚੇਗਾ ਤੇ ਖ਼ਰੀਦਣ ਉੱਤੇ ਮਜਬੂਰ ਕਰੇਗਾ।

ਲਗੇਗਾ ਇਹ ਫੈਸ਼ਨ ਅਣਗਿਣਤ ਲੋਕ ਪਹਿਲਾਂ ਹੀ ਅਪਣਾ ੁਚੁਕੇ ਹਨ ਤੇ ਮੈਨੂੰ ਪਤਾ ਹੀ ਨਹੀਂ, ਮੈਂ ਪਿਛਾਂਹ ਨਾ ਰਹਿ ਜਾਵਾਂ! ਇਸ ਹੀਣ ਭਾਵਨਾ ਨੂੰ ਘਟਾਉਣ ਲਈ ਬੰਦਾ ਉਹੀ ਟਵੀਟ ਅਗਾਂਹ ਕਰ ਦਿੰਦਾ ਹੈ ਕਿ ਮੈਂ ਵੀ ਇਸ ਦਾ ਹਿਸਾ ਹਾਂ। ਇਕ ਖੋਜ ਵਿਚ ਟਵਿਟਰ ਨੇ 5 ਹਜ਼ਾਰ ਸਚ ਝੂਠ ਲਿਖਣ ਵਾਲੇ ਸਾਰੇ ਹੀ ਲੋਕ ਰਲਾ ਲਏੇ। ਉਨ੍ਹਾਂ ਵਿਚੋਂ 25 ਹਜ਼ਾਰ ਟਵੀਟ ਕਢੇ ਜਿਹੜੇ ਦੋ ਮਹੀਨੇ ਪਹਿਲਾਂ ਤੋਂ ਇਨ੍ਹਾਂ ਨੇ ਵੇਖੇ ਹੋਏ ਸਨ। ਵੇਖਿਆ ਗਿਆ ਕਿ ਇਨ੍ਹਾਂ ਵਿਚੋਂ ਲਗਭਗ 200 ਤੋਂ ਵਧ ਵਖੋ ਵਖਰੇ ਵਿਸ਼ਿਆਂ ਉੱਤੇ ਕੀਤੇ ਗਏ ਟਵੀਟ ਸਨ ਤੇ ਵਖੋ ਵਖ ਜ਼ੁਬਾਨਾਂ ਵਿਚ ਸਨ। ਇਹ “ਨੈਸ਼ਨਲ ਰੀਸਰਚ ਕਾਊਂਸਲ ਕੈਨੇਡਾ” ਅਨੁਸਾਰ 8 ਕਿਸਮਾਂ ਦੇ ਹਾਵ ਭਾਵ ਉਜਾਗਰ ਕਰ ਸਕਦੀਆਂ ਖ਼ਬਰਾਂ ਵਧ ਰੀ-ਟਵੀਟ ਹੋ ਕੇ ਲਖਾਂ ਤਕ ਪਹੁੰਚਦੀਆਂ ਹਨ। ਇਨ੍ਹਾਂ ਵਿਚ ਗੁਸਾ, ਭੈਅ, ਉਮੀਦ, ਵਿਸ਼ਵਾਸ, ਹੈਰਾਨੀ, ਉਦਾਸੀ, ਖੁਸ਼ੀ ਤੇ ਨਫ਼ਰਤ ਸ਼ਾਮਲ ਸਨ। ਸਚੀਆਂ ਖਬਰਾਂ ਇਹ ਅਠ ਹਾਵ-ਭਾਵ ਉਜਾਗਰ ਨਹੀਂ ਕਰ ਸਕਦੀਆਂ ਤੇ ਇਸੇ ਲਈ ਜ਼ਿਆਦਾ ਨਹੀਂ ਟਿਕਦੀਆਂ।


ਸਿਫ਼ਤ-ਸਲਾਹ ਸੁਣ ਕੇ ਅਚੇਤ ਮਨ ਆਹਤ ਹੋ ਜਾਂਦਾ ਹੈ ਤੇ ਕਿਸੇ ਨਿਖੇਧੀ ਵਾਲੀ ਗਲ ਲਿਖਦਾ ਹੈ। ਸਨ 2016 ਤੋਂ 2018 ਤਕ ਅੰਗਰੇਜ਼ੀ ਵਿਚ ਕੀਤੇ ਗਏ 30 ਲਖ ਟਵੀਟਾਂ ਦੀ ਖੋਜ ਤੋਂ ਪਤਾ ਲਗਿਆ ਕਿ ਇਕ ਫੀਸਦੀ ਸਚ ਨਾਲ 99 ਫੀਸਦੀ ਝੂਠ ਰਲਾ ਕੇ ਜ਼ਿਆਦਾ ਲੋਕਾਂ ਤਕ ਪਹੁੰਚ ਕਰਦਾ ਹੈ ਤੇ ਉਨ੍ਹਾਂ ਦੇ ਸੋਚਣ ਸਮਝਣ ਦੇ ਸੈਂਟਰ ਨੂੰ ਆਪਣੇ ਕਾਬੂ ਵਿਚ ਕਰ ਕੇ ਲੋਕ ਰਾਇ ਤਬਦੀਲ ਕਰਨ ਵਿਚ ਮਦਦ ਕਰਦਾ ਹੈ।

ਅਜ ਅਸੀਂ ਸਾਰੇ ਵੇਖ ਰਹੇ ਹਾਂ ਕਿ ਸਭ ਪਾਸੇ ਕੂੜ ਹੀ ਕੂੜ ਦਾ ਪਸਾਰਾ ਹੈ। ਇਸ ਵਿਚ ਸਚ ਪਿਸ ਗਿਆ ਹੈ। ਝੂਠ ਦੀਆਂ ਡੂੰਘੀਆਂ ਜੜ੍ਹਾਂ ਸਮਾਜ ਨੂੰ ਖੋਖਲਾ ਕਰ ਰਹੀਆਂ ਹਨ। ਹਰ ਗਲ ਦਾ ਆਧਾਰ ਵੀ ਝੂਠ ਉਤੇ ਟਿਕਿਆ ਹੈ ਤੇ ਝੂਠ ਹੁਣ ਸਚ ਨੂੰ ਚਬਣ ਵੀ ਲਗ ਪਿਆ ਹੈ। ਸਿਰਫ਼ ਇਕੋ ਗਲ ਦਾ ਇੰਤਜ਼ਾਰ ਹੈ :


“ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ” ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-ਅੰਗ 953)

Leave a comment